ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਉਦੋਂ ਆਹ ਖ਼ਰਚੇ ਨਹੀਂ ਹੁੰਦੇ ਸੀ...

Ad Position 21
No active advertisement
ਅਜੀਤ ਡੈਸਕ 25-01-2026

ਜੇਕਰ ਕਰੀਬ ਸਾਢੇ ਚਾਰ ਕੁ ਦਹਾਕੇ ਪਿਛਾਂਹ ਨੂੰ ਜਾ ਕੇ ਝਾਤ ਮਾਰੀਏ ਤਾਂ ਮਨੁੱਖੀ ਜੀਵਨ 'ਚ ਜ਼ਮੀਨ-ਅਸਮਾਨ ਦਾ ਫ਼ਰਕ ਨਜ਼ਰ ਆਉਂਦਾ ਹੈ। ਇਹੀ ਵੱਡਾ ਕਾਰਨ ਹੈ ਕਿ ਅਜੋਕਾ ਮਨੁੱਖ ਆਪਣੇ ਮੌਜੂਦਾ ਜੀਵਨ ਤੋਂ ਬਹੁਤ ਜ਼ਿਆਦਾ ਅਸੰਤੁਸ਼ਟ ਜਾਪਦਾ ਹੈ। ਉਸ ਨੂੰ ਅੰਤਾਂ ਦੀ ਮਹਿੰਗਾਈ ਜ਼ਿਆਦਾ ਪੀੜ ਕਰਦੀ ਹੈ। ਜ਼ਿੰਦਗੀ ਦੀ ਜ਼ਿਆਦਾ ਭੱਜ-ਨੱਠ ਨੇ ਮਨੁੱਖੀ ਜੀਵਨ ਨੂੰ ਅਸਥ-ਵਿਅਸਥ ਕਰ ਦਿੱਤਾ ਹੈ। ਜੀਵਨ ਦੀਆਂ ਪ੍ਰੇਸ਼ਾਨੀਆਂ, ਗੁੰਝਲਾਂ, ਝੰਜਟ ਤੇ ਚੁਣੌਤੀਆਂ ਜ਼ਿਆਦਾ ਹੋ ਗਈਆਂ ਹਨ। ਇੱਛਾਵਾਂ/ਖ਼ਾਹਿਸ਼ਾਂ ਪੂਰੀਆਂ ਨਾ ਹੋਣ ਕਾਰਨ ਮਨੁੱਖੀ ਜੀਵਨ ਵਿਆਕਲ ਹੋ ਗਿਆ ਹੈ। ਸੁੱਖ ਅਰਾਮ ਅਤੇ ਪਦਾਰਥਕ ਵਸਤਾਂ ਵਧੇਰੇ ਇਕੱਤਰ ਦੀ ਦੌੜ 'ਚ ਮਨੁੱਖੀ ਜੀਵਨ 'ਚ ਖ਼ਲਲ ਪੈ ਚੁੱਕਾ ਹੈ। ਅਜੋਕਾ ਮਨੁੱਖ ਪਦਾਰਥਕ ਚੀਜ਼ਾਂ/ਵਸਤਾਂ ਇਕੱਤਰ ਕਰਕੇ ਆਰਾਮਦਾਇਕ ਜ਼ਿੰਦਗੀ ਜਿਊਣ ਦਾ ਸੰਕਪਲ ਲੈ ਕੇ ਬੇਅਰਾਮ ਹੋ ਚੁੱਕਾ ਹੈ। ਹਾਲਾਂ ਕਿ ਇਹ ਸਭ ਨੂੰ ਭਲੀ ਭਾਂਤ ਪਤਾ ਹੈ ਕਿ ਸਭ ਕੁਝ ਏਥੇ ਹੀ ਛੱਡ ਜਾਣਾ ਹੈ, ਮਨੁੱਖੀ ਸਰੀਰ ਵੀ ਨਾਲ ਨਹੀਂ ਜਾਣਾ। ਜੇਕਰ ਪਹਿਲੇ ਸਮਿਆਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਉਦੋਂ ਜ਼ਿੰਦਗੀ ਦੀ ਤੋਰ ਸਹਿਜ ਅਤੇ ਸੰਜੀਦਾ ਹੁੰਦੀ ਸੀ ਅਤੇ ਮਨੁੱਖ ਬਿਮਾਰੀ ਤੋਂ ਰਹਿਤ ਰਹਿ ਕੇ ਲੰਬੀ ਉਮਰ ਭੋਗਦੇ ਸਨ। ਕੋਈ ਪ੍ਰੇਸ਼ਾਨੀ ਨੇੜੇ-ਤੇੜੇ ਨਹੀਂ ਢੁੱਕਦੀ ਸੀ। ਮਨੁੱਖ ਕੇਵਲ ਆਪਣੀ ਆਮਦਨ ਦੇ ਆਰਥਿਕ ਸਾਧਨਾਂ ਦੇ ਹਿਸਾਬ ਨਾਲ ਆਪਣੇ-ਆਪ ਨੂੰ ਆਂਕਦਾ ਸੀ, ਉਸ ਦੇ ਸਾਹਮਣੇ ਉਸ ਦੇ ਆਪਣੇ ਪੁਰਖ਼ਿਆਂ ਦੀ ਜੀਵਨ ਜਾਚ ਪ੍ਰੇਰਨਾ ਸਰੋਤ ਹੁੰਦੀ ਸੀ। ਉਹ ਆਪਣੇ ਆਪ ਨੂੰ ਉਨ੍ਹਾਂ ਨਾਲੋਂ ਆਪਣੀ ਬਿਹਤਰ ਜ਼ਿੰਦਗੀ ਅਤੇ ਰਹਿਣ-ਸਹਿਣ ਹੋਣ 'ਤੇ ਮਾਣ ਕਰਦਾ ਹੋਇਆ ਆਪਣੇ-ਆਪ ਨੂੰ ਖ਼ੁਦ ਹੀ ਸ਼ਾਬਾਸ਼ ਦਿੰਦਾ ਸੀ। ਮੌਜੂਦਾ ਵਿਸ਼ਵੀਕਰਨ ਦੀ ਹਨੇਰੀ ਨੇ ਮਨੁੱਖ ਦੇ ਦਿਮਾਗ਼ ਨੂੰ ਖ਼ਰਾਬ ਕਰ ਦਿੱਤਾ ਹੈ। ਉਹ ਉਕਤ ਸਭ ਕਾਸੇ ਨੂੰ ਭੁੱਲ-ਭੁਲਾ ਕੇ ਬਹੁਤ ਵੱਡੇ ਬੰਦਿਆਂ ਦੀ ਰੀਸ ਕਰਨ ਲੱਗ ਪਿਆ ਹੈ। ਕਈ ਵਾਰ ਮੁਕਾਬਲੇਬਾਜ਼ੀ ਦੀ ਦੌੜ 'ਚ ਵਿੰਗੇ-ਟੇਢੇ ਰਸਤਿਆਂ 'ਤੇ ਚੱਲਣ ਤੋਂ ਗੁਰੇਜ਼ ਨਹੀਂ ਕਰਦਾ। ਹੁਣ ਮੁੜਦੇ ਹਾਂ ਪਹਿਲੇ ਸਮਿਆਂ ਦੇ ਘਰੇਲੂ ਖ਼ਰਚਿਆਂ ਵੱਲ। ਉਦੋਂ ਸਾਡੇ ਘਰਾਂ 'ਚ ਸ਼ਰਾਬ ਨਹੀਂ ਹੁੰਦੀ ਸੀ, ਬਹੁਤੇ ਪਿੰਡਾਂ 'ਚ ਠੇਕੇ ਨਹੀਂ ਹੁੰਦੇ ਸਨ। ਘਰ 'ਚ ਕਿਸੇ ਪ੍ਰਾਹੁਣੇ ਦੇ ਆਉਣ 'ਤੇ ਦੂਜੇ ਪਿੰਡੋਂ ਜਾਂ ਸ਼ਹਿਰੋਂ ਸ਼ਰਾਬ ਲਿਆਂਦੀ ਜਾਂਦੀ ਸੀ। ਘਰ 'ਚ ਕੋਈ ਇਕ ਅੱਧਾ ਸੀਨੀਅਰ ਮੈਂਬਰ ਕੰਪਨੀ ਕਰਦਾ ਸੀ। ਕਿੰਨੇ-ਕਿੰਨੇ ਦਿਨ ਕੋਈ ਸ਼ਹਿਰ ਜਾਂ ਸਕੀਰੀ 'ਚ ਨਹੀਂ ਜਾਂਦਾ ਸੀ, ਕਿਉਂ ਜੋ ਉਦੋਂ ਘਰਾਂ 'ਚ ਆਪਣੇ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸਨ। ਘਰ ਦੇ ਮੁਖੀ ਦੁਆਰਾ ਖ਼ਰੀਦੇ ਗਏ ਕੱਪੜੇ ਬੱਚਿਆਂ ਵਲੋਂ ਪ੍ਰਵਾਨ ਕੀਤੇ ਜਾਂਦੇ ਹਨ। ਇਹੋ ਕਾਰਨ ਹੁੰਦਾ ਸੀ ਕਿ ਸਾਰੇ ਮੁੰਡਿਆਂ ਅਤੇ ਕੁੜੀਆਂ ਦੇ ਕੱਪੜੇ ਇਕੋ ਜਿਹੇ ਹੁੰਦੇ ਸਨ। ਘਰੇਲੂ ਸਬਜ਼ੀਆਂ, ਦਾਲਾਂ ਦੀ ਵਰਤੋਂ ਹੁੰਦੀ ਸੀ ਅਤੇ ਬਾਲਣ ਆਮ ਹੋਣ ਕਰਕੇ ਗੈਸ ਸਿਲੰਡਰਾਂ ਨੂੰ ਕੋਈ ਜਾਣਦਾ ਨਹੀਂ ਹੁੰਦਾ ਸੀ। ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਸਨ। ਉਨ੍ਹਾਂ ਦੀ ਉਮਰ ਦਾ ਫ਼ਰਕ ਜਮਾਤਾਂ ਦਾ ਫ਼ਰਕ ਬਣ ਜਾਂਦਾ ਸੀ। ਵੱਡੇ ਭੈਣ-ਭਰਾਵਾਂ ਦੀਆਂ ਕਿਤਾਬਾਂ, ਗਾਈਡਾਂ ਛੋਟਿਆਂ ਦੇ ਕੰਮ ਆ ਜਾਂਦੀਆਂ ਸਨ। ਹੋਰ ਤਾਂ ਹੋਰ ਵੱਡਿਆਂ ਦੇ ਉਮਰ ਦੇ ਵਾਧੇ ਨਾਲ ਛੋਟੇ ਹੋਏ ਕੱਪੜੇ ਛੋਟੇ ਭੈਣ-ਭਰਾਵਾਂ ਦੁਆਰਾ ਪਾ ਲਏ ਜਾਂਦੇ ਸਨ। ਉਚੇਰੀ ਪੜ੍ਹਾਈ ਘਰ ਦੇ ਸਾਰੇ ਬੱਚੇ ਨਹੀਂ ਕਰਦੇ ਸਨ ਅਤੇ ਘੱਟ ਪੜ੍ਹਿਆਂ ਨੂੰ ਸਰਕਾਰੀ ਨੌਕਰੀਆਂ ਮਿਲ ਜਾਂਦੀਆਂ ਸਨ। ਵਿਆਹ ਸ਼ਾਦੀਆਂ ਪੈਲੇਸਾਂ ਦੀ ਬਜਾਇ ਘਰਾਂ 'ਚ ਘੱਟ ਖ਼ਰਚੇ ਨਾਲ ਕੀਤੀਆਂ ਜਾਂਦੀਆਂ ਸਨ। ਘਰ, ਬਾਥਰੂਮ ਬਿਲਕੁੱਲ ਸਾਦੇ ਹੁੰਦੇ ਸਨ ਅਤੇ ਉਦੋਂ ਹਰ ਜ਼ਮੀਨ ਅਤੇ ਬੇਜ਼ਮੀਨ ਵਾਲਾ ਵਿਅਕਤੀ ਆਪਣੇ ਘਰ 'ਚ ਪਸ਼ੂ ਆਮ ਰੱਖਦਾ ਹੁੰਦਾ ਸੀ। ਸਾਰਾ ਖਾਣ-ਪੀਣ ਘਰ ਦੇ ਚੁੱਲ੍ਹੇ 'ਤੇ ਬਣਦਾ ਸੀ ਅਤੇ ਘਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਉਮਰ 'ਚ ਸਭ ਤੋਂ ਵੱਡੇ ਆਦਮੀ ਦੀ ਹੁੰਦੀ ਸੀ। ਮੁੱਕਦੀ ਗੱਲ ਜੇ ਉਸ ਸਮੇਂ ਆਮਦਨ ਦੇ ਸੀਮਤ ਸਾਧਨ ਸਨ, ਸਾਦਾ ਰਹਿਣ-ਸਹਿਣ ਤੇ ਖਾਣ-ਪੀਣ ਸੀ ਤਾਂ ਅੱਜ ਵਾਂਗ ਘਰੇਲੂ ਖ਼ਰਚੇ ਵੀ ਕੋਈ ਬਹੁਤੇ ਨਹੀਂ ਹੁੰਦੇ ਸਨ। ਕਹਿਣ ਦਾ ਭਾਵ ਬਾਜ਼ਾਰੀ ਵਸਤਾਂ ਦੀ ਵਰਤੋਂ ਆਮ ਘਰਾਂ ਅੰਦਰ ਬਹੁਤ ਹੀ ਘੱਟ ਹੁੰਦੀ ਸੀ। ਬਿਮਾਰੀਆਂ ਤੋਂ ਰਹਿਤ ਤੰਦਰੁਸਤ ਜੀਵਨ ਹੋਣ ਕਾਰਨ ਜਣੇਪੇ ਹੀ ਘਰਾਂ ਅੰਦਰ ਹੀ ਹੁੰਦੇ ਸਨ ਅਤੇ ਕੁਦਰਤੀ ਮੌਤ 70-80 ਸਾਲ ਤੋਂ ਪਹਿਲਾਂ ਨਹੀਂ ਆਉਂਦੀ ਸੀ। ਛੋਟੇ ਵਾਹੀਵਾਨਾਂ ਦੀ ਖੇਤੀ ਕੁਦਰਤੀ ਢੰਗ ਨਾਲ ਹੋਣ ਕਰਕੇ ਫ਼ਸਲ ਮਸਾਂ ਗੁਜ਼ਾਰੇ ਜੋਗੀ ਹੁੰਦੀ ਸੀ ਅਤੇ ਮਸ਼ੀਨੀਕਰਨ ਦੀ ਅਣਹੋਂਦ ਸੀ।

-ਪਿੰਡ ਸਿਰਸੜੀ, ਡਾਕ : ਔਲਖ, ਵਾਇਆ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ-151207.
ਮੋਬਾਈਲ : 98156-59110

Ad Position 22
No active advertisement
ਪਿਛਲੀ ਖ਼ਬਰ ਭੁਲੱਕੜਨਾਮਾ ਚਿਮਨੀ ਅਗਲੀ ਖ਼ਬਰ ...ਮੌਕੇ ਤੋਂ ਦੌੜਨ ਵਾਲੇ
Ad Position 24
No active advertisement