ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਤੁਰ ਗਿਆ ਸੁਪਨੀਲੀ ਨਾਟਸ਼ਾਲਾ ਦਾ ਸਿਰਜਕ ਜਤਿੰਦਰ ਸਿੰਘ ਬਰਾੜ

Ad Position 21
No active advertisement
ਅਜੀਤ ਡੈਸਕ 01-02-2026

ਉਹ ਸਿਰਜਕ, ਜਿਸ ਨੇ ਕਲਾ ਅਤੇ ਤਕਨੀਕ ਦੇ ਸੁਮੇਲ ਨਾਲ ਰੰਗਮੰਚ ਦੇ ਸੁਪਨੇ ਨੂੰ ਦੁਨੀਆ ਭਰ ਦੇ ਰੰਗਾਂ ਨਾਲ ਭਰ ਦਿੱਤਾ। ਉਹ ਜਤਿੰਦਰ ਬਰਾੜ ਅੱਜ ਸਾਡੇ ਵਿਚਕਾਰ ਨਹੀਂ ਰਿਹਾ। ਉਹ ਇਕ ਅਜਿਹਾ ਸਿਰਜਕ, ਜਿਸ ਨੂੰ ਅਸੀਂ ਉਸ ਦੇ ਵਿਲੱਖਣ ਯੋਗਦਾਨ ਲਈ ਹਮੇਸ਼ਾ ਸਿਜਦਾ ਕਰਦੇ ਰਹਾਂਗੇ, ਕਿਉਂਕਿ ਬਹੁਤ ਸਾਰੀਆਂ ਕਲਾਵਾਂ ਦੇ ਸੁਮੇਲ ਦਾ ਨਾਂਅ ਹੈ ਜਤਿੰਦਰ ਬਰਾੜ। ਉਹ ਨਾਟਕਕਾਰ ਸੀ, ਨਿਰਦੇਸ਼ਕ ਸੀ, ਅਭਿਨੇਤਾ, ਕਵੀ, ਚਿੱਤਰਕਾਰ ਵੀ ਸੀ। ਕਿੱਤੇ ਵਜੋਂ ਇੰਜੀਨੀਅਰ ਵੀ, ਕੁਸ਼ਲ ਪ੍ਰਬੰਧਕ ਵੀ ਅਤੇ ਰੰਗਮੰਚ ਕਲਾਕਾਰਾਂ ਦੇ ਸੁਪਨਿਆਂ ਦੀ ਧਰਤੀ 'ਪੰਜਾਬ ਨਾਟਸ਼ਾਲਾ' ਦਾ ਸਿਰਜਕ ਵੀ। ਕਿੱਤੇ ਵਜੋਂ ਉਸ ਦਾ ਵਾਹ ਲੋਹੇ ਨਾਲ ਪਿਆ, ਪਰ ਉਸ ਨੇ ਕਲਾ ਦੇ ਖੇਤਰ ਵਿਚ ਵੀ ਲੋਹਾ ਮੰਨਵਾਇਆ। ਉਸ ਨੇ ਅੰਮ੍ਰਿਤਸਰ ਵਿਚ ਪੰਜਾਬ ਨਾਟਸ਼ਾਲਾ ਵਰਗਾ ਆਡੀਟੋਰੀਅਮ ਸਿਰਜ ਕੇ ਨੌਜਵਾਨ ਕਲਾਕਾਰਾਂ ਦੇ ਸੁਪਨਿਆਂ ਨੂੰ ਹਕੀਕਤ ਦਾ ਰੂਪ ਦਿੱਤਾ। 