ਜਲੰਧਰ, 31 ਅਕਤੂਬਰ (ਐੱਮ. ਐੱਸ. ਲੋਹੀਆ)-ਪੰਜਾਬ ਨੂੰ ਭਿ੍ਸ਼ਟਾਚਾਰ ਮੁਕਤ ਬਨਾਉਣ ਲਈ ਵਿਜੀਲੈਂਸ ਬਿਊਰੋ, ਪੰਜਾਬ ਵਲੋਂ 'ਚੌਕਸੀ : ਸਾਡੀ ਸਾਂਝੀ ਜ਼ਿੰਮੇਵਾਰੀ 2025' ਥੀਮ ਤਹਿਤ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਿਤੀ 27-10-2025 ਤੋਂ 2-11-2025 ਤੱਕ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ, ਰੇਂਜ ਜਲੰਧਰ ਦੇ ਐੱਸ.ਐੱਸ.ਪੀ. ਹਰਪ੍ਰੀਤ ਸਿੰਘ ਮੰਡੇਰ ਨੇ ਜਾਣਕਾਰੀ ਦਿੱਤੀ ਕਿ ਜਲੰਧਰ ਰੇਂਜ ਦੇ ਅਧੀਨ ਆਉਂਦੇ ਜ਼ਿਲਿ੍ਹਆਂ (ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ) ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ 'ਚ ਸੈਮੀਨਾਰ ਕਰਵਾਏ ਗਏ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਕਰਵਾਏ ਗਏ ਸੈਮੀਨਾਰਾਂ ਦੌਰਾਨ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਅਤੇ ਐੱਸ.ਪੀ., ਡੀ.ਐੱਸ.ਪੀ. ਰੈਂਕ ਦੇ ਅਧਿਕਾਰੀਆਂ ਵਲੋਂ ਸਕੂਲਾਂ/ਕਾਲਜਾਂ ਦੇ ਪਿ੍ੰਸੀਪਲਾਂ/ ਸਟਾਫ਼/ ਵਿਦਿਆਰਥੀਆਂ, ਪਿੰਡਾਂ ਦੇ ਸਰਪੰਚਾਂ ਅਤੇ ਆਮ ਜਨਤਾ ਨੂੰ ਭਿ੍ਸ਼ਟਾਚਾਰ ਵਧਣ ਦੇ ਕਾਰਨਾਂ ਬਾਰੇ ਅਤੇ ਵਿਜੀਲੈਂਸ ਬਿਊਰੋ ਦੇ ਕੰਮ ਕਾਜ ਸੰਬੰਧੀ ਜਾਣੂ ਕਰਵਾਇਆ ਗਿਆ | ਐੱਸ.ਐੱਸ.ਪੀ. ਮੰਡੇਰ ਨੇ ਦੱਸਿਆ ਕਿ ਸੈਮੀਨਾਰਾਂ ਦੌਰਾਨ ਹਾਜ਼ਰ ਵਿਅਕਤੀਆਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ, ਜਾਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ, ਜਾਂ ਸਰਕਾਰੀ ਕੰਮ 'ਚ ਘਪਲੇਬਾਜ਼ੀ ਕਰਦਾ ਹੈ, ਤਾਂ ਇਸ ਸੰਬੰਧੀ ਵਿਜੀਲੈਂਸ ਬਿਊਰੋ ਦੇ ਟੋਲਫਰੀ ਨੰਬਰ 1800-1800-1000, ਵੈੱਬਸਾਈਟ ਅਤੇ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਵੱਟਸਐਪ ਨੰਬਰ 95012-00200 'ਤੇ ਜਾਂ ਫਿਰ ਦਫ਼ਤਰ ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ ਰੇਂਜ ਜਲੰਧਰ ਅਤੇ ਜ਼ਿਲ੍ਹਾ ਪੱਧਰ 'ਤੇ ਡੀ.ਐੱਸ.ਪੀ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿਖੇ ਜਾ ਕੇ ਸ਼ਿਕਾਇਤ ਕੀਤੀ ਜਾਵੇ | ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿਜੀਲੈਂਸ ਬਿਊਰੋ ਦਾ ਸਾਥ ਦਿੱਤਾ ਜਾਵੇ | ਐੱਸ.ਐੱਸ.ਪੀ. ਮੰਡੇਰ ਨੇ ਜਾਣਕਾਰੀ ਦਿੱਤੀ ਕਿ ਚੌਕਸੀ ਜਾਗਰੂਕਤਾ ਸਬੰਧੀ ਹੋਰਡਿੰਗ/ ਬੈਨਰ ਡਿਪਟੀ ਕਮਿਸ਼ਨਰ, ਤਹਿਸੀਲਾਂ ਅਤੇ ਐੱਸ.ਡੀ.ਐੱਮ ਦੇ ਦਫ਼ਤਰਾਂ 'ਚ ਅਤੇ ਪਬਲਿਕ ਸਥਾਨਾਂ ਜਿਵੇਂ ਕਿ ਬੱਸ ਅੱਡੇ, ਰੇਲਵੇ ਸਟੇਸ਼ਨਾਂ 'ਚ ਬੈਨਰ ਲਗਾਏ ਗਏ ਅਤੇ ਇਨ੍ਹਾਂ ਸਥਾਨਾਂ 'ਤੇ ਪੰਫਲੈਟ ਵੀ ਵੰਡੇ ਗਏ ਹਨ | ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਫ਼ਸਰਾਂ ਵਲੋਂ ਅਕਾਸ਼ਵਾਣੀ ਰੇਡੀਓ, ਦੂਰਦਰਸ਼ਨ ਅਤੇ ਸੋਸ਼ਲ ਮੀਡੀਆ 'ਤੇ ਵੀ ਭਿ੍ਸ਼ਟਾਚਾਰ ਨੂੰ ਰੋਕਣ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ | ਵੱਖ-ਵੱਖ ਸਮਾਗਮਾਂ 'ਚ ਹਾਜ਼ਰ ਆਏ ਜ਼ਿਲ੍ਹਾ ਅਟਾਰਨੀਆਂ ਵਲੋਂ ਵੀ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਸੰਬੰਧੀ ਜਾਣੂ ਕਰਵਾਇਆ ਗਿਆ ਅਤੇ ਅਧਿਕਾਰੀਆਂ/ ਪੱਤਵੰਤੇ ਸੱਜਣਾ ਵਲੋਂ ਵੀ ਭਿ੍ਸ਼ਟਾਚਾਰ ਨੂੰ ਰੋਕਣ ਸਬੰਧੀ ਵਿਜੀਲੈਂਸ ਬਿਊਰੋ ਦਾ ਸਾਥ ਦੇਣ ਲਈ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ |