ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਅਜੋਕੇ ਹਾਲਾਤ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਮਹੱਤਵ

Ad Position 21
No active advertisement
ਅਜੀਤ ਡੈਸਕ 23-11-2025

 

25 ਨਵੰਬਰ ਨੂੰ ਸਿੱਖਾਂ ਦੇ 9ਵੇਂ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਹੈ। ਕਈ ਸਰਕਾਰਾਂ, ਸੂਬੇ ਤੇ ਦਿੱਲੀ ਇਸ ਸੰਬੰਧੀ ਸਮਾਗਮ ਕਰ ਰਹੀਆਂ ਹਨ। ਆਰ.ਐੱਸ.ਐੱਸ. ਵੀ ਮਨੁੱਖੀ ਇਤਿਹਾਸ ਦੀ ਇਸ ਵਿਲੱਖਣ ਘਟਨਾ ਨੂੰ ਮਨਾ ਸਕਦੀ ਹੈ। ਕਿਸੇ ਦੂਸਰੇ ਧਰਮ ਦੇ ਪੈਰੋਕਾਰਾਂ ਦੀ ਰੱਖਿਆ ਦੇ ਲਈ ਸਵੈ-ਇੱਛਾ ਨਾਲ ਆਪਣੀ ਜਾਨ ਕੁਰਬਾਨ ਕਰ ਦੇਣ ਦੀ ਅਜਿਹੀ ਕੋਈ ਹੋਰ ਉਦਾਹਰਨ ਨਹੀਂ ਮਿਲਦੀ। ਦਰਅਸਲ ਗੁਰੂ ਸਾਹਿਬ ਦੀ ਸ਼ਹਾਦਤ ਦੀ ਅਸਲ ਅਹਿਮੀਅਤ 'ਤੇ ਸਵਾਲ ਉੱਠਦਾ ਹੈ, ਜਿਨ੍ਹਾਂ ਨੂੰ ਭਾਰਤ ਵਿਚ 'ਹਿੰਦ ਦੀ ਚਾਦਰ' ਕਿਹਾ ਜਾਂਦਾ ਹੈ। ਇਸ ਦਾ ਇਕ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਗੁਰੂ ਸਾਹਿਬ ਹਿੰਦੂਆਂ ਖਾਸ ਕਰਕੇ ਕਸ਼ਮੀਰੀ ਪੰਡਿਤਾਂ ਦੇ ਰਖਵਾਲੇ ਸਨ, ਜਿਨ੍ਹਾਂ ਨੂੰ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ 'ਤੇ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਉਨ੍ਹਾਂ ਆਪਣੀ ਰੱਖਿਆ ਲਈ ਗੁਰੂ ਜੀ ਨੂੰ ਬੇਨਤੀ ਕੀਤੀ ਸੀ। ਗੁਰੂ ਜੀ ਦੀ 1675 ਵਿਚ ਸ਼ਹਾਦਤ ਤੋਂ ਬਾਅਦ ਜਨਮੇ ਪ੍ਰਸਿੱਧ ਸੂਫੀ ਕਵੀ ਬੁੱਲ੍ਹੇ ਸ਼ਾਹ ਨੇ ਗੁਰੂ ਜੀ ਨੂੰ 'ਜੱਗ ਦੀ ਚਾਦਰ' ਦੱਸਦਿਆਂ ਇਕ ਦੋਹਰਾ ਲਿਖਿਆ:
ਕਿਤੇ ਚੋਰ ਬਣੇ ਕਿਤੇ ਕਾਜ਼ੀ ਹੋ,
ਕਿਤੇ ਮਿੰਬਰ 'ਤੇ ਬਹਿ ਵਾਅਜ਼ੀ ਹੋ,
ਕਿਤੇ ਤੇਗ਼ ਬਹਾਦਰ ਗਾਜ਼ੀ ਹੋ
ਆਪੇ ਆਪਣਾ ਕਦਕ ਬਣਾਈ ਦਾ,
ਹੁਣ ਕਿਸ ਤੋਂ ਆਪ ਛੁਪਾਈ ਦਾ।
ਉਨ੍ਹਾਂ ਗੁਰੂ ਸਾਹਿਬ ਨੂੰ ਇਕ 'ਗਾਜ਼ੀ' (ਅਧਿਆਤਮਿਕ ਯੋਧੇ) ਦਾ ਦਰਜਾ ਦਿੱਤਾ ਜੋ ਇਕ ਫੌਜੀ ਯੁੱਧ ਵਾਂਗ ਧਰਮ ਦੇ ਲਈ ਲੜਦਾ ਹੋਇਆ ਕੁਰਬਾਨ ਹੋ ਜਾਂਦਾ ਹੈ। ਬੁੱਲੇ ਸ਼ਾਹ ਵਲੋਂ ਗੁਰੂ ਜੀ ਦੀ ਕੀਤੀ ਵਡਿਆਈ ਤੋਂ ਮੁਸਲਿਮ ਕੱਟੜਪੰਥੀ ਤੇ ਮੌਲਵੀ ਨਾਰਾਜ਼ ਹੋਏ, ਪਰ ਇਹ ਇਕ ਮਹੱਤਵਪੂਰਨ ਨੁਕਤੇ ਨੂੰ ਛੂੰਹਦਾ ਹੈ। ਗੁਰੂ ਸਾਹਿਬ ਦੀ ਸਰਬਉੱਚ ਕੁਰਬਾਨੀ ਸਿਰਫ਼ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਔਰੰਗਜ਼ੇਬ ਦੀ ਕੱਟੜਤਾ ਨੂੰ ਚੁਣੌਤੀ ਦੇਣ ਨਾਲੋਂ ਕਿਤੇ ਵੱਡੀ ਸੀ, ਕਿਉਂਕਿ ਉਹ ਬੁਨਿਆਦੀ ਮਨੁੱਖੀ ਅਧਿਕਾਰ ਭਾਵ ਵਿਸ਼ਵਾਸ ਤੇ ਜ਼ਮੀਰ ਦੀ ਆਜ਼ਾਦੀ ਨੂੰ ਬਚਾਅ ਰਹੇ ਸਨ। ਇਹ ਸਿਧਾਂਤ ਅੱਜ ਵੀ ਓਨਾ ਹੀ ਠੀਕ ਹੈ ਜਿੰਨਾ ਲਗਭਗ ਸਾਢੇ 5 ਸਦੀਆਂ ਪਹਿਲਾਂ ਸੀ, ਜਦੋਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ।
ਇਸ ਲਈ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਪੂਰੀ ਤਰ੍ਹਾਂ ਸਮਝਣ ਲਈ ਸਿੱਖ ਧਰਮ ਦੇ ਵਿਕਾਸ 'ਤੇ ਇਕ ਨਜ਼ਰ ਮਾਰਨੀ ਜ਼ਰੂਰੀ ਹੈ। ਬਾਬਰ ਜਿਸ ਨੇ ਮੁਗਲ ਰਾਜਵੰਸ਼ ਦੀ ਸਥਾਪਨਾ ਕਰਕੇ 1526 ਤੋਂ 1530 ਤੱਕ ਭਾਰਤ 'ਤੇ ਰਾਜ ਕੀਤਾ, ਉਸ ਤੋਂ ਬਾਅਦ ਉਸ ਦੇ ਪੁੱਤਰ ਹਮਾਯੂੰ ਨੇ 10 ਸਾਲ ਰਾਜ ਕੀਤਾ। ਹਮਾਯੂੰ ਨੇ 1540 ਵਿਚ ਸ਼ੇਰ ਸ਼ਾਹ ਸੂਰੀ ਤੋਂ ਹਾਰਨ ਬਾਅਦ ਈਰਾਨ ਵੱਲ ਜਾਂਦਿਆਂ ਗੁਰੂ ਅੰਗਦ ਦੇਵ ਜੀ ਦਾ ਅਸ਼ੀਰਵਾਦ ਲਿਆ ਸੀ। ਉਹ 1555 ਵਿਚ ਦਿੱਲੀ ਦੀ ਗੱਦੀ ਮੁੜ ਪ੍ਰਾਪਤ ਕਰਨ ਤੋਂ ਪਹਿਲਾਂ 1552 ਵਿਚ ਗੁਰਗੱਦੀ 'ਤੇ ਬਿਰਾਜਮਾਨ ਗੁਰੂ ਅਮਰਦਾਸ ਜੀ ਨੂੰ ਮਿਲ ਕੇ ਗਿਆ ਸੀ। ਹਮਾਯੂੰ ਤੋਂ ਬਾਅਦ ਉਸ ਦੇ ਉੱਤਰਾਧਿਕਾਰੀ ਅਕਬਰ ਨੇ ਲਗਭਗ ਅੱਧੀ ਸਦੀ 1605 ਤੱਕ ਰਾਜ ਕੀਤਾ। 1504 ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਕਰਤਾਰਪੁਰ ਸਾਹਿਬ ਦੀ ਸਥਾਪਨਾ ਤੋਂ ਲੈ ਕੇ 1605 ਵਿਚ ਅਕਬਰ ਦੇ ਦਿਹਾਂਤ ਤੱਕ ਦਾ ਸਮਾਂ ਪਹਿਲੇ 5 ਸਿੱਖ ਗੁਰੂਆਂ ਦੀ ਗੁਰਗੱਦੀ ਨਾਲ ਮੇਲ ਖਾਂਦਾ ਹੈ। 16ਵੀਂ ਸਦੀ ਦੇ ਪਹਿਲੇ ਅੱਧ ਤੱਕ ਦਿੱਲੀ ਦੇ ਸ਼ਾਸਕ ਆਪਣੇ ਤਖਤਾਂ ਦੀ ਰੱਖਿਆ ਕਰਨ ਵਿਚ ਰੁੱਝੇ ਰਹੇ, ਜਿਸ ਦੌਰਾਨ ਸਿੱਖ ਧਰਮ 'ਚ ਕਾਫ਼ੀ ਵਾਧਾ ਹੋਇਆ। ਅਕਬਰ ਦੇ ਸਮੇਂ ਤੀਜੇ ਤੋਂ ਪੰਜਵੇਂ ਗੁਰੂਆਂ ਤੱਕ ਧਾਰਮਿਕ ਸਹਿਣਸ਼ੀਲਤਾ ਤੇ ਅੰਤਰ-ਧਰਮ ਸਦਭਾਵਨਾ ਦਾ ਵਾਤਾਵਰਨ ਬਣਿਆ ਰਿਹਾ। ਬਾਦਸ਼ਾਹ ਅਕਬਰ 1569 ਵਿਚ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਨੂੰ ਮਿਲਣ ਗਿਆ ਤੇ ਉਸ ਨੇ ਲੰਗਰ ਵੀ ਛਕਿਆ। ਅਕਬਰ ਦੇ 1582 ਵਿਚ (ਦੀਨ ਏ-ਇਲਾਹੀ ਜਾਂ ਦੈਵੀ ਵਿਸ਼ਵਾਸ) ਵੱਲ ਵਧਣ ਨਾਲ ਧਾਰਮਿਕ ਸਹਿਣਸ਼ੀਲਤਾ ਅਤੇ ਸਾਰੇ ਧਰਮਾਂ ਵਿਚ ਅਧਿਆਤਮਿਕ ਸਮਾਨਤਾ ਦੀ ਖੋਜ ਦੀ ਸ਼ੁਰੂਆਤ ਹੋਈ, ਭਾਵੇਂ ਉਹ ਅਬਰਾਹਾਮਿਕ ਹੋਣ ਜਾਂ ਦੱਖਣੀ ਏਸ਼ੀਆ ਦੇ ਆਦਿਵਾਸੀ ਸਨ। ਇਸ ਮੇਲਜੋਲ ਵਾਲੀ ਪਹੁੰਚ ਨੇ ਸਿੱਖ ਧਰਮ ਨੂੰ ਇਕ ਖ਼ਤਰੇ ਵਜੋਂ ਨਹੀਂ, ਸਗੋਂ ਇਕ ਪਰਮਾਤਮਾ ਦੀ ਪੂਜਾ ਕਰਨ ਦੇ ਲਈ ਇਕ ਵਿਹਾਰਕ ਨਵੇਂ ਨਜ਼ਰੀਏ ਵਜੋਂ ਦੇਖਿਆ।
ਜਿਉਂ ਹੀ ਮੁਗਲ ਬਾਦਸ਼ਾਹਾਂ ਨੇ ਅਕਬਰ ਦੇ ਦ੍ਰਿਸ਼ਟੀਕੋਣ ਨੂੰ ਤਿਆਗ ਦਿੱਤਾ ਤਾਂ ਸਿੱਖ ਗੁਰੂਆਂ ਨਾਲ ਟਕਰਾਅ ਵਧਿਆ ਤੇ ਆਪਸੀ ਅੰਤਰ-ਧਰਮ ਸਦਭਾਵਨਾ ਦੀ ਥਾਂ ਕੱਟੜਤਾ ਵਧਣ ਲੱਗੀ। ਗੁਰੂ ਅਰਜਨ ਦੇਵ ਜੀ ਤੋਂ ਜਹਾਂਗੀਰ ਇਸ ਲਈ ਨਾਰਾਜ਼ ਹੋ ਗਿਆ, ਕਿਉਂਕਿ ਉਸ ਦਾ ਪੁੱਤਰ ਰਾਜਕੁਮਾਰ ਖੁਸਰੋ ਮਿਰਜ਼ਾ ਗੁਰੂ ਜੀ ਦੀ ਸ਼ਰਨ 'ਚ ਆਇਆ ਸੀ, ਜਿਸ ਨੂੰ ਅਕਬਰ ਨੇ ਆਪਣਾ ਉੱਤਰਾਧਿਕਾਰੀ ਚੁਣਿਆ ਸੀ। ਖੁਸਰੋ ਨੇ ਆਪਣੇ ਪਿਤਾ ਜਹਾਂਗੀਰ ਵਿਰੁੱਧ ਬਗ਼ਾਵਤ ਕਰ ਦਿੱਤੀ। ਗੁਰੂ ਸਾਹਿਬ ਨੇ ਉਸ ਨੂੰ ਭੋਜਨ ਅਤੇ ਰਹਿਣ ਲਈ ਜਗ੍ਹਾ ਦਿੱਤੀ ਅਤੇ ਕਿਹਾ ਜਾਂਦਾ ਹੈ ਕਿ ਸਿੱਖ ਸੰਗਤ ਵਲੋਂ ਉਸ ਨੂੰ 5000 ਰੁਪਏ ਦੀ ਮਦਦ ਦਿੱਤੀ ਗਈ। ਮੁਗਲ ਹਕੂਮਤ ਦੇ ਇਕ ਮਾਲ ਅਧਿਕਾਰੀ ਚੰਦੂ ਸ਼ਾਹ ਤੇ ਮੌਲਵੀਆਂ ਨੇ ਹਕੂਮਤ ਦੇ ਬਾਗੀ ਖੁਸਰੋ ਦੀ ਮਦਦ ਕਰਨ ਅਤੇ ਗੁਰੂ ਸਾਹਿਬ ਦੀ ਵਧਦੀ ਪ੍ਰਸਿੱਧੀ ਦਾ ਹਵਾਲਾ ਦੇ ਕੇ ਜਹਾਂਗੀਰ ਨੂੰ ਭੜਕਾਇਆ। ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਗ੍ਰਿਫ਼ਤਾਰੀ ਤੇ ਲਾਹੌਰ ਵਿਚ ਸ਼ਹੀਦੀ ਕਾਰਨ ਸਿੱਖ ਧਰਮ ਦੇ ਸੰਤ-ਸਿਪਾਹੀ ਰੂਪ ਵੱਲ ਵਿਕਾਸ ਦੀ ਸ਼ੁਰੂਆਤ ਹੋਈ।
ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ (ਅਧਿਆਤਮਿਕ ਤੇ ਦੁਨਿਆਵੀ) ਨੂੰ ਮਨੁੱਖੀ ਹੋਂਦ ਦੇ ਦੋਹਰੇ ਆਦਰਸ਼ਾਂ ਵਜੋਂ ਪੇਸ਼ ਕੀਤਾ। ਉਨ੍ਹਾਂ ਇਸ ਦੇ ਪ੍ਰਤੀਕ ਵਜੋਂ ਦੋ ਤਲਵਾਰਾਂ ਪਹਿਨੀਆਂ ਅਤੇ ਸਿੱਖਾਂ ਨੂੰ ਧਾਰਮਿਕ ਉਪਦੇਸ਼ਾਂ ਦੇ ਨਾਲ ਹਥਿਆਰਾਂ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। ਮੁਗਲਾਂ ਨਾਲ ਕਈ ਛੋਟੀਆਂ ਹਥਿਆਰਬੰਦ ਲੜਾਈਆਂ ਹੋਈਆਂ। ਬਾਦਸ਼ਾਹ ਸ਼ਾਹਜਹਾਂ ਦਾ ਵਾਰਸ ਤੇ ਸਭ ਤੋਂ ਵੱਡਾ ਪੁੱਤਰ ਦਾਰਾ ਸ਼ਿਕੋਹ ਆਪਣੇ ਪੜਦਾਦਾ ਅਕਬਰ ਵਾਂਗ ਸਹਿਣਸ਼ੀਲਤਾ ਦਾ ਹਾਮੀ ਸੀ। ਉਹ ਲਾਹੌਰ ਦੇ ਸੂਫ਼ੀ ਸੰਤ ਮੀਆਂ ਮੀਰ ਦਾ ਸ਼ਰਧਾਲੂ ਸੀ। ਗੁਰੂ ਅਰਜਨ ਦੇਵ ਜੀ ਨੇ ਇਸੇ ਮੀਆਂ ਮੀਰ ਤੋਂ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੀ ਨੀਂਹ ਰਖਵਾਈ ਸੀ। ਜਦੋਂ ਗੁਰੂ ਹਰ ਰਾਏ ਜੀ ਗੁਰਗੱਦੀ 'ਤੇ ਬਿਰਾਜਮਾਨ ਸਨ ਤਾਂ 1657 ਵਿਚ ਬਾਦਸ਼ਾਹ ਸ਼ਾਹਜਹਾਂ ਦੀ ਬਿਮਾਰੀ ਤੋਂ ਬਾਅਦ ਉੱਤਰਾਧਿਕਾਰੀ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ। ਗੁਰੂ ਸਾਹਿਬ ਨੇ ਦਾਰਾ ਸ਼ਿਕੋਹ ਦੀ ਦੁਰਲੱਭ ਆਯੁਰਵੈਦਿਕ ਦਵਾਈ ਭੇਜ ਕੇ ਜ਼ਹਿਰ ਤੋਂ ਠੀਕ ਹੋਣ ਵਿਚ ਮਦਦ ਕੀਤੀ ਸੀ। ਬਦਕਿਸਮਤੀ ਨਾਲ ਦਾਰਾ ਸ਼ਿਕੋਹ ਆਪਣੇ ਛੋਟੇ ਭਰਾ ਔਰੰਗਜ਼ੇਬ ਤੋਂ ਲੜਾਈ ਵਿਚ ਹਾਰ ਗਿਆ। ਔਰੰਗਜ਼ੇਬ ਦੇ ਬਾਦਸ਼ਾਹ ਬਣਨ ਤੋਂ ਬਾਅਦ ਉਹ ਧਾਰਮਿਕ ਸਹਿਣਸ਼ੀਲਤਾ ਖਤਮ ਹੋ ਗਈ, ਜੋ ਅਕਬਰ ਦੇ ਰਾਜ ਦੌਰਾਨ ਕਾਇਮ ਹੋਈ ਸੀ। ਔਰੰਗਜ਼ੇਬ 1658 ਵਿਚ ਆਪਣੇ ਪਿਤਾ ਸ਼ਾਹਜਹਾਂ ਨੂੰ ਹਿਰਾਸਤ ਵਿਚ ਲੈ ਕੇ ਬਾਦਸ਼ਾਹ ਬਣਿਆ ਤਾਂ ਉਸ ਨੇ ਗੁਰੂ ਹਰ ਰਾਏ ਜੀ ਨੂੰ ਦਿੱਲੀ ਬੁਲਾਇਆ। ਪਰ ਗੁਰੂ ਸਾਹਿਬ ਨੇ ਖੁਦ ਜਾਣ ਦੀ ਬਜਾਏ ਆਪਣੇ ਪੁੱਤਰ ਰਾਮ ਰਾਏ ਨੂੰ ਭੇਜਿਆ, ਜਿਸ ਨੂੰ ਬੰਧਕ ਬਣਾ ਲਿਆ ਗਿਆ। ਜਦੋਂ ਬਾਦਸ਼ਾਹ ਨੇ ਉਸ ਤੋਂ ਗੁਰੂ ਅਰਜਨ ਦੇਵ ਜੀ ਦੁਆਰਾ ਸੰਕਲਿਤ 'ਆਦਿ ਗ੍ਰੰਥ' 'ਚ ਕੁਝ ਕਥਿਤ ਇਸਲਾਮ ਵਿਰੋਧੀ ਪੰਕਤੀਆਂ ਦੇ ਅਰਥਾਂ ਬਾਰੇ ਪੁੱਛਿਆ ਤਾਂ ਰਾਮ ਰਾਏ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਉਨ੍ਹਾਂ ਵਿਚ ਸੋਧ ਕਰ ਦਿੱਤੀ। ਇਸ ਬਾਰੇ ਪਤਾ ਲੱਗਣ 'ਤੇ ਗੁਰੂ ਸਾਹਿਬ ਨੇ ਰਾਮ ਰਾਏ ਨੂੰ ਛੇਕ ਦਿੱਤਾ ਤੇ ਆਪਣੇ ਛੋਟੇ ਪੁੱਤਰ ਹਰਕ੍ਰਿਸ਼ਨ ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ।
ਗੁਰੂ ਹਰਕ੍ਰਿਸ਼ਨ ਜੀ 1661 ਵਿਚ ਗੁਰਗੱਦੀ 'ਤੇ ਬੈਠੇ ਤਾਂ ਔਰੰਗਜ਼ੇਬ ਨੇ ਉਨ੍ਹਾਂ ਨੂੰ ਦਿੱਲੀ ਬੁਲਾਇਆ। ਇਤਿਹਾਸਕਾਰਾਂ ਅਨੁਸਾਰ ਔਰੰਗਜ਼ੇਬ ਚਾਹੁੰਦਾ ਸੀ ਕਿ ਸਿੱਖਾਂ ਦੀ ਅਗਵਾਈ ਬਾਬਾ ਰਾਮ ਰਾਏ ਕਰੇ, ਪਰ ਚੇਚਕ ਨਾਲ ਬੁਰੀ ਤਰ੍ਹਾਂ ਬਿਮਾਰ ਹੋ ਗਏ ਬਾਲ-ਗੁਰੂ ਹਰਕ੍ਰਿਸ਼ਨ ਜੀ ਨੇ ਆਪਣੇ ਛੇਕੇ ਹੋਏ ਭਰਾ ਦੀ ਬਜਾਏ ਬਕਾਲਾ ਵਿਖੇ ਤਪ ਕਰ ਰਹੇ ਬਾਬਾ (ਤੇਗ਼ ਬਹਾਦਰ) ਨੂੰ ਅਗਲਾ ਗੁਰੂ ਐਲਾਨ ਦਿੱਤਾ। ਇਸ ਤਰ੍ਹਾਂ ਉਨ੍ਹਾਂ ਦੇ ਪੜਦਾਦਾ ਜੀ ਦਾ ਸਭ ਤੋਂ ਛੋਟੇ ਪੁੱਤਰ ਤੇਗ਼ ਬਹਾਦਰ ਜੀ ਉਨ੍ਹਾਂ ਦੇ ਉਤਰਾਧਿਕਾਰੀ ਬਣੇ। ਗੁਰੂ ਤੇਗ਼ ਬਹਾਦਰ ਜੀ 1664 ਵਿਚ ਗੁਰਗੱਦੀ 'ਤੇ ਬਿਰਾਜਮਾਨ ਹੋਣ ਦੇ 11 ਸਾਲ ਬਾਅਦ ਲਾਸਾਨੀ ਸ਼ਹਾਦਤ ਦੇ ਗਏ। ਗੁਰੂ ਤੇਗ਼ ਬਹਾਦਰ ਜੀ ਨੇ ਗੁਰੂ ਨਾਨਕ ਦੇਵ ਜੀ ਵਾਂਗ ਭਾਰਤ ਦੇ ਪੂਰਬੀ ਇਲਾਕਿਆਂ ਆਸਾਮ ਤੇ ਢਾਕੇ ਤੱਕ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਸਚਾਈ ਤੇ ਮਾਨਵਤਾ ਨਾਲ ਜੋੜਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਪਹਾੜੀ ਸ਼ਾਸਕ ਪਰਿਵਾਰ ਤੋਂ ਜ਼ਮੀਨ ਖਰੀਦ ਕੇ ਅਨੰਦਪੁਰ ਸਾਹਿਬ ਵਸਾਇਆ ਸੀ। ਗੁਰੂ ਜੀ ਨੇ ਪੂਰਬ ਤੋਂ ਵਾਪਸ ਆਉਣ ਬਾਅਦ ਪੰਜਾਬ ਦੇ ਮਾਲਵਾ ਖੇਤਰ ਵਿਚ ਧਰਮ ਪ੍ਰਚਾਰ ਕੀਤਾ। ਉਹ ਪਟਨਾ ਵਿਚ ਪੈਦਾ ਹੋਏ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਪਹਿਲੀ ਵਾਰ ਅਨੰਦਪੁਰ ਸਾਹਿਬ ਵਿਖੇ ਮਿਲੇ ਸਨ। ਜਦੋਂ ਔਰੰਗਜ਼ੇਬ ਨੇ ਹਿੰਦੂਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣਾ ਸ਼ੁਰੂ ਕੀਤਾ ਤਾਂ ਕਸ਼ਮੀਰੀ ਪੰਡਿਤਾਂ ਨੂੰ ਮੁੱਖ ਨਿਸ਼ਾਨਾ ਬਣਾਇਆ ਗਿਆ। ਜਦੋਂ ਪੰਡਤਾਂ ਨੇ ਆਪਣੀ ਵਿੱਥਿਆ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਉਨ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਕਿ ਉਹ ਜ਼ੁਲਮ ਕਰਨ ਵਾਲਿਆਂ ਨੂੰ ਦੱਸਣ ਕਿ ਜੇਕਰ ਉਹ ਗੁਰੂ ਸਾਹਿਬ ਤੋਂ ਇਸਲਾਮ ਕਬੂਲ ਕਰਵਾ ਲੈਂਦੇ ਹਨ ਤਾਂ ਉਹ ਵੀ ਅਜਿਹਾ ਕਰ ਲੈਣਗੇ।
ਗੁਰੂ ਜੀ ਮੁਗਲ ਅਧਿਕਾਰੀਆਂ ਦੁਆਰਾ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਉਡੀਕ ਕਰਨ ਦੀ ਬਜਾਏ ਸਵੈ-ਇੱਛਾ ਨਾਲ ਦਿੱਲੀ ਵੱਲ ਚੱਲ ਪਏ। ਜਦੋਂ ਗੁਰੂ ਜੀ ਮੁਗਲ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਏ ਤਾਂ ਉਨ੍ਹਾਂ ਗੁਰੂ ਜੀ ਨੂੰ ਇਸਲਾਮ ਕਬੂਲ ਕਰਨ ਜਾਂ ਕੋਈ ਚਮਤਕਾਰ ਕਰਕੇ ਆਪਣੀ ਬ੍ਰਹਮ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਕਿਹਾ ਪਰ ਗੁਰੂ ਜੀ ਨੇ ਇਸ ਤੋਂ ਇਨਕਾਰ ਕਰਦਿਆਂ ਆਪਣੇ ਸਿਦਕਵਾਨ ਸਾਥੀਆਂ ਸਮੇਤ ਤਸੀਹੇ ਝਲਦਿਆਂ ਸ਼ਹਾਦਤ ਦਾ ਰਾਹ ਚੁਣਿਆ। ਜਦੋਂ 24 ਨਵੰਬਰ ਨੂੰ ਉਨ੍ਹਾਂ ਦਾ ਸੀਸ ਕਲਮ ਕਰ ਦਿੱਤਾ ਗਿਆ ਤਾਂ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਉਠਾ ਕੇ ਅਨੰਦਪੁਰ ਸਾਹਿਬ ਲਿਆਉਣ ਵਿਚ ਕਾਮਯਾਬ ਹੋ ਗਏ। ਇਸ ਦੌਰਾਨ ਇਕ ਘਟਨਾ ਸੋਨੀਪਤ ਦੇ ਨੇੜੇ ਗੜ੍ਹੀ ਪਿੰਡ ਦੇ ਇਕ ਜਾਟ ਕੁਸ਼ਲ ਸਿੰਘ ਦਹਾਈ ਦੀ ਭੂਮਿਕਾ ਨਾਲ ਸੰਬੰਧਿਤ ਹੈ। ਜਦੋਂ ਮੁਗਲ ਫ਼ੌਜ ਭਾਈ ਜੈਤਾ ਜੀ ਦਾ ਪਿੱਛਾ ਕਰ ਰਹੀ ਸੀ ਤਾਂ ਕੁਸ਼ਲ ਸਿੰਘ ਨੇ ਫ਼ੌਜ ਨੂੰ ਰੋਕ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਿਆਂ ਆਪਣੀ ਕੁਰਬਾਨੀ ਦੇ ਦਿੱਤੀ ਸੀ। ਭਾਜਪਾ ਦੀ ਹਰਿਆਣਾ ਸਰਕਾਰ ਇਸ ਘਟਨਾ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਜੋ ਜਾਟ ਭਾਈਚਾਰੇ ਤੱਕ ਆਪਣੀ ਪਹੁੰਚ ਨੂੰ ਵਧਾਇਆ ਜਾ ਸਕੇ।
ਹਾਲਾਂਕਿ ਗੁਰੂ ਸਾਹਿਬ ਦੀ ਸ਼ਹਾਦਤ ਸਿਰਫ਼ ਜਨਤਕ ਸਮਾਗਮਾਂ ਤੇ ਭਾਸ਼ਣਾਂ ਦਾ ਮੌਕਾ ਨਹੀਂ ਹੈ। ਇਸ ਲਈ ਭਾਰਤ ਜਾਂ ਵਿਦੇਸ਼ਾਂ ਵਿਚ ਰਾਜਸੀ ਸੱਤਾ ਵਾਲਿਆਂ ਨੂੰ ਆਪਣੇ ਆਚਰਨ ਦਾ ਮੁੜ ਮੁਲਾਂਕਣ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਵਿਸ਼ਵਾਸ ਤੇ ਜ਼ਮੀਰ ਦੀ ਆਜ਼ਾਦੀ ਲਈ ਮੁੜ ਤੋਂ ਵਚਨਬੱਧ ਹੋਣਾ ਹੋਵੇਗਾ, ਜੋ ਕਿ ਬੁਨਿਆਦੀ ਮਨੁੱਖੀ ਅਧਿਕਾਰਾਂ 'ਚੋਂ ਇਕ ਹੈ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੁਆਰਾ 1948 ਵਿਚ ਅਪਣਾਏ ਗਏ ਮਨੁੱਖੀ ਅਧਿਕਾਰਾਂ ਦੇ ਵਿਸ਼ਵਵਿਆਪੀ ਐਲਾਨਨਾਮੇ ਦੀ ਧਾਰਾ 18 ਵਿਚਾਰਾਂ, ਜ਼ਮੀਰ ਤੇ ਧਰਮ ਦੀ ਆਜ਼ਾਦੀ ਦੀ ਗਾਰੰਟੀ ਦਿੰਦੀ ਹੈ। ਭਾਰਤੀ ਸੰਵਿਧਾਨ ਵੀ ਇਸ ਨੂੰ ਦੁਹਰਾਉਂਦਾ ਹੈ। ਇਸ ਮੁੱਦੇ ਦੀ ਅੱਜ ਦੇ ਸਮੇਂ ਵਿਚ ਹੋਰ ਵੀ ਜ਼ਿਆਦਾ ਅਹਿਮੀਅਤ ਹੈ। ਜਿਵੇਂ-ਜਿਵੇਂ ਪੱਛਮੀ ਸੱਜੇ-ਪੱਖੀ ਪਾਰਟੀਆਂ ਜਾਂ ਸਮੂਹ ਸੱਤਾ 'ਤੇ ਕਾਬਜ਼ ਹੋ ਰਹੇੇ ਹਨ ਤਿਉਂ ਤਿਉਂ ਗੋਰੀ ਇਸਾਈਅਤ ਸਰਬੋਤਮਤਾ ਧਾਰਮਿਕ ਆਜ਼ਾਦੀਆਂ ਨੂੰ ਸੀਮਤ ਕਰਦੀ ਦਿਖਾਈ ਦਿੰਦੀ ਹੈ। ਭਾਰਤ ਵਿਚ ਵੀ ਭਾਜਪਾ ਅਤੇ ਆਰ.ਐੱਸ.ਐੱਸ ਨੂੰ ਉਨ੍ਹਾਂ ਅਧਿਕਾਰਾਂ ਦੀ ਗਾਰੰਟੀ ਦੇਣ ਵਾਲੇ ਸੰਵਿਧਾਨਕ ਪ੍ਰਬੰਧਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ 'ਹਿੰਦੂ ਰਾਸ਼ਟਰ' ਦੇ ਖੁੱਲ੍ਹੇਆਮ ਨਾਅਰਿਆਂ ਲਈ ਕੋਈ ਸਜ਼ਾ ਨਹੀਂ ਮਿਲਦੀ, ਉਹ ਇਨ੍ਹਾਂ ਸਿਧਾਂਤਾਂ ਨੂੰ ਕਮਜ਼ੋਰ ਕਰ ਰਹੇ ਹਨ। ਅਮਰੀਕਾ ਦੇ ਘਰੇਲੂ ਯੁੱਧ (1861-65) ਤੋਂ ਬਾਅਦ ਉਦਾਰ ਲੋਕਤੰਤਰ ਦਾ ਜੋ ਵਿਸ਼ਵਵਿਆਪੀ ਮਾਡਲ ਬਣਿਆ ਸੀ, ਉਹ ਵੀ ਤਿੜਕਣ ਲੱਗਾ ਹੈ। ਹਾਲ ਹੀ 'ਚ ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਜਨਤਕ ਤੌਰ 'ਤੇ ਆਪਣੀ ਹਿੰਦੂ ਪਤਨੀ ਨੂੰ ਈਸਾਈ ਧਰਮ ਅਪਣਾਉਣ ਦੀ ਅਪੀਲ ਕੀਤੀ ਹੈ।
ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਦੀ ਸਭ ਤੋਂ ਵਧੀਆ ਸ਼ਰਧਾਂਜ਼ਲੀ ਉਨ੍ਹਾਂ ਸਿਧਾਂਤਾਂ ਪ੍ਰਤੀ ਵਚਨਬੱਧਤਾ ਹੋਵੇਗੀ, ਜਿਨ੍ਹਾਂ ਲਈ ਗੁਰੂ ਜੀ ਨੇ ਆਪਣੀ ਜਾਨ ਕੁਰਬਾਨ ਕੀਤੀ ਹੈ। ਗੁਰੂ ਸਾਹਿਬ ਨੇ ਸਲੋਕ ਮਹਲਾ 9 ਦੇ ਸ਼ਬਦ 25 ਵਿਚ ਦੱਸਿਆ ਹੈ ਕਿ 'ਜਲ 'ਤੇ ਬੁਦਬਦਾ' ਭਾਵ ਪਾਣੀ ਵਿਚ ਬੁਲਬੁਲੇ ਦਿਖਾਈ ਦਿੰਦੇ ਹਨ ਤੇ ਅਲੋਪ ਹੋ ਜਾਂਦੇ ਹਨ, ਭਾਵ ਆਉਂਦੇ ਜਾਂਦੇ ਰਹਿੰਦੇ। ਪਰ ਪਰਮਾਤਮਾ ਸਦੀਵੀ ਹੈ ਅਤੇ ਉਸ ਤੱਕ ਪਹੁੰਚਣ ਦਾ ਰਸਤਾ ਧਰਮੀ ਜੀਵਨ ਹੈ, ਜੋ ਭੌਤਿਕ ਸੁੱਖਾਂ ਤੋਂ ਦੂਰ ਰਹਿ ਕੇ ਜੀਵਿਆ ਜਾਂਦਾ ਹੈ। ਕੱਟੜਤਾ ਇਸ ਤਰ੍ਹਾਂ ਦੀ ਜੀਵਨ ਯਾਤਰਾ ਨੂੰ ਰੋਕਦੀ ਹੈ।
-(ਲੇਖਕ ਈਰਾਨ ਅਤੇ ਸੰਯੁਕਤ ਅਰਬ ਐਮੀਰਾਤ ਵਿਚ ਭਾਰਤੀ ਰਾਜਦੂਤ ਰਹਿ ਚੁੱਕੇ ਹਨ।)

Ad Position 22
No active advertisement
ਪਿਛਲੀ ਖ਼ਬਰ ਭਾਰਤੀ ਸੰਵਿਧਾਨ ਦੇ ਨਿਰਮਾਣ 'ਚ ਮਹਿਲਾ ਸਿਆਸਤਦਾਨਾਂ ਦਾ ਵਡਮੁੱਲਾ ਯੋਗਦਾਨ ਅਗਲੀ ਖ਼ਬਰ ਮਨੁੱਖੀ ਅਧਿਕਾਰਾਂ ਦੇ ਰੱਖਿਅਕ-ਗੁਰੂ ਤੇਗ਼ ਬਹਾਦਰ ਸਾਹਿਬ
Ad Position 24
No active advertisement