ਚੰਡੀਗੜ੍ਹ, 3 ਅਪ੍ਰੈਲ (ਅਜੀਤ ਬਿਊਰੋ)-ਆਗਾਮੀ ਹਾਈ-ਟਰਾਂਸਮਿਸ਼ਨ ਸੀਜ਼ਨ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਫੈਸਲਾਕੁੰਨ ਕਦਮ ਚੁੱਕਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਂਝੇ ਤੌਰ 'ਤੇ ਉਚ-ਪੱਧਰੀ ਸਟੇਟ ਟਾਸਕ ਫੋਰਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਤਾਂ ਜੋ ਸੂਬੇ ਭਰ ਵਿਚ ਵੈਕਟਰ-ਬੋਰਨ , ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਜ਼ੂਨੋਟਿਕ ਬਿਮਾਰੀਆਂ ਵਿਰੁੱਧ ਏਕੀਕਿ੍ਤ ਪ੍ਰਤੀਕਿਰਿਆ ਤਿਆਰ ਕੀਤੀ ਜਾ ਸਕੇ | ਸੰਬੰਧਤ ਵਿਭਾਗਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਡੇਂਗੂ, ਮਲੇਰੀਆ, ਚਿਕਨਗੁਨੀਆ, ਰੇਬੀਜ਼ ਅਤੇ ਲੈਪਟੋਸਪਾਇਰੋਸਿਸ ਵਰਗੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਮਨੁੱਖਾਂ, ਜਾਨਵਰਾਂ ਅਤੇ ਵਾਤਾਵਰਨ ਸਿਹਤ ਰਣਨੀਤੀਆਂ ਨੂੰ ਏਕੀਕਿ੍ਤ ਕਰਨ ਵਾਲੀ 'ਵਨ ਹੈਲਥ ' ਪਹੁੰਚ ਦੀ ਬਹੁਤ ਲੋੜ ਹੈ | ਉਨ੍ਹਾਂ ਨੇ ਸਿਹਤ ਵਿਭਾਗ ਨਿਰੰਤਰ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਲ 2021 ਵਿਚ ਡੇਂਗੂ ਦੇ 23,389 ਕੇਸ ਸਾਹਮਣੇ ਆਏ ਸਨ, ਜੋ ਸਾਲ 2025 ਵਿਚ ਘੱਟ ਕੇ ਸਿਰਫ਼ 4,981 ਰਹਿ ਗਏ ਹਨ, ਜਦੋਂ ਕਿ ਇਸੇ ਸਮੇਂ ਦੌਰਾਨ ਸਬੰਧਿਤ ਮੌਤਾਂ ਦੀ ਗਿਣਤੀ 55 ਤੋਂ ਘੱਟ ਕੇ ਸਿਰਫ਼ 8 ਰਹਿ ਗਈ ਹੈ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿਵਾਇਆ ਕਿ ਵਿੱਤ ਵਿਭਾਗ ਸਥਿਤੀ ਵਿਚ ਸੁਧਾਰ ਨੂੰ ਬਰਕਰਾਰ ਰੱਖਣ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ | ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਾਰੀਆਂ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਵਰਕਸ਼ਾਪਾਂ ਨੂੰ ਏਡੀਜ਼ ਮੱਛਰ ਲਈ ਬਰੀਡਿੰਗ ਗਰਾਊਾਡ ਬਣਦੇ ਟਾਇਰਾਂ ਅਤੇ ਵਾਹਨਾਂ ਦੇ ਕਬਾੜ ਹੋਏ ਪੁਰਜ਼ਿਆਂ ਦੇ ਸਮੇਂ ਸਿਰ ਨਿਬੇੜੇ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਉਨ੍ਹਾਂ ਨੇ ਸਾਰੇ ਭਾਈਵਾਲਾਂ ਨੂੰ ਸਾਲ 2026 ਵਿਚ ਬਿਮਾਰੀ ਮੁਕਤ ਪੰਜਾਬ ਦੀ ਸਿਰਜਣਾ ਲਈ ਯਤਨਾਂ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ | ਮੀਟਿੰਗ ਵਿਚ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਕੁਮਾਰ ਰਾਹੁਲ, ਮੈਂਬਰ ਪੰਜਾਬ ਵਿਕਾਸ ਕਮਿਸ਼ਨ ਅਨੁਰਾਗ ਕੁੰਡੂ, ਐਮ ਡੀ ਪੀ.ਐਚ.ਐਸ.ਸੀ. ਅਮਿਤ ਤਲਵਾੜ, ਸਕੱਤਰ ਸਥਾਨਕ ਸਰਕਾਰਾਂ ਮਨਜੀਤ ਸਿੰਘ ਬਰਾੜ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਅਦਿਤੀ ਸਲਾਰੀਆ, ਡਾਇਰੈਕਟਰ (ਈ.ਐਸ.ਆਈ.) ਡਾ. ਅਨਿਲ ਕੁਮਾਰ ਗੋਇਲ, ਡਿਪਟੀ ਡਾਇਰੈਕਟਰ ਡਾ. ਮੰਜੂ ਬਾਂਸਲ, ਸਹਾਇਕ ਡਾਇਰੈਕਟਰ ਡਾ. ਮਨਮੀਤ ਕੌਰ, ਸਟੇਟ ਪ੍ਰੋਗਰਾਮ ਅਫਸਰ ਐਨ.ਵੀ.ਬੀ.ਡੀ.ਸੀ.ਪੀ. ਡਾ. ਅਰਸ਼ਦੀਪ ਕੌਰ, ਡਾ. ਪ੍ਰਭਲੀਨ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ |