2026 ਨਵਾਂ ਸਾਲ ਦਸਤਕ ਦੇ ਚੁੱਕਾ ਹੈ, ਨਵੇਂ ਸਾਲ ਦੇ ਸੂਰਜ ਦੀ ਰੌਸ਼ਨੀ ਨੇ, ਸਾਡੇ ਮਨਾਂ ਨੂੰ ਠੰਢ ਵਿਚ ਨਿੱਘ ਦੇਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਮਾਂ ਬਹੁਤ ਤੇਜ਼ੀ ਨਾਲ ਅੱਗੇ ਵਧਦਾ ਹੈ, ਲੰਘਿਆ ਸਾਲ ਸਾਡੇ ਮਨ, ਸਾਡੇ ਦਿਮਾਗ਼ 'ਤੇ ਵੱਖ-ਵੱਖ ਪ੍ਰਭਾਵਾਂ ਦੀ ਇਕ ਛਾਪ ਜ਼ਰੂਰ ਛੱਡਦਾ ਹੈ, ਇਹ ਪ੍ਰਭਾਵ ਚੰਗੇ ਵੀ ਹੋ ਸਕਦੇ ਹਨ, ਮਾੜੇ ਵੀ ਹੁੰਦੇ ਨੇ ਅਤੇ ਸਿੱਖਿਆ ਦੇਣ ਤੇ ਮਾਰਗ ਦਰਸ਼ਨ ਕਰਨ ਵਾਲੇ ਵੀ ਹੁੰਦੇ ਨੇ।
ਇਨ੍ਹਾਂ ਪ੍ਰਭਾਵਾਂ ਨੂੰ ਅਸੀਂ ਆਪਣੇ ਆਉਣ ਵਾਲੇ ਸਾਲ ਵਿਚ ਜਾਣੇ-ਅਣਜਾਣੇ ਵਿਚ ਜ਼ਰੂਰ ਵਰਤਦੇ ਹਾਂ।
ਨਵਾਂ ਸਾਲ ਇਕ ਬਹੁਤ ਵਧੀਆ ਮੌਕਾ ਹੁੰਦਾ ਹੈ, ਆਪਣੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦਾ, ਆਪਣੇ-ਆਪ ਨੂੰ ਅੱਗੇ ਵਧਾਉਣ, ਉੱਪਰ ਚੁੱਕਣ ਤੇ ਹੋਰ ਬਿਹਤਰ ਕਰਨ ਦਾ।
ਸਾਨੂੰ ਆਪਣੇ-ਆਪ ਨੂੰ, ਆਪਣੀ ਸ਼ਖ਼ਸੀਅਤ ਨੂੰ, ਹਰ ਵੇਲੇ ਬਿਹਤਰ ਬਣਾਉਣ ਦੀ ਅੰਦਰੂਨੀ ਇੱਛਾ ਰੱਖਣੀ ਚਾਹੀਦੀ ਹੈ। ਆਪਣੇ ਕੰਮ, ਆਪਣੇ ਰੋਜ਼ਮਰ੍ਹਾ ਵਿਹਾਰ ਵਿਚ ਹੋਰਾਂ ਤੋਂ ਬਿਹਤਰ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਖੁਦ ਦੀ ਬਿਹਤਰੀ ਲਈ ਅੰਦਰੂਨੀ ਖ਼ੁਸ਼ੀ ਤੇ ਸੁਪਨੇ ਪੂਰੇ ਕਰਨ ਦੀ ਤਾਂਘ ਸਾਨੂੰ ਸਭ ਨੂੰ ਰਹਿੰਦੀ ਹੈ। ਇਹ ਸਭ ਗੱਲਾਂ ਨਵੇਂ ਸਾਲ 'ਤੇ ਕਰਨੀਆਂ ਇਸ ਲਈ ਹੋਰ ਢੁਕਵੀਆਂ ਹੋ ਜਾਂਦੀਆਂ ਨੇ ਕਿਉਂਕਿ ਨਵਾਂ ਸਾਲ ਚੜ੍ਹਦਾ ਹੈ ਤਾਂ ਮਨਾਂ ਵਿਚ ਇਕ ਨਵੀਂ ਉਮੰਗ, ਨਵੀਂ ਉਮੀਦ, ਨਵੀਂ ਊਰਜਾ ਜ਼ਰੂਰ ਘਰ ਕਰਦੀ ਹੈ।
ਇਹ ਉਮੀਦ ਤੇ ਉਮੰਗ ਸਿਰਫ਼ ਬਦਲਾਅ ਲਈ ਨਹੀਂ ਬਲਕਿ ਰਚਨਾਤਮਿਕ ਬਦਲਾਅ ਲਈ ਹੋਣੀ ਚਾਹੀਦੀ ਹੈ। ਸਾਨੂੰ ਚਾਹੀਦਾ ਹੈ ਕਿ ਅਜਿਹਾ ਜੀਵਨ ਜਿਊਣ ਲਈ ਸੋਚੀਏ ਜੋ ਸੰਤੁਸ਼ਟੀ ਭਰਿਆ ਅਤੇ ਸਾਡੀਆਂ ਲੋੜਾਂ ਅਨੁਸਾਰ ਹੋਵੇ।
ਨਵਾਂ ਸਾਲ ਸਾਡੇ ਲਈ ਇਕ ਮੌਕਾ ਬਣ ਕੇ ਆਉਂਦਾ ਹੈ ਤਾਂ ਕਿ ਅਸੀਂ ਆਪਣੇ ਨਿੱਜੀ ਕੰਮਾਂ ਵਿਚ ਹੋਈ ਜਾਂ ਹੋ ਸਕਣ ਵਾਲੀ ਤਰੱਕੀ ਦਾ ਵਿਸ਼ਲੇਸ਼ਣ ਕਰ ਸਕੀਏ।
ਹਰ ਕਿਸੇ ਨੂੰ ਆਪਣੀ ਭਵਿੱਖੀ ਦ੍ਰਿਸ਼ਟੀ ਤੇ ਸੋਚ ਦਾ ਨਕਸ਼ਾ ਮਨ ਵਿਚ ਜ਼ਰੂਰ ਬਣਾਉਣਾ ਚਾਹੀਦਾ ਹੈ, ਚਾਹੇ ਉਹ ਇਕ ਵਿਦਿਆਰਥੀ, ਇਕ ਘਰ ਚਲਾਉਣ ਵਾਲੀ ਨਾਰੀ, ਦਫ਼ਤਰ ਵਿਚ ਕੰਮ ਕਰਨ ਵਾਲੀ ਜਾਂ ਕੋਈ ਬਜ਼ੁਰਗ ਔਰਤ ਹੀ ਕਿਉਂ ਨਾ ਹੋਵੇ।
ਸਾਨੂੰ ਚਾਹੀਦਾ ਹੈ ਕਿ ਜੋ-ਜੋ ਅਸੀਂ ਕਰਦੇ ਰਹੇ ਹਾਂ ਤੇ ਰੋਜ਼ਮਰ੍ਹਾ ਵਿਚ ਜਿਵੇਂ ਰਹਿੰਦੇ ਹਾਂ, ਇਸ ਸਾਲ ਜ਼ਿੰਦਗੀ ਵਿਚ ਰਹਿਣ-ਸਹਿਣ ਦੇ ਉਸ ਰੁਟੀਨ ਵਿਚ, ਬਿਹਤਰੀ ਲਈ ਦੋ ਕਦਮ ਅੱਗੇ ਵਧੀਏ, ਜਿਸ ਨਾਲ ਸਾਡੀ ਸੋਚ, ਸਾਡੇ ਕੰਮ, ਸਾਡਾ ਸਮਾਜਿਕ ਦਾਇਰਾ ਹੋਰ ਵਿਸ਼ਾਲ ਹੋਵੇ।
ਆਪਣੇ-ਆਪ ਨੂੰ ਉਤਸ਼ਾਹਿਤ ਕਰਨਾ ਸਿੱਖੀਏ ਤਾਂ ਕਿ ਅਸੀਂ ਆਪਣੇ ਵਿਚ ਅਤੇ ਆਪਣੇ ਆਲੇ-ਦੁਆਲੇ ਵਿਚ ਸਾਕਾਰਾਤਮਿਕ ਬਦਲਾਅ ਲਿਆ ਸਕੀਏ।
