ਕਾਲਿਜ ਤੋਂ ਕੁਝ ਦਿਨਾਂ ਦੀ ਵਿਹਲ ਮਿਲੀ। ਮਾਸੀ ਦੇ ਪਿੰਡ ਜਾਣ ਦਾ ਮਨ ਬਣਿਆ। ਖ਼ੇਤਾਂ ਵਿਚ ਬਣਿਆ ਖੁੱਲ੍ਹਾ ਡੁੱਲ੍ਹਾ ਘਰ ਕੁਦਰਤ ਦੀ ਗੋਦ ਵਿਚ ਸਿਰ ਉਠਾਈ ਖੜ੍ਹਾ ਨਜ਼ਰ ਆਉਂਦਾ। ਖ਼ੇਤ ਵਿਚ ਖੜ੍ਹੀਆਂ ਫ਼ਸਲਾਂ ਦਾ ਰੰਗ ਰੂਪ ਸੁਪਨਿਆਂ ਨੂੰ ਪ੍ਰਵਾਜ਼ ਦਿੰਦਾ। ਸਵੇਰ ਸਾਰ ਮਾਸੜ ਜੀ ਖੇਤਾਂ ਨੂੰ ਤੁਰ ਜਾਂਦੇ। ਮਾਸੀ ਬੱਚਿਆਂ ਨੂੰ ਉਠਾ ਸਕੂਲ ਲਈ ਤਿਆਰ ਕਰਦੀ। ਖਾਣਾ ਬਣਾ ਬੱਚਿਆਂ ਨੂੰ ਸਕੂਲ ਤੋਰਦੀ। ਫਿਰ ਆਪ ਸਕੂਲ ਚਲੀ ਜਾਂਦੀ। ਮਗਰੋਂ ਮੈਨੂੰ ਘਰ ਦੇ ਬਜ਼ੁਰਗਾਂ ਤੇ ਪੰਛੀਆਂ ਦੀ ਸੰਗਤ ਮਿਲਦੀ। ਬਜ਼ੁਰਗ ਮਾਪੇ ਮਿੱਠੇ ਬੋਲਾਂ ਰੂਪੀ ਮੋਹ ਵੰਡਦੇ। ਪੰਛੀਆਂ ਦੀਆਂ ਮਨ ਮੋਂਹਦੀਆਂ ਆਵਾਜ਼ਾਂ ਸਕੂਨ ਦਿੰਦੀਆਂ। ਅਜਿਹੇ ਮਾਹੌਲ ਵਿਚ ਸ਼ਬਦਾਂ ਨਾਲ਼ ਸੰਵਾਦ ਰਚਾਉਣਾ ਚੰਗਾ ਲਗਦਾ। ਪੁਸਤਕਾਂ ਵਿਚਲੇ ਸ਼ਬਦ ਬੋਲਦੇ ਪ੍ਰਤੀਤ ਹੁੰਦੇ।
ਇਕ ਰੋਜ਼ ਮਾਸੀ ਜੀ ਦੇ ਸਕੂਲ ਜਾਣ ਦਾ ਮੌਕਾ ਮੇਲ ਬਣਿਆ। ਸੈੱਲਫ ਸਮਾਰਟ ਸਕੂਲ ਸੀ। ਰੰਗ ਰੋਗਨ, ਭਾਵਪੂਰਤ ਵਿਚਾਰਾਂ ਤੇ ਨਕਸ਼ਿਆਂ ਨਾਲ ਸਜਿਆ ਸੰਵਰਿਆ। ਮੈਂ ਲਾਇਬਰੇਰੀ ਵਿਚ ਜਾ ਬੈਠੀ। ਵਿਦਿਆਰਥੀ ਉੱਥੇ ਆਉਂਦੇ ਜਾਂਦੇ। ਸਾਰੇ ਅਧਿਆਪਕ ਆਪੋ ਆਪਣੇ ਕੰਮਾਂ ਵਿਚ ਜੁਟੇ ਨਜ਼ਰ ਆਏ। ਬਾਹਰ ਬੈਠੀ ਅਧਿਆਪਕਾ ਕੋਲ ਖੜ੍ਹੇ ਬਾਪ ਦੇ ਬੋਲ ਸੁਣੇ, ਬੀਬਾ, 'ਮੇਰੀ ਧੀ ਨੌਵੀਂ ਵਿਚ ਪੜ੍ਹਦੀ ਐ। ਮੈਂ ਦਿਹਾੜੀ ਮਜ਼ਦੂਰੀ ਕਰਕੇ ਮਸਾਂ ਘਰ ਦਾ ਖਰਚਾ ਤੋਰਦਾਂ। ਅੱਠਵੀਂ ਤੋਂ ਬਾਅਦ ਬੈਂਕ ਖਾਤੇ ਵਿਚ ਵਜੀਫ਼ਾ ਨੀਂ ਆਇਆ' ।
