15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਆਪਣਿਆਂ ਦਾ ਹੀ ਘਾਣ

Ad Position 21
No active advertisement
ਅਜੀਤ ਡੈਸਕ 24-09-2025

ਪਾਕਿਸਤਾਨ ਦੀ ਹਵਾਈ ਫ਼ੌਜ ਵਲੋਂ ਆਪਣੇ ਹੀ ਨਾਗਰਿਕਾਂ 'ਤੇ ਬੰਬਾਰੀ ਕਰਕੇ 30 ਤੋਂ ਵੀ ਵਧੇਰੇ ਲੋਕਾਂ, ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ, ਨੂੰ ਮਾਰ ਦੇਣ ਅਤੇ ਉਨ੍ਹਾਂ ਦੇ ਘਰ ਤਬਾਹ ਕਰ ਦੇਣ ਨੇ ਇਸ ਦੇਸ਼ ਦੇ ਪਹਿਲਾਂ ਹੀ ਅਸ਼ਾਂਤ ਮਾਹੌਲ ਵਿਚ ਹੋਰ ਵੀ ਗੜਬੜ ਪੈਦਾ ਕਰ ਦਿੱਤੀ ਹੈ। ਪਾਕਿਸਤਾਨੀ ਅਧਿਕਾਰ ਹੇਠਲੇ ਕਸ਼ਮੀਰ ਦੇ ਇਕ ਹਿੱਸੇ ਤੋਂ ਇਲਾਵਾ ਇਸ ਦੇਸ਼ ਦੇ ਪੰਜਾਬ, ਸਿੰਧ, ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖਵਾ ਚਾਰ ਵੱਡੇ ਪ੍ਰਾਂਤ ਹਨ। ਦਹਾਕਿਆਂ ਤੋਂ ਬਲੋਚਿਸਤਾਨ ਵਿਚ ਵੱਡੀ ਗੜਬੜ ਫੈਲੀ ਰਹੀ ਹੈ। ਫ਼ੌਜ ਨੇ ਉੱਥੇ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਹੈ।
ਬਾਗ਼ੀ ਬਲੋਚਾਂ ਵਲੋਂ ਬਣਾਈ ਗਈ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਦੇਸ਼ ਵਿਰੁੱਧ ਜਿਹਾਦ ਛੇੜਿਆ ਹੋਇਆ ਹੈ। ਇੱਥੋਂ ਤੱਕ ਕਿ ਬਲੋਚਿਸਤਾਨ ਵਿਚ ਵਸੇ ਜਾਂ ਉੱਥੇ ਆਉਂਦੇ-ਜਾਂਦੇ ਪੰਜਾਬੀ ਮੂਲ ਦੇ ਲੋਕਾਂ ਨੂੰ ਚੁਣ-ਚੁਣ ਕੇ ਮਾਰ ਦਿੱਤਾ ਜਾਂਦਾ ਰਿਹਾ ਹੈ। ਇਸ ਦੇ ਨਾਲ ਹੀ ਖ਼ੈਬਰ ਪਖ਼ਤੂਨਖਵਾ ਜੋ ਉੱਤਰ-ਪੱਛਮੀ ਪ੍ਰਾਂਤ ਹੈ, ਵੀ ਚਿਰਾਂ ਤੋਂ ਗੜਬੜ ਗ੍ਰਸਤ ਹੈ। ਉੱਥੇ ਬੇਹੱਦ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇਕ ਯੁੱਧ ਵਰਗੀ ਸਥਿਤੀ ਪੈਦਾ ਕੀਤੀ ਹੋਈ ਹੈ। ਇਸ ਜਥੇਬੰਦੀ 'ਤੇ ਪਾਕਿਸਤਾਨ ਵਿਚ ਪਾਬੰਦੀ ਲੱਗੀ ਹੋਈ ਹੈ। ਇਸ ਸੂਬੇ ਦੀ ਸਰਹੱਦ ਅਫ਼ਗਾਨਿਸਤਾਨ ਦੇ ਨਾਲ ਲਗਦੀ ਹੈ। ਇਸ ਰਸਤੇ ਥਾਣੀ ਸਦੀਆਂ ਤੱਕ ਕੇਂਦਰੀ ਏਸ਼ੀਆ ਤੋਂ ਵਿਦੇਸ਼ੀ ਜਰਵਾਣੇ ਆ ਕੇ ਭਾਰਤ ਨੂੰ ਲੁੱਟਦੇ-ਪੁੱਟਦੇ ਰਹੇ ਸਨ। ਇੱਥੇ ਦੇ ਅਸ਼ਾਂਤ ਮਾਹੌਲ ਨੂੰ ਲੈ ਕੇ ਵੀ ਪਾਕਿਸਤਾਨ ਵੱਡੀ ਘਬਰਾਹਟ ਵਿਚ ਹੈ।
ਇਸ ਸੂਬੇ ਵਿਚ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਹਕੂਮਤ ਚਲਾ ਰਹੀ ਹੈ। ਇੱਥੇ ਬਹੁਤੇ ਪਖ਼ਤੂਨ ਨਸਲ ਦੇ ਲੋਕਾਂ ਅੰਦਰ ਕੇਂਦਰੀ ਹਕੂਮਤ ਵਿਰੁੱਧ ਇਸ ਲਈ ਵੀ ਵੱਡਾ ਗੁੱਸਾ ਹੈ, ਕਿਉਂਕਿ ਇਸ ਪਾਰਟੀ ਦੇ ਵੱਡੇ ਆਗੂ ਇਮਰਾਨ ਖ਼ਾਨ ਨੂੰ ਪਿਛਲੇ 2 ਸਾਲਾਂ ਤੋਂ ਨਜ਼ਰਬੰਦ ਕੀਤਾ ਹੋਇਆ ਹੈ। ਉਸ ਦੀ ਪਾਰਟੀ ਦਾ ਇਸ ਸੂਬੇ ਵਿਚ ਵੱਡਾ ਪ੍ਰਭਾਵ ਹੈ। ਉਹ ਸੈਨਾ ਮੁਖੀ ਆਸਿਮ ਮੁਨੀਰ ਦੇ ਇਸ ਗੱਲ ਲਈ ਵੀ ਸਖ਼ਤ ਵਿਰੋਧੀ ਹਨ ਕਿ ਉਹ ਇਮਰਾਨ ਖ਼ਾਨ ਨੂੰ ਨਜ਼ਰਬੰਦ ਕਰਨ ਲਈ ਮੁੱਖ ਤੌਰ 'ਤੇ ਭਾਗੀ ਹੈ। ਪਾਕਿਸਤਾਨ ਨੇ ਦੁਬਾਰਾ ਤਾਲਿਬਾਨ ਨੂੰ ਅਫ਼ਗਾਨਿਸਤਾਨ ਦੀ ਹਕੂਮਤ ਦਿਵਾਉਣ ਵਿਚ ਵੱਡੀ ਮਦਦ ਕੀਤੀ ਸੀ, ਪਰ ਅੱਜ ਇਹ ਦੋਵੇਂ ਦੇਸ਼ ਇਕ-ਦੂਸਰੇ ਦੇ ਦੁਸ਼ਮਣ ਬਣੇ ਦਿਖਾਈ ਦਿੰਦੇ ਹਨ। ਪਾਕਿਸਤਾਨ ਨੂੰ ਗਿਲਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਬਹੁਤੇ ਲੜਾਕਿਆਂ ਨੂੰ ਤਾਲਿਬਾਨ ਸਰਕਾਰ ਨੇ ਅਫ਼ਗਾਨਿਸਤਾਨ ਵਿਚ ਸ਼ਰਨ ਦਿੱਤੀ ਹੋਈ ਹੈ। ਇਸ ਕਰਕੇ ਵੀ ਪਾਕਿਸਤਾਨੀ ਹਵਾਈ ਸੈਨਾ ਅਕਸਰ ਅਫ਼ਗਾਨਿਸਤਾਨ ਦੇ ਸਰਹੱਦੀ ਇਲਾਕਿਆਂ 'ਤੇ ਹਮਲੇ ਕਰਦੀ ਰਹੀ ਹੈ। ਇਸ ਸੰਦਰਭ ਵਿਚ ਹੀ ਪਿਛਲੇ ਦਿਨੀਂ ਇਹ ਤਾਜ਼ਾ ਹਵਾਈ ਹਮਲਾ ਖ਼ੈਬਰ ਪਖ਼ਤੂਨਖਵਾ ਪ੍ਰਾਂਤ ਦੀ ਤਿਰਾਹ ਘਾਟੀ ਦੇ ਇਕ ਪਿੰਡ 'ਤੇ ਫ਼ੌਜ ਵਲੋਂ ਕੀਤਾ ਗਿਆ ਹੈ। ਹੁਣ ਫ਼ੌਜ ਇਹ ਸਪੱਸ਼ਟੀਕਰਨ ਦੇ ਰਹੀ ਹੈ ਕਿ ਇਹ ਹਮਲਾ ਉਸ ਨੇ ਤਾਲਿਬਾਨ ਪਾਕਿਸਤਾਨ ਦੇ ਅੱਤਵਾਦੀਆਂ ਵਿਰੁੱਧ ਕੀਤਾ ਸੀ। ਪਰ ਇਸ ਦੀ ਜ਼ੱਦ ਵਿਚ ਪਿੰਡ ਵਿਚ ਰਹਿਣ ਵਾਲੇ ਮਾਸੂਮ ਲੋਕ ਆ ਗਏ। ਇਸ ਘਟਨਾ ਕਰਕੇ ਉੱਥੋਂ ਦੇ ਵੱਡੇ ਅਕਾਖੇਲ ਭਾਈਚਾਰੇ ਵਿਚ ਹੋਰ ਵੀ ਗੁੱਸਾ ਭਰ ਗਿਆ ਹੈ।
