ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਭੁਲੱਕੜਨਾਮਾ ਚਿਮਨੀ

Ad Position 21
No active advertisement
ਅਜੀਤ ਡੈਸਕ 25-01-2026

ਜੇ .ਬੀ .ਟੀ. ਵਿਚ ਦਾਖ਼ਲਾ ਮਿਲਣ ਪਿੱਛੋਂ ਮੈਂ ਵੀ ਬਾਕੀ ਮੁੰਡਿਆਂ ਨਾਲ ਹੋਸਟਲ ਵਿਚ ਰਹਿਣ ਲੱਗ ਪਿਆ। ਹੋਸਟਲ ਜੰਡਾਲੀ ਰੋਡ 'ਤੇ ਅਹਿਮਦਗੜ੍ਹ ਠਾਣੇ ਦੇ ਬਿਲਕੁਲ ਨਾਲ ਸੀ। ਹੋਸਟਲ ਅਤੇ ਠਾਣੇ ਦੀ ਕੰਧ ਸਾਂਝੀ ਸੀ। ਅਸੀਂ ਛੇ, ਛੇ ਮੁੰਡੇ ਇਕ-ਇਕ ਕਮਰੇ ਵਿਚ ਰਹਿੰਦੇ ਸੀ। ਤਿੰਨ ਮੰਜੇ ਇਕ ਪਾਸੇ ਤਿੰਨ ਮੰਜੇ ਦੂਜੇ ਪਾਸੇ ਹੁੰਦੇ ਸਨ। ਮੰਜਿਆਂ ਦੀਆਂ ਦੋਹਾਂ ਕਤਾਰਾਂ ਦੇ ਵਿਚਕਾਰ ਇਕ ਸਟੂਲ ਉਤੇ ਅਸੀਂ ਮਿੱਟੀ ਦੇ ਤੇਲ ਨਾਲ ਜਗਣ ਵਾਲਾ ਲੈਂਪ ਰੱਖਿਆ ਹੋਇਆ ਸੀ। ਬਿਜਲੀ ਚਲੀ ਜਾਣ 'ਤੇ ਅਸੀਂ ਉਸ ਨੂੰ ਜਗਾ ਲੈਂਦੇ ਸੀ।
ਇਕ ਰਾਤ ਨੂੰ ਜਦੋਂ ਹੋਸਟਲ ਸੁਪਰਡੈਂਟ ਦੀ ਸੀਟੀ ਵੱਜੀ ਅਸੀਂ ਹਾਜ਼ਰੀ ਲਈ ਕਮਰਿਆਂ ਦੇ ਸਾਹਮਣੇ ਇਕ ਕਤਾਰ ਵਿਚ ਖੜ੍ਹ ਗਏ। ਜਿਉਂ ਹੀ ਅਸੀਂ ਹਾਜ਼ਰੀ ਲੱਗਣ ਤੋਂ ਪਿਛੋਂ ਆਪਣੇ ਕਮਰੇ ਵਿਚ ਆਏ ਬਿਜਲੀ ਗੁਲ ਹੋ ਗਈ। ਮੇਰੇ ਸਾਥੀ ਮੈਨੂੰ ਕਹਿੰਦੇ 'ਤੇਲੂ ਤੂੰ ਲੈਂਪ ਜਗਾ ਲੈ' ਮੈਂ ਟੋਹ, ਟੋਹ ਕੇ ਲੈਂਪ ਦੇ ਕੋਲ ਹੀ ਪਈ ਦੀਆ ਸਲਾਈ ਚੁੱਕ ਕੇ ਉਸ ਵਿਚੋਂ ਇਕ ਤੀਲੀ ਕੱਢ ਕੇ ਬਾਲੀ ਤਾਂ ਕਮਰੇ ਵਿਚ ਚਾਨਣ ਹੋ ਗਿਆ ਮੈਂ ਲੈਂਪ ਦੀ ਚਿਮਨੀ ਲਾਹਕੇ ਸਟੂਲ ਉਤੇ ਰੱਖ ਲਈ। ਇਕ ਹੋਰ ਤੀਲੀ ਜਗਾ ਕੇ ਲੈਂਪ ਬਾਲ ਲਿਆ। ਮੇਰੇ ਇਕ ਹੱਥ ਵਿਚ ਬਲ ਰਹੀ ਤੀਲੀ ਸੀ। ਦੂਜੇ ਹੱਥ ਵਿਚ ਲੈਂਪ ਦੀ ਚਿਮਨੀ ਸੀ। ਮੈਂ ਬਲ ਰਹੀ ਤੀਲੀ ਨੂੰ ਹੇਠਾਂ ਸੁਟਣ ਦੀ ਬਜਾਏ ਭੁੱਲ ਕੇ ਚਿਮਨੀ ਹੇਠਾਂ ਸੁੱਟ ਬੈਠਾਂ। ਚਿਮਨੀ ਹੇਠਾਂ ਡਿਗਦੀ ਸਾਰ ਕੀਚਰ ਕੀਚਰ ਹੋ ਗਈ। ਲੈਂਪ ਵਿਚੋਂ ਨਿਕਲਦਾ ਧੂੰਆਂ ਕਮਰੇ ਵਿਚ ਭਰਨ ਲੱਗਿਆ।
ਮੇਰੇ ਸਾਥੀ ਮੇਰੇ ਮਗਰ ਪੈ ਗਏ 'ਤੂੰ ਚਿਮਨੀ ਤੋੜੀ ਹੈ। ਤੂੰ ਹੀ ਬਜ਼ਾਰੋਂ ਜਾ ਕੇ ਚਿਮਨੀ ਲੈ ਕੇ ਆ'। 'ਪੈਸੇ ਤਾਂ 'ਕੱਠੇ ਕਰਕੇ ਦੇ ਦੋ' 'ਹੁਣ ਪੈਸੇ ਵੀ ਤੈਨੂੰ ਹੀ ਖਰਚ ਕਰਨੇ ਪੈਣੇ ਨੇ' 'ਜੇ ਇਹੀ ਗੱਲ ਹੈ ਅੱਗੇ ਨੂੰ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਜਿਹੜਾ ਸਾਂਝਾ ਹੋਵੇ' 'ਭੱਜ ਕੇ ਲੈ ਆ ਚਿਮਨੀ' ਸਾਰੇ ਮੇਰੇ ਨਾਲ ਅਜਿਹਾ ਸਲੂਕ ਕਿਉਂ ਕਰ ਰਹੇ ਸਨ, ਮੈਨੂੰ ਸਮਝ ਨਹੀਂ ਸੀ ਆ ਰਹੀ। ਮੈਂ ਵੀ ਗੁੱਸੇ ਵਿਚ ਸਿਰ ਉਤੇ ਪਰਨਾ ਲਪੇਟ ਕੇ ਖੇਸੀ ਦੀ ਬੁੱਕਲ ਮਾਰ ਕੇ ਬਾਜ਼ਾਰ ਵੱਲ ਨੂੰ ਚਲ ਪਿਆ। ਪਰ ਜਦੇ ਹੀ ਮੈਨੂੰ ਖਿਆਲ ਆਇਆ 'ਸੁਪਰਡੈਂਟ ਸਾਹਿਬ ਤਾਂ ਹਾਜ਼ਰੀ ਲਾਉਣ ਤੋਂ ਪਿਛੋਂ ਬਾਹਰਲੇ ਮੇਨ ਗੇਟ ਨੂੰ ਜਿੰਦਾ ਲਾ ਦਿੰਦੇ ਹਨ। ਕਿਉਂ ਨਾ ਉਨ੍ਹਾਂ ਤੋਂਂ ਇਜਾਜ਼ਤ ਲੈ ਕੇ ਜਾਵਾਂ'। ਜਦ ਮੈਂ ਉਨ੍ਹਾਂ ਦੇ ਕਮਰੇ ਵਿਚ ਜਾ ਕੇ ਸਾਰੀ ਗੱਲ ਦੱਸ ਕੇ ਕਿਹਾ, 'ਜੀ ਮੈਂ ਹੁਣੇ ਮੁੜ ਆਉਣਾ ਅਜੇ ਜਿੰਦਾ ਨਾ ਲਾਇਓ' ਤਾਂ ਉਹ ਕਹਿਣ ਲੱਗੇ 'ਹਵਾ ਬਣ ਕੇ ਜਾਈਂ, ਹਵਾ ਬਣ ਕੇ ਆਈਂ' ਉਨ੍ਹਾਂ ਦੇ ਕਹਿਣ ਮੁਤਾਬਕ ਹਨੇਰੇ ਨੂੰ ਚੀਰਦਾ ਤੇਜ਼-ਤੇਜ਼ ਕਦਮੀਂ ਮੈਂ ਬਾਜ਼ਾਰ ਵੱਲ ਨੂੰ ਜਾ ਰਿਹਾ ਸੀ। ਪਰ ਹਨੇਰੇ ਵਿਚ ਉਭੜੇ ਖੁਭੜੇ ਰਾਹ ਤੋਂ ਡਰਦਾ ਸੋਚ ਰਿਹਾ ਸੀ 'ਚਿਮਨੀ ਤਾਂ ਹੱਥ ਵਿਚੋਂ ਡਿੱਗ ਕੇੇ ਟੁੱਟੀ ਹੈ ਕਿਤੇ ਹਨੇਰੇ ਵਿਚ ਡਿੱਗਕੇ ਤੂੰ ਨਾ ਆਪਣੇ ਹੱਡ ਗੋਡੇ ਤੁੜਵਾਂ ਲਈ'।
ਥੋੜ੍ਹਾ ਅੱਗੇ ਜਾ ਕੇ ਇਕ ਗਲੀ ਵਿਚੋਂ ਹੋ ਕੇ ਮੈਂ ਬਾਜ਼ਾਰ ਵੱਲ ਨੂੰ ਮੁੜ ਗਿਆ। ਬਿਜਲੀ ਨਾ ਹੋਣ ਕਰਕੇ ਜਿਵੇਂ ਸਾਰਾ ਸ਼ਹਿਰ ਹੀ ਹਨੇਰੇ ਵਿਚ ਡੁੱਬਿਆ ਹੋਇਆ ਸੀ। ਅੱੱਜ ਕੱਲ੍ਹ ਵਾਂਗ ਨਾ ਤਾਂ ਅਜੇ ਜਨਰੇਟਰ ਆਏ ਸਨ ਅਤੇ ਨਾ ਹੀ ਇਨਵਰਟਰ। ਘਰਾਂ ਵਿਚੋਂ ਲੈਂਪਾਂ ਜਾਂ ਮੋਮਬੱਤੀਆਂ ਦਾ ਮਿੰਨਾ, ਮਿੰਨਾ ਚਾਨਣ ਬਾਹਰ ਨੁੰ ਝਾਕ ਰਿਹਾ ਸੀ। ਬਾਜ਼ਾਰ ਵਿਚ ਗਿਆ ਤਾਂ ਦੁਕਾਨਾਂ ਉਤੇ ਦੁਕਾਨਦਾਰ ਲੈਂਪਾਂ ਜਾਂ ਲਾਲਟੈਣਾਂ ਦੀਆਂ ਰੌਸਨੀਆਂ ਵਿਚ ਹੀ ਬੈਠੇ ਸਨ। ਕਿਸੇ, ਕਿਸੇ ਦੁਕਾਨ ਵਿਚ ਮਿੱਟੀ ਦੇ ਤੇਲ ਨਾਲ ਬਲਣ ਵਾਲੇ ਗੈਸ ਜਗ ਰਹੇ ਸਨ। ਬਾਜ਼ਾਰ ਵਿਚੋਂ ਲੰਘਦਾ, ਲੰਘਦਾ ਮੈਂ ਆਪਣੇ-ਆਪ ਨੂੰ ਵੀ ਕੋਸ ਰਿਹਾ ਸੀ 'ਆਖਰ ਤੂੰ ਐਨਾ ਭੁਲੱਕੜ ਕਿਉਂ ਹੈਂ। ਚੱਲ ਹੁਣ ਵੀ ਧਿਆਨ ਨਾਲ ਦੇਖਦਾ ਚੱਲ, ਕਿਤੇ ਚਿਮਨੀ ਵਾਲੀ ਦੁਕਾਨ ਲੱਭਦਾ ਸਾਰਾ ਬਾਜ਼ਾਰ ਨਾ ਪਾਰ ਕਰ ਜਾਈਂ।'
