15 ਅਗਸਤ, 1947 ਨੂੰ ਆਜ਼ਾਦ ਹੋਇਆ ਸਾਡਾ ਮੁਲਕ ਭਾਰਤ 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਦੇ ਲਾਗੂ ਹੋਣ 'ਤੇ 'ਗਣਤੰਤਰ' ਬਣਿਆ ਸੀ। ਭਾਰਤੀ ਸੰਵਿਧਾਨ ਨੇ ਹੀ ਪੁਰਸ਼ਾਂ ਦੇ ਨਾਲ-ਨਾਲ ਮਹਿਲਾਵਾਂ ਨੂੰ ਅਤੇ ਸਮਾਜ ਦੇ ਪਿਛੜੇ ਅਤੇ ਕਮਜ਼ੋਰ ਵਰਗਾਂ ਨੂੰ ਬਰਾਬਰੀ ਦੇ ਹੱਕ ਪ੍ਰਦਾਨ ਕੀਤੇ ਸਨ। ਸੰਵਿਧਾਨ ਨਿਰਮਾਣ ਲਈ ਚੁਣੀ ਗਈ 299 ਮੈਂਬਰੀ 'ਸੰਵਿਧਾਨ ਸਭਾ' ਵਿਚ 15 ਮਹਿਲਾ ਮੈਂਬਰ ਵੀ ਸ਼ਾਮਿਲ ਸਨ ਜਿਨ੍ਹਾਂ ਨੇ ਆਪਣੇ ਵਿਦਵਤਾਪੂਰਨ ਸੁਝਾਵਾਂ ਸਦਕਾ ਇਕ ਸਫ਼ਲ ਅਤੇ ਸੰਤੁਲਿਤ ਸੰਵਿਧਾਨ ਦੀ ਸੰਰਚਨਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਸੀ। ਇਨ੍ਹਾਂ 15 ਮਹਾਨ ਮਹਿਲਾਵਾਂ ਦੇ ਸੰਖੇਪ ਅਤੇ ਮਹੱਤਵਪੂਰਨ ਵੇਰਵੇ ਕੁਝ ਇਸ ਪ੍ਰਕਾਰ ਹਨ :-
ਵਿਜੇਲਕਸ਼ਮੀ ਪੰਡਿਤ : ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਭੈਣ ਅਤੇ ਆਜ਼ਾਦ ਭਾਰਤ ਦੀ ਸਭ ਤੋਂ ਪਹਿਲੀ ਕੈਬਨਿਟ ਮੰਤਰੀ ਬਣਨ ਦਾ ਸ਼ਰਫ਼ ਹਾਸਿਲ ਕਰਨ ਵਾਲੀ ੳੁੱਘੀ ਮਹਿਲਾ ਆਗੂ ਸ੍ਰੀਮਤੀ ਵਿਜੇਲਕਸ਼ਮੀ ਪੰਡਿਤ ਉਹ ਪਹਿਲੀ ਸਿਆਸਤਦਾਨ ਸੀ ਜਿਸਨੇ ਸੰਵਿਧਾਨ ਦੇ ਨਿਰਮਾਣ ਲਈ 'ਭਾਰਤੀ ਸੰਵਿਧਾਨ ਸਭਾ' ਦਾ ਗਠਨ ਕੀਤੇ ਜਾਣ ਦਾ ਮੁੱਲਵਾਨ ਸੁਝਾਅ ਦਿੱਤਾ ਸੀ। ਉਸਨੇ ਸੰਵਿਧਾਨ ਦੇ ਨਿਰਮਾਣ ਦੌਰਾਨ ਭਾਰਤ ਦੇ ਆਪਣੇ ਨਾਗਰਿਕਾਂ ਪ੍ਰਤੀ ਅਤੇ ਕੌਮਾਂਤਰੀ ਸਮਾਜ ਪ੍ਰਤੀ 'ਫ਼ਰਜ਼ਾਂ' ਜਾਂ ਕਰਤੱਵਾਂ ਦਾ ਨਿਰਧਾਰਨ ਕਰਨ ਦਾ ਵੀ ਸੁਝਾਅ ਦਿੱਤਾ ਸੀ।
ਸਰੋਜਿਨੀ ਨਾਇਡੂ : 'ਨਾਇਟਿੰਗੇਲ ਆਫ਼ ਇੰਡੀਆ' ਵਜੋਂ ਮੁਲਕ ਭਰ ਅੰਦਰ ਜਾਣੀ ਜਾਂਦੀ ਸਰੋਜਿਨੀ ਨਾਇਡੂ ਨੂੰ ਆਜ਼ਾਦ ਭਾਰਤ ਦੀ ਪਹਿਲੀ ਮਹਿਲਾ ਰਾਜਪਾਲ ਅਤੇ 'ਭਾਰਤੀ ਰਾਸ਼ਟਰੀ ਕਾਂਗਰਸ' ਦੀ ਪਹਿਲੀ ਮਹਿਲਾ ਪ੍ਰਧਾਨ ਚੁਣੇ ਜਾਣ ਦਾ ਸ਼ਰਫ਼ ਪ੍ਰਾਪਤ ਸੀ। ਉਸਨੇ ਭਾਰਤ ਦੇ 