05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਲੜੀਵਾਰ ਬਾਲ ਨਾਵਲ-50 ਅੱਧੀ ਛੁੱਟੀ ਸਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 06-12-2025

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਦਾਦਾ ਜੀ ਦੀ ਗੱਲ ਸੁਣਦਿਆਂ ਹੀ ਚਾਰਾਂ ਨੇ ਦਾਦਾ ਜੀ ਨੂੰ ਗਲਵਕੜੀ ਪਾ ਲਈ। ਦਾਦਾ ਜੀ ਵੀ ਵਾਰੋ-ਵਾਰੀ ਸਾਰਿਆਂ ਦੀ ਪਿੱਠ 'ਤੇ ਪਿਆਰ ਨਾਲ ਹੱਥ ਫੇਰ ਰਹੇ ਸਨ।
ਹੁਣ ਵਾਰੋ-ਵਾਰੀ ਸਾਰੇ ਇਨਾਮ ਦੀਆਂ ਚੀਜ਼ਾਂ ਵੇਖਣ ਲੱਗੇ। ਕਿਸੇ ਨੇ ਟਰਾਫ਼ੀ ਫੜ ਲਈ, ਕੋਈ ਕਿਤਾਬ ਲੈ ਕੇ ਵਰਕੇ ਫਰੋਲਣ ਲੱਗਾ ਅਤੇ ਕੋਈ ਸਰਟੀਫ਼ਿਕੇਟ ਨੂੰ ਧਿਆਨ ਨਾਲ ਵੇਖ ਰਿਹਾ ਸੀ। ਐਨੀ ਦੇਰ ਵਿਚ ਸੋਨੂੰ ਦੇ ਮੰਮੀ ਰਸੋਈ 'ਚੋਂ ਆਏ ਅਤੇ ਸਾਰਿਆਂ ਨੂੰ ਕਹਿਣ ਲੱਗੇ, 'ਖਾਣਾ ਬਿਲਕੁਲ ਤਿਆਰ ਐ। ਤੁਸੀਂ ਸਾਰੇ ਉੱਠੋ ਅਤੇ ਆਪਣੀ ਸੇਵਾ ਆਪ ਕਰੋ। ਦਾਦਾ ਜੀ-ਦਾਦੀ ਜੀ ਨੂੰ ਮੈਂ ਐਥੇ ਈ ਖਾਣਾ ਲਿਆ ਦੇਂਦੀ ਆਂ।'
ਜੱਸ ਦੇ ਮੰਮੀ ਪਹਿਲਾਂ ਹੀ ਰਸੋਈ ਵਿਚ ਸੋਨੂੰ ਦੇ ਮੰਮੀ ਨਾਲ ਮਦਦ ਕਰਵਾ ਰਹੇ ਸਨ, ਹੁਣ ਬਿੱਲੂ ਅਤੇ ਮੀਕੇ ਦੇ ਮੰਮੀ ਵੀ ਰਸੋਈ ਵਿਚ ਚਲੇ ਗਏ। ਸਾਰਿਆਂ ਨੇ ਰਲ ਕੇ ਸਬਜ਼ੀਆਂ-ਦਾਲਾਂ ਵਾਲੇ ਡੂੰਘੇ, ਰਸੋਈ ਦੇ ਬਾਹਰ ਬਰਾਂਡੇ ਵਿਚ ਪਏ ਖਾਣੇ ਵਾਲੇ ਮੇਜ਼ ਉੱਪਰ ਰੱਖ ਦਿੱਤੇ। ਜੱਸ ਦੇ ਮੰਮੀ ਦੋ ਪਲੇਟਾਂ ਲੈ ਕੇ ਦਾਦਾ ਜੀ-ਦਾਦੀ ਜੀ ਲਈ ਖਾਣਾ ਪਰੋਸਣ ਲੱਗ ਪਏ। ਹੁਣ ਸਾਰੇ ਵਾਰੋ-ਵਾਰੀ ਖਾਣੇ ਵਾਲੀ ਮੇਜ਼ ਵੱਲ ਜਾ ਕੇ ਖਾਣਾ ਪਾਣ ਲੱਗੇ।
ਜੱਸ ਦੇ ਮੰਮੀ ਨੇ ਜਦੋਂ ਦੋਵਾਂ ਪਲੇਟਾਂ ਵਿਚ ਸਾਰਾ ਕੁਝ ਪਾ ਲਿਆ ਤਾਂ ਉਹ ਦੋਵੇਂ ਪਲੇਟਾਂ ਅੰਦਰ ਦਾਦਾ ਜੀ-ਦਾਦੀ ਜੀ ਵਾਸਤੇ ਲੈ ਆਏ। ਭਰੀਆਂ ਹੋਈਆਂ ਪਲੇਟਾਂ ਵਿਚ ਕਈ ਕੁਝ ਵੇਖ ਕੇ ਦਾਦਾ ਜੀ-ਦਾਦੀ ਜੀ ਹੈਰਾਨ ਦੇ ਨਾਲ ਪਰੇਸ਼ਾਨ ਵੀ ਹੋ ਗਏ। ਇਸੇ ਹੈਰਾਨੀ ਅਤੇ ਪਰੇਸ਼ਾਨੀ ਵਿਚ ਦਾਦਾ ਜੀ ਕਹਿਣ ਲੱਗੇ, 'ਹੈਂ! ਐਨਾ ਕੁਝ!! ਐਹ ਤੁਸੀਂ ਕੀ ਕਰ ਰਹੇ ਹੋ? ਐਨਾ ਕੁਝ ਤੇ ਅਸੀਂ ਚਾਰ ਦਿਨਾਂ ਵਿਚ ਵੀ ਨਹੀਂ ਖਾ ਸਕਦੇ। ਮੈਨੂੰ ਲਗਦਾ ਏ ਕਿ ਤੁਸੀਂ ਸਾਡਾ ਦੋਵਾਂ ਦਾ ਪੇਟ ਖਰਾਬ ਕਰਕੇ ਭੇਜੋਗੇ।'
ਦਾਦਾ ਜੀ ਦੀ ਗੱਲ ਸੁਣ ਕੇ ਜੱਸ ਦੇ ਮੰਮੀ ਤਾਂ ਕੁਝ ਨਾ ਬੋਲ ਸਕੇ ਪਰ ਸੋਨੂੰ ਦੀ ਮੰਮੀ ਨੇ ਕਿਹਾ, 'ਕੋਈ ਗੱਲ ਨਹੀਂ ਦਾਰ ਜੀ, ਤੁਹਾਨੂੰ ਇਸ ਵਿੱਚੋਂ ਜੋ ਪਸੰਦ ਹੈ, ਉਹ ਖਾ ਲਵੋ ਅਤੇ ਬਾਕੀ ਛੱਡ ਦਿਓ। ਤੁਸੀਂ ਫ਼ਿਕਰ ਨਾ ਕਰੋ, ਅਸੀਂ ਤੁਹਾਡਾ ਪੇਟ ਨਹੀਂ ਖਰਾਬ ਹੋਣ ਦੇਂਦੇ।'
ਇਸੇ ਤਰ੍ਹਾਂ ਹੱਸਦਿਆਂ-ਖੇਡਦਿਆਂ ਸਾਰੇ ਖਾਣਾ ਖਾਣ ਲੱਗੇ। ਦਾਦਾ ਜੀ ਵੀ ਖਾਣਾ ਖਾਂਦਿਆਂ ਕਹਿਣ ਲੱਗੇ, 'ਖਾਣਾ ਤਾਂ ਬਹੁਤ ਸਵਾਦ ਐ, ਮੇਰੇ ਹਿਸਾਬ ਨਾਲ ਐਨੇ ਸਵਾਦ ਖਾਣੇ ਨੂੰ ਜੂਠਾ ਨਹੀਂ ਛੱਡਣਾ ਚਾਹੀਦਾ।'
ਦਾਦਾ ਜੀ ਦੀ ਗੱਲ ਸੁਣ ਕੇ ਫੇਰ ਸਾਰੇ ਹੱਸਣ ਲੱਗ ਪਏ। ਹੱਸਦਿਆਂ-ਹੱਸਦਿਆਂ ਬਿੱਲੂ ਦੇ ਪਾਪਾ ਕਹਿਣ ਲੱਗੇ, 'ਤੁਸੀਂ ਜਲਦੀ-ਜਲਦੀ ਪਲੇਟ ਖਾਲੀ ਕਰੋ ਤਾਂ ਜੋ ਤੁਹਾਨੂੰ ਹੋਰ ਖਾਣਾ ਪਾ ਦਿਆਂ।'
ਦਾਦਾ ਜੀ ਨੇ ਆਪਣੇ ਦੋਵਾਂ ਕੰਨਾਂ ਨੂੰ ਫੜਦਿਆਂ ਕਿਹਾ, 'ਤੌਬਾ, ਤੌਬਾ, ਹੁਣ ਤਾਂ ਹਾਜ਼ਮੇ ਵਾਲੀ ਗੋਲੀ ਖਾਣ ਦੀ ਵੀ ਥਾਂ ਨਹੀਂ ਰਹੀ।'
ਦਾਦਾ ਜੀ ਦੀ ਗੱਲ ਸੁਣ ਕੇ ਇਕ ਵਾਰੀ ਫੇਰ ਹਾਸਾ ਪੈ ਗਿਆ। ਹੁਣ ਸਾਰੇ ਖਾਣਾ ਖਾਅ ਕੇ ਦਾਦਾ ਜੀ-ਦਾਦੀ ਜੀ ਦੇ ਨੇੜੇ-ਨੇੜੇ ਬੈਠਣ ਲੱਗੇ।
ਸੋਨੂੰ ਦੀ ਮੰਮੀ ਨੇ ਖੀਰ ਬਣਾਈ ਸੀ। ਉਹ ਰਸੋਈ ਵਿਚ ਜਾ ਕੇ ਕੌਲੀਆਂ ਵਿਚ ਖੀਰ ਪਾਣ ਲੱਗੀ। ਬਿੱਲੂ ਦੀ ਮੰਮੀ ਨੇ ਭਰੀਆਂ ਕਟੋਰੀਆਂ ਅਤੇ ਚਮਚੇ ਟਰੇਅ ਵਿਚ ਰੱਖੇ ਅਤੇ ਸਾਰਿਆਂ ਨੂੰ ਵਰਤਾਣ ਲਈ ਕਮਰੇ ਵਿਚ ਆ ਗਈ। ਸਭ ਤੋਂ ਪਹਿਲਾਂ ਉਹ ਦਾਦਾ ਜੀ-ਦਾਦੀ ਜੀ ਨੂੰ ਦੇਣ ਲੱਗੀ ਤਾਂ ਉਨ੍ਹਾਂ ਨੇ ਕਿਹਾ, 'ਇਹ ਖੀਰ ਦੀਆਂ ਨਕੋ-ਨੱਕ ਭਰੀਆਂ ਕੌਲੀਆਂ ਸਾਰਿਆਂ ਨੂੰ ਦਿਓ। ਅਸੀਂ ਤਾਂ ਸਿਰਫ਼ ਇਕ-ਇਕ ਚਮਚਾ, ਮੂੰਹ ਮਿੱਠਾ ਕਰਨ ਲਈ ਖਾਵਾਂਗੇ।'
ਸੋਨੂੰ ਦੀ ਮੰਮੀ ਨੇ ਰਸੋਈ 'ਚੋਂ ਦੋ ਖ਼ਾਲੀ ਕੌਲੀਆਂ ਲਿਆਂਦੀਆਂ ਅਤੇ ਖੀਰ ਦੀ ਭਰੀ ਹੋਈ ਇਕ ਕੌਲੀ ਨੂੰ ਦੋ ਕੌਲੀਆਂ ਵਿਚ ਵੰਡ ਦਿੱਤਾ। ਜਦੋਂ ਅੱਧੀ-ਅੱਧੀ ਕੌਲੀ ਦਾਦਾ ਜੀ-ਦਾਦੀ ਜੀ ਨੂੰ ਦੇਣ ਲੱਗੀ ਤਾਂ ਦਾਦੀ ਜੀ ਕਹਿਣ ਲੱਗੇ, 'ਬੇਟਾ ਅਜੇ ਵੀ ਬਹੁਤ ਜ਼ਿਆਦਾ ਏ, ਥੋੜ੍ਹੀ ਹੋਰ ਘੱਟ ਕਰ ਦੇ।'
(ਬਾਕੀ ਅਗਲੇ ਸਨਿਚਰਵਾਰ ਦੇ ਅੰਕ ਦੇਖੋ)

-ਮੋਬਾਈਲ : 98889-24664

Ad Position 22
No active advertisement
ਪਿਛਲੀ ਖ਼ਬਰ ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ ਅਗਲੀ ਖ਼ਬਰ ਕੀ ਤੁਸੀਂ ਜਾਣਦੇ ਹੋ?
Ad Position 24