ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮੈਂ ਪੰਜਾਬਣ ਆਂ ਕਾਮਿਨੀ ਕੌਸ਼ਲ

Ad Position 21
No active advertisement
ਅਜੀਤ ਡੈਸਕ 23-11-2025

ਗੱਲ ਸੱਤਰਵਿਆਂ ਦੇ ਦਹਾਕੇ ਦੇ ਪਿਛਲੇ ਪਹਿਰ ਦੀ ਹੈ। ਮਨਮੋਹਕ ਬੌਲੀਵੁੱਡ ਅਦਾਕਾਰਾ ਕਾਮਿਨੀ ਕੌਸ਼ਲ (24ਫਰਵਰੀ, 1927-14ਨਵੰਬਰ, 2025) ਆਪਣੀ ਇਕ ਸਹਿ-ਅਦਾਕਾਰਾ ਵੀਨਾ ਨਾਲ ਕਿਸੇ ਫ਼ਿਲਮ ਦੀ ਸ਼ੂੁਟਿੰਗ ਲਈ ਸਾਡੇ ਸ਼ਹਿਰ ਆਈ ਸੀ। ਉਸ ਫ਼ਿਲਮ ਦੀ ਸ਼ੂੁਟਿੰਗ ਵਾਸਤੇ ਅਦਾਕਾਰ ਪ੍ਰੇਮ ਨਾਥ ਵੀ ਆਇਆ ਸੀ।

ਅਸੀਂ ਉਦੋਂ ਅਜੇ ਨਵੇਂ ਨਵੇਂ ਕਾਲਜ ਅਧਿਆਪਕ ਲੱਗੇ ਸਾਂ। ਸ਼ੂੁਟਿੰਗ ਸਾਡੇ ਕਾਲਜ-ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ, ਫਗਵਾੜਾ ਲਾਗਲੇ ਇਕ ਇਤਿਹਾਸਕ ਸਥਾਨ ਉੱਪਰ ਹੋ ਰਹੀ ਸੀ। ਮੇਰਾ ਇਕ ਸਹਿਕਰਮੀ ਪ੍ਰੋ. ਕਸ਼ਮੀਰ ਕਾਦਰ (ਹੁਣ ਸਵਰਗਵਾਸੀ) ਫ਼ਿਲਮ ਇੰਡਸਟਰੀ ਨਾਲ ਸਬੰਧਤ ਰਹਿ ਚੁੱਕਾ ਸੀ। ਸੋ, ਕਲਾਸਾਂ ਲਾਉਣ ਉਪਰੰਤ ਉਹ ਸਾਨੂੰ ਸ਼ੂੁਟਿੰਗ ਦਿਖਾਉਣ ਲੈ ਗਿਆ। ਪ੍ਰੇਮ ਨਾਥ ਇਕ ਸ਼ਾਟ ਦੇਣ ਮਗਰੋਂ ਬੋੋਹੜ ਹੇਠਾਂ ਡਠੇ ਮੰਜੇ ਉੱਪਰ ਲੇਟ ਕੇ'ਆਰਾਮ' ਕਰਨ ਲੱਗ ਜਾਂਦਾ ਤੇ ਉਸ ਦਾ ਨੌਕਰ ਉਸ ਦੇ ਪੈਰ ਘੁੱਟਣ ਲੱਗ ਪੈਂਦਾ। ਹਰ ਸ਼ਾਟ ਮਗਰੋਂ ਅਜਿਹਾ ਹੀ ਹੁੰਦਾ। ਸ਼ਾਟ ਵੀ ਸੰਖੇਪ ਜਿਹਾ ਇਕ-ਸੰਵਾਦੀ ਹੀ ਹੁੰਦਾ। ਪਰ ਅਦਾਕਾਰ ਐਨੇ ਕੁ ਕੰੰਮ ਬਾਅਦ ਐਂ ਥੱਕ ਜਾਂਦਾ ਜਿਵੇਂ ਉਹ ਝੋਨਾ ਲਾਉਣ ਲਈ ਖੇਤ 'ਚ ਕੱਦੂ ਕਰਕੇ ਹਟਿਆ ਹੋਵੇ!
