ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

25 ਨਵੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼ ਪੰਜਾਬੀ ਲੋਕ ਗਾਇਕੀ ਦਾ ਚਾਨਣ ਸੁਰਿੰਦਰ ਕੌਰ

Ad Position 21
No active advertisement
ਅਜੀਤ ਡੈਸਕ 23-11-2025

ਮਾਖਿਓਂ ਮਿੱਠੀ ਆਵਾਜ਼ ਦੀ ਮਲਿਕਾ, ਸੁਰ ਤਾਲ ਲੈਅ ਦੀ ਪੱਕੀ ਅਤੇ ਦੇਸੀ ਸੰਗੀਤ ਦੀ ਮਹਿਕ ਆਪਣੀ ਗਾਇਕੀ ਰਾਹੀਂ ਕੁੱਲ ਦੁਨੀਆਂ ਵਿਚ ਫੈਲਾਉਣ ਵਾਲੀ ਮਹਾਨ ਪੰਜਾਬੀ ਲੋਕ ਗਾਇਕਾ ਸੁਰਿੰਦਰ ਕੌਰ ਨੂੰ ਅੱਜ ਸਾਡੇ ਕੋਲੋਂ ਵਿੱਛੜਿਆਂ ਤਕਰੀਬਨ ਪੰਦਰਾਂ ਵਰ੍ਹੇ ਹੋ ਗਏ ਹਨ। ਪੰਜਾਬ ਦੀ ਕੋਇਲ ਦੇ ਨਾਂਅ ਨਾਲ ਜਾਣੀ ਜਾਣ ਵਾਲੀ ਇਸ ਮਹਾਨ ਲੋਕ ਗਾਇਕਾ ਨੇ ਆਪਣੀ ਗਾਇਕੀ ਦੇ ਸਫ਼ਰ ਦੌਰਾਨ ਅਣਗਿਣਤ ਹਿੱਟ ਗੀਤ ਗਾਏ। ਅੱਜ ਵੀ ਪੰਜਾਬੀ ਲੋਕ ਸੰਗੀਤ ਨੂੰ ਸੁਨਣ ਵਾਲੇ ਲੱਖਾਂ ਸੰਗੀਤ ਪ੍ਰੇਮੀ ਸੁਰਿੰਦਰ ਕੌਰ ਦੇ ਗਾਏ ਗੀਤਾਂ ਨੂੰ ਬੜੀ ਰੀਝ ਨਾਲ ਸੁਣਦੇ ਹਨ ਅਤੇ ਅੱਜ ਵੀ ਪੰਜਾਬੀਆਂ ਦੇ ਵਿਆਹ ਸ਼ਾਦੀਆਂ ਦੌਰਾਨ ਔਰਤਾਂ ਘਰਾਂ ਵਿਚ ਬਿਠਾਏ ਜਾਂਦੇ ਗਾਉਣ, (ਲੇਡੀਜ਼ ਸੰਗੀਤ) ਵਿਚ ਸਭ ਤੋਂ ਵੱਧ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਗਾਏ ਸੁਹਾਗ, ਘੋੜੀਆਂ, ਟੱਪੇ, ਮਾਹੀਏ ਅਤੇ ਲੋਕ ਬੋਲੀਆਂ ਨੂੰ ਗਾ ਕੇ ਅਤੇ ਇਨ੍ਹਾਂ ਦੇ ਗੀਤਾਂ ਤੇ ਨੱਚ ਟੱਪ ਕੇ ਖੁਸ਼ੀ ਮਨਾਉਂਦੀਆਂ ਹਨ।
ਜਨਮ ਅਤੇ ਪਰਿਵਾਰਕ ਪਿਛੋਕੜ:- ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਅਣਵੰਡੇ ਪੰਜਾਬ (ਬ੍ਰਿਟਿਸ਼ ਇੰਡੀਆ) ਦੀ ਰਾਜਧਾਨੀ ਲਾਹੌਰ ਦੇ ਅੰਦਰੂਨ ਸ਼ਹਿਰ ਵਿਚ ਸਥਿਤ ਭੱਟੀ ਗੇਟ ਦੇ ਰਹਿਣ ਵਾਲੇ ਸਹਿਜਧਾਰੀ ਸਿੱਖ ਪਿਤਾ ਬਿਸ਼ਨਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ। ਚਾਰ ਭੈਣਾਂ ਪ੍ਰਕਾਸ਼ ਕੌਰ, ਮਹਿੰਦਰ ਕੌਰ, ਮਨਜੀਤ ਕੌਰ, ਨਰਿੰਦਰ ਕੌਰ ਅਤੇ ਪੰਜ ਭਰਾਵਾਂ ਦੀ ਲਾਡਲੀ ਭੈਣ ਸੁਰਿੰਦਰ ਕੌਰ ਆਪਣੀ ਸਭ ਤੋਂ ਵੱਡੀ ਭੈਣ ਲੋਕ ਗਾਇਕਾ ਪ੍ਰਕਾਸ਼ ਕੌਰ ਤੋਂ 10 ਸਾਲ ਛੋਟੀ ਸੀ। ਸਿੱਖੀ ਨਾਲ ਪਿਆਰ ਕਰਨ ਵਾਲੇ ਅਤੇ ਗੁਰਬਾਣੀ ਵਿਚ ਅਥਾਹ ਸ਼ਰਧਾ ਰੱਖਣ ਵਾਲੇ ਇਸ ਪਰਿਵਾਰ ਦਾ ਘਰੇਲੂ ਮਹੌਲ ਧਾਰਮਿਕ ਸੀ।
ਰੇਡੀਓ ਤੋਂ ਗਾਇਕੀ ਦੀ ਸ਼ੁਰੂਆਤ:- ਸੁਰਿੰਦਰ ਕੌਰ ਦੀ ਗਾਇਕੀ ਦੇ ਸਫ਼ਰ ਦਾ ਆਗਾਜ਼ ਲਾਹੌਰ ਰੇਡੀਓ ਤੋਂ ਹੋਇਆ। ਜਦੋ ਸੁਰਿੰਦਰ ਨੇ ਆਲ ਇੰਡੀਆ ਰੇਡੀਓ ਤੋਂ ਆਪਣਾ ਪਹਿਲਾ ਗੀਤ ਗਾਇਆ ਉਸ ਵਕਤ ਸੁਰਿੰਦਰ ਦੀ ਉਮਰ ਮਹਿਜ਼ 13 ਸਾਲ ਦੀ ਸੀ। ਸੰਨ 1943 ਵਿਚ ਸੁਰਿੰਦਰ ਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਬੱਚਿਆਂ ਦੇ ਗੀਤ ਸੰਗੀਤ ਦੇ ਪ੍ਰੋਗਰਾਮ ਲਈ ਆਡੀਸ਼ਨ ਦਿੱਤਾ ਜਿਸ ਨੂੰ ਸੁਰਿੰਦਰ ਨੇ ਆਸਾਨੀ ਨਾਲ ਪਾਸ ਕਰ ਲਿਆ। ਛੋਟੀ ਉਮਰ ਵਿਚ ਹੀ ਆਵਾਜ਼ ਵਿਚ ਕਿਸੇ ਮੰਝੀ ਹੋਈ ਗਾਇਕਾ ਦੀ ਤਰ੍ਹਾਂ ਰਵਾਨਗੀ ਅਤੇ ਪੁਖਤਗੀ ਨੂੰ ਦੇਖ ਕੇ ਸੁਰਿੰਦਰ ਨੂੰ ਰੇਡੀਓ ਦੇ ਸੰਗੀਤ ਸੈਕਸ਼ਨ ਦੇ ਸਹਾਇਕ ਹੈੱਡ ਜੀਵਨ ਲਾਲ ਮੱਟੂ ਨੇ ਸਿੱਧੇ ਜਨਰਲ ਪ੍ਰੋਗਰਾਮ ਪੇਸ਼ ਕਰਨ ਲਈ ਸਿਲੈਕਟ ਕਰ ਲਿਆ। 30 ਅਗਸਤ 1943 ਨੂੰ ਪਹਿਲੀ ਵਾਰ ਸੁਰਿੰਦਰ ਕੌਰ ਦੀ ਮਿੱਠੀ ਆਵਾਜ਼ ਰੇਡੀਓ ਰਾਹੀਂ ਪੰਜਾਬ ਦੇ ਘਰ ਘਰ ਲੋਕਾਂ ਦੇ ਕੰਨਾਂ ਤੱਕ ਪਹੁੰਚੀ। ਹੁਣ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੋਵੇ ਭੈਣਾਂ ਆਲ ਇੰਡੀਆ ਰੇਡੀਓ ਦੀਆਂ ਪ੍ਰਵਾਨਿਤ ਗਾਇਕਾਵਾਂ ਬਣ ਚੁੱਕੀਆਂ ਸਨ। ਰੇਡੀਓ ਤੇ ਗਾਉਂਦਿਆਂ ਈ ਦੋਵੇਂ ਭੈਣਾਂ ਨੇ ਲਾਹੌਰ ਰੇਡੀਓ ਦੇ ਸੰਗੀਤ ਸੈਕਸ਼ਨ ਦੇ ਸਹਾਇਕ ਜੀਵਨ ਲਾਲ ਮੱਟੂ ਕੋਲੋਂ ਲਾਈਟ ਕਲਾਸੀਕਲ ਵਿਚ ਸੰਗੀਤ ਦੀ ਸਿੱਖਲਾਈ ਲੈਣੀ ਸ਼ੁਰੂ ਕਰ ਦਿੱਤੀ।
ਮਾਸਟਰ ਇਨਾਇਤ ਹੁਸੈਨ ਦੇ ਸੰਗੀਤਬੱਧ ਕੀਤੇ ਦੋ ਪੰਜਾਬੀ ਲੋਕ ਗੀਤਾਂ ਨੂੰ ਦੋਵੇਂ ਭੈਣਾਂ ਦੀ ਜੋੜੀ ਨੇ ਇਕੱਠਿਆਂ ਲਾਹੌਰ ਰੇਡੀਓ ਤੋਂ ਪਹਿਲੀ ਵਾਰ ਗਾਇਆ ਜਿਨ੍ਹਾਂ ਨੂੰ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ। ਇਨ੍ਹਾਂ ਗੀਤਾਂ ਦੇ ਬੋਲ ਸਨ: 'ਹਾਏ ਨਾ ਵੱਸ ਬਦਲਾ ਨਾ ਵੱਸ ਓਏ ਕਾਲਿਆ', 'ਢੋਲ ਸਿਪਾਹੀਆ ਵੇ ਕਿਥੇ ਗਿਓਂ', 'ਦਿਲ ਲਾ ਕੇ।' ਇਸ ਤਰ੍ਹਾਂ ਛੋਟੀ ਉਮਰ ਵਿਚ ਹੀ ਸੁਰਿੰਦਰ ਵੱਡੀ ਗਾਇਕਾ ਬਣਨ ਦੇ ਰਾਹਾਂ 'ਤੇ ਟੁਰ ਪਈ।
ਪਹਿਲਾ ਸੁਪਰਹਿੱਟ ਗੀਤ :-31 ਅਗਸਤ ਸੰਨ 1943 ਨੂੰ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਵਿਚ ਅਤੇ ਮਾਸਟਰ ਇਨਾਇਤ ਹੁਸੈਨ ਦਾ ਸੰਗੀਤਬੱਧ ਕੀਤਾ ਪਹਿਲਾ ਡਿਊਟ ਗੀਤ 'ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ ' ਐਚ.ਐਮ.ਵੀ. ਕੰਪਨੀ ਵਲੋਂ ਰਿਕਾਰਡ ਕੀਤਾ ਗਿਆ। ਇਕ ਤਵੇ ਦੇ ਦੋਵੇਂ ਪਾਸੇ ਵੱਲ ਦੋ ਹਿੱਸਿਆਂ ਵਿਚ ਰਿਕਾਰਡ ਕੀਤਾ ਇਹ ਗੀਤ ਰਿਲੀਜ਼ ਹੁੰਦਿਆਂ ਹੀ ਲੋਕਾਂ ਨੂੰ ਬੇਹੱਦ ਪਸੰਦ ਆਇਆ। ਓਸ ਵੇਲੇ ਇਸ ਗੀਤ ਨੇ ਮਕਬੂਲੀਅਤ ਦੀਆਂ ਸਿਖਰਾਂ ਨੂੰ ਛੂਹ ਕੇ ਇਕ ਨਵਾਂ ਇਤਿਹਾਸ ਰਚਿਆ।
ਲਾਹੌਰ ਤੋਂ ਹਿਜ਼ਰਤ- 14 ਅਗਸਤ 1947 ਨੂੰ ਪਾਕਿਸਤਾਨ ਹੋਂਦ ਵਿਚ ਆ ਗਿਆ ਅਤੇ ਪੰਜਾਬ ਨੂੰ ਚੜ੍ਹਦੇ ਤੇ ਲਹਿੰਦੇ ਦੋ ਹਿੱਸਿਆਂ ਵਿਚ ਤਕਸੀਮ ਕਰ ਦਿੱਤਾ ਗਿਆ। ਲਾਹੌਰ ਸ਼ਹਿਰ ਜੋ ਸੰਗੀਤ, ਕਲਾ, ਅਦਬ ਅਤੇ ਆਪਣੀ ਖੂਬਸੂਰਤੀ ਲਈ ਮਸ਼ਹੂਰ ਸੀ ਵਿਚ ਵੀ ਫ਼ਿਰਕੂ ਤਣਾਅ ਲੁੱਟਾਂ-ਖੋਹਾਂ ਅਤੇ ਕਤਲੋਗਾਰਤ ਦਾ ਸਿਲਸਿਲਾ ਸ਼ੁਰੂ ਹੋ ਗਇਆ। ਦੂਸਰੇ ਲੋਕਾਂ ਦੀ ਤਰ੍ਹਾਂ ਸੁਰਿੰਦਰ ਕੌਰ ਦਾ ਪਰਿਵਾਰ ਵੀ ਆਪਣੀਆਂ ਜਾਨਾਂ ਬਚਾਉਂਦਾ ਭਰਿਆ ਭਰਾਇਆ ਘਰ ਬਾਰ ਛੱਡ ਕੁਝ ਜ਼ਰੂਰੀ ਸਾਮਾਨ ਨਾਲ ਲੈ ਲਾਹੌਰ ਤੋਂ ਫ਼ਿਰੋਜ਼ਪੁਰ ਵੱਲ ਨੂੰ ਚੱਲ ਪਿਆ। ਕੁਝ ਸਮਾਂ ਇਥੇ ਠਹਿਰਨ ਤੌਂ ਬਾਅਦ ਅਖੀਰ ਇਨ੍ਹਾਂ ਦਾ ਸਾਰਾ ਪਰਿਵਾਰ ਗਾਜ਼ੀਆਬਾਦ ਦਿੱਲੀ ਜਾ ਵਸਿਆ।