'ਕੌਮੀ ਝੰਡੇ' ਦੇ ਸਤਿਕਾਰ ਸਬੰਧੀ ਵਿਸ਼ੇਸ਼ ਯਤਨ ਕੀਤੇ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ ਸੀ। ਉਹ ਸੰਵਿਧਾਨ ਅੰਦਰ ਭਾਰਤੀ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕੇ ਜਾਣ ਸਬੰਧੀ ਵਿਸ਼ੇਸ਼ ਕਦਮ ਚੁੱਕੇ ਜਾਣ ਦੀ ਹਾਮੀ ਸੀੇ।
ਰਾਜਕੁਮਾਰੀ ਅੰਮ੍ਰਿਤ ਕੌਰ : ਭਾਰਤੀ ਮਹਿਲਾਵਾਂ ਦੇ ਸਿਆਸਤ ਵਿਚ ਉਤਰਨ ਨੂੰ ਲੈ ਕੇ ਬੇਹੱਦ ਉਤਸ਼ਾਹ ਰੱਖਣ ਵਾਲੀ ਅੰਮ੍ਰਿਤ ਕੌਰ ਨੇ ਸੰਨ 1930 ਵਿਚ ਮਹਾਤਮਾ ਗਾਂਧੀ ਵੱਲੋਂ ਚਲਾਈ 'ਸਿਵਲ ਨਾਫ਼ੁਰਮਾਨੀ ਲਹਿਰ' ਵਿਚ ਵਧ ਚੜ੍ਹ ਕੇ ਹਿੱਸਾ ਲਿਆ ਸੀ। ਉਹ 'ਮਹਿਲਾ ਰਾਖਵਾਂਕਰਨ' ਦੀ ਵਿਚਾਰਧਾਰਾ ਦੀ ਖ਼ਿਲਾਫ਼ਤ ਕਰਦੀ ਸੀ ਪਰ ਸੰਵਿਧਾਨ ਰਾਹੀਂ ਹਰੇਕ ਭਾਰਤੀ ਨਾਗਰਿਕ ਨੂੰ ਬਿਨਾਂ ਕਿਸੇ ਜਾਤ ਜਾਂ ਧਰਮ ਦੇ ਵਿਤਕਰੇ ਦੇ ਵੋਟ ਪਾਉਣ ਦਾ ਅਧਿਕਾਰ ਦੇਣ ਦੇ ਪੂਰੀ ਤਰ੍ਹਾਂ ਹੱਕ ਵਿਚ ਸੀ। ਉਸਦਾ ਵਿਚਾਰ ਸੀ ਕਿ ਮਹਿਲਾਵਾਂ ਨੂੰ ਰਾਖਵੇਂਕਰਨ ਦੀ ਥਾਂ ਆਪਣੀ ਕਾਬਲੀਅਤ ਦੇ ਬਲਬੂਤੇ ਚੋਣਾਂ ਜਿੱਤਣੀਆਂ ਚਾਹੀਦੀਆਂ ਹਨ ਤੇ ਸੰਸਦ ਜਾਂ ਵਿਧਾਨ ਸਭਾ ਵਿਚ ਪੁੱਜ ਕੇ ਮਹਿਲਾ ਸਸ਼ਕਤੀਕਰਨ ਜਾਂ ਬਰਾਬਰੀ ਦਾ ਦਰਜਾ ਹਾਸਿਲ ਕਰਨਾ ਚਾਹੀਦਾ ਹੈ। ਉਸਨੇ ਆਪਣੀ ਸਾਥਣ ਮਹਿਲਾ ਸੰਸਦ ਮੈਂਬਰ ਹੰਸਾ ਮਹਿਤਾ ਨਾਲ ਰਲ ਕੇ ਸੰਵਿਧਾਨ ਵਿਚ 'ਧਾਰਮਿਕ ਪੂਜਾ-ਪਾਠ ਦੀ ਆਜ਼ਾਦੀ' ਦੀ ਮੱਦ ਸ਼ਾਮਿਲ ਕਰਨ ਦਾ ਸਮਰਥਨ ਕੀਤਾ ਸੀ। ਉਸਨੇ 'ਯੂਨੀਫ਼ਾਰਮ ਸਿਵਲ ਕੋਡ' ਲਈ ਵੀ ਹਾਮੀ ਭਰੀ ਸੀ।
ਬੇਗ਼ਮ ਐਜਾਜ਼ ਰਸੂਲ : ਬੇਗ਼ਮ ਐਜਾਜ਼ ਰਸੂਲ 'ਸੰਵਿਧਾਨ ਸਭਾ' ਵਿਚ ਸ਼ਾਮਿਲ ਇਕਲੌਤੀ ਮੁਸਲਿਮ ਮਹਿਲਾ ਸੀ। ਉਸਨੇ ਸੰਵਿਧਾਨ ਵਿਚ ਧਰਮ ਜਾਂ ਲਿੰਗ ਦੇ ਆਧਾਰ 'ਤੇ ਰਾਖਵਾਂਕਰਨ ਦਿੱਤੇ ਜਾਣ ਦੀ ਸਖ਼ਤ ਮੁਖ਼ਾਲਫ਼ਤ ਭਾਵ ਵਿਰੋਧਤਾ ਕੀਤੀ ਸੀ। ਉਸਨੇ ਧਾਰਮਿਕ ਘੱਟ ਗਿਣਤੀਆਂ ਲਈ ਰਾਖਵਾਂਕਰਨ ਚਾਹੁਣ ਵਾਲੇ ਮੁਸਲਮਾਨ ਆਗੂਆਂ ਨੂੰ ਰਾਖਵੇਂਕਰਨ ਦੀ ਜ਼ਿਦ ਛੱਡਣ ਲਈ ਮਨਾ ਲਿਆ ਸੀ। ਇਥੇ ਜ਼ਿਕਰਯੋਗ ਹੈ ਕਿ ਭਾਰਤ ਵਿਚ ਮਹਿਲਾ ਹਾਕੀ ਨੂੰ ਉਤਸ਼ਾਹਿਤ ਕਰਨ ਵਿਚ ਵੱਡਾ ਯੋਗਦਾਨ ਪਾਉਣ ਵਾਲੀ ਇਸ ਮਹਾਨ ਰਾਜਨੇਤਰੀ ਦੇ ਨਾਂ 'ਤੇ 'ਮਹਿਲਾ ਹਾਕੀ ਕੱਪ' ਦੀ ਸਥਾਪਨਾ ਵੀ ਕੀਤੀ ਗਈ ਸੀ।
ਕਮਲਾ ਚੌਧਰੀ : ਮਹਾਤਮਾ ਗਾਂਧੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਸੰਨ 1930 ਵਿਚ 'ਸਿਵਲ ਨਾਫ਼ੁਰਮਾਨੀ ਲਹਿਰ' ਵਿਚ ਹਿੱਸਾ ਲੈਣ ਵਾਲੀ ਅਤੇ ਗਾਂਧੀ ਜੀ ਦੁਆਰਾ ਚਲਾਏ ਗਏ 'ਅਹਿੰਸਾ' ਦੇ ਅੰਦੋਲਨ ਵਿਚ ਸ਼ਮੂਲੀਅਤ ਕਰਨ ਵਾਲੀ ਕਮਲਾ ਚੌਧਰੀ ਨੇ ਭਾਰਤ ਵਿਚ ਮਹਿਲਾਵਾਂ ਨੂੰ ਇਕਜੁਟ ਕਰਨ ਦੇ ਮੰਤਵ ਨਾਲ 'ਚਰਖ਼ਾ ਕਮੇਟੀਆਂ' ਦਾ ਵੀ ਗਠਨ ਕੀਤਾ ਸੀ। 'ਸੰਵਿਧਾਨ ਸਭਾ' ਦੀ ਮੈਂਬਰ ਕਮਲਾ ਚੌਧਰੀ ਨੇ ਮਹਿਲਾਵਾਂ ਦੀ ਤਰੱਕੀ ਲਈ ਅਣਥੱਕ ਘਾਲਣਾ ਘਾਲੀ ਸੀ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਸਬੰਧੀ ਸੰਵਿਧਾਨ ਸਭਾ ਨੂੰ ਕਈ ਬੇਸ਼ਕੀਮਤੀ ਸੁਝਾਅ ਦਿੱਤੇ ਸਨ।
ਸੁਚੇਤਾ ਕ੍ਰਿਪਲਾਨੀ : ਸੰਨ 1940 ਵਿਚ ਕਾਂਗਰਸ ਅੰਦਰ ਮਹਿਲਾ ਵਿੰਗ ਸਥਾਪਿਤ ਕਰਨ ਵਾਲੀ ਸੁਚੇਤਾ ਕ੍ਰਿਪਲਾਨੀ ਆਜ਼ਾਦ ਭਾਰਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸੀ। ਉਹ ਸੰਨ 1963 ਵਿਚ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ ਸੀ। ਉਸ ਨੇ ਸੰਵਿਧਾਨ ਸਭਾ ਦੀ ਇਕੱਤਰਤਾ ਦੌਰਾਨ 'ਵੰਦੇ ਮਾਤਰਮ' ਅਤੇ ਕੌਮੀ ਤਰਾਨਾ 'ਜਨ ਗਣ ਮਨ' ਆਦਿ ਦਾ ਗਾਇਨ ਕਰਨ ਦੀ ਅਗਵਾਈ ਕੀਤੀ ਸੀ ਤੇ ਸਮੁੱਚੀ ਸੰਵਿਧਾਨ ਸਭਾ ਅੰਦਰ ਜੋਸ਼ ਅਤੇ ਉਤਸ਼ਾਹ ਭਰਨ ਵਿਚ ਕੋਈ ਕਸਰ ਨਹੀਂ ਛੱਡੀ ਸੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-410, ਚੰਦਰ ਨਗਰ, ਬਟਾਲਾ (ਗੁਰਦਾਸਪੁਰ)।
ਮੋ: 97816-46008