ਖੈਰ, ਪ੍ਰੇਮ ਨਾਥ ਨਾਲ ਤਾਂ ਮੁਲਾਕਾਤ ਨਾ ਹੋ ਸਕੀ ਪਰ ਕਾਮਿਨੀ ਕੌਸ਼ਲ ਅਤੇ ਵੀਨਾ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਦੋਂ ਸਾਨੂੰ ਕਾਮਿਨੀ ਕੌਸ਼ਲ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਬਸ ਐਨਾ ਕੁ ਪਤਾ ਸੀ ਕਿ ਉਹ ਫ਼ਿਲਮੀ ਅਦਾਕਾਰਾ ਹੈ। ਵੀਨਾ ਵਾਰੇ ਇਸ ਤੋਂ ਵੀ ਘੱਟ ਜਾਣਕਾਰੀ ਸੀ। ਪਰ ਜਿਸ ਅਪਣੱਤ ਨਾਲ ਉਹ ਦੋਵੇਂ ਪੇਸ਼ ਆਈਆਂ ਉਹ ਹੈਰਾਨਕੁੰਨ ਸੀ। ਕਾਮਿਨੀ ਬਹੁਤ ਹੀ ਮੰਤਰਮੁਗਧ ਕਰਨ ਵਾਲੀ ਅਦਾਕਾਰਾ ਸੀ, ਠਾਠ, ਠੁੱਕ ਤੇ ਠਹਿਰਾਉ ਵਾਲੀ, ਸੁੰਦਰ, ਸਹਿਜ ਅਤੇ ਸਲ਼ੀਕੇਦਾਰ!ਆਪਣੇ ਨਾਮ ਵਿਚਲੇ 'ਕਾਮਿਨੀ' (ਸੁੰਦਰ, ਆਕਰਸ਼ਕ) ਦੇ ਅਰਥਾਂ ਨੂੰ ਸਕਾਰਥਾ ਕਰਨਵਾਲੀ ਰੂਹ!ਉਹ ਬੜੇ ਮਿੱਠੇ ਮਿੱਠੇ ਅੰਦਾਜ਼ ਵਿਚ ਪੰਜਾਬੀ ਵਿਚ ਗੱਲ ਕਰ ਰਹੀ ਸੀ। ਮਾਖਿਉਂ ਮਿੱਠੀ ਮਾਂ-ਬੋਲੀ ਵਿਚ ਲਹਿੰਦੇ ਪੰਜਾਬ ਦਾ ਲਹਿਜਾ ਉਸ ਦੇ ਅੰਦਾਜ਼ 'ਚ ਹੋਰ ਵੀ ਮਿਠਾਸ ਘੋਲ ਰਿਹਾ ਸੀ। ਜਦ ਅਸੀਂ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਉਹ ਪੰਜਾਬੀ ਬਹੁਤ ਸੋਹਣੀ ਬੋਲਦੀ ਐ ਤਾਂ ਕਾਮਿਨੀ ਕੌਸ਼ਲ ਨੇ ਬੜੇ ਮਾਣ ਨਾਲ ਜਵਾਬ ਦਿੱਤਾ, 'ਮੈਂ ਪੰਜਾਬਣ ਆਂ, ਮੇਰੀ ਮਾਂ-ਬੋਲੀ ਪੰਜਾਬੀ ਐ, ਅਸੀਂ ਘਰ ਵਿਚ ਪੰਜਾਬੀ ਬੋਲਨੇ ਆਂ'। (ਬਾਅਦ 'ਚ ਪਤਾ ਲੱਗਾ ਕਿ ਉਹ ਬੌਲੀਵੁੱਡ ਦੇੇ ਸਮਕਾਲੀ ਪੰਜਾਬੀ ਅਦਾਕਾਰਾਂ ਨਾਲ ਵੀ ਪੰਜਾਬੀ ਬੋਲੀ ਵਿਚ ਹੀ ਗੱਲ ਕਰਨਾ ਪਸੰਦ ਕਰਦੀ ਸੀ)
ਫਿਰ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਸ਼ਿਵ ਰਾਮ ਕਸ਼ਯਪ ਵੰਡ ਤੋਂ ਪਹਿਲਾਂ ਪੰਜਾਬ ਯੁੂਨੀਵਰਸਿਟੀ, ਲਾਹੌਰ ਵਿਚ ਬੌਟਨੀ (ਬਨਸਪਤੀ ਵਿਗਿਆਨ) ਦੇ ਪ੍ਰੋਫੈਸਰ ਸਨ ਅਤੇ ਉਨ੍ਹਾਂ ਬੌਟਨੀ ਦੀਆਂ ਕਰੀਬ50ਪੁਸਤਕਾਂ ਲਿਖੀਆਂ । ਉਨ੍ਹਾਂ ਨੇ 'ਕੱਲੇ 'ਕੱਲੇ ਸਟਾਫ ਮੈਂਬਰ ਕੋਲੋਂ ਉਸ ਦੁਆਰਾ ਪੜ੍ਹਾਏ ਜਾਂਦੇ ਵਿਸ਼ੇ ਵਾਰੇ ਵੀ ਪੁੱਛਿਆ। ਉਨ੍ਹਾਂ ਕਾਲਜ ਵਿਚ ਪੜ੍ਹਾਏ ਜਾਣ ਵਾਲੇ ਕੋਰਸਾਂ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਕਿਉਂਕਿ ਉਨ੍ਹਾਂ ਆਪ ਅੰਗਰੇਜ਼ੀ ਸਾਹਿਤ 'ਚ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ ਸੀ, ਇਸ ਲਈ ਉਨ੍ਹਾਂ ਸਾਡੇ ਅੰਗਰੇਜ਼ੀ ਅਧਿਆਪਕ ਹੋਣ ਬਾਰੇ ਦੱਸੇ ਜਾਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਅੰਗਰੇਜ਼ੀ ਸਾਹਿਤ ਸਬੰਧੀ ਗੱਲਾਂ ਕੀਤੀਆਂ। ਉਨ੍ਹਾਂ ਦੀ ਗੱਲਬਾਤ 'ਚੋਂ ਬੌਧਿਕਤਾ ਉਮ੍ਹਲ਼ ਉਮ੍ਹਲ ਪੈਂਦੀ ਸੀ। ਉਹ ਸਟਾਫ ਨਾਲ ਐਂ ਘੁਲ-ਮਿਲ ਕੇ ਗੱਲ ਕਰੇ ਸਨ ਜਿਵੇਂ ਅਸੀਂ ਸਾਰੇ ਉਨ੍ਹਾਂ ਦੇ ਪਿਤਾ ਜੀ ਦੇ ਕੁਲੀਗਜ਼ ਰਹੇ ਹੋਈਏ!
ਉਨ੍ਹਾਂ ਦਾ ਪਹਿਰਾਵਾ ਵੀ ਖਾਲਸ ਪੰਜਾਬਣ ਵਾਲਾ ਸੀ, ਸੂਟ-ਸਲਵਾਰ ਤੇ ਚੁੰਨੀ (ਦੁਪੱਟਾ)। ਬੇਸ਼ੱਕ ਉਦੋਂ ਉਹ ਅੱਧਖੜ ਉਮਰ ਦੀ ਸੀ ਪਰ ਲਗਦੀ ਸੀ ਐਨ੍ਹ ਮੁਟਿਆਰ! ਯਾਦਾਂ ਦੀ ਇਹ ਪੋਟਲੀ14ਨਵੰਬਰ ਵਾਲੇ ਦਿਨ ਕਾਮਿਨੀ ਕੌਸ਼ਲ ਦੀ98-ਸਾਲਾ ਜੀਵਨ ਯਾਤਰਾ ਦੀ ਸਮਾਪਤੀ ਸਮੇਂ ਚਾਣਚੱਕ ਖੁੱਲ੍ਹ ਗਈ।