ਜਦੋਂ ਗਾਂਧੀ ਚੌਕ ਵਿਚ ਪਹੁੰਚਿਆਂ ਤਾਂ ਥੋੜ੍ਹਾ ਅੱਗੇ ਜਾ ਕੇ ਖੱਬੇ ਹੱਥ, ਲੈਂਪਾਂ, ਲਾਲਟੈਣਾਂ ਅਤੇ ਗੈਸਾਂ ਦੀ ਇਕ ਦੁਕਾਨ ਸੀ। ਉਹ ਦੁਕਾਨਦਾਰ ਵੀ ਇਕ ਲੈਂਪ ਦੀ ਰੌਸ਼ਨੀ ਵਿਚ ਹੀ ਬੈਠਾ ਸੀ । ਮੈਂ ਉਸ ਤੋਂ ਲੈਂਪ ਦੀ ਇਕ ਚਿਮਨੀ ਖਰੀਦ ਲਈ। ਜਦਂੋ ਮੈਂ ਉਸ ਨੂੰ ਪੈਸੇ ਦੇਣ ਲੱਗਿਆ ਜਦੇ ਹੀ ਬਿਜਲੀ ਵੀ ਆ ਗਈ। ਸਾਰੇ ਬਾਜ਼ਾਰ ਵਿਚ ਚਾਨਣ-ਚਾਨਣ ਹੋ ਗਿਆ। ਮੈਂ ਲੈਂਪ ਦੀ ਚਿਮਨੀ ਬਹੁਤ ਹੀ ਹਿਫਾਜ਼ਤ ਨਾਲ ਲੈ ਕੇ ਹੋਸਟਲ ਵੱਲ ਨੂੰ ਜਾ ਰਿਹਾ ਸੀ। ਆਪਣੇ ਸਾਥੀਆਂ ਪ੍ਰਤੀ ਗੁਸੇ ਵਿਚ ਮੇਰਾ ਇਕ ਮਨ ਉਬਾਲੇ ਮਾਰ ਰਿਹਾ ਸੀ। ਦੂਜਾ ਮਨ ਮੈਨੂੰ ਇਹ ਸਮਝਾ ਰਿਹਾ ਸੀ 'ਕਾਹਲੀ ਨਾ ਕਰਿਆ ਕਰ ਕਈ ਵਾਰ ਬੰਦਾ ਕਾਹਲੀ-ਕਾਹਲੀ ਵਿਚ ਬਹੁਤ ਕੁਝ ਭੁੱਲ ਜਾਂਦਾ ਹੈ'। ਜਦੋਂ ਮੈਂ ਸੋਚਦਾ, ਸੋਚਦਾ ਹੋਸਟਲ ਦੇ ਮੇਨ ਗੇਟ 'ਤੇ ਪਹੁੰਚਿਆ ਤਾਂ ਉਥੇ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ। ਆਪਣੇ ਸਾਥੀਆਂ ਬਾਰੇ ਸੋਚਦਾ, ਸੋਚਦਾ ਮੈਂ ਸੁਪਰਡੈਂਟ ਬਾਰੇ ਸੋਚਣ ਲੱਗਿਆ। ਠੰਢ ਵਿਚ ਖੜ੍ਹੇ ਨੂੰ ਮੈਨੂੰ ਕਾਂਬਾ ਜਿਹਾ ਲੱਗਣ ਲੱਗਿਆ। ਮੈਂ ਆਪਣੀ ਖੇਸੀ ਦੀ ਬੁਕਲ ਘੁੱਟ ਕੇ ਮਾਰ ਲਈ। ਫਿਰ ਮੇਰੇ ਦਿਮਾਗ ਵਿਚ ਆਇਆ ਕਿ ਸੁਪਰਡੈਂਟ ਸਾਹਿਬ ਫਿਲਮਾਂ ਦੇ ਬਹੁਤ ਸ਼ੌਕੀਨ ਹਨ ਕਿਤੇ ਬਿਜਲੀ ਆਈ ਤੇ ਫ਼ਿਲਮ ਦੇਖਣ ਨਾ ਚਲੇ ਗਏ ਹੋਣ। ਹੋਸਟਲ ਦੀ ਚਾਰ-ਦੀਵਾਰੀ ਵੀ ਕਾਫੀ ਉਚੀ ਸੀ ਉਸ ਦੇ ਉਪਰ ਗੋਲਾਈਆਂ ਜਿਹੀਆਂ ਬਣਾ ਕੇ ਡਿਜਾਈਨ ਬਣਾਇਆ ਹੋਇਆ ਸੀ। ਮੈਂ ਸੋਚਣ ਲੱਗਿਆ ਜੇ ਇਹ ਗੋਲਾਈਆਂ ਨਾ ਹੁੰਦੀਆਂ ਤਾਂ ਮੈਂ ਚਿਮਨੀ ਕੰਧ ਉਤੇ ਰੱਖਕੇ ਆਪ ਔਖੇ, ਸੌਖੇ ਨੇ ਕੰਧ ਟੱਪ ਕੇ ਦੂਜੇ ਪਾਸੇ ਜਾ ਕੇ ਚਿਮਨੀ ਚੁੱਕ ਲੈਣੀ ਸੀ। ਜੇ ਕਿਸੇ ਨੁੰ ਹਾਕਾਂ ਮਾਰਦਾ ਕਮਰੇ ਦੂਰ ਹੋਣ ਕਰਕੇ ਮੇਰੀ ਹਾਕ ਵੀ ਕਿਸੇ ਨੂੰ ਨਹੀਂ ਸੁਣਨੀ ਸੀ। ਮੈਂ ਸੋਚਿਆ ਜ਼ਰੂਰੀ ਤਾਂ ਨਹੀਂ ਕਿ ਸੁਪਰਡੈਂਟ ਸਾਹਿਬ ਫ਼ਿਲਮ ਹੀ ਦੇਖਣ ਗਏ ਹੋਣ ਜੇ ਕਿਸੇ ਹੋਰ ਕੰਮ ਗਏ ਹੋਏੇ ਛੇਤੀ ਮੁੜ ਵੀ ਸਕਦੇ ਹਨ। ਮੈਂ ਕੰਧ ਨਾਲ ਪਿੱਠ ਜੋੜ ਕੇ ਖੜ੍ਹ ਕੇ ਸੁਪਰਡੈਂਟ ਸਾਹਿਬ ਨੂੰ ਉਡੀਕਣ ਲੱਗਿਆ।
ਕਈ ਵਾਰ ਮੈਨੂੰ ਦੂਰ ਕੋਈ ਬੰਦਾ ਤੁਰਿਆ ਆਉਂਦਾ ਦਿੱਸਦਾ ਤਾਂ ਮੈਨੂੰ ਲੱਗਦਾ ਜਿਵੇ ਸੁਪਰਡੈਂਟ ਸਾਹਿਬ ਤੁਰੇ ਆਉਂਦੇ ਹੋਣ। ਪਰ ਨੇੜੇ ਆਇਆ ਉਹ ਬੰਦਾ ਹੋਰ ਕੋਈ ਨਿਕਲ ਜਾਂਦਾ। ਕਾਫੀ ਸਮਾਂ ਬੀਤਣ ਪਿਛੋਂ ਵੀ ਜਦੋਂ ਉਹ ਨਾ ਆਏ ਮੈਂ ਸੋਚਿਆ 'ਇਥੇ ਠੰਡ ਵਿਚ ਖੜ੍ਹਨ ਦਾ ਕੋਈ ਫਾਇਦਾ ਨਹੀਂ, ਠਾਣੇ ਅਤੇ ਹੋਸਟਲ ਦੇ ਵਿਚਕਾਰਲੀ ਕੰਧ ਤਿੰਨ ਤਿੰਨ ਫੁੱਟ ਤਾਂ ਉਚੀ ਹੈ ਉਹ ਟੱਪ ਕੇ ਹੋਸਟਲ ਦੇ ਗਰਾਊਂਡ ਵਿਚ ਜਾ ਰਹੂੰ' ਸੋਚਦਾ ਸੋਚਦਾ ਮੈਂ ਥਾਣੇ ਦੇ ਅੰਦਰ ਵੜ੍ਹਿਆ ਹੀ ਸੀ ਕਿ ਪਹਿਰੇ 'ਤੇ ਖੜ੍ਹੇ ਇਕ ਸਿਪਾਹੀ ਨੇ ਦੂਜੇ ਨੂੰ ਕਿਹਾ 'ਔਹ ਦੇਖ ਓ ਕੋਈ ਪਾਗਲ ਥਾਣੇ ਵਿਚ ਆ ਵੜਿਆ ਹੈ' ਮੇਰਾ ਪਹਿਰਾਵਾ ਵੀ ਕੁਝ ਇਸ ਤਰ੍ਹਾਂ ਦਾ ਭੁਲੇਖਾ ਪਾਉਂਦਾ ਸੀ। ਮੈਂ ਉਹ ਆਵਾਜ਼ ਸੁਣ ਕੇ ਉਥੇ ਹੀ ਰੁਕ ਗਿਆ ਕਿ ਕਿਤੇ ਹੋਰ ਨਾ ਫੜ ਕੇ ਕੁਟਾਪਾ ਚਾੜ੍ਹ ਦੇਣ 'ਇਹ ਤਾਂ ਖੜ੍ਹ ਗਿਆ ਜਾਹ ਜਾ ਕੇ ਦੇਖ ਤਾਂ ਸਈ ਕੌਣ ਹੈ?' ਜਿਹੜਾ ਸਿਪਾਹੀ ਮੇਰੇ ਵੱਲ ਨੂੰ ਆ ਰਿਹਾ ਸੀ ਮੈਂ ਉਸ ਨੂੰ ਉਚੀ ਦੇ ਕੇ ਕਿਹਾ 'ਸਰਦਾਰ ਜੀ ਮੈਂ ਪਾਗਲ ਨਹੀਂ ਮੈਂ ਤਾਂ ਹੋਸਟਲ ਵਿਚ ਜਾਣਾ ' ਉਸ ਨੇ ਜਵਾਬ ਦਿੱਤਾ 'ਲੱਗਦੈ ਫਿਰ ਤੂੰ ਭੁਲਿਆ ਫਿਰਦੈ ਹੋਸਟਲ ਦਾ ਗੇਟ ਤਾਂ ਅੱਗੇ ਹੈ' 'ਮੈਂ ਭੁੱਲਿਆ ਨਹੀ ਆਹ ਦੇਖੋ ਮੈਂ ਬਾਜ਼ਾਰ ਤੋਂ ਚਿਮਨੀ ਲੈ ਕੇ ਆਇਆ ਹਾਂ, ਆਉਂਦੇ ਨੂੰ ਸੁਪਰਡੈਂਟ ਸਾਹਿਬ ਗੇਟ ਨੂੰ ਬਾਹਰੋਂ ਜਿੰਦਾ ਲਾ ਕੇ ਪਤਾ ਨਹੀਂ ਕਿੱਥੇ ਚਲੇ ਗਏ ਅਜੇ ਤੱਕ ਮੁੜ ਕੇ ਨਹੀਂ ਆਏ ਮੈਨੂੰ ਆਹ ਕੰਧ ਟੱਪ ਜਾਣ ਦਿਓ' ਉਨ੍ਹਾਂ ਦੇ ਮਨ ਵਿਚ ਪਤਾ ਨਹੀਂ ਕੀ ਆਇਆ ਉਨ੍ਹਾਂ ਨੇ ਮੈਨੂੰ ਕੰਧ ਟੱਪਣ ਦੀ ਇਜਾਜ਼ਤ ਦੇ ਦਿੱਤੀ। ਪਰ ਉਨ੍ਹਾਂ ਵਿਚੋਂ ਮੈਨੂੰ ਇਕ ਕਹਿੰਦਾ ਸੁਣਾਈ ਦੇ ਰਿਹਾ ਸੀ 'ਯਾਰ ਇਹ ਕੰਧ ਤਾਂ ਉਚੀ ਹੋਣੀ ਚਾਹੀਦੀ ਹੈ। ਪਿਛੇ ਜਿਹੇ ਟਿਕੀ ਰਾਤ ਵਿਚ ਹੋਸਟਲ ਵਿਚ ਰਹਿੰਦਾ ਇਨ੍ਹਾਂ ਦਾ ਇਕ ਪੜ੍ਹਾਕੂ ਸਾਥੀ ਮੰਜੇ ਬਿਸਤਰੇ ਸਣੇ ਕੰਧ ਟੱਪ ਕੇ ਠਾਣੇ ਵਿਚ ਆ ਵੜਿਆ ਸੀ। ਉਸ ਨੂੰ ਨੀਂਦ ਵਿਚ ਤੁਰਨ ਦੀ ਬਿਮਾਰੀ ਸੀ' ਮੈਂ ਉਨ੍ਹਾਂ ਦੀ ਗੱਲ ਤਾਂ ਸੁਣ ਲਈ ਪਰ ਬੇਧਿਆਨਾ ਜਿਹਾ ਹੋ ਕੇ ਕਾਹਲੇ ਕਾਹਲੇ ਕਦਮੀਂ ਆਪਣੇ ਕਮਰੇ ਵਿਚ ਜਾ ਵੜਿਆ 'ਚੱਕੋ ਆਪਣੀ ਚਿਮਨੀ। ਭੁਲ ਕੇ ਜੇ ਮੇਰੇ ਕੋਲੋਂ ਹੇਠਾਂ ਡਿੱਗ ਕੇ ਟੁੱਟ ਗਈ ਸੀ ਤਾਂ ਕੀ ਕਹਿਰ ਆ ਗਿਆ ਸੀ। ਉਸ ਦੀ ਸਜ਼ਾ ਮੈਨੂੰ ਹੀ ਕਿਉਂ ਦਿੱਤੀ ਗਈ' 'ਇਸ ਲਈ ਕਿ ਤੂੰ ਅੱਗੇ ਨੂੰ ਭੁਲੇਂ ਨਾ' ਇਕ ਨੇ ਕਿਹਾ। ਮੈਂ ਉਸ ਦੀ ਗੱਲ ਸੁਣ ਕੇ ਚੁੱਪ-ਚਾਪ ਆਪਣੀ ਰਜਾਈ ਵਿਚ ਵੜ ਗਿਆ। ਮੈਨੂੰ ਇਕ ਜਮਾਤੀ ਦੀ ਆਵਾਜ਼ ਸੁਣਾਈ ਦੇ ਰਹੀ ਸੀ 'ਲੱਗਦੈ ਜ਼ਿਆਦਾ ਹੀ ਗੁੱਸਾ ਕਰ ਗਿਆ' ਇਕ ਹੋਰ ਦੀ ਆਵਾਜ਼ ਮੈਨੂੰ ਸੁਣਾਈ ਦੇ ਰਹੀ ਸੀ 'ਮੈਨੂੰ ਤਾਂ ਲੱੱਗਦਾ ਇਹਦਾ ਗੁੱਸਾ ਜਾਇਜ਼ ਹੈ', ਮੈਂ ਮੂੰਹ ਨੰਗਾ ਕਰਕੇ ਕਿਹਾ 'ਜਦੋਂ ਤਾਂ ਤੂੰ ਵੀ ਨਹੀਂ ਬੋਲਿਆ ਹੁਣ ਪਇਆ ਰਹਿ ਆਰਾਮ ਨਾਲ।'

-ਮੋਬਾਈਲ : 94633-5376

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ * ਅਗਲੀ ਖ਼ਬਰ ਉਦੋਂ ਆਹ ਖ਼ਰਚੇ ਨਹੀਂ ਹੁੰਦੇ ਸੀ...
Ad Position 24
No active advertisement