ਵਿਸ਼ਵਾਸ ਅਤੇ ਭਰੋਸਾ ਉਸ ਸੱਚੇ ਪਿਤਾ ਪਰਮਾਤਮਾ ਤੱਕ ਪੁੱਜਣ ਲਈ ਲੱਗੀ ਪੌੜੀ ਦਾ ਪਹਿਲਾ ਪੌਡਾ ਹੈ। ਪਰ ਮਨੁੱਖ ਦਾ ਵਿਸ਼ਵਾਸ ਕਦਮ-ਦਰ-ਕਦਮ ਡੋਲ ਜਾਂਦਾ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਨੁੱਖ ਦੇ ਇਸੇ ਕਿਰਦਾਰ ਦਾ ਜ਼ਿਕਰ ਕਰਦੇ ਹਨ। ਅਸਲ ਵਿਚ ਅੱਜ ਦਾ ਵਿਕਾਰੀ ਮਨੁੱਖ ਆਪਣੇ ਲਾਲਚਾਂ ਦੀ ਪੂਰਤੀ ਲਈ ਨਿੱਤ ਦਿਨ ਉਸ ਪਰਮਾਤਮਾ ਦੇ ਸਨਮੁੱਖ ਅਰਦਾਸ ਕਰਦਾ ਹੋਇਆ ਸੰਸਾਰੀ ਵਸਤੂਆਂ ਦੀ ਮੰਗ ਕਰਦਾ ਹੈ। ਜਦੋਂ ਉਹ ਸੱਚਾ ਪਰਵਰਦਿਗਾਰ ਉਸ ਦੀ ਅਰਦਾਸ ਪ੍ਰਵਾਨ ਕਰਕੇ ਉਸ ਨੂੰ ਉਸ ਦੀਆਂ ਮਨਚਾਹੀਆਂ ਵਸਤਾਂ ਬਖ਼ਸ਼ ਦਿੰਦਾ ਤਾਂ ਉਹ ਨੱਚ ਉੱਠਦਾ ਹੈ। ਪਰਮਾਤਮਾ ਦੇ ਧੰਨਵਾਦ ਲਈ ਉਸ ਦੇ ਸ਼ਬਦ-ਕੋਸ਼ ਵਿਚ ਦਰਜ ਅਨੇਕਾਂ ਸ਼ਬਦਾਂ ਦੀ ਇਕ ਲੰਬੀ ਲੜੀ ਆਪ-ਮੁਹਾਰੇ ਉਸ ਦੇ ਬੁੱਲ੍ਹਾਂ 'ਤੇ ਆ ਜਾਂਦੀ ਹੈ, ਜੇਕਰ ਉਸ ਦੀ ਮੰਗ ਪੂਰੀ ਨਾ ਹੋਵੇ ਤਾਂ ਉਲਾਹਮਿਆਂ ਦੀ ਲੰਬੀ ਫਹਿਰਿਸ਼ਤ ਉਸ ਦੇ ਮੁੱਖ 'ਚੋਂ ਝੜਨ ਲਗਦੀ ਹੈ। ਪੰਜਵੇਂ ਪਾਤਸ਼ਾਹ ਜੀ ਫੁਰਮਾਉਂਦੇ ਹਨ:
ਦਸ ਬਸਤੂ ਲੇ ਪਾਛੈ ਪਾਵੈ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ॥
(ਗਾਉੜੀ ਸੁਖਮਨੀ, ਮ: 5, ਅੰਗ : 268)
ਗੁਰੂ ਸਾਹਿਬ ਇਸ ਪਦੇ ਵਿਚ ਮਨੁੱਖ ਨੂੰ ਸਮਝਾਉਂਦੇ ਹੋਏ ਸੁਮੱਤ ਬਖ਼ਸ਼ਦੇ ਹਨ : ਐ ਮੂਰਖ ਬੰਦੇ! ਜੇਕਰ ਉਸ ਸੱਚੇ ਨੇ ਤੈਨੂੰ ਇਕ ਵਸਤੂ ਨਹੀਂ ਦਿੱਤੀ ਤਾਂ ਉਸ ਤੋਂ ਆਪਣਾ ਵਿਸ਼ਵਾਸ ਗਵਾ ਰਿਹਾ ਹੈਂ? ਜੇਕਰ 'ਉਹ' ਇਕ ਵੀ ਵਸਤੂ ਤੈਨੂੰ ਨਾ ਬਖ਼ਸ਼ੇ ਅਤੇ ਜਿਹੜੀਆਂ ਤੈਨੂੰ ਪਹਿਲਾਂ ਦਸ ਵਸਤੂਆਂ ਦਿੱਤੀਆਂ ਹਨ, ਉਹ ਵੀ ਖੋਹ ਲਵੇ ਤਾਂ ਤੂੰ ਕੀ ਕਰ ਲਵੇਂਗਾ? ਸੋ, ਉਸ ਸੱਚੇ ਠਾਕੁਰ ਅੱਗੇ ਤੇਰਾ ਕੋਈ ਜ਼ੋਰ ਜਾਂ ਮਰਜ਼ੀ ਨਹੀਂ ਚੱਲਣੀ। ਉਸ ਦਾ ਭਰੋਸਾ ਗਵਾ ਨਾ, ਸਗੋਂ ਉਸ ਦੀ ਰਜ਼ਾ ਵਿਚ ਰਹਿ ਕੇ, ਉਸ ਦੇ ਨਾਂਅ ਦਾ ਸਿਮਰਨ ਕਰ। ਆਪ ਜੀ ਇਸੇ ਲਈ ਸਮਝਾਉਂਦੇ ਹਨ:
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ॥
ਤਉ ਮੂੜਾ ਕਹੁ ਕਹਾ ਕਰੇਇ॥
(ਗਾਉੜੀ ਸੁਖਮਨੀ, ਮ: 5, ਅੰਗ : 268)
-ਮੋਬਾਈਲ : 98146-81444