ਜ਼ਿੰਦਗੀ ਵਿਚ ਛੋਟੇ ਹੁੰਦੇ ਤੋਂ ਲੈ ਕੇ ਵੱਡੇ ਹੋਣ ਤੱਕ, ਸਾਡਾ ਕੋਈ ਉਦੇਸ਼ ਜਾਂ ਸੁਪਨਾ ਹੋਣਾ ਬਹੁਤ ਜ਼ਰੂਰੀ ਹੈ। ਅਕਸਰ ਅਸੀਂ ਲੋਕਾਂ ਨੂੰ ਆਖਦੇ, ਸੁਣਦੇ ਹਾਂ ਕਿ 'ਹੁਣ ਮੇਰੀ ਉਮਰ ਲੰਘ ਗਈ ਹੈ, ਮੈਂ ਹੁਣ ਇਹ ਕੀ ਕਰਨਾ, ਉਹ ਕੀ ਕਰਨਾ?' ਇਹ ਪਹੁੰਚ ਸਾਨੂੰ ਬਦਲਣੀ ਪਵੇਗੀ, ਉਮਰਾਂ ਦਾ ਮਕਸਦਾਂ ਤੇ ਉਦੇਸ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ, ਇਹ ਸਿਰਫ਼ ਤੇ ਸਿਰਫ਼ ਸਾਡੀ ਸੋਚ ਹੁੰਦੀ ਹੈ, ਜਿੰਨਾ ਮਰਜ਼ੀ ਬਾਹਰੋਂ ਥੱਕ ਜਾਵੋ, ਪਰ ਦਿਮਾਗ਼ੋਂ ਤੇ ਮਨੋਂ ਆਪਣੇ-ਆਪ ਨੂੰ ਕਦੇ ਨਾ ਥੱਕਣ ਦਿਉ।
ਇਸ ਸਾਲ ਖੁਦ ਦੀ ਸੰਭਾਲ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ। ਖੁਦ ਦੀ ਸੰਭਾਲ ਯਾਨੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਹੋਰ ਵਧੀਆ ਬਣਾਈਏ। ਜਦੋਂ ਅਸੀਂ ਕੁਝ ਪ੍ਰਤੀਸ਼ਤ ਵੀ ਇਹ ਕਰਨ ਵਿਚ ਕਾਮਯਾਬ ਹੋ ਜਾਵਾਂਗੇ, ਫਿਰ ਸਾਨੂੰ ਆਪਣਾ ਮਨ ਤੇ ਦਿਮਾਗ਼ ਬਹੁਤ ਹੀ ਹਲਕਾ ਤੇ ਸ਼ਾਂਤ ਮਹਿਸੂਸ ਹੋਵੇਗਾ। ਅਕਸਰ ਹਵਾਈ ਜਹਾਜ਼ ਵਿਚ ਕਹਿੰਦੇ ਨੇ, ਪਹਿਲਾਂ ਆਪਣਾ ਮਾਸਕ ਪਹਿਨੋ, ਫਿਰ ਦੂਸਰੇ ਦੀ ਮਦਦ ਕਰੋ। ਇਹ ਬਹੁਤ ਵੱਡਾ ਸੱਚ ਹੈ, ਜਿਸ ਨੂੰ ਜੇਕਰ ਅਸੀਂ ਜ਼ਿੰਦਗੀ ਵਿਚ ਅਪਨਾ ਲਵਾਂਗੇ ਤਾਂ ਆਪਣੇ ਆਸ-ਪਾਸ ਦੇ ਮਾਹੌਲ ਨੂੰ ਹੋਰ ਰੁਸ਼ਨਾ ਸਕਾਂਗੇ।
