ਪਤੰਗਬਾਜ਼ੀ ਮਨੁੱਖੀ ਸੱਭਿਆਚਾਰ ਦੀ ਇਕ ਬਹੁਤ ਪੁਰਾਤਨ ਤੇ ਦਿਲਚਸਪ ਰਵਾਇਤ ਹੈ। ਇਤਿਹਾਸਕਾਰਾਂ ਦੇ ਅਨੁਸਾਰ ਪਤੰਗਾਂ ਦੀ ਸ਼ੁਰੂਆਤ ਲਗਭਗ 2000 ਤੋਂ 3000 ਸਾਲ ਪਹਿਲਾਂ ਚੀਨ ਵਿਚ ਹੋਈ। ਉਥੇ ਪਤੰਗਾਂ ਨੂੰ ਸ਼ੁਰੂ ਵਿਚ ਮਨੋਰੰਜਨ ਲਈ ਨਹੀਂ, ਸਗੋਂ ਸੈਨਾ ਦੇ ਸੰਦੇਸ਼ ਭੇਜਣ, ਦੂਰੀ ਮਾਪਣ, ਹਵਾਵਾਂ ਦੀ ਦਿਸ਼ਾ ਜਾਣਨ ਅਤੇ ਧਾਰਮਿਕ ਰਸਮਾਂ ਲਈ ਵਰਤਿਆ ਜਾਂਦਾ ਸੀ।
ਚੀਨ ਤੋਂ ਬਾਅਦ ਪਤੰਗਬਾਜ਼ੀ ਕੋਰੀਆ, ਜਾਪਾਨ ਅਤੇ ਦੱਖਣ-ਪੂਰਬੀ ਏਸ਼ੀਆ ਤੱਕ ਫੈਲੀ। ਜਾਪਾਨ ਵਿਚ ਪਤੰਗਾਂ ਨੂੰ ਤਿਉਹਾਰਾਂ ਅਤੇ ਆਤਮਿਕ ਵਿਸ਼ਵਾਸਾਂ ਨਾਲ ਜੋੜਿਆ ਗਿਆ, ਜਿੱਥੇ ਵੱਡੀਆਂ ਤੇ ਕਲਾਤਮਕ ਪਤੰਗਾਂ ਬਣਾਈਆਂ ਜਾਣ ਲੱਗੀਆਂ।
ਭਾਰਤ ਵਿਚ ਪਤੰਗਬਾਜ਼ੀ ਦਾ ਪ੍ਰਵੇਸ਼ ਮੱਧਕਾਲੀ ਦੌਰ ਵਿਚ ਹੋਇਆ। ਮੁਗਲ ਬਾਦਸ਼ਾਹਾਂ ਦੇ ਸਮੇਂ ਇਹ ਸ਼ੌਕ ਰਾਜ ਮਹਿਲਾਂ ਤੋਂ ਲੈ ਕੇ ਆਮ ਲੋਕਾਂ ਤੱਕ ਪਹੁੰਚ ਗਿਆ। ਭਾਰਤ ਵਿਚ ਪਤੰਗਬਾਜ਼ੀ ਮਕਰ ਸੰਕ੍ਰਾਂਤੀ, ਬਸੰਤ ਪੰਚਮੀ ਅਤੇ ਲੋਹੜੀ ਵਰਗੇ ਤਿਉਹਾਰਾਂ ਨਾਲ ਜੁੜ ਗਈ।
ਪੰਜਾਬ ਵਿਚ ਪਤੰਗਬਾਜ਼ੀ ਖਾਸ ਕਰਕੇ ਬਸੰਤ ਰੁੱਤ ਨਾਲ ਸੰਬੰਧਿਤ ਰਹੀ ਹੈ। ਬੋ-ਕਾਟਾ ਦੀਆਂ ਅਵਾਜ਼ਾਂ, ਛੱਤਾਂ 'ਤੇ ਚੜ੍ਹ ਕੇ ਪਤੰਗ ਉਡਾਉਣਾ ਅਤੇ ਰੰਗ-ਬਿਰੰਗੇ ਪਤੰਗਾਂ ਨੇ ਪੰਜਾਬੀ ਸੱਭਿਆਚਾਰ ਵਿਚ ਇਸ ਨੂੰ ਖਾਸ ਥਾਂ ਦਿੱਤੀ। ਹਾਲਾਂਕਿ ਹਾਲੀਆ ਸਾਲਾਂ ਵਿਚ ਚਾਈਨਾ ਡੋਰ ਵਰਗੀਆਂ ਖ਼ਤਰਨਾਕ ਡੋਰਾਂ ਕਾਰਨ ਇਸ ਉੱਤੇ ਪਾਬੰਦੀਆਂ ਵੀ ਲੱਗੀਆਂ ਹਨ।
ਅੱਜ ਦੇ ਸਮੇਂ ਵਿਚ ਪਤੰਗਬਾਜ਼ੀ ਸਿਰਫ਼ ਮਨੋਰੰਜਨ ਨਹੀਂ, ਸਗੋਂ ਇਕ ਸੱਭਿਆਚਾਰਕ ਵਿਰਾਸਤ ਵਜੋਂ ਦੇਖੀ ਜਾਂਦੀ ਹੈ। ਸੁਰੱਖਿਅਤ ਤਰੀਕਿਆਂ ਨਾਲ ਪਤੰਗਬਾਜ਼ੀ ਕਰਨੀ ਹੀ ਇਸ ਰਿਵਾਇਤ ਨੂੰ ਜੀਵੰਤ ਰੱਖਣ ਦਾ ਸਭ ਤੋਂ ਵਧੀਆ ਰਸਤਾ ਹੈ। ਆਪਣੀ ਪਤੰਗ ਦੀ ਡੋਰ ਨਾਲ ਦੂਸਰੇ ਦੀ ਪਤੰਗ ਦੀ ਡੋਰ ਨੂੰ ਕੱਟਿਆ ਜਾਂਦਾ ਸੀ। ਇਸ ਨੂੰ ਪਤੰਗ ਦਾ ਪੇਚਾ ਪਾਉਣਾ ਕਹਿੰਦੇ ਸਨ। ਪਹਿਲੇ ਸਮਿਆਂ ਵਿਚ ਪਤੰਗਬਾਜ਼ੀ ਇਕ ਖੇਡ, ਇਕ ਮਨੋਰੰਜਨ ਦਾ ਸਾਧਨ ਹੁੰਦੀ ਸੀ। ਪਤੰਗ ਉਡਾਉਣ ਦਾ ਸ਼ੌਕ ਉਮਰ ਨਾਲ ਸਬੰਧਤ ਨਹੀਂ ਰਿਹਾ। ਬਹੁਤ ਸਾਰੇ ਨੌਜਵਾਨ ਪ੍ਰੌੜ੍ਹ ਉਮਰ ਦੇ ਲੋਕ ਪਤੰਗ ਉਡਾ ਕੇ ਖੁਸ਼ੀ ਮਹਿਸੂਸ ਕਰਦੇ ਹਨ। ਛੋਟੇ ਬੱਚਿਆਂ ਦੇ ਪਤੰਗ ਉਡਾਉਣ ਸਮੇਂ ਵੱਡਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਪਿੱਛੇ ਜਿਹੇ ਕਈ ਅਜਿਹੀਆਂ ਘਟਨਾਵਾਂ ਵੀ ਸੁਣਨ ਨੂੰ ਮਿਲੀਆਂ ਹਨ ਜਿਨ੍ਹਾਂ ਵਿਚ ਪਤੰਗ ਚੜ੍ਹਾਉਂਦਿਆਂ ਛੱਤ ਤੋਂ ਡਿਗ ਜਾਣ ਨਾਲ ਵੀ ਬੱਚਿਆਂ ਦੀ ਮੌਤ ਹੋਈ।
ਪਤੰਗ ਉਡਾਉਣਾ ਮਨੋਰੰਜਨ ਹੈ, ਪਰ ਚਾਈਨਾ ਡੋਰ (ਚਾਈਨੀਜ਼ ਮਾਂਝਾ) ਮਨੋਰੰਜਨ ਨਹੀਂ-ਇਹ ਜਾਨਲੇਵਾ ਹੈ। ਪੰਜਾਬ ਦੀ ਮਿੱਟੀ ਵਿਚ ਪਤੰਗਬਾਜ਼ੀ ਸਿਰਫ਼ ਇੱਕ ਖੇਡ ਨਹੀਂ, ਸਗੋਂ ਸੱਭਿਆਚਾਰਕ ਖ਼ੁਸ਼ੀ, ਸਾਂਝ ਅਤੇ ਉਤਸ਼ਾਹ ਦੀ ਪ੍ਰਤੀਕ ਰਹੀ ਹੈ। ਲੋਹੜੀ, ਬਸੰਤ ਅਤੇ ਤਿਉਹਾਰਾਂ ਦੇ ਮੌਕਿਆਂ 'ਤੇ ਅਸਮਾਨ ਰੰਗ-ਬਿਰੰਗੇ ਪਤੰਗਾਂ ਨਾਲ ਸਜ ਜਾਂਦਾ ਸੀ। ਪਰ ਪਿਛਲੇ ਕੁਝ ਸਾਲਾਂ ਤੋਂ ਇੱਕ ਖ਼ਤਰਨਾਕ ਰੁਝਾਨ ਚਾਈਨਾ ਡੋਰ (ਚਾਈਨੀਜ਼ ਮਾਂਝਾ) ਇਸ ਖ਼ੁਸ਼ੀ ਨੂੰ ਡਰ, ਖੂਨ ਅਤੇ ਮੌਤ ਵਿਚ ਬਦਲ ਰਿਹਾ ਹੈ।
ਚਾਈਨਾ ਡੋਰ ਨਾਇਲੋਨ ਦੀ ਬਣੀ ਹੁੰਦੀ ਹੈ, ਜਿਸ 'ਤੇ ਕੱਚ, ਧਾਤੂ ਪਾਊਡਰ ਅਤੇ ਰਸਾਇਣਕ ਗੂੰਦ ਦੀ ਪਰਤ ਚੜ੍ਹਾਈ ਜਾਂਦੀ ਹੈ। ਇਹ ਡੋਰ ਇੰਨੀ ਤਿੱਖੀ ਹੁੰਦੀ ਹੈ ਕਿ ਇਹ ਬਲੇਡ ਵਾਂਗ ਕੱਟ ਕਰਦੀ ਹੈ। ਜਦੋਂ ਇਹ ਮੋਟਰਸਾਈਕਲ ਸਵਾਰ ਦੇ ਗਲੇ 'ਚ ਫਸਦੀ ਹੈ ਜਾਂ ਕਿਸੇ ਬੱਚੇ ਦੇ ਹੱਥ 'ਚ ਲਪੇਟੀ ਜਾਂਦੀ ਹੈ ਤਾਂ ਨਤੀਜਾ ਅਕਸਰ ਭਿਆਨਕ ਹੁੰਦਾ ਹੈ। ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਅਜਿਹੇ ਕਈ ਦਰਦਨਾਕ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਕਈ ਨੌਜਵਾਨਾਂ, ਬੱਚਿਆਂ ਅਤੇ ਪੈਦਲ ਯਾਤਰੀਆਂ ਨੇ ਆਪਣੀ ਜਾਨ ਗਵਾ ਦਿੱਤੀ। ਸਾਲ 2025 ਤੋਂ 2026 ਦੇ ਬਸੰਤ -ਸਮੇਂ ਚਾਈਨਾ ਡੋਰ ਜਿਹੜੀ ਬਹੁਤ ਤੇਜ਼ ਅਤੇ ਖਤਰਨਾਕ ਕੱਟਣ ਵਾਲੀ ਡੋਰ ਹੈ, ਉਸ ਨਾਲ ਕੁਝ ਸਖ਼ਤ ਅਤੇ ਗੰਭੀਰ ਹਾਦਸੇ ਪੰਜਾਬ ਵਿਚ ਹੋਏ ਹਨ। ਹੇਠਾਂ ਜਾਣਕਾਰੀ ਵਿਚ ਕੁਝ ਕੁ ਪ੍ਰਭਾਵਸ਼ਾਲੀ ਮਾਮਲੇ ਦਿੱਤੇ ਜਾ ਰਹੇ ਹਨ। ਫਗਵਾੜਾ ਵਿਚ 7 ਸਾਲ ਦੀ ਲੜਕੀ ਦੀ ਪਤੰਗ ਦੀ ਡੋਰ ਨਾਲ ਗਲੇ ਨੂੰ ਗੰਭੀਰ ਜ਼ਖ਼ਮ ਹੋਣ ਕਾਰਨ ਬੱਚੀ ਹਸਪਤਾਲ ਵਿਚ ਮੌਤ ਹੋ ਗਈ। ਸਮਰਾਲਾ ਵਿਚ 15 ਸਾਲਾ ਨੌਜਵਾਨ ਦੀ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਰਕੇ ਮੌਤ ਹੋ ਗਈ। ਇਹ ਆਰਟੀਕਲ ਲਿਖੇ ਜਾਣ ਦੇ ਦੌਰਾਨ ਹੀ ਦੋ ਮਾਸੂਮ ਬੱਚਿਆਂ ਦੀ ਮਾਂ ਦੀ ਸਕੂਟਰ 'ਤੇ ਆਉਂਦਿਆਂ ਚਾਇਨਾ ਡੋਰ ਗਲੇ ਵਿਚ ਲੱਗਣ ਨਾਲ ਮੌਤ ਦੀ ਖ਼ਬਰ ਅਤੇ ਸੜਕ ਤੋਂ ਨਿਕਲਦੇ ਰਾਹਗੀਰਾਂ ਦੇ ਚਾਇਨਾ ਡੋਰ ਨਾਲ ਜ਼ਖਮੀ ਹੋਣ ਦੀਆਂ ਖ਼ਬਰਾਂ ਵੀ ਪੜ੍ਹਨ ਨੂੰ ਮਿਲੀਆਂ ਹਨ ਤੇ ਅਜੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।
ਇਹ ਡੋਰ ਸਿਰਫ਼ ਮਨੁੱਖੀ ਜਾਨ ਲਈ ਹੀ ਨਹੀਂ, ਸਗੋਂ ਪੰਛੀਆਂ ਅਤੇ ਜਾਨਵਰਾਂ ਲਈ ਵੀ ਕਹਿਰ ਬਣੀ ਹੋਈ ਹੈ। ਅਨੇਕਾਂ ਪੰਛੀ ਉੱਡਦੇ ਸਮੇਂ ਚਾਈਨਾ ਡੋਰ ਵਿਚ ਫਸ ਕੇ ਗੰਭੀਰ ਜ਼ਖਮੀ ਹੋ ਜਾਂਦੇ ਹਨ ਜਾਂ ਤੜਫ਼-ਤੜਫ਼ ਕੇ ਮਰ ਜਾਂਦੇ ਹਨ। ਗਾਂ, ਕੁੱਤੇ ਅਤੇ ਹੋਰ ਜਾਨਵਰਾਂ ਦੇ ਪੈਰ ਜਾਂ ਗਲਾ ਕੱਟ ਜਾਣ ਦੇ ਮਾਮਲੇ ਵੀ ਆਮ ਹੋ ਚੁੱਕੇ ਹਨ। ਇਹ ਸਾਡੀ ਸੰਵੇਦਨਹੀਣਤਾ ਦਾ ਸਬੂਤ ਹੈ ਕਿ ਅਸੀਂ ਮਨੋਰੰਜਨ ਦੇ ਨਾਂ 'ਤੇ ਕੁਦਰਤ ਅਤੇ ਜੀਵਨ ਦੋਵਾਂ ਨਾਲ ਖੇਡ ਰਹੇ ਹਾਂ।
ਇਸ ਤੋਂ ਇਲਾਵਾ, ਚਾਈਨਾ ਡੋਰ ਦਾ ਬਿਜਲੀ ਦੀਆਂ ਤਾਰਾਂ ਨਾਲ ਫਸਣਾ ਇੱਕ ਹੋਰ ਵੱਡਾ ਖ਼ਤਰਾ ਹੈ। ਕਈ ਵਾਰ ਇਸ ਕਾਰਨ ਕਰੰਟ ਲੱਗਣ, ਅੱਗ ਲੱਗਣ ਅਤੇ ਬਿਜਲੀ ਸਪਲਾਈ ਠੱਪ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਸ਼ਹਿਰੀ ਇਲਾਕਿਆਂ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਜਾਂਦੀ ਹੈ।
ਇਨ੍ਹਾਂ ਸਭ ਖ਼ਤਰਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਚਾਈਨਾ ਡੋਰ 'ਤੇ ਕਾਨੂੰਨੀ ਤੌਰ 'ਤੇ ਪਾਬੰਦੀ ਲਗਾਈ ਗਈ ਹੈ। ਇਸਦੀ ਵਿੱਕਰੀ, ਸਟੋਰੇਜ ਅਤੇ ਵਰਤੋਂ ਸਜ਼ਾ ਯੋਗ ਅਪਰਾਧ ਹੈ। ਪਰ ਦੁਖਦਾਈ ਗੱਲ ਇਹ ਹੈ ਕਿ ਕਾਨੂੰਨ ਦੀ ਸਖ਼ਤ ਪਾਲਣਾ ਨਾ ਹੋਣ ਕਾਰਨ ਇਹ ਡੋਰ ਅਜੇ ਵੀ ਗੁਪਤ ਤੌਰ 'ਤੇ ਬਾਜ਼ਾਰਾਂ ਵਿਚ ਮਿਲ ਜਾਂਦੀ ਹੈ। ਕਈ ਵਪਾਰੀ ਮੋਟੇ ਮੁਨਾਫ਼ੇ ਲਈ ਮਨੁੱਖੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਮਾਪੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਦੂਰ ਰੱਖਣ, ਸਕੂਲ ਅਤੇ ਕਾਲਜ ਵਿਦਿਆਰਥੀਆਂ ਨੂੰ ਜਾਗਰੂਕ ਕਰਨ, ਦੁਕਾਨਦਾਰ ਪਾਬੰਦੀਸ਼ੁਦਾ ਡੋਰ ਨਾ ਵੇਚਣ, ਨਾਗਰਿਕ ਗ਼ੈਰ-ਕਾਨੂੰਨੀ ਵਿੱਕਰੀ ਦੀ ਸੂਚਨਾ ਪ੍ਰਸ਼ਾਸਨ ਨੂੰ ਦੇਣ।
ਸਵਾਲ ਸਿਰਫ਼ ਪ੍ਰਸ਼ਾਸਨ ਦਾ ਹੀ ਨਹੀਂ, ਸਗੋਂ ਸਾਡੇ ਸਮਾਜ ਦਾ ਵੀ ਹੈ। ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਡੋਰ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨ। ਸਕੂਲਾਂ ਅਤੇ ਕਾਲਜਾਂ ਵਿਚ ਜਾਗਰੂਕਤਾ ਮੁਹਿੰਮਾਂ ਚਲਾਉਣ ਦੀ ਲੋੜ ਹੈ। ਮੀਡੀਆ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਣਾ ਚਾਹੀਦਾ ਹੈ।
ਪਤੰਗਬਾਜ਼ੀ ਨੂੰ ਬੰਦ ਕਰਨ ਦੀ ਨਹੀਂ, ਸਗੋਂ ਸੁਰੱਖਿਅਤ ਬਣਾਉਣ ਦੀ ਲੋੜ ਹੈ। ਸੂਤੀ ਮਾਂਝਾ ਅਤੇ ਹੋਰ ਪਰੰਪਰਾਗਤ, ਸੁਰੱਖਿਅਤ ਬਦਲ ਉਪਲਬੱਧ ਹਨ, ਜੋ ਕਿਸੇ ਦੀ ਜਾਨ ਨਹੀਂ ਲੈਂਦੇ। ਮਨੋਰੰਜਨ ਉਹੀ ਚੰਗਾ ਹੈ ਜੋ ਖੁਸ਼ੀ ਦੇ ਨਾਲ-ਨਾਲ ਸੁਰੱਖਿਆ ਵੀ ਦੇਵੇ।
ਚਾਈਨਾ ਡੋਰ ਮਨੋਰੰਜਨ ਨਹੀਂ, ਮੌਤ ਦਾ ਫੰਦਾ ਹੈ। ਜੇ ਅਸੀਂ ਅੱਜ ਵੀ ਨਾ ਜਾਗੇ, ਤਾਂ ਕੱਲ੍ਹ ਕੋਈ ਹੋਰ ਮਾਂ ਆਪਣੇ ਲਾਲ ਨੂੰ ਰੋਵੇਗੀ, ਕੋਈ ਹੋਰ ਘਰ ਸੁੰਨਾ ਹੋਵੇਗਾ। ਸਮਾਂ ਆ ਗਿਆ ਹੈ ਕਿ ਅਸੀਂ ਜ਼ਿੰਮੇਵਾਰ ਨਾਗਰਿਕ ਬਣ ਕੇ ਇਸ ਖ਼ਤਰਨਾਕ ਰੁਝਾਨ ਨੂੰ ਸਦਾ ਲਈ ਖ਼ਤਮ ਕਰੀਏ।
ਚਾਈਨਾ ਡੋਰ : ਪਤੰਗਾਂ ਦੇ ਰੰਗਾਂ ਹੇਠ ਲੁਕੀ ਮੌਤ
ਅਜੀਤ ਡੈਸਕ
01-02-2026