18 ਜੁਲਾਈ, 1945 ਨੂੰ ਸਰਦਾਰ ਸੂਰਤ ਸਿੰਘ ਅਤੇ ਸਰਦਾਰਨੀ ਬਲਬੀਰ ਕੌਰ ਦੇ ਘਰ ਪੈਦਾ ਹੋਏ ਜਤਿੰਦਰ ਬਰਾੜ ਨੇ ਮਕੈਨੀਕਲ ਇੰਜੀਨੀਅਰਿੰਗ ਤੱਕ ਵਿੱਦਿਆ ਹਾਸਿਲ ਕੀਤੀ। ਕਈ ਥਾਵਾਂ 'ਤੇ ਨੌਕਰੀਆਂ ਲਈ ਭਟਕਣਾ ਪਿਆ, ਕਈ ਨੌਕਰੀਆਂ ਵੀ ਕੀਤੀਆਂ। ਪਰ ਹਰ ਥਾਂ ਫੈਲੇ ਭ੍ਰਿਸ਼ਟਾਚਾਰ ਤੇ ਕਾਮਿਆਂ ਦੀ ਹੁੰਦੀ ਲੁੱਟ-ਖਸੁੱਟ ਤੋਂ ਪ੍ਰੇਸ਼ਾਨ ਹੋ ਕੇ ਜਤਿੰਦਰ ਬਰਾੜ ਨੇ ਆਪਣਾ ਕਾਰੋਬਾਰ ਆਰੰਭ ਕੀਤਾ ਤੇ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ। ਪਰ ਜਤਿੰਦਰ ਬਰਾੜ ਨੇ ਨਾਟਕ ਕਲਾ ਦਾ ਪੱਲਾ ਨਹੀਂ ਛੱਡਿਆ ਤੇ ਭਾਅ ਜੀ ਗੁਰਸ਼ਰਨ ਸਿੰਘ ਦੇ ਨਾਟਕ ਟੋਲੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨਾਲ ਮਿਲ ਕੇ ਕਈ ਨਾਟਕ ਖੇਡੇ ਤੇ ਕਈ ਲਿਖੇ। ਪਹਿਲਾ ਨਾਟਕ ਜਤਿੰਦਰ ਬਰਾੜ ਨੇ 'ਲੋਹੇ ਦੀ ਭੱਠੀ' ਲਿਖਿਆ, ਜਿਸ ਨੂੰ ਗੁਰਸ਼ਰਨ ਭਾਅ ਜੀ ਨੇ ਖੇਡਿਆ, ਫੇਰ 'ਫਾਈਲ ਚੱਲਦੀ ਰਹੀ', 'ਲੁਕਣ ਮੀਟੀ', 'ਟੋਆ' ਤੇ 'ਫਾਸਲੇ'। ਜਤਿੰਦਰ ਬਰਾੜ ਚੌਥੀ ਪੀੜ੍ਹੀ ਦੇ ਨਾਟਕਕਾਰਾਂ ਵਿਚੋਂ ਪ੍ਰਮੁੱਖ ਨਾਟਕਕਾਰ ਵਜੋਂ ਉੱਭਰੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਜਤਿੰਦਰ ਬਰਾੜ ਦੇ ਲਿਖੇ ਸਾਰੇ ਨਾਟਕ ਖੇਡੇ ਨੇ। ਮੈਂ 1982 ਵਿਚ ਬਰਾੜ ਸਾਹਿਬ ਦਾ ਨਾਟਕ 'ਲੋਹੇ ਦੀ ਭੱਠੀ' ਅੰਮ੍ਰਿਤਸਰ ਸਕੂਲ ਆਫ਼ ਡਰਾਮਾ ਦੇ ਕਲਾਕਾਰਾਂ ਲਈ ਨਿਰਦੇਸ਼ਿਤ ਵੀ ਕੀਤਾ। ਮੇਰੀ ਨਾਟਕ ਨਿਰਦੇਸ਼ਨਾ ਦੇ ਕੱਚੇ-ਪੱਕੇ ਸਫ਼ਰ ਦੀ ਇਹ ਸ਼ੁਰੂਆਤ ਸੀ। ਫੇਰ ਜਦੋਂ ਮੈਂ 1991 ਵਿਚ ਐਨ. ਐਸ. ਡੀ. ਤੋਂ ਪੜ੍ਹਾਈ ਕਰਕੇ ਅੰਮ੍ਰਿਤਸਰ ਪਰਤਿਆ ਤਾਂ ਉਦੋਂ ਜਤਿੰਦਰ ਬਰਾੜ ਹੁਰਾਂ ਮੇਰੀਆਂ ਤਿੰਨ ਚਾਰ ਨਾਟਕ ਪੇਸ਼ਕਾਰੀਆਂ ਵੇਖਣ ਤੋਂ ਬਾਅਦ ਮੈਨੂੰ ਆਪਣੇ ਨਾਟਕ 'ਫਾਸਲੇ' ਦੀ ਸਕਰਿਪਟ ਖੇਡਣ ਲਈ ਦਿੱਤੀ। 1992 ਵਿਚ ਨਾਟਕ 'ਫਾਸਲੇ' ਮੈਂ ਆਪਣੇ ਨਾਟ ਗਰੁੱਪ ਮੰਚ-ਰੰਗਮੰਚ ਨਾਲ ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਖੇ ਖੇਡਿਆ। ਇਸ ਨਾਟਕ ਦੀ ਸਫ਼ਲਤਾ ਤੋਂ ਬਾਅਦ ਜਤਿੰਦਰ ਬਰਾੜ ਹੁਰਾਂ ਨਾਲ ਮੇਰੀ ਰੰਗਮੰਚ ਸਰਗਰਮੀ ਦੀ ਸਾਂਝ ਹਮੇਸ਼ਾ ਬਣੀ ਰਹੀ। 'ਕਦੇਸਨ' ਨਾਟਕ ਨੂੰ ਲਿਖਦਿਆਂ ਬਰਾੜ ਹੁਰਾਂ ਨੇ ਆਪਣੇ ਹੱਡੀਂ ਹੰਢਾਏ ਬਹੁਤ ਸਾਰੇ ਤਜਰਬਿਆਂ ਵਿਚ ਇਸ ਨਾਟਕ ਦੀ ਰਚਨਾ ਕੀਤੀ। ਇਸ ਨਾਟਕ ਦੇ ਮੈਂ ਪੰਜਾਬ ਤੇ ਪੰਜਾਬ ਤੋਂ ਬਾਹਰ 150 ਤੋਂ ਵੱਧ ਸ਼ੋਅ ਕੀਤੇ। ਇਹ ਨਾਟਕ ਮੈਂ ਕੈਨੇਡਾ, ਅਮਰੀਕਾ ਦੇ 15 ਸ਼ਹਿਰਾਂ ਵਿਚ ਵੀ ਖੇਡਿਆ। ਇਹ ਨਾਟਕ ਜਤਿੰਦਰ ਬਰਾੜ ਹੁਰਾਂ ਦੇ ਨਾਟਕੀ ਸਫ਼ਰ ਵਿਚ ਬਹੁਤ ਅਹਿਮ ਰਚਨਾ ਹੈ। ਇਸੇ ਤਰ੍ਹਾਂ ਜਦੋਂ ਉਨ੍ਹਾਂ ਨਾਟਕ 'ਪਾਏਦਾਨ' ਲਿਖਿਆ ਤਾਂ ਇਹ ਵੀ ਮੇਰੀ ਨਾਟਕ ਟੀਮ ਵਲੋਂ ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਖੇ ਖੇਡਿਆ ਗਿਆ। ਜਤਿੰਦਰ ਬਰਾੜ ਹੁਰਾਂ ਦੇ ਲਿਖੇ ਨਾਟਕ 'ਅਰਮਾਨ' ਨੂੰ ਮੈਂ ਕੋਈ 500 ਤੋਂ ਵੱਧ ਵਾਰ ਪਿੰਡਾਂ ਤੇ ਸ਼ਹਿਰਾਂ ਵਿਚ ਖੇਡਿਆ ਹੈ। ਉਨ੍ਹਾਂ ਦੇ ਨਾਟਕ 'ਸਬਜ਼ ਬਾਗ', 'ਮਿਰਚ ਮਸਾਲਾ', 'ਬਿਨ ਬੁਲਾਏ ਮਹਿਮਾਨ', 'ਤਾਸ਼ ਦੀ ਆਦਤ', 'ਅਹਿਸਾਸ' ਤੇ 'ਪਹਿਚਾਣ' ਦੇ ਸ਼ੋਅ ਵੀ ਮੈਂ ਆਪਣੀ ਨਾਟਕ ਟੀਮ ਨਾਲ ਕਰਦਾ ਰਿਹਾ।
