ਬਰਨਾਲਾ, 9 ਜੁਲਾਈ (ਨਰਿੰਦਰ ਅਰੋੜਾ)-ਬਰਨਾਲਾ ਸ਼ਹਿਰ ਤੋਂ ਇਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਨਾਬਾਲਗ ਬੱਚੇ ਬੀਤੀ ਸ਼ਾਮ ਤੋਂ ਰਹੱਸਮਈ ਹਾਲਾਤਾਂ ਵਿਚ ਲਾਪਤਾ ਹਨ। ਘਟਨਾ ਤੋਂ ਬਾਅਦ ਦੋਵੇਂ ਪਰਿਵਾਰਾਂ ਵਿਚ ਚਿੰਤਾ ਦਾ ਮਾਹੌਲ ਹੈ ਅਤੇ ਥਾਣਾ ਸਿਟੀ-2 ਪੁਲਿਸ ਵਲੋਂ ਬੱਚਿਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਲਗਾਤਾਰ ਤਲਾਸ਼ ਕਰ ਰਹੀਆਂ ਹਨ। ਪੁਲਿਸ ਨੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਭਾਲ ਕੀਤੀ ਹੈ। ਇਸ ਦੇ ਨਾਲ ਹੀ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ-2 ਦੇ ਐਸ.ਐਚ.ਓ. ਚਰਨਜੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਸੀ। ਰਾਤ ਭਰ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਕੀਤੀ ਗਈ ਅਤੇ ਹੁਣ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ’ਤੇ ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਬੱਚਿਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਫ਼ਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ। ਜਗ੍ਹਾ-ਜਗ੍ਹਾ ਦੇ ਕੈਮਰੇ ਖੰਘਾਲੇ ਜਾ ਰਹੇ ਹਨ ਅਤੇ ਇਕ ਫੁਟੇਜ ਵਿਚ ਦੋਵੇਂ ਬੱਚੇ ਨਜ਼ਰ ਆਏ ਹਨ, ਜਿਸ ਦੇ ਆਧਾਰ ’ਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ। ਲਾਪਤਾ ਬੱਚੇ ਕ੍ਰਿਸ਼ਨ ਉਮਰ ਕਰੀਬ 13 ਸਾਲ ਦੀ ਮਾਤਾ ਕਾਜਲ ਦੇਵੀ ਨੇ ਦੱਸਿਆ ਕਿ ਉਹ ਕੰਮ ’ਤੇ ਗਈ ਹੋਈ ਸੀ। ਉਸ ਦੇ ਬੱਚੇ ਕ੍ਰਿਸ਼ਨ ਨੇ ਪਹਿਲਾਂ ਦੱਸਿਆ ਸੀ ਕਿ ਸਕੂਲ ਦੇ ਪ੍ਰੋਜੈਕਟ ਲਈ ਉਸ ਦਾ ਦੋਸਤ ਘਰ ਆਵੇਗਾ। ਘਰ ਵਾਪਸ ਆਉਣ ’ਤੇ ਪਤਾ ਲੱਗਾ ਕਿ ਬੱਚਾ ਘਰ ਵਿਚ ਨਹੀਂ ਹੈ। ਪਰਿਵਾਰ ਨੇ ਆਪਣੇ ਪੱਧਰ ’ਤੇ ਭਾਲ ਕਰਨ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ। ਦੂਜੇ ਬੱਚੇ ਯਾਕੂਬ ਉਮਰ ਕਰੀਬ 11 ਸਾਲ ਦੇ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਘਰ ਖੇਡਣ ਜਾਣ ਦੀ ਗੱਲ ਕਹਿ ਕੇ ਗਿਆ ਸੀ, ਪਰ ਬਾਅਦ ਵਿਚ ਦੋਵੇਂ ਹੀ ਬੱਚਿਆਂ ਦਾ ਕੋਈ ਪਤਾ ਨਹੀਂ ਲੱਗਿਆ। ਹਾਲਾਂਕਿ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਵਾਰਡ ਨੰਬਰ 12 ਦੇ ਕੌਂਸਲਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਪਰਿਵਾਰ ਪ੍ਰਵਾਸੀ ਹਨ ਅਤੇ ਬੱਚੇ ਆਪਸ ਵਿਚ ਚੰਗੇ ਦੋਸਤ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਬੱਚਿਆਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਜਾਂ ਪਰਿਵਾਰ ਨਾਲ ਸੰਪਰਕ ਕੀਤਾ ਜਾਵੇ ਅਤੇ ਪਰਿਵਾਰਾਂ ਸਮੇਤ ਪੂਰਾ ਸ਼ਹਿਰ ਦੋਵੇਂ ਮਾਸੂਮ ਬੱਚਿਆਂ ਦੇ ਸੁਰੱਖਿਅਤ ਵਾਪਸ ਆਉਣ ਦੀ ਉਮੀਦ ਕਰ ਰਿਹਾ ਹੈ।
ਬਰਨਾਲਾ ’ਚ ਦੋ ਮਾਸੂਮ ਬੱਚੇ ਲਾਪਤਾ, ਪੁਲਿਸ ਵਲੋਂ ਤਲਾਸ਼ ਜਾਰੀ
ਅਜੀਤ ਡੈਸਕ
10-07-2026