ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੋਮਨਾਥ ਮੰਦਰ : ਇਕ ਹਜ਼ਾਰ ਸਾਲ ਦਾ ਸਫ਼ਰ

Ad Position 21
No active advertisement
ਅਜੀਤ ਡੈਸਕ 01-02-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਹ ਮੰਨਿਆ ਜਾਂਦਾ ਸੀ ਕਿ ਮਹਿਮੂਦ ਨੇ ਉਨ੍ਹਾਂ ਨੂੰ ਸੋਮਨਾਥ ਮੰਦਰ ਤੋਂ ਲਿਆ ਸੀ 6ਵੀਂ ਜਾਟ ਲਾਈਟ ਇਨਫੈਂਟਰੀ ਅਤੇ ਜਨਰਲ ਵਿਲੀਅਮ ਨੌਟ ਨੇ ਸਤੰਬਰ 1842 ਈ. ਵਿਚ ਇਹ ਦਰਵਾਜ਼ੇ ਵਾਪਸ ਲਿਆਂਦੇ। ਹਾਲਾਂਕਿ, ਪਹੁੰਚਣ 'ਤੇ ਦਰਵਾਜ਼ੇ ਚੰਦਨ ਦੀ ਲੱਕੜ ਦੇ ਨਹੀਂ, ਸਗੋਂ ਦੇਵਦਾਰ ਦੀ ਲੱਕੜ ਦੇ ਸਨ ਅਤੇ ਇਹ ਗੁਜਰਾਤੀ ਸ਼ੈਲੀ ਦੇ ਵੀ ਨਹੀਂ ਸਨ। ਦਰਵਾਜ਼ੇ ਉਦੋਂ ਤੋਂ ਹੀ ਆਗਰਾ ਕਿਲ੍ਹੇ ਦੇ ਸ਼ਸਤਰ ਸਟੋਰ ਵਿਚ ਪਏ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ 1800 ਈ. ਦੇ ਆਸਪਾਸ ਮਹਾਰਾਜਾ ਰਣਜੀਤ ਸਿੰਘ ਨੇ ਇਹ ਇਤਿਹਾਸਕ ਲੱਕੜ ਦੇ ਦਰਵਾਜ਼ੇ ਅਫਗਾਨਿਸਤਾਨ ਤੋਂ ਲਿਆਂਦੇ ਸਨ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਦਰਸ਼ਨੀ ਡਿਓੜੀ (ਪ੍ਰਵੇਸ਼ ਦੁਆਰ) 'ਤੇ ਸਥਾਪਿਤ ਕਰ ਦਿੱਤਾ ਸੀ, ਹਾਲਾਂਕਿ ਕੁਝ ਇਤਿਹਾਸਕਾਰ ਇਸ ਰਾਏ ਨਾਲ ਸਹਿਮਤ ਨਹੀਂ ਹਨ।
