ਰੂੜੇਕੇ ਕਲਾਂ, 9 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਭੈਣੀ ਜੱਸਾ ਵਿਖੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਭੈਣੀ ਜੱਸਾ ਤੋਂ ਧਨੌਲਾ ਰੋਡ ਨਜ਼ਦੀਕ ਮਾਈਨਿੰਗ ਕਰ ਕੇ ਹਰੇ ਭਰੇ ਰੁੱਖ ਪੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਲਈ ਮਾਈਨਿੰਗ ਵਿਭਾਗ ਬਰਨਾਲਾ ਦੀ ਵਿਸ਼ੇਸ਼ ਟੀਮ ਨੇ ਮੌਕੇ ’ਤੇ ਜਾ ਕੇ ਚੈਕਿੰਗ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਵਾਤਾਵਰਨ ਪ੍ਰੇਮੀ ਗੁਰਜਿੰਦਰ ਸਿੰਘ ਭੈਣੀ ਜੱਸਾ ਨੇ ਦੱਸਿਆ ਕਿ ਉਸ ਦੇ ਗੁਆਂਢੀ ਕਿਸਾਨ ਵਲੋਂ ਪਿਛਲੇ ਸਮੇਂ ਦੋ ਬੇਰੀਆਂ ਦੇ ਹਰੇ ਭਰੇ ਰੁੱਖ ਪੁੱਟ ਕੇ ਕਾਨੂੰਨੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਸਨ। ਜਿਸ ਸਬੰਧੀ ਉਸ ਨੇ ਲਿਖਤੀ ਦਰਖ਼ਾਸਤਾਂ ਵੀ ਦਿੱਤੀਆਂ ਪਰ ਕਿਸੇ ਨੇ ਕਾਰਵਾਈ ਨਹੀਂ ਕੀਤੀ। ਪਿਛਲੇ ਦਿਨੀਂ 8 ਜੁਲਾਈ ਨੂੰ ਉਕਤ ਕਿਸਾਨ ਵਲੋਂ ਨਜਾਇਜ਼ ਮਾਈਨਿੰਗ ਕਰ ਕੇ 10 ਹਰੇ ਭਰੇ ਰੁੱਖਾਂ ਦੀ ਨਜਾਇਜ਼ ਕਟਾਈ ਕੀਤੀ ਗਈ ਸੀ। ਜਿਸ ਸਬੰਧੀ ਕਿ ਉਸ ਨੇ ਮਾਈਨਿੰਗ ਵਿਭਾਗ ਬਰਨਾਲਾ ਦੇ ਐਕਸੀਅਨ ਅਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਮਾਈਨਿੰਗ ਵਿਭਾਗ ਬਰਨਾਲਾ ਦੀ ਇਕ ਵਿਸ਼ੇਸ਼ ਟੀਮ ਨੇ ਮੌਕੇ ਤੇ ਚੈਕਿੰਗ ਕੀਤੀ ਸੀ ਜਿਸ ਵਿਚ ਕਿ ਮਾਈਨਿੰਗ ਵਿਭਾਗ ਦੇ ਚਾਰ ਅਧਿਕਾਰੀ ਸ਼ਾਮਿਲ ਸਨ। ਉਕਤ ਵਿਅਕਤੀ ਵਲੋਂ ਜੇ.ਸੀ.ਬੀ ਮਸ਼ੀਨ ਲਗਾ ਕੇ ਨਜਾਇਜ਼ ਮਾਈਨਿੰਗ ਕੀਤੀ ਗਈ ਸੀ ਅਤੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਹਰੇ ਭਰੇ ਰੁੱਖਾਂ ਦੀ ਨਜਾਇਜ਼ ਕਟਾਈ ਕੀਤੀ ਗਈ ਸੀ। ਪ੍ਰੰਤੂ ਮਾਈਨਿੰਗ ਵਿਭਾਗ ਬਰਨਾਲਾ ਦੀ ਚੈਕਿੰਗ ਟੀਮ ਨੇ ਦੋਸ਼ੀਆਂ ਖ਼ਿਲਾਫ਼ ਐਫ਼.ਆਈ.ਆਰ ਦਰਜ ਨਹੀਂ ਕਰਵਾਈ ਹੈ। ਸਿਰਫ਼ ਚਲਾਨ ਕੱਟ ਕੇ ਖਾਨਾਪੂਰਤੀ ਕੀਤੀ ਗਈ ਹੈ। ਵਾਤਾਵਰਨ ਪ੍ਰੇਮੀ ਗੁਰਜਿੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਨਜਾਇਜ਼ ਮਾਈਨਿੰਗ ਕਰ ਕੇ ਹਰੇ ਭਰੇ ਰੁੱਖਾਂ ਦੀ ਨਜਾਇਜ਼ ਕਟਾਈ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਐਫ਼.ਆਈ.ਆਰ ਦਰਜ ਕਰਵਾ ਕੇ ਬਣਦੀ ਕਾਨੂੂੰਨੀ ਕਾਰਵਾਈ ਕੀਤੀ ਜਾਵੇ।
ਮਾਈਨਿੰਗ ਵਿਭਾਗ ਬਰਨਾਲਾ ਦੇ ਉੱਚ ਅਧਿਕਾਰੀਆਂ ਨੇ ਜਾਣਕਾਰੀ ਦੇਣ ਤੋਂ ਕੀਤੀ ਟਾਲ ਮਟੋਲ
ਜਦੋਂ ਟੀਮ ਵਲੋਂ ਚੈਕਿੰਗ ਕਰਨ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਮਾਈਨਿੰਗ ਵਿਭਾਗ ਬਰਨਾਲਾ ਦੇ ਐਕਸੀਅਨ ਨਮਨ ਜੈਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜਾਣਕਾਰੀ ਦੇਣ ਤੋਂ ਟਾਲ ਮਟੋਲ ਕਰਦਿਆਂ ਕਿਹਾ ਕਿ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਜਦੋਂ ਇਸ ਸਬੰਧੀ ਐਸ.ਡੀ.ਓ. ਮੋਹਿਤ ਸਤੀਜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਚੈਕਿੰਗ ਟੀਮ ਵਲੋਂ ਮਾਈਨਿੰਗ ਕਰਨ ਵਾਲਿਆਂ ਦੀ ਟਰਾਲੀ ਪੁਲਿਸ ਥਾਣਾ ਧਨੌਲਾ ਵਿਖੇ ਖੜ੍ਹੀ ਕੀਤੀ ਗਈ ਹੈ। ਮਾਈਨਿੰਗ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਗਿਆ ਹੈ। ਜੇ.ਸੀ.ਬੀ ਮਸ਼ੀਨ ਖ਼ਿਲਾਫ਼ ਤੇ ਅਗਲੇਰੀ ਕਾਰਵਾਈ ਲਈ ਮੁੱਖ ਅਫ਼ਸਰ ਪੁਲਿਸ ਥਾਣਾ ਧਨੌਲਾ ਨੂੰ ਪੱਤਰ ਲਿਖਿਆ ਗਿਆ ਹੈ।
ਭੈਣੀ ਜੱਸਾ ਵਿਖੇ ਮਾਈਨਿੰਗ ਵਿਭਾਗ ਬਰਨਾਲਾ ਦੀ ਟੀਮ ਨੇ ਚੈਕਿੰਗ ਕਰ ਕੇ ਕੀਤਾ ਜ਼ੁਰਮਾਨਾ
ਅਜੀਤ ਡੈਸਕ
10-07-2026