'8ea&th }s Wea&th ਕਹਾਵਤ ਵਿਚ ਵੀ ਬਹੁਤ ਵੱਡੀ ਸਚਾਈ ਛੁਪੀ ਹੈ, ਆਪਣੇ-ਆਪ ਨੂੰ ਫਿਟ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਿਹਤ ਸੰਬੰਧੀ ਮਸਲਿਆਂ ਦਾ ਘੱਟ ਤੋਂ ਘੱਟ ਸਾਹਮਣਾ ਕਰਨਾ ਪਵੇ।
ਅੱਜਕਲ੍ਹ ਡੀਟੌਕਸ (4etox) ਸ਼ਬਦ ਬਹੁਤ ਫੈਸ਼ਨ ਵਿਚ ਹੈ, ਜਿਸ ਨੂੰ ਵੇਖੋ ਸਰੀਰ ਨੂੰ ਡੀਟੌਕਸ ਕਰਦਾ ਹੈ, ਕਦੇ ਕਿਸੇ ਤਰੀਕੇ ਨਾਲ ਤੇ ਕਦੇ ਕਿਸੇ ਤਰੀਕੇ ਨਾਲ। ਯਾਨੀ ਇਕ ਤਰ੍ਹਾਂ ਨਾਲ ਸਰੀਰ ਦੀ ਅੰਦਰੂਨੀ ਸਫ਼ਾਈ, ਕਿਉਂ ਨਾ ਅਸੀਂ ਆਪਣੀ ਦੁਨੀਆ ਦੇ ਸੰਪਰਕਾਂ ਅਤੇ ਭਾਵਨਾਤਮਿਕ ਪਹੁੰਚ ਵੱਲ ਧਿਆਨ ਕਰਕੇ ਬਾਕੀ ਦੁਨਿਆਵੀ ਚੀਜ਼ਾਂ ਤੋਂ ਆਪਣੇ-ਆਪ ਨੂੰ ਡੀਟੌਕਸ ਕਰੀਏ।
ਆਪਣੇ ਅੰਦਰ ਦੇ ਮਨੋਭਾਵਾਂ ਤੇ ਸ਼ੌਕਾਂ ਨੂੰ ਪਹਿਚਾਣੀਏ, ਉਮਰ ਕੋਈ ਵੀ ਹੋਵੇ, ਇਸ ਸਾਲ ਆਪਣੇ ਮਨੋਭਾਵਾਂ ਨੂੰ ਹਕੀਕੀ ਜਾਮਾ ਪਹਿਨਾਉਣ ਦਾ, ਅੱਗੇ ਵਧਾਉਣ ਦਾ ਟੀਚਾ ਮਨ ਵਿਚ ਲਿਆਈਏ।
ਸਾਕਾਰਾਤਮਿਕ ਸੋਚ ਨਾਲ ਹਰ ਵੇਲੇ, ਹਰ ਕਦਮ 'ਤੇ ਆਪਣੀ ਜ਼ਿੰਦਗੀ, ਆਪਣੀ ਅੰਤਰ ਆਤਮਾ ਨੂੰ ਸੌਖਾ ਬਣਾਉਣ ਦੀ ਕੋਸ਼ਿਸ਼ ਕਰੀਏ।
ਜ਼ਿੰਦਗੀ ਵਿਚ ਬਹੁਤ ਮੋੜ ਅਜਿਹੇ ਆਉਂਦੇ ਨੇ, ਜਦ ਤੁਹਾਡੀ ਜ਼ਿੰਦਗੀ ਬਦਲਦੀ ਹੈ, ਦਿਸ਼ਾਵਾਂ ਬਦਲਦੀਆਂ ਨੇ, ਤੁਹਾਡੇ ਟੀਚੇ, ਉਦੇਸ਼ ਬਦਲਦੇ ਨੇ, ਉਨ੍ਹਾਂ ਨੂੰ ਝੱਲਣਾ ਸਿੱਖੋ, ਬਿਨਾਂ ਕਿਸੇ ਪਛਤਾਵੇ ਦੇ ਤਾਂ ਕਿ ਆਪਣੀਆਂ ਤਰਜੀਹਾਂ, ਆਪਣੀਆਂ ਜ਼ਿੰਮੇਵਾਰੀਆਂ ਨਾਲ ਤੁਸੀਂ ਇਕਸੁਰ ਰਹਿ ਸਕੋ। ਟੀਚੇ, ਹਮੇਸ਼ਾ ਉਹੀ ਮਿੱਥੋ, ਸੁਪਨੇ ਹਮੇਸ਼ਾ ਉਹੀ ਵੇਖੋ ਜਿਹੜੇ ਅਮਲੀ ਤੇ ਸੰਭਾਲਣਯੋਗ ਹੋਣ।
