ਸਿੱਖ ਇਤਿਹਾਸ ਵਿਚ ਹੁਕਮਨਾਮਿਆਂ ਅਤੇ ਗੁਰੂ ਸਾਹਿਬਾਨ ਦੇ ਨੀਸਾਣਾਂ ਦੀ ਬਹੁਤ ਮਹੱਤਤਾ ਹੈ। ਗੁਰੂ ਅਰਜਨ ਦੇਵ ਪਾਤਿਸ਼ਾਹ ਜੀ ਨੇ ਭਾਈ ਗੁਰਦਾਸ ਜੀ ਤੋਂ ਆਦਿ ਬੀੜ ਲਿਖਵਾ ਕੇ, ਉਸ ਉੱਪਰ ਆਪਣੇ ਹੱਥੀਂ ਮੂਲ ਮੰਤਰ ਲਿਖ ਕੇ ਨੀਸਾਣ ਲਗਾ ਦਿੱਤਾ। ਗੁਰੂ ਨਾਨਕ ਪਾਤਿਸ਼ਾਹ ਜੀ ਨੇ ਸਦੀਵੀ-ਸੰਗਤ ਪ੍ਰਗਟ ਕਰਕੇ ਸਦੀਵੀ ਪ੍ਰਕਾਸ਼ ਬਖ਼ਸ਼ਿਆ ਅਤੇ ਬਾਕੀ ਗੁਰੂ ਸਾਹਿਬਾਨ ਨੇ ਉਸੇ ਗੱਲ ਨੂੰ ਅੱਗੇ ਤੋਰਦਿਆਂ ਹੋਇਆਂ ਸੰਗਤਾਂ ਲਈ ਸਮੇਂ-ਸਮੇਂ 'ਤੇ ਹੁਕਮਨਾਮਿਆਂ ਦੀ ਵਰਤੋਂ ਕੀਤੀ। ਗੁਰੂ ਸਾਹਿਬਾਨ ਵਲੋਂ ਜਿਥੇ ਵੀ ਸੰਗਤਾਂ ਲਈ ਹੁਕਮਨਾਮਾ ਭੇਜਿਆ ਜਾਂਦਾ, ਉਥੋਂ ਦੀਆਂ ਸੰਗਤਾਂ ਉਸ ਹੁਕਮਨਾਮੇ ਨੂੰ ਸਿਰ ਮੱਥੇ ਪ੍ਰਵਾਨ ਕਰਦੀਆਂ ਅਤੇ ਸਤਿਕਾਰ ਨਾਲ ਸੰਭਾਲ ਕੇ ਰੱਖਦੀਆਂ। ਸੰਗਤਾਂ ਵਿਚ ਹੁਕਮਨਾਮਿਆਂ ਪ੍ਰਤੀ ਏਨਾ ਸਤਿਕਾਰ ਸੀ ਕਿ ਸੰਗਤਾਂ ਸਮਝਦੀਆਂ ਸਨ ਕਿ ਸਾਨੂੰ ਗੁਰੂ ਸਾਹਿਬਾਨ ਵਲੋਂ ਭੇਜੇ ਹੁਕਮਨਾਮਿਆਂ ਤੋਂ ਗੁਰੂ ਸਾਹਿਬਾਂ ਦੇ ਦਰਸ਼ਨ ਹੋ ਰਹੇ ਹਨ। ਸਿੱਖਾਂ ਵਿਚ ਵਿਸ਼ਵਾਸ ਹੈ ਕਿ ਗੁਰੂ ਸਾਹਿਬਾਨ ਅਤੇ ਅਕਾਲ ਪੁਰਖ ਪਰਮਾਤਮਾ ਵਿਚ ਕੋਈ ਭਿੰਨ-ਭੇਤ ਨਹੀਂ ਸੀ। ਗੁਰੂ ਸਾਹਿਬਾਨ ਵਲੋਂ ਰਚੀ ਬਾਣੀ ਧੁਰ ਕੀ ਬਾਣੀ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰਿਆਈ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬਾਨ ਦੀ ਹਰ ਨਿਸ਼ਾਨੀ ਪ੍ਰਤੀ ਸਿੱਖਾਂ ਦੇ ਮਨਾਂ ਅੰਦਰ ਪੂਰਨ ਸਤਿਕਾਰ ਹੈ। ਗੁਰੂ ਕਲਗੀਧਰ ਪਾਤਿਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਸਮੇਂ ਦੀਆਂ ਹਕੂਮਤਾਂ ਨੇ ਸਿੱਖਾਂ ਵਿੁਰੱਧ ਫਰਮਾਨ ਜਾਰੀ ਕਰਕੇ ਸਿੱਖ ਕੌਮ ਨੂੰ ਖਤਮ ਕਰਨ ਦੇ ਇਰਾਦੇ ਨਾਲ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕੀਤਾ ਅਤੇ ਇਸੇ ਤਸ਼ੱਦਦ ਦੀ ਬਦੌਲਤ ਹਜ਼ਾਰਾਂ ਸਿੰਘ, ਸਿੰਘਣੀਆਂ, ਭੁਜੰਗੀ, ਬਜ਼ੁਰਗ ਸ਼ਹੀਦੀਆਂ ਪ੍ਰਾਪਤ ਕਰ ਗਏ। ਉਹ ਇਕ ਅਜਿਹਾ ਸਮਾਂ ਸੀ ਜਦੋਂ ਸਿੰਘਾਂ ਨੂੰ ਜੰਗਲਾਂ, ਬੇਲਿਆਂ, ਮਾਰੂਥਲਾਂ ਵਿਚ ਰਹਿ ਕੇ ਜੀਵਨ ਬਸਰ ਕਰਨਾ ਪਿਆ। ਇਸ ਭਿਆਨਕ ਸਮੇਂ ਦੌਰਾਨ ਜਿਥੇ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਉਥੇ ਸਿੱਖ ਕੌਮ ਦੇ ਅਨਮੋਲ ਖਜ਼ਾਨੇ, ਇਤਿਹਾਸਕ ਵਿਰਸੇ ਨੂੰ ਵੀ ਨੁਕਸਾਨ ਪਹੁੰਚਿਆ। ਇਸੇ ਸਮੇਂ ਕੀਮਤੀ ਖਜ਼ਾਨੇ ਵਿਚੋਂ ਕੁਝ ਕੀਮਤੀ ਖਜ਼ਾਨਾ ਉਲਟ-ਪੁਲਟ ਹੋ ਗਿਆ ਪਰ ਗੁਰਸਿੱਖਾਂ ਦੀ ਦ੍ਰਿੜ੍ਹਤਾ ਸਦਕਾ ਕੁਝ ਨਾ ਕੁਝ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਲਿਆ ਗਿਆ। ਇਸੇ ਸਮੇਂ ਕੁਝ ਸਿੱਖੀ ਵਿਰੋਧੀ ਲੋਕਾਂ ਨੇ ਨਕਲੀ ਯਾਦਗਾਰਾਂ, ਨਿਸ਼ਾਨੀਆਂ, ਹੁਕਮਨਾਮੇ ਤਿਆਰ ਕਰਕੇ ਸ਼ਰਧਾਲੂਆਂ ਕੋਲੋਂ ਭੇਟਾ ਵਸੂਲ ਕਰਨੀ ਸ਼ੁਰੂ ਕਰ ਦਿੱਤੀ। ਸਿੰਘ ਸਭਾ ਲਹਿਰ ਨੇ ਸਿੱਖ ਕੌਮ ਵਿਚ ਜਾਗ੍ਰਿਤੀ ਲਿਆਂਦੀ ਤੇ ਗਿਆਨੀ ਹੀਰਾ ਸਿੰਘ ਦਰਦ ਤੇ ਸ. ਕਰਮ ਸਿੰਘ ਹਿਸਟੋਰੀਅਨ ਨੇ ਆਪਣੀਆਂ ਲਿਖਤਾਂ ਰਾਹੀਂ ਵਿਦਵਾਨਾਂ ਨੂੰ ਵੰਗਾਰਿਆ ਅਤੇ ਸੁਚੇਤ ਕਰਦੇ ਹੋਏ ਕਿਹਾ ਕਿ ਉਹ ਇਤਿਹਾਸ ਦੀ ਪਰਖ ਕਰਨ ਅਤੇ ਸੱਚ ਨੂੰ ਸਾਹਮਣੇ ਲਿਆਉਣ। ਇਸੇ ਸਮੇਂ ਹੁਕਮਨਾਮਿਆਂ ਦੀ ਭਾਲ ਸ਼ੁਰੂ ਹੋਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਇਕ ਸਹਾਇਤਾ ਦੇ ਨਾਲ ਭਾਈ ਰਣਧੀਰ ਸਿੰਘ ਨੇ ਪੂਰੀ ਮਿਹਨਤ ਕਰਕੇ ਕਾਫ਼ੀ ਨੀਸਾਣ ਤੇ ਹੁਕਮਨਾਮੇ ਇਕੱਠੇ ਕੀਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੀਜੀ ਜਨਮ ਸ਼ਤਾਬਦੀ ਜਨਵਰੀ 1967 ਈ. ਨੂੰ ਮਨਾਈ ਗਈ, ਉਸ ਸਮੇਂ ਕੋਈ 52 ਦੇ ਕਰੀਬ ਕਿਤਾਬਾਂ ਛਪੀਆਂ। ਸਿੱਖ ਇਤਿਹਾਸ ਰਿਸਰਚ ਬੋਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ ਸ. ਸ਼ਮਸ਼ੇਰ ਸਿੰਘ 'ਅਸ਼ੋਕ' ਦੀ ਹਿੰਮਤ ਸਦਕਾ 'ਨੀਸਾਣ ਤੇ ਹੁਕਮਨਾਮੇ' ਕਿਤਾਬ ਛਾਪੀ ਗਈ। ਇਸੇ ਤਰ੍ਹਾਂ ਡਾ: ਗੰਡਾ ਸਿੰਘ ਵਲੋਂ ਹੁਕਮਨਾਮਿਆਂ ਅਤੇ ਨੀਸਾਣਾਂ ਤੇ ਸੰਪਾਦਿਤ ਕੀਤੀ ਕਿਤਾਬ 'ਹੁਕਮਨਾਮੇ' ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ ਹੋਈ। ਇਸ ਯਤਨ ਤੋਂ ਹੋਣ ਵਾਲੇ ਲਾਭ ਦਾ ਡਾਕਟਰ ਗੰਡਾ ਸਿੰਘ ਨੇ ਜ਼ਿਕਰ ਕਰਦਿਆਂ ਲਿਖਿਆ ਹੈ, 'ਬਹੁਤ ਸਾਰੇ ਵਿਦਵਾਨਾਂ ਨੂੰ ਤਾਂ ਇਨ੍ਹਾਂ (ਹੁਕਮਨਾਮਿਆਂ ਤੇ ਨੀਸਾਣਾਂ) ਦੇ ਦਰਸ਼ਨ ਪਹਿਲੀ ਵਾਰੀ ਇਸ ਸੰਚੇ ਰਾਹੀਂ ਹੋ ਰਹੇ ਹਨ। ਇਨ੍ਹਾਂ ਦਾ ਇਕ ਇਸੇ ਮਨੋਰਥ ਲਈ ਪ੍ਰਕਾਸ਼ਤ ਹੋ ਜਾਣਾ ਇਕ ਵੱਡੀ ਗੱਲ ਹੈ। ਖੋਜੀ ਵਿਦਵਾਨਾਂ ਲਈ ਇਹ ਇਕ ਕਸੌਟੀ ਦਾ ਕੰਮ ਦੇਣਗੇ, ਜਿਨ੍ਹਾਂ ਨਾਲ ਕਿ ਅੱਗੇ ਨੂੰ ਸ਼ੱਕੀ ਹੁਕਮਨਾਮੇ ਪਰਖੇ ਤੇ ਨਿਖੇੜੇ ਜਾ ਸਕਿਆ ਕਰਨਗੇ ਅਤੇ ਕੋਈ ਜਾਅਲੀ ਲਿਖਤ ਗੁਰੂ ਸਾਹਿਬਾਨ ਦੇ ਨਾਮ 'ਤੇ ਚਲਾਈ ਨਹੀਂ ਜਾ ਸਕੇਗੀ।