24ਫਰਵਰੀ, 1927ਨੂੰ ਉਮਾ ਕਸ਼ਯਪ ਵਜੋਂ ਲਾਹੌਰ (ਹੁਣ ਪਾਕਿਸਤਾਨੀ ਪੰਜਾਬ) ਵਿਚ ਜਨਮੀ ਕੌਸ਼ਲ ਨੇ ਅਗਲੇ ਸਾਲ24ਫਰਵਰੀ ਨੂੰ99ਸਾਲਾਂ ਦੀ ਹੋ ਜਾਣਾ ਸੀ, ਜਾਣੀ ਸਂੈਚੁਰੀ ਤੋਂ ਇਕ ਵਰ੍ਹਾ ਘੱਟ। ਉਹ ਪਹਿਲੀ ਜੈਨਰੇਸ਼ਨ ਦੀ ਸਭ ਤੋਂ ਲੰਮੀ ਉਮਰ ਅਤੇ ਸਭ ਤੋਂ ਵਧੇਰੇ ਸਮਾਂ ਫ਼ਿਲਮੀ ਸੰਸਾਰ ਵਿਚ ਕੰੰਮ ਕਰਨ ਵਾਲੀ ਅਦਾਕਾਰਾ ਸੀ। ਉਸ ਨੇ ਕਰੀਬ8ਦਹਾਕਿਆਂ ਦੌਰਾਨ90ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ। ਉਹ2ਭਰਾਵਾਂ ਅਤੇ3ਭੈਣਾਂ 'ਚ ਸਭ ਤੋਂ ਛੋਟੀ ਸੀ। ਸਿਰਫ7ਸਾਲ ਦੀ ਉਮਰੇ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਸੀ।
ਉਸ ਨੇ ਉਮਾ ਨਾਮ ਨਾਲ ਰੇਡੀਓ ਬਾਲ ਕਲਾਕਾਰ ਵਜੋਂ ਲਾਹੌਰ ਤੋਂ ਕੰੰਮ ਸ਼ੁਰੂ ਕੀਤਾ। ਆਕਾਸ਼ਵਾਣੀ ਦੇ ਨਾਟਕਾਂ ਲਈ ਉਸ ਨੂੰ10ਰੁਪਏ ਮਿਲਦੇ ਸਨ!ਬੀਏ ਕਰਦਿਆਂ ਉਹ ਸਟੇਜ ਅਦਾਕਾਰਾ ਵੀ ਰਹੀ। ਉਸ ਦੀ ਪਹਿਲੀ ਫ਼ਿਲਮ 'ਨੀਚਾ ਨਗਰ' (1946) ਸੀ ਅਤੇ ਆਖਰੀ 'ਲਾਲ ਸਿੰਘ ਚੱਢਾ' (2022) ਸੀ। ਪਹਿਲੀ ਫ਼ਿਲਮ ਵਿਚ ਹੀ ਬਾਕਮਾਲ ਅਦਾਕਾਰੀ ਲਈ ਉਸ ਨੂੰ 'ਕੇਨਜ਼ ਫ਼ਿਲਮ ਫੈਸਟੀਵਲ' ਵਿਚ ਇਕ ਐਵਾਰਡ ਮਿਲ ਗਿਆ ਸੀ।
ਕਾਮਿਨੀ ਕੌਸ਼ਲ ਪਹਿਲਾਂ ਪਹਿਲਾਂ ਲੀਡ ਰੋਲ ਕਰਦੀ ਰਹੀ ਅਤੇ ਉਸ ਨੇ ਦਿਲੀਪ ਕੁਮਾਰ, ਅਸ਼ੋਕ ਕੁਮਾਰ, ਰਾਜ ਕਪੂਰ, ਦੇਵ ਆਨੰਦ, ਰਾਜ ਕੁਮਾਰ, ਰਾਜੇਸ਼ ਖੰਨਾ, ਮਨੋਜ ਕੁਮਾਰ ਵਰਗੇ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ। ਦਿਲੀਪ ਕੁਮਾਰ ਨਾਲ ਉਸ ਦੀ ਕੈਮਿਸਟਰੀ ਐੇਨੀਂ ਅੱਛੀ ਸੀ ਕਿ ਦੋਵਾਂ ਦਰਮਿਆਂਨ ਪਿਆਰ ਦੇ ਚਰਚੇ ਵੀ ਛਿੜ ਪਏ ਸਨ। ਉਨ੍ਹਾਂ 'ਹੀ-ਮੈਨ' ਧਰਮਿੰਦਰ ਨਾਲ ਵੀ ਕੁਝ ਫ਼ਿਲਮਾਂ ਵਿਚ ਕੰੰਮ ਕੀਤਾ।
ਉਹ ਆਪਣੀ ਚੜ੍ਹਤ ਸਮੇਂ ਬੌਲੀਵੁੱਡ ਦੀ ਸਭ ਤੋਂ ਮਹਿੰਗੀ ਅਦਾਕਾਰਾ ਰਹੀ। 1956ਵਿਚ ਉਸ ਨੂੰ ਫ਼ਿਲਮ'ਬਿਰਾਜ ਬਹੂ' ਲਈ ਸਰਬੋਤਮ ਅਦਾਕਾਰਾ ਦਾ ਐਵਾਰਡ ਮਿਲਿਆ। ਇਸ ਮਗਰੋਂ ਹੋਰ ਵੀ ਕਈ ਇਨਾਮ-ਸਨਮਾਨ ਪ੍ਰਾਪਤ ਹੋਏ। ਇਨ੍ਹਾਂ ਵਿਚ2015ਦਾ ਫ਼ਿਲਮਫੇਅਰ ਵਲੋਂ ਦਿੱਤਾ ਗਿਆ 'ਲਾਈਫਟਾਈਮ ਅਚੀਵਮੈਂਟ ਐਵਾਰਡ' (ਜੀਵਨਭਰ ਦੀਆਂ ਪ੍ਰਾਪਤੀਆਂ ਦਾ ਐਵਾਰਡ) ਸ਼ਾਮਿਲ ਹੈ। ਹੌਲੀ-ਹੌਲੀ ਉਹ ਕਰੈਕਟਰ ਆਰਟਿਸਟ ਦੇ ਰੋਲ ਕਰਨ ਲੱਗ ਪਈ। ਸ਼ਾਹਰੁਖ ਖਾਨ ਦੀ ਫ਼ਿਲਮ ਚੈਨਈ ਐਕਸਪ੍ਰੈੱਸ (2013) ਅਤੇ ਆਮਿਰ ਖਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' (2022) ਵਿਚ ਉਸ ਨੇ ਨਿੱਕੀਆਂ ਨਿੱਕੀਆਂ ਭੂੁਮਿਕਾਵਾਂ ਨਿਭਾਈਆਂ।
ਉਸ ਨੇ ਦੂਰਦਰਸ਼ਨ ਲਈ ਇਕ ਕਠਪੁਤਲੀ ਸ਼ੋਅ ਵੀ ਬਣਾਇਆ ਅਤੇ ਇਕ ਬ੍ਰਿਟਿਸ਼ ਟੈਲੀਵੀਯਨ ਲੜੀਵਾਰ 'ਦਿ ਜਿਯੂਲ ਇੰਨ ਦਿ ਕ੍ਰਾਊਨ' ਵਿਚ ਅੰਟੀ ਸ਼ਾਲਿਨੀ ਦਾ ਰੋਲ ਵੀ ਕੀਤਾ। ਉਸ ਨੇ1973ਦੀ ਫ਼ਿਲਮ 'ਅਨਹੋਨੀ' ਵਿਚ ਇਕ ਵੈਂਪ ਦਾ ਨੈਗੇਟਿਵ ਰੋਲ ਕਰਕੇ ਸਭ ਨੂੰ ਹੈਰਾਨ ਕਰ ਦਿਤਾ।
ਜਵਾਨੀ ਵੇਲੇ ਉਸ ਨੂੰ ਘੋੜਸਵਾਰੀ, ਤੈਰਾਕੀ ਅਤੇ ਸਕੇਟਿੰਗ ਦਾ ਸ਼ੌਕ ਸੀ। ਅਦਾਕਾਰੀ ਦੀ ਇੱਛਾ ਉਸ ਨੂੰ ਬਚਪਨ ਵੇਲੇ ਤੋਂ ਹੀ ਸੀ। ਭਾਵੇਂ ਘਰ ਦਾ ਮਹੌਲ ਪੜ੍ਹਾਈ-ਲਿਖਾਈ ਵਾਲਾ ਵਧੇਰੇ ਸੀ, ਉਂਝ ਰੋਕ-ਟੋਕ ਕੋਈ ਨਹੀਂ ਸੀ।
ਕਾਮਿਨੀ ਕੌਸ਼ਲ ਇਕ ਸੰਸਕਾਰੀ ਤੇ ਪਰਿਵਾਰੀ ਸ਼ਖ਼ਸੀਅਤ ਦੀ ਮਾਲਿਕ ਸੀ। ਜਦ ਉਸ ਦੀ ਵੱਡੀ ਭੈਣ ਦੀ ਇਕ ਸੜਕ ਦੁਰਘਟਨਾ 'ਚ ਮੌਤ ਹੋ ਗਈ ਤਾਂ ਭੈਣ ਦੀਆਂ ਦੋ ਧੀਆਂ ਦੀ ਦੇਖ ਭਾਲ ਹਿਤ ਉਸ ਨੇ ਆਪਣੇ ਜੀਜੇ ਬੀ.ਐਸ.ਸੂਦ ਨਾਲ ਸ਼ਾਦੀ ਕਰ ਲਈ। ਉਸ ਦਾ ਪਤੀ ਬੰਬਈ ਪੋਰਟ ਟਰੱਸਟ ਵਿਚ ਮੁੱਖ ਇੰਜੀਨੀਅਰ ਸੀ। 1948ਨੂੰ ਆਪਣੀ ਸ਼ਾਦੀ ਮਗਰੋਂ ਉਹ ਬੰਬਈ (ਮੁੰਬਈ) ਵਸ ਗਈ। ਆਪਣੀਆਂ ਭਾਣਜੀਆਂ ਨੂੰ ਧੀਆਂ ਬਣਾ ਪਾਲਿਆ ਅਤੇ ਆਪਣੇ3ਪੁੱਤਰਾਂ ਨੂੰ ਵੀ। ਫ਼ਿਲਮਾਂ ਵਿਚ ਵੀ ਕੰੰਮ ਜਾਰੀ ਰੱਖਿਆ।
ਇਕ ਬਹੁਤ ਹੀ 'ਗਰੇਸਫੁਲ' ਤੇ ਬੁੱਧੀਜੀਵੀ ਅਦਾਕਾਰਾ ਦੇ ਤੁਰ ਜਾਣ ਨਾਲ ਫ਼ਿਲਮ ਜਗਤ ਨੂੰ ਇਕ ਵੱਡਾ ਘਾਟਾ ਪਿਆ ਹੈ। ਅਜਿਹੇ ਕਲਾਕਾਰ ਰੋਜ਼ ਰੋਜ਼ ਨਹੀਂ ਜੰਮਦੇ। ਡਾ.ਇਕਬਾਲ ਠੀਕ ਕਹਿੰਦੈ-
'ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ,
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।'

-ਫਗਵਾੜਾ। ਮੋਬਾਈਲ : 98766-55055

Ad Position 22
No active advertisement
ਪਿਛਲੀ ਖ਼ਬਰ 25 ਨਵੰਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼ ਪੰਜਾਬੀ ਲੋਕ ਗਾਇਕੀ ਦਾ ਚਾਨਣ ਸੁਰਿੰਦਰ ਕੌਰ ਅਗਲੀ ਖ਼ਬਰ ਭਾਰਤੀ ਸੰਵਿਧਾਨ ਦੇ ਨਿਰਮਾਣ 'ਚ ਮਹਿਲਾ ਸਿਆਸਤਦਾਨਾਂ ਦਾ ਵਡਮੁੱਲਾ ਯੋਗਦਾਨ
Ad Position 24
No active advertisement