ਵਿਆਹ:- ਗਾਜ਼ੀਆਬਾਦ ਪਹੁੰਚ ਕੇ ਸੁਰਿੰਦਰ ਕੌਰ ਦੇ ਮਾਤਾ ਪਿਤਾ ਨੂੰ ਉਸ ਦੇ ਵਿਆਹ ਦੀ ਫਿਕਰ ਸਤਾਉਣ ਲੱਗੀ। ਉਹ ਚਾਹੁੰਦੇ ਸਨ ਕਿ ਸੁਰਿੰਦਰ ਦਾ ਵਿਆਹ ਛੇਤੀ ਤੋਂ ਛੇਤੀ ਕਰ ਦਿੱਤਾ ਜਾਵੇ। ਸੰਨ 1948 ਵਿਚ 18 ਸਾਲਾਂ ਦੀ ਉਮਰ ਵਿਚ ਸੁਰਿੰਦਰ ਕੌਰ ਦਾ ਵਿਆਹ ਫ਼ਿਰੋਜ਼ਪੁਰ ਦੇ ਪੜ੍ਹੇ ਲਿਖੇ ਸੌਹਣੇ ਸੁਨੱਖੇ ਨੌਜਵਾਨ ਸ: ਜੋਗਿੰਦਰ ਸਿੰਘ ਸੋਢੀ ਜੋ ਉਹਨੀ ਦਿਨੀਂ ਪਹਿਲਾਂ ਫਰੀਦਕੋਟ ਅਤੇ ਬਾਅਦ ਵਿਚ ਖਾਲਸਾ ਕਾਲਜ ਦਿੱਲੀ ਵਿਚ ਪ੍ਰੋਫ਼ੈਸਰ ਰਹੇ, ਨਾਲ ਕਰ ਦਿੱਤਾ ਗਿਆ। ਕਹਿੰਦੇ ਸੁਰਿੰਦਰ ਕੌਰ ਆਪਣੇ ਵਿਆਹ ਵਾਲੇ ਸਮੇਂ ਆਪਣੇ ਵਿਆਹ ਦੇ ਗੀਤ ਖੁਦ ਢੋਲਕ ਲੈ ਕੇ ਗਾ ਰਹੀ ਸੀ। ਵਿਆਹ ਤੋਂ ਬਾਅਦ ਸੁਰਿੰਦਰ ਕੌਰ ਨੂੰ ਹਿੰਦੀ ਫ਼ਿਲਮਾਂ ਵਿਚ ਪਲੇਅ ਬੈਕ ਸਿਗਿੰਗ ਲਈ ਮਸ਼ਹੂਰ ਸੰਗੀਤਕਾਰ ਗੁਲਾਮ ਹੈਦਰ ਜੋ ਲਾਹੌਰ ਰੇਡੀਓ ਤੋਂ ਸੁਰਿੰਦਰ ਕੌਰ ਦੇ ਵਾਕਿਫ਼ ਸਨ ਨੇ ਬੰਬਈ ਆਉਣ ਦਾ ਸੱਦਾ ਦਿੱਤਾ।
ਬੌਲੀਵੁੱਡ ਫ਼ਿਲਮ ਇੰਡਸਟਰੀ ਵਿਚ ਪਿੱਠਵਰਤੀ ਗਾਇਕਾ ਵਜੋਂ ਨਾਮਣਾ ਖੱਟਣਾ-ਸੰਨ 1948 ਵਿਚ ਵਿਆਹ ਤੋਂ ਬਾਅਦ ਸੁਰਿੰਦਰ ਕੌਰ ਆਪਣੇ ਪਤੀ ਸ. ਜੋਗਿੰਦਰ ਸਿੰਘ ਸੋਢੀ ਨਾਲ ਬੰਬਈ ਸ਼ਿਫ਼ਟ ਹੋ ਗਏ। ਸੰਨ 1948 ਵਿਚ ਸੁਰਿੰਦਰ ਕੌਰ ਨੂੰ ਪਹਿਲੀ ਹਿੰਦੀ ਫ਼ਿਲਮ ਪਿਆਰ ਕੀ ਜੀਤ ਵਿਚ ਬਤੌਰ ਪਲੇਅ ਬੈਕ ਸਿੰਗਰ ਗੀਤ ਗਾਉਣ ਦਾ ਮੌਕਾ ਮਿਲਿਆ। ਸੰਗੀਤਕਾਰ ਹੁਸਨ ਲਾਲ ਭਗਤ ਰਾਮ ਦੀਆਂ ਸੰਗੀਤਬੱਧ ਧੁਨਾਂ ਤੇ ਸੁਰਿੰਦਰ ਕੌਰ ਨੇ ਚਾਰ ਗੀਤ ਗਾਏ। ਇਸ ਫ਼ਿਲਮ ਦਾ ਇਕ ਗੀਤ ਸੁਰਿੰਦਰ ਕੌਰ ਦੀ ਆਵਾਜ਼ ਵਿਚ ਸੰਗੀਤ ਪ੍ਰੇਮੀਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ, ਗੀਤ ਦੇ ਬੋਲ ਸਨ ਇਤਨੇ ਦੂਰ ਹੋ ਹਜ਼ੂਰ ਕੈਸੇ ਮੁਲਾਕਾਤ ਹੋ । ਇਸ ਫ਼ਿਲਮ ਤੋਂ ਬਾਅਦ ਸੁਰਿੰਦਰ ਕੌਰ ਨੇ ਦਲੀਪ ਕੁਮਾਰ ਅਤੇ ਕਾਮਿਨੀ ਕੌਸ਼ਲ ਅਭਿਨੀਤ ਸੁਪਰ ਹਿੱਟ ਫ਼ਿਲਮ ਸ਼ਹੀਦ ਦੇ ਗੀਤ ਗਾਏ। ਇਸ ਫ਼ਿਲਮ ਵਿਚ ਸੁਰਿੰਦਰ ਕੌਰ ਨੇ ਤਿੰਨ ਗੀਤ ਗਾਏ ਜੋ ਬੇਹੱਦ ਪਸੰਦ ਕੀਤੇ ਗਏ। ਹਾਲਾਂਕਿ ਇਸ ਫ਼ਿਲਮ ਵਿਚ ਸੁਰਿੰਦਰ ਕੌਰ ਨੇ ਪਿਆਰ ਕੀ ਜੀਤ ਫ਼ਿਲਮ ਨਾਲੋਂ ਬਾਅਦ ਵਿਚ ਗੀਤ ਗਾਏ ਸਨ ਪਰ ਇਹ ਫ਼ਿਲਮ ਪਹਿਲਾਂ ਰਿਲੀਜ਼ ਹੋ ਗਈ, ਇਸ ਕਰਕੇ ਇਸ ਫ਼ਿਲਮ ਨੂੰ ਸੁਰਿੰਦਰ ਕੌਰ ਦੀ ਪਹਿਲੀ ਰਿਲੀਜ਼ ਫ਼ਿਲਮ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਫ਼ਿਲਮਾਂ ਲਈ ਮੈਡਮ ਨੂਰਜਹਾਂ, ਸ਼ਮਸ਼ਾਦ ਬੇਗ਼ਮ ਅਤੇ ਲਤਾ ਮੰਗੇਸ਼ਕਰ ਤੋਂ ਬਤੌਰ ਪਲੇਅ ਬੈਕ ਸਿੰਗਰ ਵਜੋਂ ਪਹਿਲੀ ਵਾਰ ਗੀਤ ਗਵਾਉਣ ਵਾਲੇ ਵੱਡੇ ਸੰਗੀਤਕਾਰ ਮਾਸਟਰ ਗੁਲਾਮ ਹੈਦਰ ਨੇ ਫ਼ਿਲਮ ਸ਼ਹੀਦ ਦਾ ਸੰਗੀਤ ਤਿਆਰ ਕੀਤਾ ਸੀ। ਫ਼ਿਲਮ ਸ਼ਹੀਦ ਵਿਚ ਸੁਰਿੰਦਰ ਕੌਰ ਦੇ ਗਾਏ ਤਿੰਨੋ ਗੀਤ ਆਨਾ ਹੈ ਤੋ ਆ ਜਾਓ, ਗਰ ਅਬ ਭੀ ਨਾ ਆਓਗੇ , ਤਕਦੀਰ ਕੀ ਆਂਧੀ ਹਮ ਕਹਾਂ ਔਰ ਤੁਮ ਕਹਾਂ ਅਤੇ ਬਦਨਾਮ ਨਾ ਹੋ ਜਾਏ ਮੁਹੱਬਤ ਕਾ ਅਫ਼ਸਾਨਾ ਬੇਹੱਦ ਪਸੰਦ ਕੀਤੇ ਗਏ। ਸੰਨ 1948 ਤੋਂ ਲੈ ਕੇ 1952 ਤੱਕ ਸੁਰਿੰਦਰ ਕੌਰ ਨੇ ਜਿਹੜੀਆਂ ਬੌਲੀਵੁੱਡ ਹਿੰਦੀ ਫ਼ਿਲਮਾਂ ਵਿਚ ਬਤੌਰ ਪਲੇਅ ਬੈਕ ਸਿੰਗਰ ਵਜੋਂ ਗੀਤ ਗਾਏ ਉਨ੍ਹਾਂ ਵਿਚ ਫ਼ਿਲਮ ਸ਼ਹੀਦ, ਪਿਆਰ ਕੀ ਜੀਤ, ਲਾਲ ਦੁਪੱਟਾ, ਨਦੀਆ ਕੇ ਪਾਰ, ਰੂਪਰੇਖਾ, ਦਾਦਾ, ਕਨੀਜ਼, ਸਾਵਰੀਆ, ਸ਼ਿੰਗਾਰ, ਸਬਕ, ਖ਼ਾਮੋਸ਼ ਸਿਪਾਹੀ, ਰਾਜਰਾਣੀ, ਸ਼ਾਦੀ ਕੀ ਰਾਤ, ਬਾਵਰੇ ਨੈਣ ਅਤੇ ਆਂਧੀਆਂ ਪ੍ਰਮੁੱਖ ਹਨ। ਇਨ੍ਹਾਂ ਫ਼ਿਲਮਾਂ ਵਿਚ ਸੁਰਿੰਦਰ ਕੌਰ ਨੇ ਤਕਰੀਬਨ 80 ਤੋਂ ਜ਼ਿਆਦਾ ਗੀਤ ਗਾਏ।
ਹਿੰਦੀ ਫ਼ਿਲਮਾਂ ਤੋਂ ਇਲਾਵਾ ਸੁਰਿੰਦਰ ਕੌਰ ਨੇ 4 ਪੰਜਾਬੀ ਫ਼ਿਲਮਾਂ ਵਿਚ 15 ਦੇ ਕਰੀਬ ਗੀਤ ਗਾਏ। ਉਹ ਪੰਜਾਬੀ ਫ਼ਿਲਮਾਂ ਸਨ ਮਦਾਰੀ, ਮੁਟਿਆਰ, ਬਾਲੋ ਅਤੇ ਸਤਲੁਜ ਦੇ ਕੰਢੇ।
ਅਖੀਰ ਮਿਤੀ 14 ਜੂਨ 2006 ਨੂੰ ਪੰਜਾਬ ਦੀ ਇਸ ਧੀ ਨੇ ਨਿਊ ਜਰਸੀ ਦੇ ਹਸਪਤਾਲ ਵਿਚ ਆਖਰੀ ਸਾਹ ਲਏ ਅਤੇ ਨਿਊ ਜਰਸੀ ਵਿਚ ਹੀ ਸੁਰਿੰਦਰ ਕੌਰ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ।

-ਮਕਾਨ ਨੰਬਰ 63, ਗੰਡਾ ਸਿੰਘ ਕਲੋਨੀ, ਤਰਨਤਾਰਨ ਰੋਡ, ਅੰਮ੍ਰਿਤਸਰ। ਮੋਬਾਈਲ : 9464628857

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੇ ਨੀਸਾਣ ਤੇ ਹੁਕਮਨਾਮੇ ਅਗਲੀ ਖ਼ਬਰ ਮੈਂ ਪੰਜਾਬਣ ਆਂ ਕਾਮਿਨੀ ਕੌਸ਼ਲ
Ad Position 24
No active advertisement