ਹੁਣ ਪਾਕਿਸਤਾਨ ਮਨੁੱਖੀ ਅਧਿਕਾਰ ਆਯੋਗ ਨੇ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਸੰਬੰਧੀ ਨਿਰਪੱਖ ਜਾਂਚ ਕਰਵਾਉਣ ਲਈ ਕਿਹਾ ਹੈ। ਦਹਾਕਿਆਂ ਤੋਂ ਇਸ ਇਲਾਕੇ ਦੇ ਪਖ਼ਤੂਨ ਵੀ ਆਪਣੇ ਵੱਖਰੇ ਦੇਸ਼ ਦੀ ਮੰਗ ਕਰਦੇ ਆ ਰਹੇ ਹਨ। ਇਸ ਘਟਨਾ ਨੇ ਇਕ ਵਾਰ ਫਿਰ ਪਾਕਿਸਤਾਨ ਅੱਗੇ ਇਕ ਹੋਰ ਵੱਡੀ ਗੰਭੀਰ ਚੁਣੌਤੀ ਖੜ੍ਹੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਉੱਥੇ ਛੇਤੀ ਕੀਤਿਆਂ ਸ਼ਾਂਤੀ ਹੋਣ ਦੀ ਸੰਭਾਵਨਾ ਨਹੀਂ ਹੈ। ਪਾਕਿਸਤਾਨ ਆਪ ਹੀ ਆਪਣੇ ਬੁਣੇ ਜਾਲ ਵਿਚ ਫਸਦਾ ਨਜ਼ਰ ਆ ਰਿਹਾ ਹੈ। ਉੱਥੇ ਦੀ ਬਰਬਾਦ ਹੋਈ ਆਰਥਿਕਤਾ ਅਤੇ ਗੁਰਬਤ ਨੇ ਵੀ ਆਮ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ, ਜਿਸ ਕਰਕੇ ਹਮੇਸ਼ਾ ਹੀ ਇੱਥੋਂ ਦੇ ਲੋਕਾਂ ਵਿਚ ਬੇਚੈਨੀ ਪੈਦਾ ਹੁੰਦੀ ਰਹੀ ਹੈ। ਇਸ ਤੋਂ ਪਾਕਿਸਤਾਨ ਦੀ ਸਰਕਾਰ ਨੂੰ ਵੀ ਨਿਰੰਤਰ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੇ ਘਟਨਾਕ੍ਰਮ ਨੂੰ ਦੇਖਦਿਆਂ ਇਹ ਗੱਲ ਹੋਰ ਵੀ ਸਪੱਸ਼ਟ ਹੋਣੀ ਸ਼ੁਰੂ ਹੋ ਗਈ ਹੈ ਕਿ ਇਹ ਦੇਸ਼ ਇਕ ਵਾਰ ਫਿਰ ਫ਼ੌਜੀ ਤਾਨਾਸ਼ਾਹੀ ਦੇ ਪੰਜੇ ਵਿਚ ਫਸ ਸਕਦਾ ਹੈ, ਜੋ ਪਾਕਿਸਤਾਨ ਦੇ ਲੋਕਾਂ ਲਈ ਬੇਹੱਦ ਮਾੜਾ ਸੁਨੇਹਾ ਹੋ ਸਕਦਾ ਹੈ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਸਰਬ ਵਿਆਪਕ ਬੀਮਾ ਯੋਜਨਾ ਹੀ ਹੈ ਮਸਲੇ ਦਾ ਹੱਲ ਅਗਲੀ ਖ਼ਬਰ ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ
Ad Position 24