* ਤ੍ਰੈਲੋਚਨ ਲੋਚੀ *
ਦੀਵੇ ਬਲਦੇ ਰਹਿਣ ਗਰਾਂ ਦੇ
ਹਾਸੇ ਪਲਦੇ ਰਹਿਣ ਗਰਾਂ ਦੇ
ਦੀਵੇ ਬਲਦੇ ਰਹਿਣ...।
ਪਿਆਰ 'ਚ ਸਭ ਨੂੰ ਰੰਗ ਰਿਹਾ ਹਾਂ
ਸੱਤੇ ਖ਼ੈਰਾਂ ਮੰਗ ਰਿਹਾ ਹਾਂ
ਚੁੱਲ੍ਹੇ ਬਲਦੇ ਰਹਿਣ ਗਰਾਂ ਦੇ
ਦੀਵੇ ਬਲਦੇ ਰਹਿਣ...।
ਹਰ ਕੋਈ ਸੱਚ ਦੀ ਬੋਲੀ ਬੋਲੇ
ਨਾਲ ਦਾਣਿਆਂ ਭਰਨ ਭੜੋਲੇ
ਹਲਟ ਇਹ ਚਲਦੇ ਰਹਿਣ ਗਰਾਂ ਦੇ
ਦੀਵੇ ਬਲਦੇ ਰਹਿਣ...।
ਆਪਿਸ ਵਿਚ ਨਾ ਹੋਣ ਫ਼ਾਸਲੇ
ਸੱਥ ਸੁਣਾਵੇ ਨੇਕ ਫ਼ੈਸਲੇ
ਹੁਕਮ ਇਹ ਚਲਦੇ ਰਹਿਣ ਗਰਾਂ ਦੇ
ਦੀਵੇ ਬਲਦੇ ਰਹਿਣ...।
ਠੰਡੀਆਂ ਵਗਣ ਹਵਾਵਾਂ ਲੋਚੀ
ਮੰਗ ਤੂੰ ਇਹੋ ਦੁਆਵਾਂ ਲੋਚੀ
ਸੁਪਨੇ ਫਲਦੇ ਰਹਿਣ ਗਰਾਂ ਦੇ
ਦੀਵੇ ਬਲਦੇ ਰਹਿਣ ਗਰਾਂ ਦੇ
ਹਾਸੇ ਪਲਦੇ ਰਹਿਣ ਗਰਾਂ ਦੇ।
-ਮੋਬਾਈਲ : 98142-53315