ਸਿੱਖ ਕੌਮ ਵਲੋਂ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਅਤੇ ਸਿੱਖ ਜਰਨੈਲਾਂ ਦੀਆਂ ਸ਼ਤਾਬਦੀਆਂ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਦੀ ਤੀਜੀ ਸ਼ਤਾਬਦੀ ਸਮੇਂ ਦਸੰਬਰ 1975 ਈ. ਤੱਕ ਮਨਾਈ ਗਈ। ਇਸ ਸਮੇਂ ਡਾ. ਫ਼ੌਜਾ ਸਿੰਘ ਨੇ ਗੁਰੂ ਤੇਗ਼ ਬਹਾਦਰ ਜੀ ਦੇ ਨੀਸਾਣ ਤੇ ਹੁਕਮਰਨਾਮਿਆਂ ਨੂੰ ਸੰਪਾਦਿਤ ਕੀਤਾ ਅਤੇ ਇਹ ਕਿਤਾਬ 'ਹੁਕਮਨਾਮੇ' ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਛਪੀ। ਇਸ ਕਿਤਾਬ ਵਿਚ ਹੁਕਮਨਾਮੇ ਤੇ ਨਿਸਾਣ ਪੰਜਾਬੀ, ਹਿੰਦੀ, ਅੰਗਰੇਜ਼ੀ ਵਿਚ ਛਾਪੇ ਗਏ ਹਨ ਅਤੇ ਇਸ ਕਿਤਾਬ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪ੍ਰਕਾਸ਼ਿਤ ਕੀਤਾ ਗਿਆ। ਇਸ ਕਿਤਾਬ ਵਿਚ ਨੀਸਾਣ ਤੇ ਹੁਕਮਨਾਮਿਆਂ ਨੂੰ ਨਿਖੇੜ ਕੇ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਨੂੰ ਦਰਸਾਇਆ ਜਾ ਸਕੇ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਨੀਸਾਣ ਉਸ ਸਮੇਂ ਦੀਆਂ ਪ੍ਰਾਚੀਨ ਬੀੜਾਂ ਵਿਚ ਮਿਲਦੇ ਹਨ। ਸਿੱਖ ਸੰਗਤਾਂ ਇਨ੍ਹਾਂ ਨੀਸਾਣਾਂ ਦੇ ਦਰਸ਼ਨ ਕਰਨਾ ਆਪਣਾ ਸੁਭਾਗ ਸਮਝਦੀਆਂ ਹਨ।
1. ਗੁਰਦੁਆਰਾ ਮੈਣੀ ਸੰਗਤ ਪਟਨਾ ਸਾਹਿਬ-ਪੁਰਾਣੀ ਬੀੜ, 2. ਗੁਰਦੁਆਰਾ ਮੈਣੀ ਸੰਗਤ ਪਟਨਾ ਸਾਹਿਬ 1714 ਬਿ. (1657 ਈ.) ਵਾਲੀ ਬੀੜ, 3. ਗੁਰਦੁਆਰਾ ਥੰਮ੍ਹ ਸਾਹਿਬ ਪਟਨਾ ਸਾਹਿਬ 1781 ਬਿ. ਵਾਲੀ ਬੀੜ, 4. ਸ੍ਰੀ ਗੁਰੂ ਨਾਨਕ ਆਸ਼ਰਮ ਅਹਿਰੋਰਾ ਦੀ ਸੰਗਤ 1799 ਬਿ. ਵਾਲੀ ਬੀੜ, 5. ਭਾਈ ਬੰਨੋ ਵਾਲੀ ਸ੍ਰੀ ਆਦਿ ਗ੍ਰੰਥ ਦੀ ਇਕ ਪੁਰਾਤਨ ਬੀੜ, 6. ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਪੁਰਾਤਨ ਹੱਥ ਲਿਖਤ ਪੋਥੀ ਨੰ. 1657 ਜੋ ਸੰਮਤ 1728 ਬਿਕ੍ਰਮੀ ਵਿਚ ਲਿਖੀ ਗਈ ਸੀ, 7. ਛੋਟਾ ਮਿਰਜ਼ਾਪੁਰ (ਉੱਤਰ ਪ੍ਰਦੇਸ਼) ਵਾਲੀ ਬੀੜ, ਸੰਮਤ 1739 ਬਿਕ੍ਰਮੀ।
ਡਾ. ਗੰਡਾ ਸਿੰਘ ਹੋਰਾਂ ਦੇ ਅਨੁਸਾਰ 'ਹੁਕਮਨਾਮਿਆਂ ਦਾ ਆਮ ਉਦੇਸ਼', 'ਪ੍ਰਚਾਰ ਲਈ ਹਿਦਾਇਤਾਂ, ਗੁਰੂ ਕੇ ਲੰਗਰ ਲਈ ਕਾਰ-ਭੇਟ ਦੀ ਗੁਰੂ ਜੀ ਦੇ ਮੁੱਖ ਅਸਥਾਨ ਪਰ ਪਹੁੰਚ ਦਾ ਪ੍ਰਬੰਧ, ਸਿੱਖ ਸੰਗਤਾਂ ਪਰ ਆਪਣੀ ਖੁਸ਼ੀ ਦੇ ਪ੍ਰਗਟਾਵੇ ਰਾਹੀਂ ਗੁਰੂ ਅਤੇ ਸੰਗਤਾਂ ਦਾ ਮੇਲ ਕਾਇਮ ਰੱਖਣਾ, ਸਿੱਖਾਂ ਨੂੰ ਆਪਸ ਵਿਚ ਮੇਲ ਰੱਖਣ ਲਈ ਹੁਕਮ, ਵੇਲੇ ਕੁਵੇਲੇ ਲੋੜੀਂਦੀਆਂ ਵਸਤਾਂ ਲਈ ਫਰਮਾਇਸ਼ਾਂ, ਬਾਹਰ ਗੁਰਪੁਰਬਾਂ ਲਈ ਸੰਗਤਾਂ ਨੂੰ ਉਤਸ਼ਾਹ, ਖਾਸ-ਖਾਸ ਮੌਕਿਆਂ ਪਰ ਸੰਗਤਾਂ ਨੂੰ ਗੁਰੂ ਜੀ ਦੀ ਹਜ਼ੂਰੀ ਵਿਚ ਆਉਣ ਦਾ ਸੱਦਾ, ਸੰਗਤਾਂ ਨੂੰ ਖਾਲਸਾ ਕਰਨ ਦੀ ਇਤਲਾਹ...ਆਦਿ ਸੀ।'
ਗੁਰੂ ਤੇਗ਼ ਬਹਾਦਰ ਸਾਹਿਬ ਦੇ ਲਗਭਗ ਇਹ ਸਾਰੇ ਦੇ ਸਾਰੇ ਹੁਕਮਨਾਮੇ ੴ ਗੁਰੂ ਸਤਿ ਜਾਂ ਨਿਰੇ ਗੁਰੂ ਸਤਿ ਦੇ ਸ਼ਬਦਾਂ ਨਾਲ ਆਰੰਭ ਹੁੰਦੇ ਹਨ। ਗੁਰੂ ਤੇਗ਼ ਬਹਾਦਰ ਸਾਹਿਬ ਦੇ ਹੁਕਮਨਾਮਿਆਂ ਵਿਚੋਂ ਬਹੁਤੇ ਸਮੁੱਚੇ ਤੌਰ 'ਤੇ ਗੁਰੂ ਜੀ ਦੀ ਆਪਣੀ ਹੱਥ-ਲਿਖਤ ਵਿਚ ਹਨ। ਕੁਝ ਹੁਕਮਨਾਮੇ ਅਜਿਹੇ ਹਨ, ਜਿਨ੍ਹਾਂ ਵਿਚ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਸਿਰਫ਼ ਚਿੱਠੀ ਦਾ ਆਰੰਭ ਹੀ ਕੀਤਾ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਜਿਥੇੇ ਹੁਕਮਨਾਮਾ ਲਿਖਿਆ ਉਸ ਥਾਂ ਦਾ ਜ਼ਿਕਰ ਵੀ ਕੀਤਾ ਹੈ। ਪੁਰਾਤਨ ਹੁਕਮਨਾਮਿਆਂ ਅਤੇ ਨੀਸਾਣਾਂ ਨੂੰ ਲੱਭਣ ਵਿਚ ਸ. ਜੀ.ਬੀ. ਸਿੰਘ, ਭਾਈ ਰਣਧੀਰ ਸਿੰਘ ਸਕਾਲਰ, ਡਾ. ਗੰਡਾ ਸਿੰਘ, ਸ. ਸ਼ਮਸ਼ੇਰ ਸਿੰਘ ਅਸ਼ੋਕ, ਡਾ. ਫੌਜਾ ਸਿੰਘ, ਸ. ਸਾਬਿੰਦਰਜੀਤ ਸਿੰਘ ਸਾਗਰ ਆਦਿ ਵਿਦਵਾਨਾਂ ਨੇ ਬਹੁਤ ਯੋਗਦਾਨ ਪਾਇਆ ਹੈ।
ਗੁਰੂ ਤੇਗ਼ ਬਹਾਦਰ ਸਾਹਿਬ ਦੇ ਹੁਕਨਾਮਿਆਂ ਵਿਚੋਂ ਸੰਗਤ ਨੂੰ ਗੁਰੂ ਘਰ ਨਾਲ ਜੋੜਨ, ਪਰਿਵਾਰ ਦੀ ਸਾਂਭ-ਸੰਭਾਲ ਕਰਨ, ਰਸਤੇ ਦੀਆਂ ਮੁਸ਼ਕਿਲਾਂ ਹੱਲ ਕਰਨ ਆਦਿ ਦੇ ਨਾਲ-ਨਾਲ ਨਾਵਾਂ ਅਤੇ ਥਾਵਾਂ ਸੰਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ। ਗੁਰੂ ਸਾਹਿਬ ਜੀ ਦੇ ਹੁਕਮਨਾਮਿਆਂ ਵਿਚ ਜਿਹੜੇ ਮੁਖੀ ਸਿੱਖਾਂ ਦੇ ਨਾਂਅ ਆਏ ਹਨ, ਉਨ੍ਹਾਂ ਵਿਚ ਉਗਰ ਸੈਣ, ਅਨੀਰਾਇ, ਅਨੰਤ ਦਾਸ, ਅਮਾਲੀਆ, ਅਨੰਤਾ, ਸਾਧੂ, ਸ਼ੁਭਕਰਨ, ਸਦਾਨੰਦ, ਸੁਖਦੇਉ, ਸਭਾ ਚੰਦ, ਸੁਫੇਰ ਚੰਦ, ਸੁਚਾ ਰਾਮ, ਸੇਠ, ਸੰਕਰਦਾਸੁ, ਸੂਜਾਰਾਮ, ਸੋਭ ਚੰਦ, ਸਿਭੂ, ਸੰਗਤਿ ਦਾਸ, ਸਿੰਘਾ, ਹਰਕੇਸ, ਹਰਜੀਮਲੁ, ਹਰਕਿਸਨ, ਹੀਰਾ ਮੰਨ, ਹੀਰਾ ਨੰਦੁ, ਕਵਲਨੈਨ, ਕਲਆਨ ਮਲ, ਕਲਿਆਨਦਾਸ, ਕਿਰਪਾਲ, ਕਿਰਪਾਲ ਦਾਸ, ਕਲਿਆਨਮਲੁ, ਕੇਵਲਰਾਮ, ਕੋਕਾ, ਕਿਰਪਾਲਾ, ਗਜੂਆ, ਰਾਜਮਲ, ਗੁਰਦਾਸੁ, ਗੰਗਾਰਾਮ, ਗੁਜਰਮਲੁ, ਗੁਲਾਲਚੰਦ, ਘਨਿਸਿਆਮੁ, ਚਿੰਤਾ, ਚਿਮਨਾ, ਚਤਰਭੋਜ, ਚੇਤਨੁ, ਚੈਨਸੁਖ, ਛਬੀਲਦਾਸੁ, ਛਜੂਮਲੁ, ਛਬੀਲਾ, ਛੁਟਮਨ, ਛੁਟਮਲ, ਜਗਦੇਉ, ਜਟਮਲੁ, ਜਸੋਧਾ ਨੰਦਨ, ਜਵੇਹਰਿਮਲੁ, ਜੇਠਮਲੁ ਜਾਦੋ ਘਾਸੀ, ਜੈਸਿੰਘ, ਝਬਰ ਸਿੰਘ, ਡੇਡਮਲ, ਦਰੀਆ, ਦਲਪਤਿ ਦਾਸ, ਦਰਬਾਰੀ, ਦਲਪਤਿ ਰਾਇ, ਦਾਸ ਭੋਤੀ ਸੇਠ, ਦੀਨ ਦਿਆਲ, ਦੀਨਾਨਾਥੁ, ਦਿਆਲਦਾਸੁ, ਦੁਰਗ ਦਾਸ, ਨੰਦ ਕੁਮਾਰ, ਨੰਦਰੂਪ, ਨੈਨਸੁਖ, ਨੰਦ ਲਾਲ, ਪਰਸ ਰਾਮ, ਪਹਲਾਦ ਦਾਸ, ਪਰਾਨ ਨਾਥ, ਪਾਲਾ, ਪੇੜੀ ਬਾਈ, ਪਰੀਤਮ ਦਾਸ, ਫਤਹਚੰਦ, ਫਾਗੂ (ਫਗੂ) ਸਾਹ, ਫੇਰੂ, ਬਖਸ਼ੀ, ਬਨਾ, ਬਸੰਤਰਾਇ, ਬਾਘਾ, ਬਲੀਰਾਮ, ਬਾਬੂ ਰਾਇ, ਬਾਲਕਿਸ਼ਨ, ਬਾਲ ਗੋਬਿੰਦ, ਬਾਲਾ, ਬਿੰਦਰਾਬਨ, ਬਾਲੁ ਚੰਦੁ, ਬੰਸੀ, ਬੈਜਨਾਥ, ਬੰਸੀਧਰ, ਭਗਤਾ, ਭਗਵਾਨ ਦਾਸੁ, ਭਾਗੁ ਮਲ, ਭਾਰਾ ਭਿਖਾਰੀ ਦਾਸ, ਭੋਤੀ, ਭੋਜਰਾਇ, ਭੋਜਰਾਜ, ਮਹਾਰਾਜ, ਮਨਸੁਖ, ਮਹਾਂਨੰਦ, ਮਨੀ ਰਾਮ, ਮਲਾ, ਮਲੂਕ ਦਾਸੀਆ, ਮਾਛੀ, ਮਲੂਕਾ, ਮਾਨਾ, ਮਾਨ ਸਿੰਘ, ਮਾਨਜੀ, ਮਿੱਤਰ ਸੈਣ, ਮਿਹਰਚੰਦ, ਮੁਰਲੀ, ਮੋਹਨ ਦਾਸ, ਮੂਲਾ, ਮੁਰਲੀਧਰ, ਰਾਘੋਦਾਸ, ਰਾਮਚੰਦੁ, ਰਘੁਨਾਥ, ਰਾਮਦਾਸ, ਰਾਮਰਾਇ, ਰਾਮਾਨੰਦ, ਰਾਮਾ, ਰੂਪਨ, ਰੂਪ ਨਾਰਾਇਣ, ਲਾਲਮੰਨ, ਲਾਲ ਚੰਦ, ਲਛੂਆ, ਲਾਲੂ।
ਸ. ਸ਼ਮਸ਼ੇਰ ਸਿੰਘ ਅਸ਼ੋਕ ਨੇ ਗੁਰੂ ਤੇਗ਼ ਬਹਾਦਰ ਜੀ ਦੇ ਹੁਕਮਨਾਮਿਆਂ ਦੀ ਗਿਣਤੀ 30, ਡਾ. ਗੰਡਾ ਸਿੰਘ ਨੇ 20, ਡਾ. ਫੌਜਾ ਸਿੰਘ ਨੇ 22 ਦੱਸੀ ਹੈ। ਸ. ਸ਼ਮਸ਼ੇਰ ਸਿੰਘ ਅਸ਼ੋਕ ਨੇ ਪੁਰਾਤਨ ਬੀੜਾਂ ਵਿਚੋਂ ਗੁਰੂ ਤੇਗ਼ ਬਹਾਦਰ ਜੀ ਦੇ ਕੁਝ ਨੀਸਾਣ ਵੀ ਹੁਕਮਨਾਮਿਆਂ ਨਾਲ ਦਰਜ ਕੀਤੇ ਹਨ। ਡਾ. ਬਲਵੰਤ ਸਿੰਘ ਢਿੱਲੋਂ ਨੇ ਵੀ ਹੁਕਮਨਾਮਿਆਂ 'ਤੇ ਖੋਜ ਕੀਤੀ ਹੈ। ਹੁਕਮਨਾਮੇ ਤੇ ਨੀਸਾਣ ਸਿੱਖ ਕੌਮ ਦਾ ਸਰਮਾਇਆ ਹੈ, ਸਿੱਖ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਇਸ ਪਾਸੇ ਵਿਸ਼ੇਸ਼ ਧਿਆਨ ਦੇਣ।
-ਬਠਿੰਡਾ।
ਮੋਬਾਈਲ : 98155-3372