ਇਕ ਵਾਰ ਕੁਦਰਤ ਨੇ ਕਿਸੇ ਖਾਸ ਕੰਮ ਲਈ ਆਪਣੇ ਧੀਆਂ-ਪੁੱਤਰਾਂ (ਜੰਗਲੀ ਜਾਨਵਰਾਂ) ਨੂੰ ਸੱਦਾ ਭੇਜਿਆ। ਇਸ ਕੰਮ ਦੀ ਜ਼ਿੰਮੇਵਾਰੀ ਜੰਗਲ ਦੇ ਰਾਜੇ ਸ਼ੇਰ ਦੀ ਲਾਈ ਗਈ। ਸ਼ੇਰ ਸਾਰੇ ਜਾਨਵਰਾਂ ਨੂੰ ਇਕੱਠੇ ਕਰਕੇ ਕੁਦਰਤ ਪਾਸ ਲੈ ਆਇਆ।
ਕੁਦਰਤ ਨੇ ਆਉਂਦਿਆਂ ਹੀ ਸਾਰੇ ਜਾਨਵਰਾਂ ਨੂੰ ਜੀ ਆਇਆਂ ਆਖਿਆ ਤੇ ਸਾਰਿਆਂ 'ਤੇ ਨਿਗ੍ਹਾ ਮਾਰਦਿਆਂ ਬੋਲੀ, 'ਲੂੰਬੜੀ ਨੀ ਆਈ'।'
'ਕੁਦਰਤ ਮਾਂ! ਮੈਂ ਉਸ ਨੂੰ ਵੀ ਕਿਹਾ ਸੀ ਪਰ ਪਤਾ ਨਹੀਂ ਕਿਉਂ ਨਹੀਂ ਆਈ?'
'ਮੈਂ ਸਮਝ ਗਈ। ਉਹ ਤੁਹਾਨੂੰ ਸਾਰਿਆਂ ਨੂੰ ਲੜਾ ਕੇ ਵਿਹਲੀ ਖਾਂਦੀ ਰਹਿੰਦੀ ਆ। ਉਸ ਨੇ ਸੋਚਿਆ ਹੋਵੇਗਾ ਕਿ ਜੇ ਸਾਰੇ ਇਕੱਠੇ ਹੋ ਗਏ ਤੇ ਮੈਂ ਕਿਵੇਂ ਖਾਵਾਂਗੀ ਤੇ ਮੈਨੂੰ ਵੀ ਕੁਝ ਨਾ ਕੁਝ ਕੰਮ ਕਰਨ ਪਵੇਗਾ। ਉਸ ਤੋਂ ਚੌਕਸ ਰਹੋ।'
ਏਨਾ ਕਹਿ ਕੇ ਕੁਦਰਤ ਨੇ ਸਾਰਿਆਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ। 'ਤੁਹਾਡਾ ਭਰਾ ਮੇਰਾ ਕਮਾਊ ਪੁੱਤ 'ਮਨੁੱਖ' ਮੇਰੇ ਨਾਲ ਰੁੱਸ ਗਿਆ ਹੈ। ਹੁਣ ਤਾਂ ਮੇਰੇ 'ਤੇ ਹੱਥ ਵੀ ਚੁੱਕਣ ਲੱਗ ਗਿਆ। ਕਦੇ ਮੇਰੇ 'ਤੇ ਕੁਹਾੜਾ ਚਲਾਉਂਦਾ ਹੈ, ਕਦੇ ਮੇਰੇ ਪਾਣੀ ਵਿਚ ਜ਼ਹਿਰ ਪਾ ਦਿੰਦਾ ਹੈ ਤੇ ਮੈਨੂੰ ਅੱਗ ਨਾਲ ਝੁਲਸਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ, ਜਿਸ ਨਾਲ ਤੁਹਾਡੇ ਘਰਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇਥੋਂ ਤੱਕ ਕਿ ਉਸ ਨੇ ਮੇਰੇ ਦੁਸ਼ਮਣ ਪ੍ਰਦੂਸ਼ਣ ਨਾਲ ਵੀ ਹੱਥ ਮਿਲਾ ਲਿਆ ਹੈ। ਉਸ ਦੀ ਸ਼ਹਿ 'ਤੇ ਪ੍ਰਦੂਸ਼ਣ ਨੇ ਮੇਰੇ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਤੁਹਾਨੂੰ ਇਕੱਠੇ ਕਰਨ ਦਾ ਮਕਸਦ ਇਹੀ ਹੈ ਕਿ ਇਸ ਤੋਂ ਪਹਿਲਾਂ ਕਿ ਪ੍ਰਦੂਸ਼ਣ ਹੋਰ ਭਾਰੀ ਹਮਲੇ ਕਰੇ, ਤੁਸੀਂ ਮਨੁੱਖ ਨੂੰ ਪਿਆਰ ਨਾਲ ਸਮਝਾ ਕੇ ਮੇਰੇ ਕੋਲ ਲੈ ਕੇ ਆਓ।'
ਮਨੁੱਖ ਨੂੰ ਮਨਾ ਕੇ ਕੁਦਰਤ ਕੋਲ ਲਿਆਉਣ ਲਈ ਸ਼ੇਰ, ਬਾਂਦਰ, ਤੇ ਭੇਡ ਦੀ ਜ਼ਿੰਮੇਵਾਰੀ ਆਪੋ-ਆਪਣੀ ਹੈਸੀਅਤ ਅਨੁਸਾਰ ਲਾ ਦਿੱਤੀ। ਸ਼ੇਰ ਜੰਗਲ ਦਾ ਰਾਜਾ ਤੇ ਵੱਧ ਤਾਕਤਵਰ ਹੋਣ ਕਰਕੇ ਉਨ੍ਹਾਂ ਦੀ ਸੁਰੱਖਿਆ ਤੇ ਹੋਰ ਕੰਮ ਵੀ ਉਸ ਨੂੰ ਦਿੱਤੇ ਗਏ।
ਸਾਰੇ ਆਪੋ-ਆਪਣੇ ਕੰਮਾਂ ਵਿਚ ਜੁਟ ਗਏ। ਸ਼ੇਰ, ਬਾਂਦਰ ਤੇ ਭੇਡ ਦੀ ਰਾਖੀ ਦੇ ਨਾਲ-ਨਾਲ ਉਨ੍ਹਾਂ ਦੇ ਕੰਮਾਂ 'ਤੇ ਵੀ ਨਜ਼ਰ ਰੱਖ ਰਿਹਾ ਸੀ।
ਬਾਂਦਰ ਬਹੁਤ ਚਲਾਕ ਸੀ। ਉਸ ਨੇ ਪਹਿਲਾਂ ਤਾਂ ਮਨੁੱਖ ਨਾਲ ਯਾਰੀ ਪਾਈ। ਉਹ ਹਰ ਰੋਜ਼ ਇਕੱਠੇ ਹੁੰਦੇ, ਬਾਂਦਰ ਮਨੁੱਖ ਨੂੰ ਤਰ੍ਹਾਂ-ਤਰ੍ਹਾਂ ਦੇ ਜੌਹਰ ਦਿਖਾ ਕੇ ਪ੍ਰਭਾਵਿਤ ਕਰਨ ਲੱਗਾ। ਉਹ ਹਰ ਰੋਜ਼ ਕੱਪੜੇ ਬਦਲਦਾ, ਕਦੇ ਸੂਤੀ, ਕਦੇ ਰੇਸ਼ਮੀ ਤੇ ਕਦੇ ਪਾਟੇ ਪੁਰਾਣੇ। ਕਦੇ ਨੱਚਣ-ਗਾਉਣਾ ਤੇ ਕਦੇ ਲੰਘਦੇ ਹਵਾਈ ਜਹਾਜ਼ ਵੱਲ ਦੇਖ ਟਪੂਸੀਆਂ ਮਾਰਨੀਆਂ ਆਦਿ। ਗੱਲ ਕੀ ਹਰ ਕੰਮ ਵਿਚ ਮਨੁੱਖ ਨੂੰ ਆਪਣੇ ਅਨੁਸਾਰ ਢਾਲ ਲਿਆ। ਜਿਹੜਾ ਕੰਮ ਬਾਂਦਰ ਤੋਂ ਰਹਿ ਗਿਆ ਸੀ, ਉਹ ਉਸ ਦੀ ਭੈਣ ਭੇਡ ਨੇ ਪੂਰਾ ਕਰ ਦਿੱਤਾ, ਚਾਲ 'ਚ ਚਾਲ ਮਿਲਾਉਣਾ। ਬਾਂਦਰ ਨੇ ਕੰਮ ਸ਼ੁਰੂ ਕਰਨਾ ਤੇ ਭੇਡ ਨੇ ਮਨੁੱਖ ਭਰਾਵਾਂ ਨੂੰ ਆਪਣੇ ਮਗਰ ਲਾ ਕੇ ਲਿਆਉਣਾ। ਦੋਵਾਂ ਦੇ ਕੰਮ ਵਿਚ ਅੰਤਰ ਭਾਵੇਂ ਥੋੜ੍ਹਾ ਹੀ ਸੀ ਪਰ ਭੈਣ ਭਰਾਵਾਂ ਨੇ ਪੂਰੀ ਮਿਹਨਤ ਨਾਲ ਮਨੁੱਖ ਨੂੰ ਆਪਣੇ ਮਗਰ ਲਾ ਹੀ ਲਿਆ ਤਾਂ ਕਿ ਉਸ ਨੂੰ ਕੁਦਰਤ ਕੋਲ ਅਸਾਨੀ ਨਾਲ ਲਿਜਾਇਆ ਜਾ ਸਕੇ। ਇਸ ਬਾਰੇ ਦੋਵਾਂ ਨੇ ਆਪਣੇ ਸੀਨੀਅਰ ਸ਼ੇਰ ਨੂੰ ਜਾਣਕਾਰੀ ਦੇ ਦਿੱਤੀ ਤੇ ਮਨੁੱਖ ਨੂੰ ਕੁਦਰਤ ਕੋਲ ਜਾਣ ਲਈ ਮਨਾ ਲਿਆ।
ਰਸਤਾ ਲੰਬਾ ਸੀ। ਬਾਂਦਰ ਨੇ ਆਪਣੇ ਦੋਸਤ ਮਨੁੱਖ ਲਈ ਥਾਂ-ਥਾਂ 'ਤੇ ਕਈ ਤਰ੍ਹਾਂ ਦੇ ਖਾਣੇ, ਪਹਿਰਾਵੇ ਤੇ ਹੋਰ ਸੁੱਖ-ਸਹੂਲਤਾਂ ਦਾ ਪ੍ਰਬੰਧ ਕਰ ਦਿੱਤਾ ਤੇ ਆਪਣੀ ਭੈਣ ਭੇਡ ਨੂੰ ਕਿਹਾ, 'ਭੈਣੇ! ਮੈਨੂੰ ਰਾਜਾ ਸਾਹਿਬ (ਸ਼ੇਰ) ਨੇ ਬੋਹੜ ਵਾਲੇ ਮੋੜ 'ਤੇ ਬੁਲਾਇਆ ਹੈ ਤੂੰ ਮਨੁੱਖ ਨੂੰ ਲੈ ਕੇ ਉਥੇ ਆ ਜਾਵੀਂ। ਉਥੇ ਮੈਂ ਮਨੁੱਖ ਭਰਾ ਦੇ ਖਾਣੇ ਦਾ ਇੰਤਜ਼ਾਮ ਵੀ ਕੀਤਾ। ਉਥੋਂ ਆਪਾਂ ਚਾਰੇ ਇਕੱਠੇ ਚੱਲਾਂਗੇ।
ਮਨੁੱਖ ਭੇਡ ਦੇ ਪਿੱਛੇ-ਪਿੱਛੇ ਚਲਦਾ ਹੋਇਆ ਬੋਹੜ ਵਾਲੇ ਮੋੜ 'ਤੇ ਪਹੁੰਚ ਗਿਆ। ਜਿਥੇ ਉਸ ਦੇ ਦੋਸਤ ਬਾਂਦਰ ਨੇ ਦੇਸੀ ਘਿਓ ਦੇ ਪਰੌਂਠੇ, ਲੱਸੀ, ਦੁੱਧ, ਪੀਜ਼ੇ, ਬਰਗਰ, ਕੋਕ ਆਦਿ ਰੱਖੇ ਹੋਏ ਸਨ।
'ਲੈ ਦੋਸਤ! ਜਿਹੜਾ ਤੇਰਾ ਜੀਅ ਕਰਦਾ ਖਾ ਲੈ, ਸਭ ਕੁਝ ਹਾਜ਼ਰ ਹੈ।' ਬਾਂਦਰ ਨੇ ਆਪਣੇ ਦੋਸਤ ਮਨੁੱਖ ਅੱਗੇ ਸਾਰੇ ਖਾਣੇ ਪਰੋਸ ਦਿੱਤੇ ਤੇ ਸਾਰੇ ਜਣੇ ਖਾਣ ਲਈ ਬੈਠ ਗਏ।
ਮਨੁੱਖ ਸੋਚ ਰਿਹਾ ਸੀ ਕਿ ਕੀ ਖਾਵੇ? ਬਾਂਦਰ ਨੇ ਪੀਜ਼ਾ ਖਾਣਾ ਸ਼ੁਰੂ ਕਰ ਦਿੱਤਾ ਤੇ ਫਿਰ ਮਨੁੱਖ ਨੇ ਵੀ ਪੀਜ਼ਾ ਚੁੱਕ ਲਿਆ।
ਖਾਣਾ ਖਾ ਕੇ ਅੱਗੇ ਤੁਰ ਪਏ ਤੇ ਕੁਝ ਦੂਰੀ 'ਤੇ ਕੱਪੜੇ ਬਦਲਣੇ ਸਨ। ਕੁਝ ਦੇਰ ਆਰਾਮ ਕਰਨ ਤੋਂ ਬਾਅਦ ਬਾਂਦਰ ਨੇ ਫਟੀ ਪੁਰਾਣੀ ਜੀਨ ਪਾ ਲਈ ਤਾਂ ਕਿ ਨਵੇਂ ਕੱਪੜੇ ਕੱਚੇ ਰਸਤੇ 'ਤੇ ਖਰਾਬ ਨਾ ਹੋਣ ਤੇ ਅਸਾਨੀ ਨਾਲ ਚਲਿਆ ਜਾ ਸਕੇ। ਮਨੁੱਖ ਵੀ ਆਪਣੇ ਦੋਸਤ ਵੰਗ ਫਟੀ ਪੁਰਾਣੀ ਜੀਨ ਪਾ ਕੇ ਤੁਰਨ ਲਈ ਤਿਆਰ ਹੋ ਗਿਆ। ਬਾਂਦਰ ਟਪੂਸੀਆਂ ਮਾਰਦਾ ਅਗਲੇ ਪੜਾਅ 'ਤੇ ਪਹਿਲਾਂ ਪਹੁੰਚ ਕੇ ਆਪਣੇ ਦੋਸਤ ਮਨੁੱਖ ਦੀ ਸੇਵਾ ਲਈ ਤਿਆਰੀ ਕਰਦਾ ਤੇ ਭੇਡ ਆਪਣੇ ਮਨੁੱਖ ਭਰਾ ਦੇ ਅੱਗੇ ਲੱਗ ਕੇ ਤੁਰ ਪੈਂਦੀ ਤੇ ਮਨੁੱਖ ਉਸ ਦੇ ਪਿੱਛੇ-ਪਿੱਛੇ ਅਗਲੇ ਪੜਾ 'ਤੇ ਪਹੁੰਚ ਜਾਂਦਾ। ਸ਼ੇਰ ਉਨ੍ਹਾਂ ਦੀ ਸੁਰੱਖਿਆ ਲਈ ਨਾਲ-ਨਾਲ ਚਲਦਾ।
ਨਦੀ ਕਿਨਾਰੇ ਪਹੁੰਚ ਕੇ ਚਾਰੇ ਇਕੱਠੇ ਹੋ ਗਏ। ਜਿਥੇ ਇਕ ਹੀਰਿਆਂ ਦੀ ਪਹਾੜੀ ਵੀ ਸੀ। ਪਹਿਲਾਂ ਬਾਂਦਰ ਤੇ ਫਿਰ ਭੇਡ ਨਦੀ ਪਾਰ ਕਰ ਗਈ। ਮਨੁੱਖ ਨਦੀ 'ਚ ਪੈਰ ਪਾ ਕੇ ਡਰਦਾ ਪਿਛੇ ਹਟ ਗਿਆ। ਉਸ ਨੂੰ ਨਦੀ ਪਾਰ ਕਰਵਾਉਣ ਲਈ ਸ਼ੇਰ ਨੇ ਆਪਣੀ ਪਿੱਠ 'ਤੇ ਬਿਠਾ ਲਿਆ। ਸ਼ੇਰ ਮਨੁੱਖ ਨੂੰ ਬਿਠਾ ਕੇ ਨਦੀ 'ਚ ਪੈਰ ਪਾਉਣ ਹੀ ਲੱਗਾ ਸੀ ਕਿ ਹੀਰਿਆਂ ਵਾਲੀ ਪਹਾੜੀ 'ਤੇ ਬੈਠੀ ਲੂੰਬੜੀ ਨੇ ਦੋ ਹੀਰੇ ਹੇਠਾਂ ਸੁੱਟ ਦਿੱਤੇ। ਸ਼ੇਰ ਦੀ ਪਿੱਠ 'ਤੇ ਬੈਠੇ ਮਨੁੱਖ ਨੇ ਛਾਲ ਮਾਰ ਕੇ ਹੀਰੇ ਚੁੱਕ ਲਏ। ਫਿਰ ਇਕ ਹੀਰਾ ਹੋਰ ਪਿੱਛੇ ਮੁੜਦੇ ਰਸਤੇ 'ਤੇ ਸੁੱਟ ਦਿੱਤਾ। ਮਨੁੱਖ ਨੇ ਉਹ ਵੀ ਚੁੱਕ ਲਿਆ। ਇਸ ਤਰ੍ਹਾਂ ਲੂੰਬੜੀ ਇਕ-ਇਕ ਹੀਰਾ ਸੁੱਟਦੀ ਗਈ ਤੇ ਮਨੁੱਖ ਪਿੱਛੇ-ਪਿੱਛੇ ਚੁਕਦਾ ਹੋਇਆ ਜੰਗਲ 'ਚੋਂ ਬਾਹਰ ਨਿਕਲ ਗਿਆ।