'ਦੋਖੋ ਜੀ, ਵਜੀਫਾ ਤਾਂ ਸਰਕਾਰ ਨੇ ਭੇਜਣਾ। ਸਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ। ਬਾਕੀ ਤੁਸੀਂ ਜਾਂਦੇ ਵਕਤ ਪ੍ਰਿੰਸੀਪਲ ਸਰ ਨਾਲ ਗੱਲ ਕਰ ਲੈਣਾ'।
ਅਧਿਆਪਕਾ ਦੀ ਗੱਲ ਸੁਣ ਮਜ਼ਦੂਰ ਬਾਪ ਦਫ਼ਤਰ ਵੱਲ ਹੋ ਤੁਰਿਆ।
ਅੱਧੀ ਛੁੱਟੀ ਹੋਈ। ਅਧਿਆਪਕਾਵਾਂ ਖਾਣਾ ਖਾਣ ਲਈ ਬੈਠੀਆਂ। ਡੱਬੇ ਖੁੱਲ੍ਹੇ ਤੇ ਸਬਜ਼ੀਆਂ ਦੀ ਮਹਿਕ ਬਿਖਰੀ। 'ਸਵੇਰ ਦੀ ਹੁਣ ਰੋਟੀ ਨਸੀਬ ਹੋਈ ਐ। ਖ਼ਾਲੀ ਪੀਰੀਅਡ ਚਾਹ ਪੀਣ ਦਾ ਵਕਤ ਮਿਲਿਆ। ਉਹ ਸਿੱਖਿਆ ਸੁਧਾਰ ਕਮੇਟੀ ਵਾਲਿਆਂ ਨੇ ਖਾ ਲਿਆ। ਨਾ ਪੜ੍ਹਨਾ ਨਾ ਪੜ੍ਹਾਉਣਾ। ਕਾਗਜ਼ ਪੱਤਰਾਂ ਨਾਲ ਸੁਧਾਰ ਕਰਨ ਤੁਰੇ ਆ'।
ਇਕ ਅਧਿਆਪਕਾ ਨੇ ਸੱਚ 'ਤੇ ਉਂਗਲ ਧਰੀ।
ਸ਼ੀਲਾ ਮੈਡਮ, 'ਇਕ ਗੱਲ ਦੀ ਸਮਝ ਨੀਂ ਆਉਂਦੀ ਕਿ ਸੁਧਾਰ ਪੜ੍ਹਾਉਣ ਨਾਲ ਹੋਣਾ ਕਿ ਚੈਕਿੰਗ ਨਾਲ। ਜਦੋਂ ਜੀਅ ਕਰਦਾ ਆ ਕੇ ਪੜ੍ਹਾਈ ਦਾ ਕੰਮ ਰੋਕ ਦੇਣਗੇ। ਪ੍ਰਿੰਸੀਪਲ ਸਰ ਵੀ ਚੁੱਪ ਵੱਟ ਜਾਂਦੇ ਨੇ'। ਦੂਸਰੀ ਅਧਿਆਪਕਾ ਨੇ ਗੱਲ ਅਗਾਂਹ ਤੋਰੀ।