ਬਸਤੀਵਾਦੀ ਯੁੱਗ ਦੇ ਪੁਰਾਤੱਤਵ-ਵਿਗਿਆਨੀਆਂ, ਬ੍ਰਿਟਿਸ਼ ਅਧਿਕਾਰੀਆਂ, ਵਿਦਵਾਨਾਂ, ਫੋਟੋਗ੍ਰਾਫ਼ਰਾਂ ਅਤੇ ਸਰਵੇਖਣ ਕਰਨ ਵਾਲਿਆਂ ਨੇ 1830 ਅਤੇ 1850 ਈ. ਦਰਮਿਆਨ ਸੋਮਨਾਥ-ਪਾਟਨ-ਵੇਰਾਵਲ ਸ਼ਹਿਰ ਦੀ ਸਥਿਤੀ, ਮੰਦਰ ਦੇ ਖੰਡਰਾਂ, ਆਰਕੀਟੈਕਚਰ ਭਾਵ ਭਵਨ ਨਿਰਮਾਣ ਕਲਾ ਅਤੇ ਕਲਾਵਾਂ ਬਾਰੇ ਕਈ ਰਿਪੋਰਟਾਂ ਪੇਸ਼ ਕੀਤੀਆਂ। ਅਲੈਗਜ਼ੈਂਡਰ ਬਰਨਜ਼ ਨੇ 1830 ਈ. ਵਿਚ ਇਸ ਸਥਾਨ ਨੂੰ 'ਪ੍ਰਸਿੱਧ ਮੰਦਰ ਵਾਲਾ ਸ਼ਹਿਰ' ਕਿਹਾ ਹੈ। ਮੰਦਰ ਦੇ ਬਾਹਰੀ ਹਿੱਸੇ ਨੂੰ ਵਿਗਾੜ ਕੇ, ਹਿੰਦੂ ਚਿੱਤਰਾਂ ਨੂੰ ਉਲਟਾ ਕੇ ਅਤੇ ਕਈ ਸੋਧਾਂ ਕਰਕੇ ਇਸਨੂੰ ਇਕ ਮੁਸਲਿਮ ਢਾਂਚੇ ਵਿਚ ਬਦਲ ਦਿੱਤਾ ਗਿਆ ਸੀ। ਉਹ ਇਸ ਜਗ੍ਹਾ ਨੂੰ ਮੁਹੰਮਦੀ ਤਬਾਹੀ ਦਾ ਸਬੂਤ ਦੱਸਦਾ ਹੈ। ਬਰਨਜ਼ ਨੇ ਕੁਝ ਮਿਥਿਹਾਸਕ ਕਹਾਣੀਆਂ, ਕੌੜੀਆਂ ਫਿਰਕੂ ਭਾਵਨਾਵਾਂ ਅਤੇ ਦੋਸ਼ਾਂ ਦਾ ਸਾਰ ਵੀ ਦਿੱਤਾ ਜੋ ਉਸਨੇ ਸੁਣੀਆਂ ਸਨ।
1846 ਈ. ਵਿਚ ਕੈਪਟਨ ਪੋਸਟਨਜ਼ ਦੀ ਸਰਵੇਖਣ ਰਿਪੋਰਟ ਅਨੁਸਾਰ ਪਾਟਨ, ਹੁਣ ਜੂਨਾਗੜ੍ਹ ਦੇ ਮੁਹੰਮਦ ਨਵਾਬ ਦੇ ਅਧੀਨ ਹੈ ਅਤੇ ਇਹ ਸ਼ਹਿਰ ਆਪਣੇ ਮੂਲ ਹਿੰਦੂ ਚਰਿੱਤਰ ਦਾ ਨਮੂਨਾ ਪੇਸ਼ ਕਰਦਾ ਹੈ, ਮੁਸਲਮਾਨੀ ਨਵੀਨਤਾਵਾਂ ਅਤੇ ਮੂਰਤੀ-ਪੂਜਾ ਦੇ ਨਿਸ਼ਾਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਦੇ ਬਾਵਜੂਦ ਇਹ ਆਪਣੀ ਮੂਲ ਦਿੱਖ ਨੂੰ ਨਹੀਂ ਤਿਆਗ ਰਿਹਾ। ਸ਼ਹਿਰ ਵਿਚ ਮਿਲਦੀਆਂ ਮਸਜਿਦਾਂ ਨੂੰ, ਲੋਕਾਂ ਦੀਆਂ ਪਵਿੱਤਰ ਇਮਾਰਤਾਂ ਨੂੰ ਢਾਹ ਕੇ ਪ੍ਰਾਪਤ ਹੋਈ ਸਮੱਗਰੀ ਅਤੇ ਮਲਬੇ ਰਾਹੀ ਆਪਣੀ ਇਮਾਰਤਸਾਜ਼ੀ ਦੀ ਇੱਛਾ ਅਨੁਸਾਰ ਬਦਲਿਆ ਗਿਆ ਹੈ। ਉਹ ਮੰਦਰ ਦੇ ਅੰਦਰੂਨੀ ਹਿੱਸੇ ਨੂੰ ਪੂਰੀ ਤਰ੍ਹਾਂ ਤਬਾਹ ਹੋਣ ਦਾ ਦ੍ਰਿਸ਼ ਪੇਸ਼ ਕਰਦਾ ਹੈ। ਉਸ ਅਨੁਸਾਰ, ਸ਼ਾਇਦ ਇਹ ਪੱਛਮੀ ਭਾਰਤ ਦੇ ਸਭ ਤੋਂ ਦਿਲਚਸਪ ਇਤਿਹਾਸਕ ਸਥਾਨਾਂ ਵਿਚੋਂ ਇਕ ਸੀ।
ਵਿਲਕੀ ਕੋਲਿਨਜ਼ ਦੁਆਰਾ 1868 ਈ. ਦੇ ਨਾਵਲ @"he $oonstone@ ਵਿਚ ਮੰਦਰ ਦਾ ਇਕ ਕਾਲਪਨਿਕ ਰੂਪ ਦਰਸਾਇਆ ਗਿਆ ਹੈ। ਇਸ ਵਿਚ ਸੋਮਨਾਥ ਮੰਦਰ ਤੋਂ ਇਕ ਹੀਰਾ ਚੋਰੀ ਹੋ ਜਾਣ ਦੀ ਕਹਾਣੀ ਬਾਰੇ ਦੱਸਿਆ ਗਿਆ ਹੈ। 1931 ਈ. ਵਿਚ ਹੈਨਰੀ ਕੁਸੇਂਸ ਸਰਵੇਖਣ ਰਿਪੋਰਟ ਅਨੁਸਾਰ, ਮੂਰਤੀ ਅਤੇ ਕਲਾਕ੍ਰਿਤੀਆਂ ਨੂੰ ਇਸ ਹੱਦ ਤੱਕ ਵਿਗਾੜਿਆ ਗਿਆ ਹੈ ਕਿ ਬਚੀਆਂ ਕੁਝ ਤਸਵੀਰਾਂ ਦੀ ਪਛਾਣ ਕਰਨਾ ਮੁਸ਼ਕਿਲ ਹੈ। ਇਸ ਮੰਦਰ ਵਿਚ ਵੈਦਿਕ ਅਤੇ ਪੁਰਾਣਿਕ ਦੇਵਤਿਆਂ ਦੀ ਇਕ ਗਲੈਕਸੀ ਸੀ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਢਾਹਿਆ ਗਿਆ ਮੰਦਰ ਬਹੁਤ ਜ਼ਿਆਦਾ ਅਮੀਰੀ ਨਾਲ ਉੱਕਰਿਆ ਹੋਇਆ ਸੀ।
11ਵੀਂ ਸਦੀ ਵਿਚ ਬਹੁਤ ਮੁਸਲਿਮ ਇਤਿਹਾਸਕਾਰਾਂ ਅਤੇ ਵਿਦਵਾਨਾਂ ਨੇ ਤੁਰਕ-ਫ਼ਾਰਸੀ ਸਾਹਿਤ ਅਤੇ ਕਥਾਵਾਂ ਵਿਚ ਸੋਮਨਾਥ ਦੇ ਵਿਨਾਸ਼ ਨੂੰ 'ਇਕ ਧਰਮੀ ਕਾਰਜ' ਦੱਸਿਆ। ਸਿੰਥੀਆ ਟੈਲਬੋਟ ਦੇ ਅਨੁਸਾਰ, ਸੋਮਨਾਥ ਮੰਦਰ ਦੇ ਹਮਲੇ ਦੌਰਾਨ ਮਹਿਮੂਦ ਨੂੰ ਰੋਕਣ ਲਈ 50,000 ਸ਼ਰਧਾਲੂਆਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ, ਪਰ ਥਾਪਰ ਦੇ ਅਨੁਸਾਰ, ਇਹ ਇਕ ਸ਼ੇਖੀ ਭਰਿਆ ਦਾਅਵਾ ਹੈ ਜੋ ਇਨ੍ਹਾਂ ਗ੍ਰੰਥਾਂ ਵਿਚ ਵਧਾ ਚੜ੍ਹਾ ਕੇ ਦੱਸਿਆ ਗਿਆ ਹੈ।
ਰਾਸ਼ਟਰਵਾਦੀ ਪਾਕਿਸਤਾਨ ਅਤੇ ਪੱਛਮੀ ਏਸ਼ੀਆ ਦੀਆਂ ਆਧੁਨਿਕ ਯੁੱਗ ਦੀਆਂ ਪਾਠ-ਪੁਸਤਕਾਂ ਵਿਚ, ਸੋਮਨਾਥ ਮੰਦਰ ਦੀ ਬਰਬਾਦੀ ਦੀ ਪ੍ਰਸ਼ੰਸਾ ਕੀਤੀ ਗਈ ਹੈ ਅਤੇ ਮਹਿਮੂਦ ਗਜ਼ਨਵੀ ਦੀ ਮੁਹਿੰਮ ਨੂੰ ਇਸਲਾਮ ਦੇ ਚੈਂਪੀਅਨ ਵਜੋਂ ਮਹਿਮਾ ਦਿੱਤੀ ਜਾਂਦੀ ਹੈ। ਇਸਲਾਮੀ ਖਾੜਕੂਵਾਦ ਦੇ ਵਿਦਵਾਨ ਸਈਦ ਜ਼ੈਦੀ ਦੇ ਅਨੁਸਾਰ ਮਹਿਮੂਦ ਦਾ ਉਦੇਸ਼ ਹਿੰਦੂ ਰਾਜਿਆਂ ਦੀ ਧਨ ਦੌਲਤ ਦੀ ਪ੍ਰਾਪਤੀ ਨਾ ਹੋ ਕੇ ਸੋਮਨਾਥ ਦੇ ਰਾਜਨੀਤਕ ਸਾਜਿਸ਼ ਦੇ ਮੁੱਖ ਦਫਤਰ ਨੂੰ ਕੁਚਲਣਾ ਅਤੇ ਮੂਰਤੀਆਂ ਨੂੰ ਖਤਮ ਕਰਨਾ ਸੀ। ਇਸ ਲਈ ਉਸਨੇ ਭਾਰਤ ਉੱਤੇ 17 ਵਾਰ ਹਮਲੇ ਕੀਤੇ।
ਆਜ਼ਾਦੀ ਤੋਂ ਬਾਅਦ ਮੌਜੂਦਾ ਸੋਮਨਾਥ ਮੰਦਰ ਦਾ ਪੁਨਰ ਨਿਰਮਾਣ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ, ਵੱਲਭਭਾਈ ਪਟੇਲ ਦੇ ਆਦੇਸ਼ਾਂ ਹੇਠ ਸ਼ੁਰੂ ਕੀਤਾ ਗਿਆ ਸੀ। ਪਟੇਲ, ਕੇ.ਐਮ.ਮੁਨਸ਼ੀ ਅਤੇ ਹੋਰ ਨੇਤਾਵਾਂ ਨੇ ਇਸ ਲਈ ਮਹਾਤਮਾ ਗਾਂਧੀ ਪਾਸੋਂ ਸੁਝਾਅ ਪ੍ਰਾਪਤ ਕੀਤਾ ਕਿ ਮੰਦਰ ਦੀ ਉਸਾਰੀ ਲਈ ਫੰਡ, ਰਾਜ ਫੰਡ ਤੋਂ ਨਾ ਪ੍ਰਾਪਤ ਕਰਕੇ ਸਿਰਫ ਜਨਤਾ ਦੇ ਫੰਡ ਤੋਂ ਹੀ ਪ੍ਰਾਪਤ ਕੀਤਾ ਜਾਵੇ। ਇਸ ਅਨੁਸਾਰ, ਸੋਮਨਾਥ ਟਰੱਸਟ ਦੀ ਸਥਾਪਨਾ ਹੋਈ ਜੋ ਮੰਦਰ ਦੀ ਉਸਾਰੀ ਦੀ ਨਿਗਰਾਨੀ ਕਰਦੀ ਸੀ ਅਤੇ ਮੁਨਸ਼ੀ ਟਰੱਸਟ ਦੀ ਅਗਵਾਈ ਕਰਦੇ ਸਨ। (ਮੌਜੂਦਾ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੋਮਨਾਥ ਟਰੱਸਟ ਦੇ ਚੇਅਰਮੈਨ ਹਨ)
ਸੋ ਪਹਿਲੀ ਖੁਦਾਈ 1950-51 ਈ. ਦੌਰਾਨ ਸੋਮਨਾਥ ਮੰਦਰ ਦੇ ਆਲੇ-ਦੁਆਲੇ, ਪਾਟਨ ਅਤੇ ਤੱਟਵਰਤੀ ਇਲਾਕੇ ਵਿਚ ਪੁਰਾਤੱਤਵ ਸਬੂਤਾਂ ਲਈ ਕੀਤੀ ਗਈ। ਇਸ ਵਿਚ ਭਾਰਤ ਦੇ ਪੁਰਾਤੱਤਵ ਸਰਵੇਖਣ ਦੇ ਡਾਇਰੈਕਟਰ ਜਨਰਲ ਬੀ.ਕੇ. ਥਾਪਰ ਵੀ ਸ਼ਾਮਿਲ ਸਨ। ਉਨ੍ਹਾਂ ਨੇ ਨਾ ਸਿਰਫ 11ਵੀਂ ਸਦੀ ਤੋਂ ਪਹਿਲਾਂ ਇਥੇ ਮੰਦਰ ਹੋਣ ਦੇ ਠੋਸ ਸਬੂਤ ਦਿੱਤੇ, ਸਗੋਂ ਇਸ ਤੋਂ ਵੀ ਵੱਡੇ ਮੰਦਰ ਹੋਣ ਦਾ ਅਨੁਮਾਨ ਵੀ ਲਗਾਇਆ। ਖੁਦਾਈ ਦੌਰਾਨ ਇਕ ਮੰਦਰ ਦੇ ਫਰਸ਼ ਅਤੇ ਖੰਡਰ ਵੀ ਸਾਹਮਣੇ ਆਏ। ਮੰਦਰ ਦਾ ਜ਼ਿਆਦਾਤਰ ਹਿੱਸਾ ਨਸ਼ਟ ਹੋ ਗਿਆ ਸੀ, ਪਰ ਨੀਂਹ ਦੇ ਅਵਸ਼ੇਸ਼ ਅਤੇ ਹੇਠਲਾ ਢਾਂਚਾ ਉਸੇ ਤਰ੍ਹਾਂ ਸੀ, ਇਸਦੀ ਪੁਸ਼ਟੀ ਇਕ ਸ਼ਿਵ ਮੰਦਰ ਦੁਆਰਾ ਹੋਈ। ਥਾਪਰ ਅਧਿਐਨ ਵਿਚ ਪ੍ਰਾਚੀਨ ਬ੍ਰਾਹਮੀ ਲਿਪੀਆਂ ਅਤੇ ਪ੍ਰੋਟੋ-ਨਾਗਰੀ ਕਲਾਕ੍ਰਿਤੀਆਂ ਅਤੇ ਖੰਡਰ ਵੀ ਮਿਲੇ ਸਨ, ਇਸ ਤਰ੍ਹਾਂ ਘੱਟੋ-ਘੱਟ ਪਹਿਲੀ-ਸੰਨੈਵੀਅਮ ਦੇ ਬਹੁਤ ਸਾਰੇ ਹਿੱਸੇ ਵਿਚ ਸੋਮਨਾਥ-ਪਾਟਨ ਦੀ ਪੁਰਾਤਨਤਾ ਦੀ ਪੁਸ਼ਟੀ ਹੁੰਦੀ ਹੈ।