ਸ਼ੇਰ, ਬਾਂਦਰ ਤੇ ਭੇਡ ਮੂੰਹ ਲਟਕਾ ਕੇ ਕੁਦਰਤ ਮਾਂ ਕੋਲ ਪਹੁੰਚ ਗਏ।
'ਮਨੁੱਖ ਨੂੰ ਨਹੀਂ ਲੈ ਕੇ ਆਏ?', ਕੁਦਰਤ ਨੇ ਪੁੱਛਿਆ।
ਸਾਰੇ ਜਣੇ ਚੁੱਪ ਸਨ। ਬਾਂਦਰ ਤੇ ਭੇਡ, ਸ਼ੇਰ ਵੱਲ ਦੇਖ ਕੇ ਮੁਸਕਰੀਆ ਨਾਲ ਉਸ ਦਾ ਮਖੌਲ ਉਡਾ ਰਹੇ ਸਨ।
'ਤੁਸੀਂ ਬੋਲਦੇ ਕਿਉਂ ਨਹੀਂ?'
ਥੋੜ੍ਹੀ ਚੁਪ ਤੋਂ ਬਾਅਦ ਬਾਂਦਰ ਬੋਲਿਆ, 'ਕੁਦਰਤ ਮਾਂ! ਤੂੰ ਮੇਰਾ ਰੂਪ ਬਦਲ ਕੇ ਮਨੁੱਖ ਬਣਾ ਦਿੱਤਾ ਤੇ ਉਸ ਨੂੰ ਲੋਕ ਭਲਾਈ ਲਈ ਦਿਮਾਗ਼ ਵੀ ਦੇ ਦਿੱਤਾ। ਭਾਵੇਂ ਉਸ ਨੇ ਦਿਮਾਗ ਨਾਲ ਬਹੁਤ ਪ੍ਰਾਪਤੀਆਂ ਵੀ ਕਰ ਲਈਆਂ, ਪਰ ਉਸ ਨੇ ਐਸ਼ੋ-ਆਰਾਮ ਲਈ ਆਪਣੀ ਕੁਦਰਤ ਮਾਂ ਨਾਲ ਹੀ ਮੱਥਾ ਲਾ ਲਿਆ ਪਰ ਐਂ ਵੀ ਕਰਕੇ ਦਿਖਾ 'ਤੀ। ਉਸ ਮਨੁੱਖ ਦਾ ਰੂਪ ਤਾਂ ਨਹੀਂ ਬਦਲ ਸਕਿਆ ਪਰ ਆਦਤਾਂ 'ਚ ਤਾਂ ਆਪਣੇ ਬਰਾਬਰ ਕਰ ਹੀ ਲਿਆ ਤੇ ਭੈਣ ਭੇਡ ਵੀ ਆਪਣੇ ਮਕਸਦ ਵਿਚ ਕਾਮਯਾਬ ਹੋਈ ਹੈ। ਇਸ ਲਈ ਅਸੀਂ ਤਾਂ ਆਪਣੇ ਕੰਮ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਅ ਦਿੱਤੀ। ਹਾਰੇ ਤਾਂ ਰਾਜਾ ਸਾਹਿਬ ਨੇ। ਮਨੁੱਖ ਨੂੰ ਨਦੀ ਪਾਰ ਨਹੀਂ ਕਰਵਾ ਸਕੇ। ਲੂੰਬੜੀ ਆਪਣੀ ਚਾਲ ਖੇਡ ਗਈ।'
ਸ਼ੇਰ ਨਿੰਮੋਝੂਣਾ ਹੋਇਆ ਨੀਵੀਂ ਪਾਈ ਬੈਠਾ ਸੀ ਤੇ ਕੁਦਤ ਮਾਂ ਉਦਾਸ ਸੀ।
-ਪਿੰਡ ਕਾਹਨ ਸਿੰਘ ਵਾਲਾ, ਜ਼ਿਲ੍ਹਾ ਮੋਗਾ।
ਮੋਬਾਈਲ : 89686-00674