ਘਰ, ਪਰਿਵਾਰ, ਬੱਚੇ, ਦੋਸਤ, ਇਹ ਸਾਰੇ ਸਾਨੂੰ ਜ਼ਿੰਦਗੀ ਵਿਚ ਖੁਸ਼ੀ ਪ੍ਰਦਾਨ ਕਰਦੇ ਨੇ, ਸਾਡਾ ਜਿਊਣ ਦਾ ਮਕਸਦ ਹੁੰਦੇ ਨੇ। ਥੋੜ੍ਹਾ ਜਿਹਾ ਉੱਪਰ ਉਠ ਕੇ ਵੇਖੀਏ ਅਤੇ ਮਨ ਦੀ ਖ਼ੁਸ਼ੀ, ਖੁਦ ਦੀ ਤਸੱਲੀ ਕੁਝ ਵੱਖਰੇ ਤਰੀਕੇ ਨਾਲ ਹਾਸਲ ਕਰਨ ਦੀ ਕੋਸ਼ਿਸ਼ ਕਰੀਏ। ਸਮਾਜ ਵਿਚਲੇ ਲੋੜਵੰਦਾਂ, ਬੇਸਹਾਰਿਆਂ ਲਈ, ਕੁਝ ਕਰੀਏ, ਕੁਝ ਬਹੁਤ ਵੱਡਾ ਨਹੀਂ ਤਾਂ ਬਸ ਛੋਟੇ-ਛੋਟੇ ਕਦਮਾਂ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ।
ਜੇਕਰ ਅਸੀਂ ਆਪਣੇ ਟੀਚੇ ਹਾਸਿਲ ਕਰਨ ਵਿਚ 50 ਪ੍ਰਤੀਸ਼ਤ ਵੀ ਕਾਮਯਾਬ ਹੋ ਗਏ ਤਾਂ ਸਾਡੇ ਮਨ ਨੂੰ ਇਕ ਬਹੁਤ ਵੱਡੀ ਤਸੱਲੀ ਹੋਵੇਗੀ। ਇਸ ਆਤਮ-ਸੰਤੁਸ਼ਟੀ ਦੀ ਊਰਜਾ ਹੀ ਸਾਡੇ ਵਿਚ ਨਵਾਂ ਉਤਸ਼ਾਹ ਪੈਦਾ ਕਰੇਗੀ ਤੇ ਸਾਡੇ ਬੱਚੇ ਵੀ ਸਾਨੂੰ ਵੇਖ ਕੇ ਪ੍ਰੇਰਿਤ ਹੋਣਗੇ ਤੇ ਕੁਝ ਸਿੱਖਣਗੇ। ਹਮੇਸ਼ਾ ਯਾਦ ਰੱਖੀਏ, ਕਿਸੇ ਦੀ ਮੁਸਕਾਨ ਦਾ ਕਾਰਨ ਬਣੀਏ।
ਉਮੀਦ ਕਰਦੇ ਹਾਂ ਕਿ ਨਵੇਂ ਸਾਲ ਦੇ ਸੰਕਲਪ ਸਾਰਿਆਂ ਲਈ ਪੂਰਾ ਸਾਲ ਮੌਕੇ ਤੇ ਤਰੱਕੀ ਪੈਦਾ ਕਰਨ ਤੇ ਉਮੰਗਾਂ ਭਰੇ ਹੋਣ।
ਸੋ, ਕੀ ਤੁਸੀਂ ਤਿਆਰ ਹੋ ਚੁਣੌਤੀਆਂ ਦਾ ਸਾਹਮਣਾ ਕਰਨ ਲਈ, ਆਪਣੀ ਤਰੱਕੀ ਦਾ ਜਸ਼ਨ ਮਨਾਉਣ ਲਈ ਤੇ 2026 ਵਿਚ ਕੁਝ ਨਵਾਂ ਕਰਨ ਲਈ?
ਸਾਰਿਆਂ ਨੂੰ ਨਵਾਂ ਸਾਲ ਮੁਬਾਰਕ।