ਚੰਡੀਗੜ੍ਹ, 22 ਮਈ (ਸੰਦੀਪ ਕੁਮਾਰ ਮਾਹਨਾ) - ਵਾਤਾਵਰਨ ਦੀ ਸੁਰੱਖਿਆ ਤੇ ਵਿਗਿਆਨਕ ਕੂੜਾ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਗਰ ਨਿਗਮ ਚੰਡੀਗੜ੍ਹ ਵਲੋਂ ਅੱਜ ਡੱਡੂ ਮਾਜਰਾ ਡੰਪਿੰਗ ਗਰਾਊਾਡ 'ਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਦੌਰਾਨ ਡੰਪਿੰਗ ਸਾਈਟ 'ਤੇ ਪਏ ਗੈਰ-ਜੈਵਿਕ ਕਚਰੇ ਨੂੰ ਇਕੱਠਾ ਕਰਕੇ ਉਸ ਦੇ ਵਿਗਿਆਨਕ ਨਿਪਟਾਰੇ ਲਈ ਡਰਾਈ ਵੇਸਟ ਪ੍ਰੋਸੈਸਿੰਗ ਪਲਾਂਟ ਭੇਜਿਆ ਗਿਆ | ਸਫ਼ਾਈ ਮੁਹਿੰਮ ਦੀ ਅਗਵਾਈ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਤੇ ਮੁੱਖ ਇੰਜੀਨੀਅਰ ਸੰਜੇ ਅਰੋੜਾ ਨੇ ਕੀਤੀ | ਦੋਵੇਂ ਅਧਿਕਾਰੀਆਂ ਨੇ ਸਫ਼ਾਈ ਕਰਮਚਾਰੀਆਂ ਨਾਲ ਮੈਦਾਨ 'ਚ ਉਤਰ ਕੇ ਪਲਾਸਟਿਕ, ਲਿਫ਼ਾਫ਼ੇ, ਰਬੜ, ਕੱਪੜੇ ਤੇ ਹੋਰ ਗੈਰ-ਜੈਵਿਕ ਕਚਰਾ ਖ਼ੁਦ ਇਕੱਠਾ ਕੀਤਾ | ਨਗਰ ਨਿਗਮ ਵਲੋਂ ਚਲਾਈ ਗਈ ਇਸ ਮੁਹਿੰਮ ਦੌਰਾਨ ਕਰੀਬ 22 ਟਨ ਗੈਰ-ਜੈਵਿਕ ਕੂੜਾ ਇਕੱਠਾ ਕੀਤਾ ਗਿਆ ਜਿਸ ਨੂੰ ਪ੍ਰੋਸੈਸਿੰਗ ਅਤੇ ਵਿਗਿਆਨਕ ਨਿਪਟਾਰੇ ਲਈ ਡਰਾਈ ਵੇਸਟ ਪ੍ਰੋਸੈਸਿੰਗ ਪਲਾਂਟ ਭੇਜਿਆ ਗਿਆ | ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਚੰਡੀਗੜ੍ਹ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਵਾਤਾਵਰਨ ਪੱਖੋਂ ਟਿਕਾਊ ਸ਼ਹਿਰ ਬਣਾਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ |