ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਭਰੋਸੇਮੰਦ ਪੱਤਰਕਾਰਤਾ ਦਾ ਦੂਜਾ ਨਾਂਅ-ਸਰ ਮਾਰਕ ਟਲੀ

Ad Position 21
No active advertisement
ਅਜੀਤ ਡੈਸਕ 01-02-2026

ਪੱਤਰਕਾਰਤਾ 'ਚ ਨਿਰੋਲ ਖ਼ਬਰ ਲਿਖਣ ਅਤੇ ਧਾਰਨਾ ਘੜਨ ਜਾਂ ਪੇਸ਼ ਕਰਨ 'ਚ ਇਕ ਮਹੀਨ ਫ਼ਾਸਲਾ ਹੁੰਦਾ ਹੈ ਅਤੇ ਇਕ ਸੱਚੇ ਪੱਤਰਕਾਰ ਨੂੰ ਇਸ ਫ਼ਾਸਲੇ ਦਾ ਹਮੇਸ਼ਾ ਸਨਮਾਨ ਕਰਨਾ ਚਾਹੀਦਾ ਹੈ। ਭਾਰਤੀ ਵਿੱਦਿਆ ਭਵਨ ਤੋਂ ਪੱਤਰਕਾਰਤਾ ਦੀ ਪੜ੍ਹਾਈ ਕਰਦੇ ਸਮੇਂ ਇਹ ਮੂਲ ਮੰਤਰ ਸਾਨੂੰ ਵਿਦਿਆਰਥੀਆਂ ਨੂੰ ਪਹਿਲੇ ਦਿਨ ਹੀ ਦਿੱਤਾ ਗਿਆ ਸੀ। ਅਜੋਕੇ ਸਮੇਂ 'ਚ ਜ਼ਿਆਦਾਤਰ ਪੱਤਰਕਾਰ ਇਸ ਫਾਸਲੇ ਨੂੰ ਅਣਗੌਲਦੇ ਨਜ਼ਰ ਆਉਂਦੇ ਹਨ। ਪਰ ਇਕ ਪ੍ਰਵਾਸੀ ਭਾਰਤੀ ਅਤੇ ਬਰਤਾਨਵੀ ਨਾਗਰਿਕ ਮਾਰਕ ਟਲੀ ਤਾਅ-ਉਮਰ ਇਸ ਮੰਤਰ ਦੀ ਜਿਊਂਦੀ ਜਾਗਦੀ ਤਸਵੀਰ ਬਣੇ ਨਜ਼ਰ ਆਏ। ਦਹਾਕਿਆਂ ਤੱਕ ਬੀ.ਬੀ.ਸੀ. ਲਈ 'ਭਾਰਤ ਦੀ ਆਵਾਜ਼' ਬਣੇ ਮਾਰਕ ਟਲੀ ਦੀ ਬੇਬਾਕ ਆਵਾਜ਼ 25 ਜਨਵਰੀ, 2026 ਨੂੰ ਖ਼ਾਮੋਸ਼ ਹੋ ਗਈ।
ਮਾਰਕ ਟਲੀ ਨੇ ਪੱਤਰਕਾਰਤਾ ਦੇ ਉਕਤ ਸਿਧਾਂਤ ਨੂੰ ਇੰਝ ਜਜ਼ਬ ਕਰ ਲਿਆ ਸੀ ਕਿ ਉਨ੍ਹਾਂ ਦਾ ਮਤਲਬ ਹੀ ਭਰੋਸੇ ਦੀ ਖ਼ਬਰ ਦਾ ਹੋਣਾ ਹੁੰਦਾ ਸੀ। 'ਸਰ' ਦੀ ਉਪਾਧੀ ਨਾਲ ਨਿਵਾਜੇ ਗਏ ਮਾਰਕ ਟਲੀ ਨੇ ਭਾਰਤ ਦੇ ਕਈ ਅਹਿਮ ਪੜਾਵਾਂ 'ਚ ਰਿਪੋਰਟਿੰਗ ਕੀਤੀ। ਫਿਰ ਭਾਵੇਂ ਉਹ ਬਾਬਰੀ ਮਸਜਿਦ ਢਾਹੁਣ ਦਾ ਮਾਮਲਾ ਹੋਵੇ, ਸਾਕਾ ਨੀਲਾ ਤਾਰਾ, ਭੋਪਾਲ ਗੈਸ ਦੁਖਾਂਤ, 1971 ਦੀ ਭਾਰਤ ਪਾਕਿਸਤਾਨ ਜੰਗ, ਇੰਦਰਾ ਗਾਂਧੀ ਹੱਤਿਆਕਾਂਡ, ਰਾਜੀਵ ਗਾਂਧੀ ਹੱਤਿਆਕਾਂਡ ਅਤੇ ਹੋਰ ਕਿੰਨੇ ਹੀ ਅਜਿਹੇ ਇਤਿਹਾਸਕ ਘਟਨਾਕ੍ਰਮ ਸਰ ਮਾਰਕ ਟਲੀ, ਜੋ ਵਿਦੇਸ਼ੀ ਨਾਗਰਿਕ ਹੋਣ ਦੇ ਬਾਵਜੂਦ ਹਿੰਦੀ, ਉਰਦੂ, ਬੰਗਲਾ ਅਤੇ ਪੰਜਾਬੀ ਭਾਸ਼ਾ ਚੰਗੀ ਤਰ੍ਹਾਂ ਬੋਲ ਲੈਂਦੇ ਸਨ, ਨੇ ਸਾਕਾ ਨੀਲਾ ਤਾਰਾ (ਬਲਿਊ ਸਟਾਰ) ਤੋਂ ਪਹਿਲਾਂ ਅਤੇ ਬਾਅਦ 'ਚ ਸ੍ਰੀ ਦਰਬਾਰ ਸਾਹਿਬ ਅੰਦਰ ਫ਼ੌਜ ਦਾਖਲ ਹੋਣ ਦੇ ਘਟਨਾਕ੍ਰਮ ਦੀ ਰਿਪੋਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਇੰਟਰਵਿਊ ਵੀ ਕੀਤੇ। ਮਾਰਕ ਟਲੀ ਮੁਤਾਬਿਕ ਸੰਤ ਭਿੰਡਰਾਂਵਾਲੇ ਇਕ ਪ੍ਰਭਾਵਸ਼ਾਲੀ ਅਤੇ ਦਿਲ-ਖਿੱਚਵੀਂ ਸ਼ਖ਼ਸੀਅਤ ਸਨ। ਮਾਰਕ ਟਲੀ ਨੇ ਉਸ ਸਮੇਂ ਦੇ ਬਿਰਤਾਂਤ ਨੂੰ ਇਕੱਠਿਆਂ ਕਰ ਆਪਣੇ ਬੀ.ਬੀ.ਸੀ. ਦੇ ਸਹਿਯੋਗੀ ਸਤੀਸ਼ ਜੈਕਬ ਦੇ ਨਾਲ ਮਿਲ ਕੇ ਇਕ ਕਿਤਾਬ ਲਿਖੀ ÒAmritsar : Mrs GandhiÓs Last BattleÓÍ ਇਸ ਕਿਤਾਬ ਦੀ ਪ੍ਰਸਤਾਵਨਾ 'ਚ ਹੀ ਉੁਨ੍ਹਾਂ ਭਾਰਤ 'ਚ ਉਪਨਿਵੇਸ਼ਕ ਅਤੇ ਉਸ ਤੋਂ ਬਾਅਦ ਦੇ ਸ਼ਾਸਨ ਦੀ ਨਿਰਤੰਤਰਤਾ 'ਤੇ ਤਿੱਖੀਆਂ ਟਿੱਪਣੀਆਂ ਕਰਦਿਆਂ ਕਿਹਾ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਅੱਜ ਵੀ ਬਰਤਾਨਵੀ ਰਾਜ ਦੀਆਂ ਸੰਸਥਾਵਾਂ ਵਲੋਂ ਸ਼ਾਮਿਲ ਅਤੇ ਪ੍ਰਸਾਰਿਤ ਹੈ। ਪ੍ਰਸ਼ਾਸਨ 'ਤੇ ਭਾਰੂ ਹੋਇਆ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਸ.) ਬ੍ਰਿਟਿਸ਼ ਰਾਜ ਦੀ ਆਈ.ਸੀ.ਐਸ. ਦੀ ਹੂ-ਬਹੂ ਨਕਲ ਹੈ ਅਤੇ ਭਾਰਤੀ ਪੁਲਿਸ ਸੇਵਾ ਵੀ ਉਸੇ ਦੀ ਹੂ-ਬਹੂ ਨਕਲ ਹੈ। ਉਸ ਨੇ ਅੱਗੇ ਇਹ ਵੀ ਕਿਹਾ ਕਿ ਮੈਕਾਲੇ ਦੀ ਸਜ਼ਾ ਦੇਣ ਵਾਲਾ ਕਾਨੂੰਨ ਅੱਜ ਵੀ ਲਾਗੂ ਹੈ। ਜੋ ਕਿਰਾਏ ਦੇ ਗਵਾਹ ਬਰਤਾਨਵੀ ਰਾਜ ਦੇ ਹੱਕ 'ਚ ਗਵਾਹੀ ਦਿੰਦੇ ਸਨ, ਉਹ ਹੁਣ ਮੈਜਿਸਟ੍ਰੇਟਾਂ ਦੇ ਸਾਹਮਣੇ ਸੁਤੰਤਰਤ ਭਾਰਤ ਦੀ ਪੁਲਿਸ ਦੇ ਹੱਕ 'ਚ ਗਵਾਹੀ ਦਿੰਦੇ ਹਨ। ਅੰਗਰੇਜ਼ਾਂ ਵਲੋਂ ਵਿਰਾਸਤ 'ਚ ਮਿਲੀ ਕਾਨੂੰਨ ਵਿਵਸਥਾ ਦਾ ਇਸਤੇਮਾਲ ਅਮੀਰ ਅਤੇ ਰਸੂਖ ਵਾਲੇ ਲੋਕ ਸਰਕਾਰ ਦੇ ਇਰਾਦਿਆਂ ਨੂੰ ਨਾਕਾਮ ਕਰਨ ਲਈ ਕਰਦੇ ਹਨ। ਗ਼ਰੀਬ ਲੋਕ ਪੁਲਿਸ ਅਤੇ ਅਦਾਲਤਾਂ ਨੂੰ ਆਪਣਾ ਸ਼ੋਸ਼ਣ ਕਰਨ ਵਾਲਾ ਮੰਨਦੇ ਹਨ।
ਟਲੀ ਦੀਆਂ ਇਹ ਟਿੱਪਣੀਆਂ ਉਸ ਸਮੇਂ ਦੌਰਾਨ ਲਗਾਤਾਰ ਪਿੰਡਾਂ ਦੀਆਂ ਯਾਤਰਾਵਾਂ, ਲੋਕਾਂ ਦੀ ਰਮਜ਼ ਪਛਾਨਣ ਅਤੇ ਸਿਸਟਮ ਦੀਆਂ ਖਾਮੀਆਂ ਨੂੰ ਉਘਾੜਦੀਆਂ ਹਨ। 'ਬੇਬਾਕ' ਲਿਖਤਾਂ ਵਾਲੀ ਇਹ ਕਿਤਾਬ ਸਿੱਖਾਂ ਲਈ ਅੱਜ ਵੀ ਉਸ ਸਮੇਂ ਦੇ ਇਤਿਹਾਸ ਦਾ ਇਕ ਅਹਿਮ ਦਸਤਾਵੇਜ਼ ਮੰਨੀ ਜਾਂਦੀ ਹੈ ਅਤੇ ਇਸ ਦੇ ਕਾਰਨ ਹੀ ਮਾਰਕ ਟਲੀ ਨੂੰ ਉਸ ਪੱਤਰਕਾਰ ਵਜੋਂ ਯਾਦ ਰੱਖਿਆ ਜਾਂਦਾ ਹੈ, ਜਿਸ ਨੇ ਦੇਸ਼ ਦੇ ਸਭ ਤੋਂ ਕਾਲੇ ਅਧਿਆਇ ਨੂੰ ਸਭ ਤੋਂ ਭਰੋਸੇਮੰਦ ਤਰੀਕੇ ਨਾਲ ਦਰਜ ਕੀਤਾ।
ਬਾਬਰੀ ਮਸਜਿਦ ਢਾਹੁਣ ਦੇ ਸਮੇਂ ਦੇ ਘਟਨਾਕ੍ਰਮ ਮੌਕੇ ਵੀ ਮਾਰਕ ਟਲੀ ਆਪਣੇ ਇਸੇ ਬੇਖੌਫ਼ ਅਤੇ ਦਲੇਰਾਨਾ ਅੰਦਾਜ਼ 'ਚ ਰਿਪੋਰਟਿੰਗ ਕਰਦੇ ਨਜ਼ਰ ਆਏ ਸਨ। ਹਾਸਿਲ ਜਾਣਕਾਰੀ ਮੁਤਾਬਿਕ ਮਾਰਕ ਟਲੀ ਅਤੇ ਦੇਸ਼-ਵਿਦੇਸ਼ ਦੇ ਹੋਰ ਕਈ ਪੱਤਰਕਾਰ ਬਾਬਰੀ ਮਸਜਿਦ ਦੇ ਸਾਹਮਣੇ ਇਕ ਛੱਤ 'ਤੇ ਤਾਇਨਾਤ ਸਨ। ਜਦੋਂ ਕਾਰਸੇਵਕ ਮਸਜਿਦ ਦੇ ਸੁਰੱਖਿਆ ਘੇਰੇ ਦੀਆਂ ਤਾਰਾਂ ਤੋੜ ਕੇ ਅੰਦਰ ਦਾਖਲ ਹੋਏ ਅਤੇ ਬਾਬਰੀ ਮਸਜਿਦ ਦਾ ਇਕ ਗੁੰਬਦ ਡਿੱਗਾ ਤਾਂ ਉਸ ਵੇਲੇ ਮਾਰਕ ਨੇ ਫੈਜ਼ਾਬਾਦ ਜਾਣ ਦਾ ਫ਼ੈਸਲਾ ਕੀਤਾ। ਉਸ ਵੇਲੇ ਮੋਬਾਈਲ ਨਹੀਂ ਹੁੰਦੇ ਸਨ ਅਤੇ ਲੰਦਨ 'ਚ ਬੀ.ਬੀ.ਸੀ. ਹੈੱਡ ਆਫਿਸ ਭਾਵ ਮੁੱਖ ਦਫ਼ਤਰ ਨਾਲ ਸੰਪਰਕ ਦਾ ਇਕੋ-ਇਕ ਜ਼ਰੀਆ ਫੈਜ਼ਾਬਾਦ 'ਚ ਸੈਂਟਰਲ ਟੈਲੀਗ੍ਰਾਫ਼ ਦਫ਼ਤਰ ਹੀ ਸੀ। ਜਦੋਂ ਮਾਰਕ ਖ਼ਬਰ ਫਾਈਲ ਕਰਕੇ ਵਾਪਸ ਅਯੁੱਧਿਆ ਜਾਣ ਲੱਗੇ ਤਾਂ ਮਸਜਿਦ ਦਾ ਵੱਡਾ ਹਿੱਸਾ ਢਾਹਿਆ ਜਾ ਚੁੱਕਾ ਸੀ। ਉਸ ਵੇਲੇ ਹਿੰਸਕ ਭੀੜ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ। ਮਾਰਕ ਟਲੀ ਅਤੇ ਹੋਰ ਸਥਾਨਕ ਪੱਤਰਕਾਰਾਂ ਨੂੰ ਹਿੰਸਕ ਭੀੜ ਨੇ ਘੇਰ ਲਿਆ। ਉਹ ਮਾਰਕ ਟਲੀ ਬੀ.ਬੀ.ਸੀ. ਦੇ ਪੱਤਰਕਾਰ ਦੀ ਅਯੁੱਧਿਆ ਦੀ ਕਵਰੇਜ ਤੋਂ ਕਾਫ਼ੀ ਨਾਖ਼ੁਸ਼ ਸਨ। ਉਸ ਵੇਲੇ ਜ਼ਿਆਦਾਤਰ ਕਾਰਸੇਵਕਾਂ ਵਲੋਂ 'ਮਾਰਕ ਦੀ ਮੌਤ' ਦੇ ਨਾਅਰੇ ਲਾਏ ਗਏ। ਹਾਲਾਂਕਿ ਕੁਝ ਹੋਰਨਾਂ ਕਾਰਸੇਵਕਾਂ ਦੇ ਸੁਝਾਅ ਤੇ ਮਾਰਕ ਸਮੇਤ 5 ਹੋਰਨਾਂ ਨੂੰ ਇਕ ਇਮਾਰਤ ਦੇ ਇਕ ਕਮਰੇ 'ਚ ਬੰਦ ਕਰ ਦਿੱਤਾ ਗਿਆ। ਇਕ ਮਹੰਤ ਦੀ ਮਦਦ ਨਾਲ ਉਨ੍ਹਾਂ ਸਾਰਿਆਂ ਨੂੰ ਸ਼ਾਮੀਂ 6 ਵਜੇ ਛੱਡਿਆ ਗਿਆ ਅਤੇ ਰਾਤ 8 ਵਜੇ ਫੈਜ਼ਾਬਾਦ ਭੇਜਿਆ ਗਿਆ। ਪਰ ਦਿਲਚਸਪ ਗੱਲ ਹੈ ਕਿ ਇਸ ਘਟਨਾ ਤੋਂ ਬਾਅਦ ਵੀ ਮਾਰਕ ਟਲੀ ਨੇ ਅਯੁੱਧਿਆ ਛੱਡਣ ਦਾ ਫ਼ੈਸਲਾ ਨਹੀਂ ਕੀਤਾ ਜਦਕਿ ਜ਼ਿਆਦਾਤਰ ਪੱਤਰਕਾਰ ਉਸੇ ਰਾਤ ਅਯੁੱਧਿਆ ਤੋਂ ਰਵਾਨਾ ਹੋ ਗਏ। ਮਾਰਕ ਟਲੀ ਨੇ ਬਾਅਦ ਦੇ ਸਮੇਂ 'ਚ ਦਿੱਤੇ ਇੰਟਰਵਿਊ 'ਚ ਮਸਜਿਦ ਢਾਹੁਣ ਨੂੰ ਭਾਰਤ ਦੀ ਧਰਮ-ਨਿਰਪੱਖਤਾ ਨੂੰ ਆਜ਼ਾਦੀ ਤੋਂ ਬਾਅਦ ਲੱਗੀ ਸਭ ਤੋਂ ਵੱਡੀ ਢਾਹ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮਸਜਿਦ ਢਾਹੁਣ ਦੀ ਘਟਨਾ ਨੇ ਭਾਰਤ 'ਚ ਕਈ ਦਹਾਕਿਆਂ 'ਚ ਹੋਈ ਸਭ ਤੋਂ ਵੱਧ ਬੁਰੀ ਧਾਰਮਿਕ ਹਿੰਸਾ ਨੂੰ ਭੜਕਾਇਆ।
ਮਾਰਕ ਟਲੀ ਭਾਰਤ ਦੀ ਧਰਮ-ਨਿਰਪੱਖਤਾ ਨੂੰ ਇਸ ਦੀ ਸਭ ਤੋਂ ਵੱਡੀ ਤਾਕਤ ਦੱਸਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਦੇਸ਼ (ਭਾਰਤ) ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਸੰਭਾਲੀ ਰੱਖਣਾ ਬਹੁਤ ਜ਼ਰੂਰੀ ਅਤੇ ਅਹਿਮ ਹੈ। ਜਿਥੇ ਹਰ ਧਰਮ ਨੂੰ ਆਪਣੀ ਪਾਲਣਾ ਕਰਨ ਅਤੇ ਵਧਣ-ਫੁਲਣ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਿੰਦੂ ਬਹੁਲਵਾਦ ਨੂੰ ਵਧਣ ਦਾ ਮੌਕਾ ਦੇ ਕੇ ਇਸ (ਧਰਮ-ਨਿਰਪੱਖਤਾ) ਨੂੰ ਖ਼ਤਰੇ 'ਚ ਨਹੀਂ ਪਾਉਣਾ ਚਾਹੀਦਾ।
ਸੱਚੀਆਂ ਅਤੇ ਇਮਾਨਦਾਰ ਖਬਰਾਂ ਦਾ ਇਹ ਜਨੂੰਨ ਹੀ ਸੀ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਈ ਤਾਂ ਉਨ੍ਹਾਂ ਦੇ ਬੇਟੇ ਰਾਜੀਵ ਗਾਂਧੀ ਨੇ ਇਸ ਖ਼ਬਰ ਦੀ ਪੁਸ਼ਟੀ ਮਾਰਕ ਟਲੀ ਤੋਂ ਕਰਵਾਉਣ ਨੂੰ ਕਿਹਾ। ਇਸੇ ਹੀ ਲੜੀ 'ਚ ਉਨ੍ਹਾਂ ਵਲੋਂ ਦਿੱਤੀ ਗਈ ਸਭ ਤੋਂ ਵੱਡੀ ਤੇ ਬੇਹੱਦ ਖ਼ਾਸ ਉਹ ਖ਼ਬਰ ਵੀ ਸ਼ਾਮਿਲ ਹੈ, ਜਿਸ ਵਿਚ ਉਨ੍ਹਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫ਼ਕਾਰ ਅਲੀ ਭੁੱਟੋ ਨੂੰ ਫਾਂਸੀ ਦੀ ਸਜ਼ਾ ਦੀ ਖ਼ਬਰ ਨਸ਼ਰ ਕੀਤੀ ਸੀ। ਟਲੀ ਨੇ ਇਕ ਸੂਹ ਦੇ ਆਧਾਰ 'ਤੇ ਜਿਸ ਮੁਤਾਬਿਕ ਭੁੱਟੋ ਨੂੰ ਰਾਵਲਪਿੰਡੀ ਦੀ ਸੈਂਟਰਲ ਜੇਲ੍ਹ 'ਚ ਫਾਂਸੀ ਦਿੱਤੀ ਜਾਣੀ ਸੀ, ਜੇਲ੍ਹ ਦੇ ਬਾਹਰੋਂ ਇਸ ਖ਼ਬਰ ਦਾ ਪ੍ਰਸਾਰਨ ਕਰਦਿਆਂ ਦੱਸਿਆ ਕਿ ਭੁੱਟੋ ਨੂੰ ਸ਼ਾਮ ਨੂੰ ਫਾਂਸੀ 'ਤੇ ਲਟਕਾਇਆ ਜਾਵੇਗਾ ਅਤੇ ਉਸ ਵੇਲੇ ਜੇਲ੍ਹ ਦੇ ਆਸ-ਪਾਸ ਦੀ ਭਾਰੀ ਸੁਰੱਖਿਆ ਤਾਇਨਾਤੀ ਅਤੇ ਜਨਰਲ ਮੁਹੰਮਦ ਜ਼ਿਆ-ਉਲ-ਹੱਕ ਵਲੋਂ ਫਾਂਸੀ ਦਾ ਆਦੇਸ਼ ਦਿੱਤੇ ਜਾਣ ਨੂੰ ਲੈ ਕੇ ਵਰਤੀ ਜਾ ਰਹੀ ਭੇਦ ਗੁਪਤ ਰੱਖਣ ਦੀ ਕਾਰਵਾਈ ਅਤੇ ਹੋਰ ਸਾਰੇ ਹਾਲਾਤ ਦਾ ਵੇਰਵਾ ਦਿੱਤਾ ਸੀ।
ਇੰਦਰਾ ਗਾਂਧੀ ਵਲੋਂ ਐਮਰਜੈਂਸੀ ਦੌਰਾਨ ਜਦੋਂ ਸੈਂਸਰਸ਼ਿਪ ਲਾਈ ਗਈ ਅਤੇ ਜਿਹੜੇ ਵੀ ਵਿਦੇਸ਼ੀ ਪੱਤਰਕਾਰਾਂ ਨੇ ਇਸ ਸੈਂਸਰਸ਼ਿਪ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ। ਮਾਰਕ ਟਲੀ ਉਨ੍ਹਾਂ ਪੱਤਰਕਾਰਾਂ 'ਚੋਂ ਇਕ ਅਤੇ ਸ਼ਾਇਦ ਪਹਿਲੀ ਕਤਾਰ ਵਾਲੇ ਪੱਤਰਕਾਰ ਸਨ। ਹਾਸਿਲ ਜਾਣਕਾਰੀ ਮੁਤਾਬਿਕ ਉਸ ਵੇਲੇ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਵੀ.ਸੀ. ਸ਼ੁਕਲਾ ਨੇ ਬੀ.ਬੀ.ਸੀ. ਵਲੋਂ ਚਲਾਈ ਉਸ ਕਥਿਤ ਖ਼ਬਰ ਦੀ ਪੁਸ਼ਟੀ ਕਰਨ ਨੂੰ ਕਿਹਾ ਜਿਸ 'ਚ ਕਿਹਾ ਗਿਆ ਸੀ ਕਿ ਇੰਦਰਾ ਗਾਂਧੀ ਨੇ ਇਕ ਕੈਬਨਿਟ ਮੀਟਿੰਗ 'ਚ ਐਲਾਨ ਕੀਤਾ ਹੈ ਕਿ ਉਹ ਐਮਰਜੈਂਸੀ ਲਾਉਣ ਵਾਲੇ ਹਨ। ਟਲੀ ਨੇ ਕਿਹਾ ਕਿ ਬੀ.ਬੀ.ਸੀ. ਵਲੋਂ ਇਹ ਖ਼ਬਰ ਨਹੀਂ ਚਲਾਈ ਗਈ, ਪਰ ਜੇਕਰ ਉਹ (ਮੰਤਰੀ) ਇਸ ਦੀ ਤਸਦੀਕ ਕਰਦੇ ਹਨ ਤਾਂ ਉਹ ਇਹ ਖਬਰ ਚਲਾ ਦੇਣਗੇ। ਬਾਅਦ 'ਚ ਮਾਰਕ ਟਲੀ ਨੇ ਜਦੋਂ ਸੈਂਸਰਸ਼ਿਪ ਨਾਲ ਸੰਬਧਿਤ ਕਾਗਜ਼ਾਂ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱੱਤਾ ਤਾਂ ਉਨ੍ਹਾਂ ਨੂੰ 24 ਘੰਟਿਆਂ ਅੰਦਰ ਦੇਸ਼ ਛੱਡਣ ਨੂੰ ਕਿਹਾ ਗਿਆ। ਹਾਲਾਂਕਿ 18 ਮਹੀਨਿਆਂ ਬਾਅਦ ਉਹ ਵਾਪਸ ਭਾਰਤ ਆ ਗਏ ਅਤੇ ਆਖਿਰੀ ਸਮੇਂ ਤੱਕ ਭਾਰਤ 'ਚ ਹੀ ਰਹੇ।
ਵਿਦੇਸ਼ੀ ਨਾਗਰਿਕ ਅਤੇ ਪ੍ਰਵਾਸੀ ਭਾਰਤੀ
ਮਾਰਕ ਟਲੀ ਮੂਲ ਰੂਪ ਤੋਂ ਬਰਤਾਨਵੀ ਨਾਗਰਿਕ ਸਨ, ਪਰ ਉਨ੍ਹਾਂ ਆਪਣੀ ਜ਼ਿੰਦਗੀ ਦਾ ਤਿੰਨ ਚੌਥਾਈ ਤੋਂ ਵੱਧ ਸਮਾਂ ਭਾਰਤ 'ਚ ਬਿਤਾਇਆ। ਟਲੀ ਨੇ ਕਦੇ ਵੀ ਆਪਣੀ ਬਰਤਾਨਵੀ ਨਾਗਰਿਕਤਾ ਨਹੀਂ ਸੀ ਛੱਡੀ। ਹਾਲਾਂਕਿ ਭਾਰਤ 'ਚ ਰਹਿੰਦਿਆਂ ਉਨ੍ਹਾਂ ਪ੍ਰਵਾਸੀ ਭਾਰਤੀ ਹੋਣ ਦਾ ਪਾਸਪੋਰਟ ਵੀ ਹਾਸਲ ਕੀਤਾ ਸੀ। ਉਨ੍ਹਾਂ ਨੂੰ ਆਪਣੀ ਭਾਰਤ ਅਤੇ ਬਰਤਾਨਵੀ ਪਛਾਣ 'ਤੇ ਫ਼ਖਰ ਸੀ।
ਮਾਰਕ ਟਲੀ ਦਾ ਜਨਮ ਕੋਲਕਾਤਾ 'ਚ 1935 'ਚ ਹੋਇਆ। ਉਨ੍ਹਾਂ ਦੇ ਪਿਤਾ ਵਿਲੀਅਮ ਸਕਾਰਥ ਕਾਰਲਿਸਲੇ ਟਲੀ (Willian scarth Carlisle Tully) ਅਤੇ ਮਾਂ ਪੇਸ਼ੈਂਸ ਟਰੈਬੀ (Mother Patience Trebi) ਬਰਤਾਨਵੀ ਸ਼ਾਸਨ ਦੇ ਰਸੂਖਦਾਰ ਪਰਿਵਾਰਾਂ 'ਚੋਂ ਸਨ। 1935 ਦਾ ਹੀ ਉਹ ਸਾਲ ਸੀ ਜਦੋਂ ਭਾਰਤ ਸਰਕਾਰ ਵਲੋਂ ਕਾਨੂੰਨ ਪਾਸ ਹੋਇਆ ਸੀ, ਜਿਸ ਮੁਤਾਬਿਕ 12 ਸਾਲਾਂ 'ਚ ਸੱਤਾ ਦਾ ਤਬਾਦਲਾ ਬਰਤਾਨਵੀ ਸ਼ਾਸਨ ਤੋਂ ਸੁਤੰਤਰ ਭਾਰਤ ਨੂੰ ਕੀਤਾ ਜਾਣਾ ਸੀ। ਉਸ ਵੇਲੇ ਜਦੋਂ ਅੰਗਰੇਜ਼ ਭਾਰਤ ਛੱਡੋ ਮੁਹਿੰਮ ਚੱਲ ਰਹੀ ਸੀ, ਟਲੀ ਆਪਣੇ ਘਰ 'ਚ ਬਰਤਾਨਵੀ ਸੰਸਕਾਰਾਂ ਨਾਲ ਵੱਡਾ ਹੋ ਰਿਹਾ ਸੀ। ਐਸ਼ਪ੍ਰਸਤ ਜ਼ਿੰਦਗੀ ਜਿਊ ਰਹੇ ਟਲੀ ਨੂੰ ਹਿੰਦੀ ਬੋਲਣ ਅਤੇ ਸਿੱਖਣ ਦੀ ਸਖ਼ਤ ਮਨਾਹੀ ਸੀ। ਇਕ ਵਾਰ ਜਦੋਂ ਉਸ ਦੀ ਅੰਗਰੇਜ਼ ਨੈਨੀ (ਆਇਆ) ਨੇ ਉਸ ਨੂੰ ਪਰਿਵਾਰ ਦੇ ਡਰਾਈਵਰ ਨਾਲ ਹਿੰਦੀ ਸਿੱਖਦਿਆਂ ਸੁਣਿਆ ਤਾਂ ਉਸ ਨੇ ਜ਼ੋਰ ਦੀ ਥੱਪੜ ਮਾਰਦਿਆਂ ਕਿਹਾ ਇਹ ਨੌਕਰਾਂ ਦੀ ਭਾਸ਼ਾ ਹੈ, ਤੁਹਾਡੀ ਨਹੀਂ।
ਟਲੀ ਦੇ ਮਾਂ-ਬਾਪ ਆਜ਼ਾਦੀ ਤੋਂ ਬਾਅਦ ਇੰਗਲੈਂਡ ਚਲੇ ਗਏ। ਦਾਰਜੀਲਿੰਗ ਤੋਂ ਆਪਣੀ ਮੁਢਲੀ ਸਿੱਖਿਆ ਪੂਰੀ ਹੋਣ ਤੋਂ ਬਾਅਦ ਅੱਗੇ ਦੀ ਪੜ੍ਹਾਈ ਉਨ੍ਹਾਂ ਇੰਗਲੈਂਡ ਤੋਂ ਕੀਤੀ। ਕੈਂਬ੍ਰਿਜ ਯੂਨੀਵਰਸਿਟੀ ਤੋਂ ਧਰਮ ਸ਼ਾਸਤਰ ਦੀ ਪੜ੍ਹਾਈ ਤੋਂ ਬਾਅਦ ਉਹ ਪਾਦਰੀ ਬਣਨਾ ਚਾਹੁੰਦੇ ਸਨ। ਪਰ ਬਾਅਦ 'ਚ ਉਨ੍ਹਾਂ ਇਹ ਵਿਚਾਰ ਤਿਆਗ ਦਿੱਤਾ। ਹਾਲਾਂਕਿ ਦਿਲੋਂ ਉਹ ਕਾਫ਼ੀ ਧਾਰਮਿਕ ਸਨ। ਸ਼ਾਇਦ ਭਾਰਤ 'ਚ ਉਨ੍ਹਾਂ ਦੇ ਰਹਿਣ ਦਾ ਇਕ ਕਾਰਨ ਇਹ ਵੀ ਸੀ ਕਿ ਉਨ੍ਹਾਂ ਦਾ ਖਿਆਲ ਸੀ ਕਿ ਭਾਰਤ ਸਾਰੇ ਮਹਾਨ ਧਰਮਾਂ ਲਈ ਇਕ ਇਤਿਹਾਸਕ ਘਰ ਹੈ।
ਉਹ 1964 'ਚ ਵਾਪਸ ਭਾਰਤ ਪਰਤੇ, ਉਸ ਵੇਲੇ ਬੀ.ਬੀ.ਸੀ. 'ਚ ਕੋਈ ਅੰਗਰੇਜ਼ੀ ਦਾ ਪੱਤਰਕਾਰ ਨਹੀਂ ਸੀ ਅਤੇ ਹਿੰਦੀ ਸੇਵਾ ਨਾਲ ਜੁੜੇ ਕਈ ਅਸਥਾਈ ਪੱਤਰਕਾਰ ਸਨ। ਮਾਰਕ ਟਲੀ ਅਜਿਹੇ ਹਾਲਾਤ 'ਚ ਬੀ.ਬੀ.ਸੀ. ਰੇਡੀਓ ਨਾਲ ਜੁੜੇ ਜਦੋਂ 1960 ਦੇ ਸਮੇਂ 'ਚ ਰੇਡੀਓ ਪ੍ਰਸਾਰਨ 'ਚ ਆਕਾਸ਼ਵਾਣੀ, ਜੋ ਕਿ ਸਰਕਾਰੀ ਜ਼ਬਾਨ ਬੋਲਦਾ ਮੀਡੀਆ ਮੰਨਿਆ ਜਾਂਦਾ ਸੀ ਅਤੇ ਰੇਡੀਓ ਸਿਲੋਨ ਦਾ ਬੋਲਬਾਲਾ ਸੀ ਪਰ ਸਰਕਾਰੀ ਦਬਾਅ ਅਤੇ ਹੋਰ ਦਿੱਕਤਾਂ ਦੇ ਬਾਵਜੂਦ ਟਲੀ ਨੇ ਪੱਤਰਕਾਰੀ 'ਚ ਆਪਣੀ ਥਾਂ ਬਣਾਈ ਅਤੇ ਕਈ ਇਤਿਹਾਸਕ ਅਤੇ ਕਈ ਕਾਲੇ ਘਟਨਾਕ੍ਰਮਾਂ ਦੀ ਗਵਾਹੀ ਭਰੀ ਜਿਸ ਨੇ ਉਨ੍ਹਾਂ ਨੂੰ ਇਤਿਹਾਸ 'ਚ ਪੱਤਰਕਾਰਾਂ ਦੇ ਬਿਹਤਰੀਨ ਵਰਗ 'ਚ ਲਿਆ ਖੜ੍ਹਾ ਕਰ ਦਿੱਤਾ।
ਟਲੀ ਜੋ ਬਾਅਦ 'ਚ ਬੀ.ਬੀ.ਸੀ. ਦੇ ਭਾਰਤ 'ਚ ਬਿਊਰੋ ਚੀਫ਼ ਬਣੇ, ਨੇ 22 ਸਾਲ ਤੱਕ ਭਾਰਤ 'ਚ ਸੰਸਥਾ ਦੀ ਨੁਮਾਇੰਦਗੀ ਕੀਤੀ। ਉਨ੍ਹਾਂ 1994 'ਚ ਬੀ.ਬੀ.ਸੀ. ਦੇ ਉਸ ਵੇਲੇ ਦੇ ਡਾਇਰੈਕਟਰ ਜਨਰਲ ਜੌਹਨ ਬਰਟ ਤੇ ਬੀ.ਬੀ.ਸੀ. ਦੇ ਕਾਰਪੋਰੇਟ ਸੰਸਥਾਵਾਂ ਵਾਂਗ ਚਲਾਉਣ ਅਤੇ ਇਸ ਨੂੰ ਡਰ ਨਾਲ ਚਲਾਉਣ ਦਾ ਇਲਜ਼ਾਮ ਲਾਉਂਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਬਾਅਦ 'ਚ ਉਹ ਸੁਤੰਤਰ ਪੱਤਰਕਾਰ ਵਜੋਂ ਪੱਤਰਕਾਰਤਾ ਕਰਦੇ ਰਹੇ ਅਤੇ ਇਕ ਪ੍ਰੋਗਰਾਮ 'ਸਮਥਿੰਗ ਅੰਡਰਸਟੁਡ' ਰਾਹੀਂ ਬੀ.ਬੀ.ਸੀ. ਨਾਲ ਵੀ ਜੁੜੇ।
ਕਿਤਾਬਾਂ ਅਤੇ ਸਨਮਾਨ
ਟਲੀ ਨੇ ÒAmritsar : Mrs GandhiÓs Last BattleÓ ਤੋਂ ਇਲਾਵਾ ਵੀ ਕਈ ਕਿਤਾਬਾਂ ਲਿਖੀਆਂ। ਜਿਨ੍ਹਾਂ 'ਚ ÒNo full Stops in IndiaÓ  ਜੋ ਭਾਰਤ 'ਚ ਦੋ ਦਹਾਕੇ ਤੋਂ ਵੱਧ ਕੰਮ ਕਰਨ ਸੰਬੰਧੀ 10 ਨਿਬੰਧਾਂ ਦਾ ਸੰਗ੍ਰਹਿ ਹੈ। ਇਸ ਤੋਂ ਇਲਾਵਾ ÒIndia In Slow Motion, India’s Unending Journey, India : The road ahead, The Heart of India, Upcountry tales—Once upon a time in the heart of IndiaÓ ਸ਼ਾਮਿਲ ਹਨ।
ਟਲੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ 1992 'ਚ ਪਦਮਸ੍ਰੀ ਨਾਲ ਅਤੇ 2005 'ਚ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ। ਸਾਲ 2002 'ਚ ਬਰਤਾਨੀਆ ਨੇ ਉਨ੍ਹਾਂ ਨੂੰ ਪੱਤਰਕਾਰਤਾ ਲਈ 'ਸਰ' ਦੀ ਉਪਾਧੀ (ਨਾਈਟਹੁਡ) ਦਿੱਤੀ ਗਈ।
ਭਾਰਤ ਦੀ ਆਵਾਜ਼ ਮੰਨੇ ਜਾਂਦੇ ਅਤੇ ਭਾਰਤ ਨੂੰ ਕੇਂਦਰ 'ਚ ਰੱਖ ਕੇ ਅੱਖਰਾਂ ਨੂੰ ਸਮਰਪਿਤ ਜ਼ਿੰਦਗੀ ਜਿਊਣ ਵਾਲੇ ਮਾਰਕ ਟਲੀ ਭਾਵੇਂ ਹੁਣ ਸਾਡੇ ਦਰਮਿਆਨ ਨਹੀਂ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਅਤੇ ਪੱਤਰਕਾਰਤਾ ਕਰਨ ਦਾ ਸਲੀਕਾ ਆਉਣ ਵਾਲੀਆਂ ਪੀੜ੍ਹੀਆਂ ਦੀ ਰਹਿਨੁਮਾਈ ਕਰਦਾ ਰਹੇਗਾ। ਉਨ੍ਹਾਂ ਦੇ ਯੋਗਦਾਨ ਨੂੰ ਕੁਝ ਲਫ਼ਜ਼ਾਂ 'ਚ ਪਰੋਣਾ ਹੋਵੇ ਤਾਂ ਕਹਿ ਸਕਦੇ ਹਾਂ:
'ਨਹੀਂ ਕੋਈ ਜ਼ਰੂਰਤ ਯਾਦ ਰਖਨੇ ਕੀ ਹਮੇਂ
ਹਮ ਖ਼ੁਦ ਹੀ ਯਾਦ ਆਏਂਗੇ ਜਹਾਂ ਜ਼ਿਕਰ-ਏ-ਵਫ਼ਾ ਹੋਗਾ।'

-ਮੋਬਾਈਲ : 099101-88350
ਈਮੇਲ : upma.dagga@gmail.com

Ad Position 22
No active advertisement
ਪਿਛਲੀ ਖ਼ਬਰ ਸੋਮਨਾਥ ਮੰਦਰ : ਇਕ ਹਜ਼ਾਰ ਸਾਲ ਦਾ ਸਫ਼ਰ ਅਗਲੀ ਖ਼ਬਰ ਚਾਈਨਾ ਡੋਰ : ਪਤੰਗਾਂ ਦੇ ਰੰਗਾਂ ਹੇਠ ਲੁਕੀ ਮੌਤ
Ad Position 24
No active advertisement