'ਸਾਰੇ ਵਕਤ ਲੰਘਾਉਂਦੇ ਆ। ਆਪਣੀ ਡਿਊਟੀ ਤੇ ਆਪਣੇ ਆਪ ਨੂੰ ਬਚਾਉਂਦੇ। ਸਿੱਖਿਆ ਵਿਚ ਸੁਧਾਰ ਤਾਂ ਬੱਸ ਕਹਿਣ, ਸੁਣਨ ਦੀਆਂ ਗੱਲਾਂ ਨੇ। ਅੱਧਖੜ੍ਹ ਉਮਰ ਦੀ ਅਧਿਆਪਕਾ ਨੇ ਗੱਲ ਨਿਬੇੜੀ'।
ਖਾਣੇ ਤੋਂ ਵਿਹਲੇ ਹੋ ਉਨ੍ਹਾਂ ਆਨ ਲਾਈਨ ਰਜਿਸਟਰੇਸ਼ਨ ਤੇ ਡਾਕ ਦਾ ਕੰਮ ਫੜ ਲਿਆ। ਸਾਰੀਆਂ ਦੀਆਂ ਉਂਗਲਾਂ ਆਪੋ ਆਪਣੇ ਮੋਬਾਈਲਾਂ ਤੇ ਥਿਰਕਣ ਲੱਗੀਆਂ। ਮੇਰੇ ਮਸਤਕ ਤੇ ਚੁੱਪ ਚਾਪ ਰਹਿਣ ਵਾਲ਼ੀ ਸਹਿਪਾਠਣ ਦੇ ਬੋਲ ਦਸਤਕ ਦੇਣ ਲੱਗੇ, 'ਮੇਰੇ ਪਾਪਾ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਹਨ। ਸਕੂਲ ਦੇ ਕੰਮਾਂ ਵਿਚ ਹੀ ਰੁੱਝੇ ਰਹਿੰਦੇ। ਡਾਕ, ਸਟਾਫ਼ ਤੇ ਸਕੂਲ ਪ੍ਰਬੰਧ ਹੀ ਉਨ੍ਹਾਂ ਦੀ ਪਹਿਲ ਹੁੰਦੀ। ਉਨ੍ਹਾਂ ਕੋਲ ਪਰਿਵਾਰ ਵਿਚ ਮਿਲ ਬੈਠਣ ਦਾ ਵਕਤ ਨਹੀਂ ਹੁੰਦਾ। ਘਰ ਦੇ ਸਾਰੇ ਕੰਮ ਅਸੀਂ ਮੰਮਾਂ ਨਾਲ ਵੰਡ ਕੇ ਕਰਦੇ ਰਹੇ। ਅਸੀਂ ਉਨ੍ਹਾਂ ਦਾ ਮੁਸਕਰਾਉਂਦਾ ਚਿਹਰਾ ਵੇਖਣ ਨੂੰ ਤਰਸਦੇ ਰਹਿੰਦੇ। ਉਨ੍ਹਾਂ ਦੀ ਨੌਕਰੀ ਨਾਲ ਅਸੀਂ ਆਰਥਿਕ ਪੱਖੋਂ ਜ਼ਰੂਰ ਖੁਸ਼ਹਾਲ ਹੋਏ। ਪਰ ਮਾਨਸਿਕ ਪੱਖੋਂ ਗ਼ਰੀਬ ਰਹੇ। ਭਲਾ ਇਹ ਵੀ ਕੀ ਨੌਕਰੀ ਹੋਈ! ਜਿਹੜੀ ਦਿਨ ਰਾਤ ਸਿਰ ਚੜ੍ਹੀ ਰਹੇ। ਘਰ ਦੇ ਬਾਲ ਬੱਚਿਆਂ ਦੇ ਸੁਪਨਿਆਂ ਤੇ ਚਾਵਾਂ ਦੀ ਪ੍ਰਵਾਹ ਨਾ ਕਰੇ'।
ਮੇਰਾ ਜੁਆਬ ਹੁੰਦਾ, ਇਹ ਸੁਆਲ ਸਿੱਖਿਆ ਵਿਭਾਗ ਦੇ ਅਫ਼ਸਰਾਂ ਤੇ ਸਰਕਾਰਾਂ ਨੂੰ ਪੁੱਛਣਾ ਬਣਦਾ!
ਧਿਆਨ ਸਕੂਲ ਮਿੱਡ ਡੇ ਮੀਲ ਦੇ ਭਾਂਡੇ ਸਾਂਭਦੀਆਂ ਗੱਲੀਂ ਜੁਟੀਆਂ ਬੀਬੀਆਂ ਵੱਲ ਗਿਆ।
'ਅੱਜ ਕੱਲ੍ਹ ਨੌਕਰੀਆਂ ਕਰਨੀਆਂ ਸੌਖੀਆਂ ਨੀਂ। ਕਦੇ ਕਦੇ ਮੈਨੂੰ ਫੂਲੇ ਪੱਤੀ ਵਾਲਿਆਂ ਦੀ ਨੂੰਹ ਕੰਮ ਨੂੰ ਬੁਲਾ ਲੈਂਦੀ ਹੈ। ਉਹ ਦੋਵੇਂ ਜੀਅ ਸਕੂਲ ਪੜ੍ਹਾਉਂਦੇ ਆ। ਘਰ ਆ ਕੇ ਵੀ ਦੋਵੇਂ ਜੀਅ ਸਕੂਲ ਦੇ ਕੰਮਾਂ ਵਿਚ ਹੀ ਉਲਝੇ ਰਹਿੰਦੇ ਆ। ਕਮਰਿਆਂ ਵਿਚ ਥਾਂ ਥਾਂ ਪਏ ਪੇਪਰ। ਬੱਚੇ ਸਕੂਲੋਂ ਆ ਕੇ ਕੰਮ ਨੂੰ ਜੁਟ ਜਾਂਦੇ। ਉਹ ਦੋਵੇਂ ਜੀਅ ਫੋਨ ਘੁੰਮਾਉਂਦੇ , ' ਹੈਲੋ! ਮੈਂ ਅਰਸ਼ ਦੀ ਮੈਡਮ ਬੋਲਦੀ ਆਂ। ਬੇਟੀ ਦਾ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਕਰਵਾ ਕੇ ਕੱਲ੍ਹ ਤੱਕ ਦੱਸ ਦੇਣਾ। ਫ਼ੋਨ ਜਮਾਤ ਦੇ ਬੱਚਿਆਂ, ਨਾਲ ਦੇ ਅਧਿਆਪਕਾਂ ਤੇ ਪ੍ਰਿੰਸੀਪਲ ਨੂੰ ਕਰਦੇ, ਸੁਣਦੇ'।
ਆਹ ਫੋਨਾਂ ਦੀ ਪੜ੍ਹਾਈ ਨੇ ਅਧਿਆਪਕਾਂ ਦੇ ਨਾਲ ਨਾਲ ਮਾਪਿਆਂ ਤੇ ਬੱਚਿਆਂ ਦਾ ਗੁੱਗਾ ਵੀ ਪੂਜ ਦਿੱਤਾ'। ਸਹਿਜ ਸੁਭਾਅ ਬੋਲਦੀ ਬੀਬੀ ਬਹੁਤ ਕੁਸ਼ ਬਿਆਨ ਕਰ ਗਈ।
ਸਕੂਲ ਤੋਂ ਵਾਪਸ ਪਰਤਦਿਆਂ ਵੈਨ ਵਿਚ ਹਾਸੇ, ਮੁਸਕਾਨਾਂ ਦੀ ਮਹਿਕ ਬਿਖਰੀ। ਸਾਰੇ ਅਧਿਆਪਕਾਂ ਦੇ ਚਿਹਰਿਆਂ ਤੇ ਸੰਤੁਸ਼ਟੀ ਦੀ ਝਲਕ ਦਿਸੀ।
'ਕੰਮ ਤਾਂ ਜ਼ਿੰਦਗੀ ਦਾ ਕਰਮ ਹੁੰਦਾ। ਔਖ ਸੌਖ ਵੀ ਨਾਲ ਚਲਦੀ ਐ। ਉਹ ਵੀ ਆਪਣੇ ਹੀ ਭੈਣ ਭਰਾ ਨੇ। ਜਿਹੜੇ ਥੋੜ੍ਹੀਆਂ ਤਨਖਾਹਾਂ 'ਤੇ ਸੈਂਕੜੈ ਮੀਲ ਦੂਰ ਨੌਕਰੀਆਂ 'ਤੇ ਜਾਂਦੇ ਨੇ। ਇਹ ਸਭ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦਾ ਨਤੀਜਾ ਹੈ। ਜਿਨ੍ਹਾਂ ਨੂੰ ਇਕੱਠੇ ਹੋ ਕੇ ਸੰਘਰਸ਼ਾਂ ਨਾਲ ਮਾਤ ਦਿੱਤੇ ਬਿਨਾਂ ਨੀਂ ਸਰਨਾ'।
ਇਕ ਨੌਜਵਾਨ ਅਧਿਆਪਕ ਦੇ ਉਤਸ਼ਾਹੀ ਬੋਲਾਂ ਨੂੰ ਸਾਰਿਆਂ ਨੇ ਹੁੰਗਾਰਾ ਦਿੱਤਾ।
ਦਿਨ ਭਰ ਦਾ ਇਹ ਸਾਥ ਮੈਨੂੰ ਆਪਣੇ ਪੁਰਾਣੇ ਸਕੂਲ ਹੋਏ ਸਨਮਾਨ ਸਮਾਰੋਹ ਤੱਕ ਲੈ ਗਿਆ। ਜਿਸ ਵਿਚ ਸਕੂਲੋਂ ਪੜ੍ਹ ਕੇ ਸਫ਼ਲ ਹੋਈਆਂ ਦਰਜਨ ਭਰ ਵਿਦਿਆਰਥਣਾਂ ਵੀ ਸ਼ਾਮਲ ਸਨ। ਕਾਲਜ ਲੈਕਚਰਾਰ ਵਜੋਂ ਕੰਮ ਕਰਦੀ ਵਿਦਿਆਰਥਣ ਬੋਲੀ, 'ਅਸਲ ਸਨਮਾਨ ਦੇ ਹੱਕਦਾਰ ਤਾਂ ਸਕੂਲ਼ ਦੇ ਮਿਹਨਤੀ ਅਧਿਆਪਕ ਹਨ ਜਿਹੜੇ ਸਾਡੇ ਲਈ ਜ਼ਿੰਦਗੀ ਵਿਚ ਅੱਗੇ ਵਧਣ ਤੇ ਮੰਜ਼ਿਲ ਪਾਉਣ ਦੀ ਪ੍ਰੇਰਨਾ ਬਣੇ। ਅਧਿਆਪਕਾਂ ਤੋਂ ਮਿਲਿਆ ਗਿਆਨ, ਲਾਇਬਰੇਰੀ ਵਿਚ ਬੈਠ ਲੱਗੀ ਮਿਹਨਤ ਦੀ ਜਾਗ। ਪ੍ਰਿੰਸੀਪਲ ਸਰ ਦੀ ਹੱਲਾਸ਼ੇਰੀ ਤੇ ਅਗਵਾਈ ਜਿਹੇ ਸੁੱਚੇ ਮੋਤੀ ਸਾਡੀ ਜ਼ਿੰਦਗੀ ਰੁਸ਼ਨਾ ਗਏ। ਅਸੀਂ ਗਿਆਨ ਤੇ ਚੇਤਨਾ ਦੀ ਲੋਅ ਵੰਡਦਿਆਂ ਇਸ ਰਿਣ ਨੂੰ ਚੁਕਾਉਣ ਲਈ ਹਮੇਸ਼ਾ ਯਤਨਸ਼ੀਲ ਰਹਾਂਗੀਆਂ'।
ਤਾੜੀਆਂ ਦੀ ਗੂੰਜ ਸੱਚੇ ਬੋਲਾਂ ਨੂੰ ਹੁਲਾਰਾ ਦੇ ਗਈ। ਅਜੋਕੇ ਸਮਿਆਂ ਵਿਚ ਖੁਦ ਨੌਕਰੀ ਦੀ ਔਖ ਸੌਖ ਝੇਲਦੇ। ਆਪਣੇ ਵਿਦਿਆਰਥੀਆਂ ਨੂੰ ਗਿਆਨ, ਪ੍ਰੇਰਨਾ, ਮਿਹਨਤ ਤੇ ਹੱਲਾਸ਼ੇਰੀ ਜਿਹੇ ਸੁੱਚੇ ਮੋਤੀਆਂ ਦੀਆਂ ਦਾਤਾਂ ਵੰਡਦੇ।
ਇਹ ਦਾਤੇ ਮੈਨੂੰ ਚੰਗੇ ਭਵਿੱਖ ਦੀ ਆਸ ਨਜ਼ਰ ਆਉਂਦੇ ਹਨ।
-ਸੁਤੰਤਰਤਾ ਸੈਨਾਨੀ ਨਿਵਾਸ, ਆਦੇਸ਼ ਨਗਰ, ਸ਼੍ਰੀ ਮੁਕਤਸਰ ਸਾਹਿਬ
ਸੰਪਰਕ: salamzindgi88@gmail.com