(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
ਵੰਡੇ ਪਾਣੀਆਂ ਦੀ ਹੂਕ ਅੱਜ ਵੀ ਸਾਡੇ ਦਿਲਾਂ ਨੂੰ ਧੂਹ ਪਾਉਂਦੀ ਹੈ। ਡਾ. ਸੁਰਜੀਤ ਪਾਤਰ ਦੀ ਕਲਮ ਦੋਵੇਂ ਪਾਸਿਆਂ ਦੇ ਪਾਣੀਆਂ ਦੀ ਖ਼ੈਰੀਅਤ ਮੰਗਦੀ ਹੈ:
ਕਹੇ ਸਤਲੁਜ ਦਾ ਪਾਣੀ
ਆਖੇ ਬਿਆਸ ਦੀ ਰਵਾਨੀ
ਸਾਡਾ ਜੇਹਲਮ-ਝਨਾਬ ਨੂੰ ਸਲਾਮ ਆਖਣਾ
ਅਸੀਂ ਮੰਗਦੇ ਹਾਂ ਖ਼ੈਰਾਂ, ਸੁਬਹ-ਸ਼ਾਮ ਆਖਣਾ
ਜੀ ਸਲਾਮ ਆਖਣਾ।
ਝਨਾਂ ਦੇ ਪਾਣੀ ਨੂੰ ਸੱਚੀ ਸੁੱਚੀ ਆਸ਼ਕੀ ਦਾ ਸਾਖ਼ਸ਼ਾਤ ਗਵਾਹ ਹੋਣ ਦਾ ਮਾਣ ਹੈ। ਇਸ ਦੇ ਪਾਣੀਆਂ 'ਤੇ ਇਸ਼ਕ ਕਹਾਣੀ ਤਾਰੀਆਂ ਲਾਉਂਦੀ ਹੈ। ਆਰ-ਪਾਰ ਰੂਹਾਨੀਅਤ ਦਾ ਵਾਸਾ ਰਿਹੈ। ਇਸ ਨੂੰ ਪਾਰ ਕਰ ਕੇ ਹੀ ਤਖ਼ਤ ਹਜ਼ਾਰੇ ਦੇ ਚੌਧਰੀ ਦਾ ਮੁੰਡਾ ਧੀਦੋ ਇੱਥੋਂ ਦੇ ਪਿਆਰ ਦਾ ਪੱਟਿਆ ਵਾਪਸ ਘਰ ਨਾ ਪਰਤਿਆ, ਸਗੋਂ ਬਾਰ੍ਹਾਂ ਸਾਲ ਇਸ ਦੇ ਕੰਢੇ ਬੇਲਿਆਂ ਵਿਚ ਮੱਝਾਂ ਚਾਰਦਾ ਰਿਹਾ। ਝਨਾਂ ਦੀ ਖ਼ੂਬਸੂਰਤੀ ਦਾ ਡੰਗਿਆ ਸ਼ਹਿਜ਼ਾਦਾ ਇੱਜ਼ਤ ਬੇਗ ਮੁੜ ਬੁਖਾਰੇ ਜਾਣ ਜੋਗਾ ਨਾ ਰਿਹਾ ਅਤੇ ਇਸ ਦੇ ਕੰਢੇ ਕੁੱਲੀ ਪਾ ਲਈ। ਪਿਆਰ ਦੇ ਅੱਥਰੇ ਵੇਗ ਦੀ ਵਿੰਨ੍ਹੀ ਸੋਹਣੀ ਉਸਨੂੰ ਮਿਲਣ ਲਈ ਹਰ ਰੋਜ਼ ਘੜੇ ਉੱਪਰ ਠਾਠਾਂ ਮਾਰਦੇ ਝਨਾਂ ਨੂੰ ਪਾਰ ਕਰਦੀ ਸੀ। ਪ੍ਰੀਤ ਕਹਾਣੀਆਂ ਦਾ ਸਿਖਰ ਸਨ ਇਹ ਪਾਣੀ ਅਤੇ ਪ੍ਰੋ. ਮੋਹਨ ਸਿੰਘ ਦੀ ਸ਼ਾਇਰੀ ਨੇ ਪਾਣੀਆਂ ਤੇ ਤੈਰਦੇ ਰੁਮਾਂਸ ਦੇ ਰੰਗਾਂ ਨੂੰ ਹੋਰ ਆਸ਼ਕਾਨਾ ਬਣਾ ਦਿੱਤਾ:
ਮੈਂ ਸ਼ਾਇਰ ਮੇਰੇ ਫੁੱਲ ਸੁਹਾਵੇ,
ਕਦਰ ਇਨ੍ਹਾਂ ਦੀ ਕੋਈ ਆਸ਼ਕ ਪਾਵੇ
ਗੰਗਾ ਬਾਹਮਣੀ ਕੀ ਜਾਣੇ,
ਮੇਰੇ ਫੁੱਲ ਝਨਾਂ ਵਿਚ ਪਾਣੇ
ਰੂਹਾਂ ਹੀਰ ਤੇ ਸੋਹਣੀ ਦੀਆਂ
ਫਿਰਨ ਝਨਾਂ ਦੇ ਅੰਦਰ ਪਈਆਂ
ਪੈਰ ਦੋਹਾਂ ਦੇ ਵਾਹਣੇ, ਮੇਰੇ ਫੁੱਲ ਝਨਾਂ ਵਿਚ ਪਾਣੇ!
ਅੱਜ ਪੰਜਾਬ ਦੇ ਪਾਣੀ ਉਦਾਸ ਨੇ। ਸਾਨੂੰ ਉਲਾਂਭਾ ਦੇ ਕੇ ਜਿਵੇਂ ਕਹਿ ਰਹੇ ਹੋਣ ਕਿ ਅਸਾਂ ਤੁਹਾਨੂੰ ਜ਼ਿੰਦਗੀ ਦਿੱਤੀ ਪਰ ਤੁਸੀਂ ਸਾਨੂੰ ਮਨੋਂ ਵਿਸਾਰ ਦਿੱਤਾ।ਸਾਡਾ ਸਰੂਪ ਹੀ ਬਦਲ ਦਿੱਤਾ। ਕਵੀ ਤ੍ਰੈਲੋਚਨ ਲੋਚੀ ਨੇ ਇਸ ਦਰਦ ਨੂੰ ਕਲਮਬੰਦ ਕੀਤੈ:
ਸਤਲੁਜ ਅਤੇ ਬਿਆਸ ਮਿਲੇ ਸੀ,
ਦੋਵੇਂ ਬਹੁਤ ਉਦਾਸ ਮਿਲੇ ਸੀ
ਮੇਰੇ ਵੰਨੀ ਝਾਕ ਰਹੇ ਸੀ,
ਜਿੱਦਾਂ ਮੈਨੂੰ ਆਖ ਰਹੇ ਸੀ
ਕਿੱਥੇ ਸਾਡੇ ਸੁੱਚੇ ਪਾਣੀ,
ਕਿਉਂ ਕਰਦੈਂ ਤੂੰ ਖ਼ਤਮ ਕਹਾਣੀ।
ਬਾਬੇ ਨਾਨਕ ਦੀ ਵੇਈਂ ਸਾਨੂੰ ਸਵਾਲ ਕਰਦੀ ਹੈ ਕਿ ਮੈਂ ਉਹੀ ਹਾਂ ਜਿਸਦੇ ਕੰਢੇ ਬੈਠ ਬਾਪੂ ਨੇ ਮੂਲ ਮੰਤਰ ਉਚਾਰਿਆ ਸੀ? ਜਿਸ ਵਿਚ ਚੁੱਭੀ ਲਾ ਕੇ ਬਾਬਾ ਸ੍ਰਿਸ਼ਟੀ ਨਾਲ ਅਭੇਦ ਹੋ ਗਿਆ ਸੀ? ਵੇਈਂ ਅੱਜ ਵੀ ਨਾਨਕ ਦੇ ਪੈਰੋਕਾਰਾਂ ਵੱਲ ਨਿਰਾਸ਼ੀਆਂ ਨਜ਼ਰਾਂ ਨਾਲ ਤੱਕਦੀ ਹੈ। ਆਪਣੇ ਬੀਤੇ ਕੱਲ੍ਹ ਨੂੰ ਉਦਾਸ ਮਨ ਨਾਲ ਚਿਤਵਦੀ ਹੈ। ਸ਼ਾਇਦ ਸੰਤ ਸੀਚੇਵਾਲ ਵਰਗੇ ਹੋਰ ਉਪਾਸ਼ਕ ਇਸ ਨੂੰ ਫਿਰ ਤੋਂ ਪਵਿੱਤਰ ਵੇਈਂ ਦਾ ਦਰਜਾ ਦੇ ਸਕਣ।
ਲੁਧਿਆਣੇ ਦਾ ਬੁੱਢਾ ਦਰਿਆ ਆਪਣੀ ਹੋਣੀ ਤੇ ਝੂਰਦਾ ਹੈ। ਕਿਸੇ ਵੇਲੇ 'ਬੁੱਢਾ ਸਤਲੁਜ' ਦੇ ਨਾਂਅ ਨਾਲ ਜਾਣੇ ਜਾਂਦੇ ਇਸ ਵਹਾਅ ਨੂੰ ਹੁਣ 'ਬੁੱਢਾ ਨਾਲਾ' ਜਾਂ 'ਗੰਦਾ ਨਾਲਾ' ਦੇ ਨਾਂਅ ਨਾਲ ਸੰਬੋਧਨ ਕੀਤਾ ਜਾਂਦਾ। ਪਿਛਲੀ ਸਦੀ ਦੇ ਅੱਠਵੇਂ ਦਹਾਕੇ ਤੱਕ ਇਸ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ। ਅੱਜ ਕੋਲ਼ੋਂ ਲੰਘਣ ਵੇਲੇ ਨੱਕ ਮੂੰਹ ਢਕਣਾ ਪੈਂਦਾ ਹੈ। ਏਨੀ ਬੇਕਦਰੀ? ਸ਼ਹਿਰ ਦੇ ਘਰਾਂ ਦੀ ਗੰਦਗੀ, ਡੇਅਰੀਆਂ ਦੇ ਮਲ-ਮੂਤਰ, ਰੰਗਾਈ ਕਾਰਖਾਨਿਆਂ ਦੇ ਜ਼ਹਿਰੀਲੇ ਰਸਾਇਣਾਂ ਅਤੇ ਅੰਧਵਿਸ਼ਵਾਸ ਦੇ ਕਚਰੇ ਨੇ ਇਸ ਨੂੰ ਬਦਤਰ ਬਣਾ ਦਿੱਤੈ। ਹਰ ਸਾਲ ਸਾਫ਼-ਸਫ਼ਾਈ ਦੇ ਨਾਂਅ ਉੱਤੇ ਕਰੋੜਾਂ ਰੁਪਏ ਖਰਚ ਕਰਨ ਦਾ ਟੀਚਾ ਰੱਖਿਆ ਜਾਂਦਾ ਹੈ, ਪਰ ਝੂਰਨ ਤੋਂ ਬਿਨਾਂ ਕੁੱਝ ਪੱਲੇ ਨਹੀਂ ਪੈਂਦਾ। ਕਈ ਵਾਰ ਕੁਦਰਤ ਵੀ ਆਪਣੀ ਬੇਕਦਰੀ ਕਾਰਨ ਗੁੱਸੇ ਵਿਚ ਆ ਜਾਂਦੀ ਹੈ। ਫਿਰ ਕੋਈ ਘੱਗਰ ਆਪਣਾ ਹੱਕ ਖੋਹਣ ਲਈ ਕੰਢੇ ਤੋੜ ਸੁੱਟਦੀ ਹੈ, ਮਨੁੱਖ ਨੂੰ ਸਬਕ ਸਿਖਾਉਣ ਦੇ ਰਾਹ ਪੈ ਜਾਂਦੀ ਹੈ।
ਪਾਣੀਆਂ ਨੂੰ ਪੰਜਾਬੀਆਂ ਉੱਤੇ ਕਥਨੀ ਅਤੇ ਕਰਨੀ ਵਿਚ ਫ਼ਰਕ ਹੋਣ ਦਾ ਗ਼ਮ ਹੈ। ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਨੇ ਪਾਣੀਆਂ ਦੀ ਬਲੀ ਲੈ ਲਈ ਹੈ। ਥਾਂ-ਥਾਂ ਲੱਗੇ ਡੂੰਘੇ ਪੰਪਾਂ, ਟੂਟੀਆਂ ਵਿਚੋਂ ਲਗਾਤਾਰ ਵਗਦਾ ਬੇਤਹਾਸ਼ਾ ਪਾਣੀ, ਗੱਡੀਆਂ ਧੋਣ ਲਈ ਵਗਦੇ ਫੁਹਾਰੇ ਸਾਡੀ ਬਰਬਾਦੀ ਦਾ ਹੋਕਾ ਦੇ ਰਹੇ ਹਨ। ਝੋਨਾ ਬੀਜਣਾ, ਨਾੜ ਨੂੰ ਅੱਗ ਲਗਾਉਣੀ ਕਿਸਾਨ ਦੀ 'ਮਜਬੂਰੀ' ਹੈ। ਸੰਜੀਦਾ ਆਵਾਜ਼ਾਂ ਦੀਆਂ ਦਲੀਲਾਂ ਦਾ ਕਈ ਵਾਰ ਕੋਈ ਜਵਾਬ ਨਹੀਂ ਹੁੰਦਾ। ਉੱਘੇ ਖੇਤੀ ਵਿਗਿਆਨੀ ਡਾ. ਸਰਦਾਰਾ ਸਿੰਘ ਜੌਹਲ ਨੂੰ ਕਿਸੇ ਸਵਾਲ ਕੀਤਾ, ਜੇ ਝੋਨਾ ਬੀਜਣ ਲਈ ਪਾਣੀ ਦੀ ਦੁਰਵਰਤੋਂ ਹੁੰਦੀ ਹੈ, ਤਾਂ ਹੋਰ ਕਿਹੜੀ ਫ਼ਸਲ ਬੀਜੀਏ? ਜਵਾਬ ਨਿਰਉੱਤਰ ਕਰਨ ਵਾਲਾ ਸੀ, ਓਹੀ, ਜਿਹੜੀ ਪਾਣੀ ਖ਼ਤਮ ਹੋਣ ਬਾਅਦ ਬੀਜੋਗੇ। ਕਿਸਾਨਾਂ ਤੇ ਕਾਰਖਾਨਿਆਂ ਵਿਚ ਦੌੜ ਲੱਗੀ ਹੋਈ ਹੈ, ਪਾਣੀ ਮੁਕਾਉਣ ਅਤੇ ਗੰਧਲਾ ਕਰਨ ਦੀ! ਹਮਾਮ ਵਿਚ ਸਾਰੇ ਨੰਗੇ ਨੇ। ਨਸੀਹਤਾਂ ਤਾਂ ਬਿਗਾਨਿਆਂ ਲਈ ਹੁੰਦੀਆਂ ਨੇ। ਲਗਦੈ, ਜਿਵੇਂ ਪਾਣੀ ਸਰਾਪੇ ਗਏ ਹੋਣ!
ਪੰਜਾਬ ਦੀ ਦਰਦਨਾਕ ਹੂਕ ਦੀ ਇਕ ਝਲਕ, ਜਿਹੜੀ ਸਾਡੀ ਰੂਹ ਨੂੰ ਕੰਬਣੀ ਛੇੜ ਦਿੰਦੀ ਹੈ। ਵਿਦਵਾਨਾਂ ਦੇ ਇਕ ਸੈਮੀਨਾਰ ਵਿਚ ਇਕ ਚਿੰਤਕ ਦੇ ਲਹੂ ਦੇ ਅੱਥਰੂ:
ਏਅਰ ਕੈਨੇਡਾ ਦੀ ਫਲਾਈਟ ਵਿਚ-ਜੋ ਵੈਨਕੂਵਰ ਤੋਂ ਦਿੱਲੀ ਜਾ ਰਹੀ ਸੀ- ਅਗਲੀ ਸੀਟ 'ਤੇ ਬੈਠੇ ਦੋ ਯਾਤਰੀ ਗੱਲਾਂ ਕਰ ਰਹੇ ਸੀ:
ਸ਼ੇਰਾ, ਕਿੰਨੇ ਚਿਰ ਬਾਅਦ ਵਾਪਸ ਚੱਲਿਐਂ?
ਬਾਬਾ ਜੀ, ਪੂਰੇ ਪੱਚੀ ਸਾਲ ਬਾਅਦ।
ਇੰਨੇ ਚਿਰ ਪਿੱਛੋਂ ਕਿਉਂ?
ਬਾਪੂ ਮੁੱਕ ਗਿਆ।
ਕਿਉਂ ਕੀ ਹੋਇਆ?
ਡਾਕਟਰ ਕਹਿੰਦਾਉਸਦਾ ਪਾਣੀ ਮੁੱਕ ਗਿਆ।
ਕਦੇ ਜਿਊਂਦੇ ਨੂੰ ਕਿਉਂ ਨਹੀਂ ਮਿਲਣ ਗਿਆ?
ਬਾਪੂ ਨਹੀਂ ਚਾਹੁੰਦਾ ਸੀਪਿੰਡ ਵਿਚ ਦੁਸ਼ਮਣੀ ਕਰ ਕੇ।
ਦੁਸ਼ਮਣੀ ਕਾਹਦੀ ਸੀ?
ਬਾਬਾ, ਉਹ ਵੀ ਪਾਣੀ ਦੀ ਸੀ।ਬਾਪੂ ਕੱਸੀ ਦਾ ਪਾਣੀ ਲਾਉਣ ਜਾਂਦਾ ਤਾਂ ਸ਼ਰੀਕੇ ਵਾਲੇ ਆਖ਼ਰੀ ਕਿਆਰਾ ਭਰਨ ਤੋਂ ਪਹਿਲਾਂ ਪਾਣੀ ਵੱਢ ਲੈਂਦੇ। ਬਾਪੂ ਘਰੇ ਆ ਕੇ ਕਹਿੰਦਾ 'ਜੇਕਰ ਇਨ੍ਹਾਂ ਨੇ ਪਾਣੀ ਫੇਰ ਵੱਢਿਆ, ਤਾਂ ਮੈਂ ਇਨ੍ਹਾਂ ਨੂੰ ਵੱਢ ਦੂੰ'। ਮਾਂ ਕਹਿੰਦੀ 'ਤੂੰ ਇਕੱਲਾਂਜੇਕਰ ਗੁੱਸਾ ਆਵੇ ਤਾਂ ਆਪਣੀ ਜੀਭ 'ਤੇ ਦੰਦੀ ਵੱਢ ਲਿਆ ਕਰ,ਇਹ ਜ਼ਿਆਦਾ ਨੇ' ਬਾਪੂ ਦੀ ਜੀਭ ਦੰਦੀਆਂ ਵੱਢ ਵੱਢ ਕਾਲੀ ਹੋ ਰਹੀ ਸੀਪਰ ਸ਼ਰੀਕੇ ਵਾਲੇ ਪਾਣੀ ਵੱਢਣੋਂ ਨਾ ਹਟੇ ਤਾਂ ਇਕ ਦਿਨ ਬਾਪੂ ਨੇ ਬਚਨਾ ਵੱਢਤਾ। ਮਾਂ ਮੈਨੂੰ ਚੁੱਕ ਕੇ ਪੇਕੇ ਚਲੀ ਗਈ।ਮੇਰਾ ਪਿੰਡ ਦਾ ਪਾਣੀ ਮੁੱਕ ਗਿਆ।ਫੇਰ ਵੱਡਾ ਹੋਇਆ ਨਾਨਕਿਆਂ ਮੈਨੂੰ ਕੈਨੇਡਾ ਭੇਜ ਕੇ ਮੇਰਾ ਵਤਨ ਦਾ ਪਾਣੀ ਮੁਕਾ ਦਿੱਤਾ।ਹੁਣ ਵਾਪਸ ਚੱਲਿਐਂਕਹਿੰਦੇ ਪਿਓ ਦੇ ਫੁੱਲ ਪਾਣੀ ਵਿਚ ਤਾਰਨੇ ਆਂ, ਤੇਰੀ ਜ਼ਰੂਰਤ ਐ।
ਬਾਬਾ ਲੰਮਾ ਸਾਹ ਲੈ ਕੇ ਬੋਲਿਆ, ਜੇਕਰ ਪੰਜਾਂ ਆਬਾਂ ਵਿਚ ਕਿਤੇ ਪਾਣੀ ਮਿਲ ਗਿਆ ਤਾਂ ਠੀਕ ਐ, ਨਹੀਂ ਤਾਂ ਬਾਪੂ ਦੇ ਫੁੱਲ ਹਰਿਦੁਆਰ ਤਾਰ ਆਈਂਪਾਣੀ ਪੰਜਾਬ ਦਾ ਵੀ ਮੁੱਕ ਚੱਲਿਐ।
ਪੰਜਾਬੀਓ! ਕਿਤੇ ਕੁਵੇਲਾ ਨਾ ਹੋ ਜਾਵੇ! (ਸਮਾਪਤ)
-ਮੋਬਾਈਲ : 89684-33500