ਸਾਦਾ ਜ਼ਿੰਦਗੀ ਕਹਿੰਦਾ ਤਾਂ ਹਰ ਕੋਈ ਹੈ ਪਰ ਕਿੰਨੇ ਕੁ ਲੋਕ ਹਨ, ਜਿਨ੍ਹਾਂ ਨੇ ਸੁੱਖ, ਆਰਾਮ ਤੇ ਖ਼ੁਸਹਾਲੀ ਦੇ ਹੁੰਦੇ ਹੋਏ ਵੀ ਸਾਦਗੀ ਦੀ ਜ਼ਿੰਦਗੀ ਹੰਢਾਈ ਹੈ। ਗ਼ਰੀਬ ਜਾਂ ਨਿਤਾਣਿਆਂ ਨੂੰ ਤਾਂ ਰੱਬ ਨੇ ਹੀ ਸਾਦੇ ਬਣਾ ਕੇ ਭੇਜਿਆ ਹੈ। ਗੱਲ ਅੱਜ ਆਪਾਂ ਉਨ੍ਹਾਂ ਦੀ ਕਰਨੀ ਹੈ ਜਿਨ੍ਹਾਂ ਪਾਸ ਜ਼ਿੰਦਗੀ ਸਾਦੀ ਅਤੇ ਜ਼ਿੰਦਗੀ ਤੇਜ਼ਤਰਾਰ ਭਾਵ ਦੋਵੇਂ ਚੋਣਾਂ ਸਨ ਪਰ ਉਨ੍ਹਾਂ ਨੇ 'ਸਾਦਗੀ' ਨੂੰ ਚੁਣਿਆ। ਹੁਣ ਇਹ ਵੀ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਸਾਦਾ ਜੀਵਨ ਕਿਹੜਾ ਹੁੰਦਾ ਹੈ, ਸਾਦਾ ਖਾਣਾ, ਸਾਦਾ ਪਹਿਨਣਾ, ਸਾਦਾ ਹੰਢਾਉਣਾ, ਜ਼ਿੰਦਗੀ ਦੀ ਨੱਠ-ਭੱਜ ਤੋਂ ਬਚਣਾ ਤੇ ਰਫ਼ਤਾਰ ਵਾਲੀ ਜ਼ਿੰਦਗੀ ਵਿਚ ਹਿੱਸਾ ਨਾ ਪਾਉਣਾ, ਭੀੜ-ਭੜੱਕੇ ਤੋਂ ਬਚਣਾ, ਘਰ ਤੋਂ ਬਾਹਰੀ ਜ਼ਿੰਦਗੀ ਵਿਚ ਬਹੁਤਾ ਨਾ ਚਿਤਰਨਾ, ਮੇਲ ਮਿਲਾਪ, ਬੀਤ-ਚੀਤ ਘੱਟ ਤੇ ਇਸ ਤੋਂ ਵੀ ਹੇਠਲੀ ਪੱਧਰ, ਸਾਰਾ ਦਿਨ ਪਿੰਡ ਦੇ ਦਰਵਾਜ਼ੇ ਬਹਿ ਰਹਿਣਾ, ਕੰਮਕਾਜ ਵਿਚ ਚੁਸਤੀ-ਫੁਰਤੀ ਤੋਂ ਕੰਨੀ ਕਤਰਾਉਣਾ, ਕਈ-ਕਈ ਦਿਨ ਝੱਗਾ ਨਾ ਬਦਲਣਾ, ਤੰਦਰੁਸਤ ਹੁੰਦੇ ਹੋਏ ਵੀ ਬਿਮਾਰਾਂ ਵਾਂਗੂੰ ਸੁਸਤਾਉਣਾ ਤੇ ਜ਼ਿੰਦਗੀ ਦੇ ਸਮੁੱਚੇ ਰਾਗ ਰੰਗ ਪ੍ਰਤੀ ਬੇਦਖਲ ਬਣੇ ਰਹਿਣਾ, ਕੀ ਇਹ 'ਸਾਦਗੀ' ਹੈ?
ਅੱਜ ਦੀ ਤਰੱਕੀ ਵਾਲਾ ਜ਼ਮਾਨਾ ਕਿਥੋਂ ਦਾ ਕਿੱਥੇ ਪਹੁੰਚ ਗਿਆ ਹੈ। ਜ਼ਰੂਰਤਾਂ ਕਿੰਨੀਆਂ ਵਧ ਗਈਆਂ ਹਨ, ਪੈਸੇ ਦੀ ਦੌੜ-ਭੱਜ ਕਿੰਨੀ ਵਧ ਗਈ ਹੈ ਤੇ ਘਰ ਦਾ ਚੁੱਲ੍ਹਾ-ਚੌਂਕਾ ਚਲਾਉਣਾ ਹੁਣ ਓਨਾ ਆਸਾਨ ਨਹੀਂ ਰਿਹਾ ਜਿੰਨਾ ਪੁਰਾਣੇ ਜ਼ਮਾਨਿਆਂ ਵਿਚ ਸੀ ਤੇ ਇਨ੍ਹਾਂ ਹਾਲਾਤ ਵਿਚ ਸਾਦਾ ਜ਼ਿੰਦਗੀ ਦੀ ਪ੍ਰੀਭਾਸ਼ਾ ਹੁਣ ਉਹ ਨਹੀਂ ਰਹੀ ਜੋ ਪਹਿਲੇ ਸਮਿਆਂ ਵਿਚ ਹੋਇਆ ਕਰਦੀ ਸੀ। ਬਿਲਕੁਲ ਉਹੀ ਲੋਕ ਜਿਨ੍ਹਾਂ ਨੇ ਆਪਣੀਆਂ ਜ਼ਰੂਰਤਾਂ ਨੂੰ ਕਾਬੂ ਵਿਚ ਰੱਖਿਆ ਹੈ, ਮਨ ਦੀ ਸ਼ਾਂਤੀ ਜਿਨ੍ਹਾਂ ਲਈ ਸਭ ਕੁਝ ਹੈ, ਦੂਜਿਆਂ ਦੇ ਹੱਕਾਂ ਤੇ ਜੋ ਅੱਖ ਨਹੀਂ ਰੱਖਦੇ, ਕਿਸੇ ਨਾਲ ਈਰਖਾ ਨਹੀਂ, ਵੈਰ-ਦੁਸ਼ਮਣੀ ਨਹੀਂ, ਚੁਗਲੀਬਾਜ਼ੀ ਨਹੀਂ ਤੇ ਅਨੁਸ਼ਾਸਨ ਵਿਚ ਰਹਿੰਦੇ ਹਨ, ਅਪਰਾਧ ਦੀ ਦੁਨੀਆ ਤੋਂ ਦੂਰ ਹਨ ਤੇ ਸਭ ਤੋਂ ਵੱਡੀ ਗੱਲ ਕਿ ਆਪਣੀ ਸੋਚਣੀ ਨੂੰ ਜਿੰਨਾ ਸੋਧ ਕੇ ਰੱਖਿਆ ਹੈ, ਉਹ ਸਾਦਾ ਜੀਵਨ ਤੇ ਭੋਗੀ ਹਨ। 'ਸ਼ਾਂਤੀ' ਇਕ ਮੁਕੰਮਲ ਜੀਵਨ ਸ਼ੈਲੀ ਹੈ ਤੇ 'ਸੰਤੁਸ਼ਟਤਾ' ਇਸ ਦੀ ਸਕੀ ਭੈਣ ਹੈ।
ਇਸ ਲੇਖ ਵਿਚ ਇਕ ਬਜ਼ੁਰਗ ਔਰਤ ਦੀ ਤਸਵੀਰ ਹੈ ਜੋ ਪੱਕੀ ਸੜਕ ਕਿਨਾਰੇ ਇਕ ਥੜ੍ਹੀ 'ਤੇ ਬੈਠੀ ਹੈ ਤੇ ਇਕ ਅਰਧ ਗਲਿਆ ਸੇਬ ਉਸ ਦੇ ਹੱਥ ਵਿਚ ਹੈ। ਗਲਿਆ ਹਿੱਸਾ ਉਹ ਆਪਣੀ ਦਾਤੀ ਨਾਲ ਕੱਟ-ਕੱਟ ਕੇ ਭੁੰਜੇ ਸੁੱਟ ਰਹੀ ਹੈ ਤੇ ਸੇਬ ਦਾ ਠੀਕ ਹਿੱਸਾ ਖਾਣ ਦੀ ਤਿਆਰੀ ਵਿਚ ਸੀ, ਜਦੋਂ ਮੈਂ ਅਚਾਨਕ ਉਸ ਦੀ ਫੋਟੋ ਖਿੱਚ ਲਈ। ਧਿਆਨ ਨਾਲ ਦੇਖੋ ਇਕ ਹੋਰ ਸਬੂਤਾ ਸੇਬ ਉਸ ਦੇ ਅੱਗੇ ਮਹਿਫੂਜ਼ ਪਿਆ ਹੈ। ਇਹ ਫੋਟੋ ਮੈਂ ਹਿਮਾਚਲ ਪ੍ਰਦੇਸ਼ ਦੇ ਚੰਬਾ ਤੋਂ ਸੱਚਪਾਸ ਜਾਣ ਵਾਲੀ ਸੜਕ 'ਤੇ ਖਿੱਚੀ ਹੈ। ਮੈਨੂੰ ਦੇਖ ਕੇ ਉਸ ਨੇ ਖ਼ੁਸ਼ਨੁਮਾ ਜਿਹਾ ਮੂੰਹ ਬਣਾਇਆ, ਜਿਸ ਕਰਕੇ ਮੈਨੂੰ ਉਸ ਦੇ ਨਜ਼ਦੀਕ ਜਾਣਾ ਪਿਆ। ਮੈਂ ਉਸ ਨੂੰ ਉਸ ਦੀ ਫੋਟੋ ਦਿਖਾਈ, ਬੜੀ ਹੀ ਖ਼ੁਸ਼ ਹੋਈ। ਉਸ ਵਕਤ ਉਹ ਆਪਣੇ ਘਰ ਵਿਚੋਂ ਆਪਣੀ ਗਊ ਵਾਸਤੇ ਘਾਹ ਲੈਣ ਲਈ ਨਿਕਲੀ ਸੀ। ਰਸਤੇ ਵਿਚ ਉਸ ਨੂੰ ਇਕ ਸੇਬ ਦੇ ਬੂਟੇ ਨਾਲੋਂ ਇਹ ਦੋ ਸੇਬ ਮਿਲ ਗਏ ਜਿਸ ਵਿਚ ਇਕ ਸੇਬ (ਹਾਂ ਜੀ ਅੱਧਾ ਗਲਿਆ ਹੋਇਆ ਸੇਬ) ਉਸ ਨੇ ਆਪਣੇ ਖਾਣ ਲਈ ਚੁਣਿਆ ਤੇ ਦੂਜਾ ਤੰਦਰੁਸਤ ਸੇਬ ਉਸ ਨੇ ਆਪਣੀ ਲੜਕੀ ਦੇ ਬੱਚੇ ਵਾਸਤੇ ਸੰਭਾਲ ਲਿਆ ਸੀ। ਬਿਲਕੁਲ ਉਹੀ ਸੇਬ ਜੋ ਸੀਜ਼ਨ ਖਤਮ ਹੋਣ ਤੋਂ ਬਾਅਦ ਸੇਬ ਦੇ ਬਾਗਾਂ ਵਿਚ ਇਕ-ਅੱਧਾ ਛੁਟ ਜਾਂਦੇ ਹਨ। ਹੱਥ ਵਿਚ ਫੜਿਆ ਹੋਇਆ ਫੱਟੜ ਸੇਬ ਮੇਰੇ ਵੱਲ ਵਧਾ ਕੇ ਉਸ ਨੇ ਮੈਨੂੰ ਉਹ ਸੇਬ ਲੈ ਲੈਣ ਤੇ ਖਾ ਲੈਣ ਦੀ ਪੇਸ਼ਕਸ਼ ਕੀਤੀ। ਕੀ ਤੁਸੀਂ ਅੱਜ ਤੱਕ ਇਸ ਤਰ੍ਹਾਂ ਦਾ ਸੇਬ, ਇਸ ਤਰ੍ਹਾਂ ਦਾ ਮਿੱਠਾ ਸੇਬ, ਕਦੀ ਖਾਧਾ ਹੈ? ਸਾਦਗੀ ਕਿਸ ਨੂੰ ਕਹਿੰਦੇ ਹਨ, ਕੀ ਇਸ ਸਵਾਲ ਦਾ ਜਵਾਬ ਤੁਹਾਡੇ ਵਾਸਤੇ ਅਜੇ ਵੀ ਬਾਕੀ ਹੈ?
-ਵਾਸੀ ਥੰਮਣਵਾਲ (ਫਿਲੌਰ)।
ਮੋਬਾਈਲ : 98722-56005