ਪਹਿਲਾਂ ਦੇ ਸੋਮਨਾਥ ਮੰਦਰ ਦੇ ਖੰਡਰ ਸੋਲੰਕੀ ਸ਼ੈਲੀ ਦੀ ਪਾਲਣਾ ਕਰਦੇ ਸਨ, ਜੋ ਕਿ ਭਾਰਤ ਦੇ ਪੱਛਮੀ ਖੇਤਰਾਂ ਵਿਚ ਪਾਏ ਜਾਣ ਵਾਲੇ ਵੇਸਰ ਵਿਚਾਰਾਂ ਤੋਂ ਪ੍ਰੇਰਿਤ ਨਾਗਰ ਆਰਕੀਟੈਕਚਰ ਹੈ। ਸੋ ਮੌਜੂਦਾ ਮੰਦਰ ਵੀ ਸੋਲੰਕੀ ਜਾਂ ਚਾਲੂਕਿਆ ਸ਼ੈਲੀ (ਮਾਰੂ-ਗੁਰਜਾਰਾ ਆਰਕੀਟੈਕਚਰ) ਵਿਚ ਨਵੇਂ ਅਤੇ ਕੁਝ ਪੁਰਾਣੇ ਪੈਨਲਾਂ ਨੂੰ ਜੋੜ ਕੇ ਬਣਾਇਆ ਗਿਆ ਹੈ। ਨਵੀਂ ਬਣਤਰ ਗੁਜਰਾਤ ਵਿਚ ਮੰਦਰਾਂ ਦੇ ਰਵਾਇਤੀ ਸੋਮਪੁਰਾ ਨਿਰਮਾਤਾਵਾਂ ਦੁਆਰਾ ਬਣਾਈ ਗਈ ਸੀ।
11 ਮਈ, 1951 ਨੂੰ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਨੇ ਮੰਦਰ ਦੀ ਸਥਾਪਨਾ ਦੀ ਰਸਮ ਨਿਭਾਈ। ਅੱਜ 2026 ਵਿਚ ਸੋਮਨਾਥ ਮੰਦਰ ਦੇ ਪੁਨਰ ਨਿਰਮਾਣ ਨੂੰ ਵੀ 75 ਸਾਲ ਪੂਰੇ ਹੋ ਗਏ ਹਨ।
ਲਾਲ ਕ੍ਰਿਸ਼ਨ ਅਡਵਾਨੀ ਵਲੋਂ 25 ਸਤੰਬਰ 1990 ਨੂੰ ਅਯੁੱਧਿਆ ਅੰਦੋਲਨ ਦੀ ਯਾਤਰਾ ਲਈ ਸੋਮਨਾਥ ਮੰਦਰ ਨੂੰ ਰੱਥ ਯਾਤਰਾ ਲਈ ਸ਼ੁਰੂਆਤੀ ਬਿੰਦੂ ਵਜੋਂ ਵਰਤਿਆ ਗਿਆ ਸੀ।

(ਸਮਾਪਤ)
singhindernabha@gmail.com

Ad Position 22
No active advertisement
ਪਿਛਲੀ ਖ਼ਬਰ ਲੰਘੇ ਪਾਣੀ ਮੁੜ ਨਹੀਂ ਆਉਂਦੇ... ਅਗਲੀ ਖ਼ਬਰ ਭਰੋਸੇਮੰਦ ਪੱਤਰਕਾਰਤਾ ਦਾ ਦੂਜਾ ਨਾਂਅ-ਸਰ ਮਾਰਕ ਟਲੀ
Ad Position 24
No active advertisement