ਬਰਨਾਲਾ, 9 ਜੁਲਾਈ (ਅਸ਼ੋਕ ਭਾਰਤੀ)-ਭਾਰਤ ਦੀਆਂ 4 ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕਿਸਾਨ ਏਕਤਾ ਕੇਂਦਰ, ਸੰਗਰਾਮੀ ਕਿਸਾਨ ਸੰਮਤੀ ਅਤੇ ਕ੍ਰਾਂਤੀਕਾਰੀ ਕਿਸਾਨ ਮੰਚ ਵਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਨਵੈੱਨਸ਼ਨ ਕੀਤੀ ਗਈ। ਇਸ ਮੌਕੇ ਦਿਨੋਂ ਦਿਨ ਗਹਿਰੇ ਹੋ ਰਹੇ ਖੇਤੀਬਾੜੀ ਸੰਕਟ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਮਨਜੀਤ ਸਿੰਘ ਧਨੇਰ, ਮੋਨੂੰ ਤੋਮਰ, ਸ਼ਿਵਦੇਵ ਸਿੰਘ, ਰੰਜਨਾ, ਸੌਰਿਆ ਮਜੂਮਦਾਰ, ਸੰਜੀਵ ਤੋਮਰ, ਆਸ਼ੂ ਵਰਮਾ, ਹਰਜਿੰਦਰ ਕੌਰ, ਸੋਰੇਦਰ ਨਾਥ ਚੈਟਰਜੀ ਅਤੇ ਸ਼ਰੇਆ ਤੇ ਆਧਾਰਤ ਅੱਠ ਮੈਂਬਰੀ ਪ੍ਰਧਾਨਗੀ ਮੰਡਲ ਬਣਾਇਆ ਗਿਆ। ਇਸ ਦੌਰਾਨ ਵਿੱਛੜੇ ਸਾਥੀਆਂ ਨੂੰ 2 ਮਿੰਟ ਦਾ ਮੋਨ ਧਾਰਨ ਕਰ ਕੇ ਅਜਮੇਰ ਅਕਲੀਆ ਦੇ ਗੀਤ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਕਨਵੈੱਨਸ਼ਨ/ਵਿਚਾਰ ਚਰਚਾ ਨੂੰ ਤਿੰਨ ਸੈਸ਼ਨਾਂ ਵਿਚ ਵੰਡਿਆ ਗਿਆ। ਪਹਿਲੇ ਸੈਸ਼ਨ ਵਿਚ ਹਰ ਜਥੇਬੰਦੀ ਨੇ ਆਪੋ ਆਪਣੀ ਜਾਣ ਪਛਾਣ, ਮਹੱਤਵਪੂਰਨ ਗਤੀਵਿਧੀਆਂ, ਕੀਤੇ ਸੰਘਰਸ਼, ਕੰਮਕਾਜ ਅਤੇ ਸੰਗਠਨ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ। ਦੂਜੇ ਸੈਸ਼ਨ ਵਿਚ ਖੇਤੀਬਾੜੀ ਖੇਤਰ ਦੀ ਸਥਿਤੀ ਅਤੇ ਸਮੱਸਿਆਵਾਂ ਅਤੇ ਤੀਜੇ ਸੈਸ਼ਨ ਵਿਚ ਭਾਰਤ ਪੱਧਰ ’ਤੇ ਕਿਸਾਨ ਅੰਦੋਲਨ ਨੂੰ ਦਰਪੇਸ਼ ਚੁਨੌਤੀਆਂ ਅਤੇ ਉਨ੍ਹਾਂ ਦਾ ਟਾਕਰਾ ਕਰਨ ਲਈ ਚਰਚਾ ਕੀਤੀ ਗਈ। ਚਰਚਾ ਦੌਰਾਨ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ, ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਸਿੰਘ ਪੂਹਲਾ, ਕਿਸਾਨ ਏਕਤਾ ਕੇਂਦਰ ਵਲੋਂ ਮੋਹਿਤ ਪੁੰਡੀਰ, ਪ੍ਰਵੀਨ ਚੌਧਰੀ, ਕ੍ਰਾਂਤੀਕਾਰੀ ਕਿਸਾਨ ਮੰਚ ਵਲੋਂ ਚੰਦਨ, ਹਿਮਾਂਸ਼ੂ, ਲਾਲੂ ਤਿਵਾੜੀ, ਸੰਗਰਾਮੀ ਕਿਸਾਨ ਸੰਮਤੀ ਵਲੋਂ ਸੋਰੇਦਰ ਨਾਥ ਚੈਟਰਜੀ, ਪਰਾਗ ਨੇ ਆਪੋ ਆਪਣੀ ਜਥੇਬੰਦੀ ਦੀ ਜਾਣ ਪਛਾਣ ਕਰਵਾਉਣ ਦੇ ਨਾਲ-ਨਾਲ, ਕੰਮ ਖੇਤਰ ਅੰਦਰ ਖੇਤੀਬਾੜੀ ਸੰਕਟ ਦੀਆਂ ਸਮੱਸਿਆਵਾਂ, ਜਥੇਬੰਦਕ ਸੰਘਰਸ਼ ਦੀ ਰੂਪ ਰੇਖਾ, ਤਜਰਬੇ ਸਾਂਝੇ ਕੀਤੇ। ਸੰਕਟ ਬਾਰੇ ਗੱਲ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਦੁਨੀਆ ਅੰਦਰ ਸਾਮਰਾਜੀ ਪ੍ਰਬੰਧ ਗਹਿਰੇ ਆਰਥਿਕ ਸਿਆਸੀ ਸੰਕਟ ਦਾ ਸ਼ਿਕਾਰ ਹੈ। ਇਸ ਸੰਕਟ ’ਚੋਂ ਨਿਕਲਣ ਲਈ ਵੱਡੇ ਸਾਮਰਾਜੀ ਦੇਸ਼ਾਂ ਦੇ ਆਪਸੀ ਵਿਰੋਧ ਤਿੱਖੇ ਹੋ ਗਏ ਹਨ। ਸਾਮਰਾਜੀ ਪ੍ਰਬੰਧ ਦੀ ਸਭ ਤੋਂ ਵੱਡੀ ਤਾਕਤ ਅਮਰੀਕੀ ਸਾਮਰਾਜਵਾਦ ਆਪਣੇ ਸੰਕਟ ਦਾ ਬੋਝ ਗ਼ਰੀਬ ਦੇਸ਼ਾਂ ਉੱਪਰ ਸੁੱਟਣ ਲਈ ਖੁੱਲ੍ਹੇਆਮ ਹਮਲੇ ਅਤੇ ਜੰਗਾਂ ਲਾਉਣ ਉੱਪਰ ਉੱਤਰ ਆਇਆ ਹੈ। ਇਸ ਦੇ ਨਾਲ ਉਹ ਆਪਣੀਆਂ ਸ਼ਰੀਕ ਹੋਰ ਵੱਡੀਆਂ ਸਾਮਰਾਜੀ ਤਾਕਤਾਂ ਨੂੰ ਵੀ ਦਬਕੇ ਮਾਰ ਰਿਹਾ ਹੈ। ਉਸ ਨੇ ਆਪਣੇ ਵਪਾਰਕ ਘਾਟੇ ਨੂੰ ਪੂਰਾ ਕਰਨ ਲਈ ਦੁਨੀਆ ਦੇ ਬਹੁਤ ਸਾਰੇ ਛੋਟੇ-ਵੱਡੇ ਦੇਸ਼ਾਂ ਨੂੰ ਉਨ੍ਹਾਂ ਦੇ ਮਾਲ ਉੱਪਰ ਭਾਰੀ ਟੈਕਸ ਲਾਉਣ ਅਤੇ ਅਮਰੀਕਾ ਦੇ ਮਾਲ ਉੱਪਰ ਟੈਕਸ ਛੋਟਾਂ ਦੇਣ ਲਈ ਵਾਰ-ਵਾਰ ਘੁਰਕੀਆਂ ਦਿੱਤੀਆਂ ਹਨ। ਇਸ ਨਾਲ ਵੱਡੇ ਸਾਮਰਾਜੀ ਦੇਸ਼ਾਂ ਵਲੋਂ ਆਪਸੀ ਰਜ਼ਾਮੰਦੀ ਨਾਲ ਦੁਨੀਆ ਅੰਦਰ ਕਾਇਮ ਕੀਤਾ ਵਪਾਰਕ ਪ੍ਰਬੰਧ ਜੋ ਸੰਸਾਰ ਵਪਾਰ ਜਥੇਬੰਦੀ ਦੇ ਰੂਪ ’ਚ ਸਾਹਮਣੇ ਆਇਆ ਸੀ ਉਹ ਹੁਣ ਵਿਖਰ ਰਿਹਾ ਹੈ। ਅਮਰੀਕੀ ਸਾਮਰਾਜਵਾਦ ਨੇ ਲੁੱਟ ਖੋਹ ਨੂੰ ਤੇਜ਼ ਕਰਨ ਲਈ ਸੰਸਾਰ ਵਪਾਰ ਜਥੇਬੰਦੀ ਦੀਆਂ ਧੱਜੀਆਂ ਉਡਾਉਂਦੇ ਹੋਏ ਅਮਰੀਕਾ ’ਚ ਆਉਣ ਵਾਲੀਆਂ ਸਾਰੇ ਦੇਸ਼ਾਂ ਦੀਆਂ ਵਸਤਾਂ ਉੱਪਰ ਭਾਰੀ ਟੈਕਸ ਲਾਉਣ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਧੱਕੜ ਕਾਰਵਾਈਆਂ ਕਰਨ ਦੇ ਐਲਾਨ ਕੀਤੇ ਹਨ। ਉਸ ਨੇ ਅਜਿਹੇ ਐਲਾਨ ਭਾਰਤ ਦੇ ਖ਼ਿਲਾਫ਼ ਵੀ ਕੀਤੇ ਹਨ ਤਾਂ ਕਿ ਮੋਦੀ ਸਰਕਾਰ ਨੂੰ ਯਰਕਾ ਕੇ ਅਮਰੀਕਾ ਦੇ ਹਿਤਾਂ ਮੁਤਾਬਿਕ ਵਪਾਰਕ ਸਮਝੌਤਾ ਕੀਤਾ ਜਾਵੇ। ਇਹੀ ਨਹੀਂ ਜਦੋਂ ਈਰਾਨ ਦੇ ਖ਼ਿਲਾਫ਼ ਅਮਰੀਕਾ ਅਤੇ ਇਜ਼ਰਾਈਲ ਵਲੋਂ ਮਿਲ ਕੇ ਜੰਗ ਛੇੜੀ ਗਈ ਤਾਂ ਤੇਲ, ਗੈਸ ਅਤੇ ਖਾਦ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਣ ਅਤੇ ਇਨ੍ਹਾਂ ਵਸਤਾਂ ਦੀ ਭਾਰੀ ਕਿੱਲਤ ਹੋਣ ਲੱਗੀ ਤਾਂ ਦੇਸ਼ ਦੀਆਂ ਲੋੜਾਂ ਦੇ ਮੱਦੇਨਜ਼ਰ ਜਦੋਂ ਭਾਰਤ ਸਰਕਾਰ ਨੇ ਰੂਸ ਅਤੇ ਕੁੱਝ ਹੋਰ ਦੇਸ਼ਾਂ ਤੋਂ ਤੇਲ ਅਤੇ ਗੈਸ ਅਤੇ ਖਾਦ ਮੰਗਵਾਉਣ ਦਾ ਪ੍ਰੋਗਰਾਮ ਬਣਾਇਆ ਤਾਂ ਅਮਰੀਕੀ ਸਾਮਰਾਜ ਦੀ ਘੁਰਕੀ ਹੇਠ ਮੋਦੀ ਸਰਕਾਰ ਨੇ ਦੇਸ਼ ਦੇ ਹਿਤਾਂ ਨੂੰ ਦਾਅ ’ਤੇ ਲਾ ਕੇ ਰੂਸ ਤੋਂ ਤੇਲ ਮੰਗਵਾਉਣਾ ਬੰਦ ਕਰ ਦਿੱਤਾ। ਉਸ ਨੇ ਅਮਰੀਕੀ ਦਬਾਅ ਹੇਠ ਈਰਾਨ ਅਤੇ ਗ਼ਜ਼ਾ ਵਿਚ ਅਮਰੀਕਾ ਅਤੇ ਇਜਰਾਈਲ ਵਲੋਂ ਛੇੜੀ ਨਸਲ ਘਾਤੀ ਜੰਗ ਦੀ ਨਿਖੇਧੀ ਕਰਨ ਤੋਂ ਵੀ ਟਾਲਾ ਵੱਟਿਆ ਜਿਸ ਨਾਲ ਨਾ ਸਿਰਫ਼ ਭਾਰਤ ਦੇ ਆਰਥਿਕ ਹਿਤਾਂ ਨੂੰ ਸੱਟ ਵੱਜੀ ਬਲਕਿ ਦੁਨੀਆ ਅੰਦਰ ਇਸ ਦੇ ਮਾਨ ਸਨਮਾਨ ਨੂੰ ਭਾਰੀ ਹਰਜਾ ਹੋਇਆ। ਅਮਰੀਕਾ ਅਤੇ ਹੋਰ ਸਾਮਰਾਜੀ ਦੇਸ਼ਾਂ ਨਾਲ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਵਪਾਰਕ ਸਮਝੌਤਿਆਂ ਨਾਲ ਜਿੱਥੇ ਬਹੁਰਾਸ਼ਟਰੀ ਕੰਪਨੀਆਂ ਅਤੇ ਭਾਰਤ ਦੇ ਕਾਰਪੋਰੇਟ ਘਰਾਣੇ ਆਪਣੇ ਵਪਾਰ ਅਤੇ ਮੁਨਾਫ਼ੇ ਖ਼ੂਬ ਵਧਾਉਣਗੇ ਉੱਥੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਛੋਟੇ ਵਪਾਰੀਆਂ ਅਤੇ ਛੋਟੇ ਉਦਯੋਗਪਤੀਆਂ ਦਾ ਵੱਡੀ ਪੱਧਰ ’ਤੇ ਉਜਾੜਾ ਹੋਵੇਗਾ। ਮੋਦੀ ਸਰਕਾਰ ਖੇਤੀਬਾੜੀ ਸੈਕਟਰ ਪੂਰੀ ਤਰ੍ਹਾਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਮਨਸ਼ਾ ਪਾਲ ਰਹੀ ਹੈ। ਉਹ ਦੇਸ਼ ਦਾ ਜਲ ਜੰਗਲ ਅਤੇ ਜ਼ਮੀਨ ਇਨ੍ਹਾਂ ਕਾਰਪੋਰੇਟਾਂ ਨੂੰ ਸੌਂਪਣ ਦੀਆਂ ਬਹੁਤ ਸਾਰੀਆਂ ਕਾਰਵਾਈਆਂ ਕਰ ਚੁੱਕੀ ਹੈ ਅਤੇ ਹੁਣ ਖੇਤੀ ਖੇਤਰ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਰੱਸੇ ਪੈੜੇ ਵੱਟ ਰਹੀ ਹੈ। ਇਹੀ ਕਾਰਨ ਹੈ ਕਿ ਦੇਸ਼ੀ ਵਿਦੇਸ਼ੀ ਧੰਨਾਂ ਸੇਠ ਭਾਜਪਾ (ਬਾਕੀ ਸਫਾ 7 ’ਤੇ)
ਭਾਰਤ ਦੀਆਂ ਚਾਰ ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਸੰਕਟ ਪ੍ਰਤੀ ਗੰਭੀਰ ਚਿੰਤਨ ਨੂੰ ਲੈ ਕੇ ਕਨਵੈੱਨਸ਼ਨ ਕੀਤੀ
ਅਜੀਤ ਡੈਸਕ
10-07-2026