ਉਸ ਦੇ ਸਿਰਜੇ ਅਤਿ ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਅੰਤਰਰਾਸ਼ਟਰੀ ਪੱਧਰ ਦੇ ਥੀਏਟਰ ਹਾਲ ਨੇ ਪੰਜਾਬ ਅੰਦਰ ਕਸਬੀ ਥੀਏਟਰ ਦੀ ਲਹਿਰ ਨੂੰ ਸਿਰਜਣ ਵਿਚ ਵੱਡੀ ਭੂਮਿਕਾ ਨਿਭਾਈ। ਉਸ ਨੇ ਹਰ ਨਵੇਂ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਨੂੰ ਉਹੀ ਸਨਮਾਨ ਦਿੱਤਾ, ਜੋ ਸਨਮਾਨ ਉਸ ਨੇ ਕਿਸੇ ਪ੍ਰੌਢ ਜਾਂ ਵੱਡੇ ਰੰਗਕਰਮੀ ਨੂੰ ਦਿੱਤਾ। ਪਿਛਲੇ ਅਠਾਈ ਸਾਲਾਂ ਵਿਚ ਪੰਜਾਬ ਨਾਟਸ਼ਾਲਾ ਵਿਚ ਹੋਈਆਂ ਲਗਭਗ ਦੋ ਹਜ਼ਾਰ ਪੇਸ਼ਕਾਰੀਆਂ ਵਿਚ ਉਹ ਹਾਜ਼ਰ ਰਹੇ।
ਜਦੋਂ ਮੈਂ ਐਨ. ਐਸ. ਡੀ. ਤੋਂ ਆਇਆ ਸੀ ਤਾਂ ਸਾਡੇ ਕੋਲ ਰਿਹਰਸਲ ਕਰਨ ਲਈ ਕੋਈ ਜਗ੍ਹਾ ਨਹੀਂ ਸੀ ਹੁੰਦੀ, ਉਦੋਂ ਸਾਡੇ ਨਾਟ-ਗਰੁੱਪ ਨੂੰ ਬਰਾੜ ਸਾਹਿਬ ਨੇ ਆਪਣੀ ਫੈਕਟਰੀ ਪੰਜਾਬ ਐਗਰੋ (ਜਿਥੇ ਹੁਣ ਪੰਜਾਬ ਨਾਟਸ਼ਾਲਾ ਹੈ) ਦੇ ਵਿਹੜੇ ਵਿਚ ਰਿਹਰਸਲਾਂ ਲਈ ਜਗ੍ਹਾ ਦਿੱਤੀ ਸੀ। ਉਥੇ ਹੀ ਮੈਂ ਗੋਰਕੀ ਦੇ ਨਾਵਲ 'ਮਾਂ' ਦਾ ਨਾਟਕੀ ਰੂਪ ਤਿਆਰ ਕੀਤਾ ਸੀ ਤੇ 30 ਮਈ, 1996 ਨੂੰ ਜਤਿੰਦਰ ਬਰਾੜ ਹੁਰਾਂ ਦੀ ਫੈਕਟਰੀ ਵਿਚ ਹੀ ਮਸ਼ੀਨਾਂ ਦੀ ਪਿਠ ਭੂਮੀ ਵਿਚ ਇਹ ਨਾਟਕ ਖੇਡਿਆ ਸੀ। ਕਲਾਕਾਰਾਂ ਦੀਆਂ ਲੋੜਾਂ ਤੇ ਦਿੱਕਤਾਂ ਨੂੰ ਵੇਖਦਿਆਂ ਜਤਿੰਦਰ ਬਰਾੜ ਨੇ ਫੈਕਟਰੀ ਨਾਲ ਲਗਵੀਂ ਜਗ੍ਹਾ ਖਰੀਦੀ ਤੇ ਪੰਜਾਬ ਨਾਟਸ਼ਾਲਾ ਦੀ ਨੀਂਹ ਰੱਖੀ। ਇਥੇ ਹੀ ਅਸੀਂ ਕੇਂਦਰੀ ਪੰਜਾਬੀ ਰੰਗਮੰਚ ਸਭਾ ਵਲੋਂ 27 ਮਾਰਚ ਵਿਸ਼ਵ ਰੰਗਮੰਚ ਦਿਵਸ 1997 'ਚ ਮਨਾਇਆ ਸੀ ਤੇ ਸੈਮੀਨਾਰ ਵੀ ਕੀਤਾ ਸੀ। ਫੈਕਟਰੀ ਦੇ ਵਿਹੜੇ ਵਿਚ ਹੀ ਮੈਂ ਇਕ ਰੰਗਮੰਚ ਐਗਜ਼ੀਬੀਸ਼ਨ ਡਿਜ਼ਾਈਨ ਕੀਤੀ ਸੀ ਤੇ ਵਿਹੜੇ ਵਿਚ ਜਤਿੰਦਰ ਬਰਾੜ ਜੀ ਦਾ ਨਾਟਕ 'ਤਾਸ਼ ਦੀ ਆਦਤ' ਖੇਡਿਆ ਸੀ।
ਫੇਰ ਜਦੋਂ 27 ਮਾਰਚ, 1998 ਨੂੰ ਪੰਜਾਬ ਨਾਟਸ਼ਾਲਾ ਦਾ ਉਦਘਾਟਨ ਪ੍ਰੋ. ਅਜਮੇਰ ਔਲਖ ਵਲੋਂ ਕੀਤਾ ਗਿਆ ਤਾਂ ਉਦੋਂ ਵੀ ਪਹਿਲਾ ਨਾਟਕ ਮੈਂ ਜਤਿੰਦਰ ਬਰਾੜ ਹੁਰਾਂ ਦਾ ਲਿਖਿਆ 'ਫਾਈਲ ਚੱਲਦੀ ਰਹੀ' ਪੰਜਾਬ ਨਾਟਸ਼ਾਲਾ ਦੀ ਸਟੇਜ 'ਤੇ ਖੇਡਿਆ ਸੀ। ਪੰਜਾਬ ਨਾਟਸ਼ਾਲਾ ਦੀ ਸਟੇਜ 'ਤੇ ਖੇਡਿਆ ਜਾਣ ਵਾਲਾ ਇਹ ਪਹਿਲਾ ਨਾਟਕ ਸੀ। ਜਦੋਂ ਜਤਿੰਦਰ ਬਰਾੜ ਹੁਰਾਂ ਨੇ ਸਟੇਜ ਵਗੈਰਾ ਬਣਾਈ ਸੀ ਤਾਂ ਉਨ੍ਹਾਂ ਨੇ ਇਕ ਮੀਟਿੰਗ ਕਰਕੇ ਇਸ ਆਡੀਟੋਰੀਅਮ ਦਾ ਨਾਮ ਰੱਖਣ ਲਈ ਕਿਹਾ। ਜਤਿੰਦਰ ਬਰਾੜ ਹੁਰਾਂ ਵਲੋਂ ਸਿਰਜੀ ਪੰਜਾਬ ਨਾਟਸ਼ਾਲਾ ਅੱਜ ਹਿੰਦੁਸਤਾਨ ਦੇ ਰੰਗਮੰਚ ਕਲਾਕਾਰਾਂ ਲਈ ਮੁਕੱਦਸ ਜਗ੍ਹਾ ਹੈ।
ਜਤਿੰਦਰ ਬਰਾੜ ਨੇ ਆਪਣੇ ਨਾਟਕਾਂ ਦੇ ਵਿਸ਼ੇ ਸਮਾਜ ਦੀਆਂ ਸਮੱਸਿਆਵਾਂ ਵਿਚੋਂ ਚੁਣੇ। ਉਸ ਨੇ ਹਰ ਭੇਖ ਪਾਖੰਡ ਦੇ ਵਿਰੁੱਧ ਨਾਟਕ ਲਿਖੇ। ਸਮਾਜਿਕ ਅਨਿਆਂ ਪ੍ਰਤੀ ਗੁੱਸਾ ਉਸ ਦੇ ਨਾਟਕਾਂ ਵਿਚੋਂ ਝਲਕਦਾ ਹੈ। ਉਹ ਸਮੇਂ ਦੇ ਨਾਲ ਤੁਰਨ ਵਾਲੀ ਸ਼ਖ਼ਸੀਅਤ ਵਜੋਂ ਉੱਭਰੇ। ਇਸੇ ਲਈ 'ਪੰਜਾਬ ਨਾਟਸ਼ਾਲਾ' ਅੰਦਰ ਆਧੁਨਿਕ ਤਕਨੀਕਾਂ ਉਸ ਦੇ ਰੰਗਮੰਚ ਦਾ ਸਾਥ ਦਿੰਦੀਆਂ ਨੇ। ਜਤਿੰਦਰ ਬਰਾੜ ਆਪਣੇ ਨਾਟਕਾਂ ਰਾਹੀਂ ਔਰਤ ਦੇ ਹੱਕ ਵਿਚ ਖੜ੍ਹਦਾ ਰਿਹਾ। ਗ਼ਰੀਬਾਂ ਲਈ ਹਾਅ ਦਾ ਨਾਅਰਾ ਮਾਰਦਾ ਰਿਹਾ। ਜੰਮਦੀਆਂ ਧੀਆਂ ਨੂੰ ਕੂੜੇ ਦੇ ਢੇਰ 'ਤੇ ਸੁੱਟਣ ਵਿਰੁੱਧ ਉਸ ਨੇ ਨਾਟਕ 'ਕੂੜੇਦਾਨ ਦੀ ਜਾਈਂ' ਵੀ ਲਿਖਿਆ ਹੈ।
ਜੇਕਰ ਜਤਿੰਦਰ ਬਰਾੜ ਦੇ ਨਾਟਕਾਂ ਦੇ ਰੰਗ ਵੇਖਣੇ ਹੋਣ ਤਾਂ ਉਹ ਪੇਸ਼ਕਾਰੀ ਵਿਚ ਹੀ ਨਜ਼ਰ ਆਉਂਦੇ ਨੇ। ਜਤਿੰਦਰ ਬਰਾੜ ਲਈ ਰੰਗਮੰਚ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਬਲਕਿ ਸਮਾਜਿਕ ਸੁਨੇਹਾ ਵੀ ਸੀ। ਇਸੇ ਲਈ ਉਸ ਦੇ ਨਾਟਕਾਂ ਵਿਚ ਭ੍ਰਿਸ਼ਟ ਲੀਡਰ, ਔਰਤ, ਨੌਜਵਾਨ, ਸਾਦੇ ਲੋਕ, ਅਨਪੜ੍ਹ ਲੋਕ, ਸ਼ਹਿਰਾਂ ਦੀ ਅਮੀਰ ਸ਼੍ਰੇਣੀ ਦੇ ਲੋਕ, ਵਪਾਰੀ, ਅਫ਼ਸਰ, ਮੱਧ ਵਰਗ ਦੇ ਲੋਕ, ਥੁੜਾਂ ਮਾਰੇ ਬੱਚੇ, ਪੁਲਿਸੀਏ, ਦੱਬੇ ਕੁਚਲੇ ਲੋਕ ਅਤੇ ਗ਼ਰੀਬ ਕਾਮੇ ਪਾਤਰ ਬਣ ਕੇ ਦਰਸ਼ਕਾਂ ਨੂੰ ਸੰਬੋਧਨ ਹੁੰਦੇ ਨੇ। ਉਸ ਦੇ ਪਾਤਰ ਕਹਿੰਦੇ ਨੇ: 'ਇਹ ਗ਼ਰੀਬੀ ਦੀ ਤਿਲਕਣ ਮੀਂਹ ਦੀ ਤਿਲਕਣ ਨਾਲੋਂ ਵੀ ਕਿਤੇ ਭੈੜੀ ਹੁੰਦੀ ਆ। ਤਿਲਕਣ ਵਾਲੇ ਦਾ ਲੱਕ ਟੁੱਟ ਜਾਂਦੈ। ਜਤਿੰਦਰ ਬਰਾੜ ਆਪਣੇ ਨਾਟਕ ਫਾਸਲੇ ਵਿਚ ਕਹਿੰਦੇ ਨੇ 'ਪੈਸੇ ਖ਼ਾਤਰ ਹਰ ਚੀਜ਼ ਵਿਕਾਊ ਹੈ। ਜਿਸ ਮੁਲਕ ਵਿਚ ਲੀਡਰ ਵਿਕ ਜਾਂਦੇ ਨੇ, ਜਿੱਥੋਂ ਦੇ ਅਫ਼ਸਰ ਵਿਕ ਜਾਂਦੇ ਨੇ, ਜਿਥੇ ਲਾੜੇ ਦੀ ਬੋਲੀ ਲਾਈ ਜਾਂਦੀ ਹੈ, ਉਥੇ ਔਰਤ ਤਾਂ ਵਿਕੇਗੀ ਹੀ ਵਿਕੇਗੀ।'
ਜਤਿੰਦਰ ਬਰਾੜ ਨੇ ਨਾਟਕ ਪੇਸ਼ਕਾਰੀ ਨੂੰ ਅੱਤ ਦੇ ਯਥਾਰਥ ਤੱਕ ਲਿਜਾਣ ਲਈ ਸਟੇਜ ਉਤੇ ਸੁੱਚੀਂ-ਮੁੱਚੀਂ ਦਾ ਚੂਹਾ ਵੀ ਲੈ ਕੇ ਆਂਦਾ। ਪੰਜੀਰੀ ਦੀ ਖੁਸ਼ਬੂ ਦੇਣ ਲਈ ਸੱਚਮੁੱਚ ਪੰਜੀਰੀ ਬਣਾ ਕੇ ਉਸ ਦੀ ਖੁਸ਼ਬੂ ਦਰਸ਼ਕਾਂ ਤੱਕ ਏ. ਸੀ. ਦੀ ਹਵਾ ਰਾਹੀਂ ਪਹੁੰਚਾਈ ਜਾਂਦੀ ਰਹੀਂ। ਸੱਚਮੁੱਚ ਦਾ ਮੀਂਹ ਵਿਖਾਉਣ ਲਈ ਫੁਹਾਰੇ ਨਾਲ ਛੱਤ ਤੋਂ ਮੀਂਹ ਵੀ ਪੁਆ ਦਿੱਤਾ ਜਾਂਦਾ ਰਿਹਾ। ਇਥੇ ਮੇਰੇ ਕਹਿਣ ਦਾ ਮਤਲਬ ਹੈ ਕਿ ਜਤਿੰਦਰ ਬਰਾੜ ਨੇ ਤਕਨੀਕ ਅਤੇ ਕਲਾ ਨੂੰ ਮਿਲਾ ਕੇ ਖੂਬਸੂਰਤ ਰੰਗਮੰਚ ਪੇਸ਼ ਕੀਤਾ। ਜਤਿੰਦਰ ਬਰਾੜ ਰੰਗਮੰਚ ਅਤੇ ਆਧੁਨਿਕ ਤਕਨੀਕ ਨੂੰ ਨਾਲ-ਨਾਲ ਲੈ ਕੇ ਤੁਰਦੇ ਰਹੇ। ਜਤਿੰਦਰ ਬਰਾੜ ਨੂੰ ਤਕਨੀਕ ਦਾ ਏਨਾ ਗਿਆਨ ਸੀ, ਕਿ ਜੇ ਉਹ ਚਾਹੁੰਦੇ ਤਾਂ ਇਸ ਤਕਨੀਕ ਦੇ ਇਲਮ ਦੇ ਸਿਰ 'ਤੇ ਅਮਰੀਕਾ ਵਰਗੇ ਮੁਲਕ ਵਿਚ ਚੋਟੀ ਦੇ ਧਨਾਢਾਂ ਵਿਚ ਹੁੰਦੇ, ਪਰ ਉਨ੍ਹਾਂ ਨੂੰ ਆਪਣੀ ਧਰਤੀ, ਆਪਣੇ ਮੁਲਕ, ਆਪਣੇ ਸ਼ਹਿਰ, ਆਪਣੀ ਮਿੱਟੀ ਤੇ ਪੰਜਾਬੀ ਰੰਗਮੰਚ ਨਾਲ ਏਨਾ ਮੋਹ ਸੀ ਕਿ ਇਸ ਮੋਹ ਲਈ ਉਨ੍ਹਾਂ ਨੇ ਆਪਾ ਵਾਰ ਦਿੱਤਾ। ਜੇਕਰ ਜਤਿੰਦਰ ਬਰਾੜ ਜੀ ਦੀ ਫੈਕਟਰੀ ਵਿਚ ਬਣਦੇ ਕੰਬਾਈਨਾਂ ਦੇ ਬਲੇਡ ਦੁਨੀਆ ਵਿਚ ਮਸ਼ਹੂਰ ਹਨ ਤਾਂ ਜਤਿੰਦਰ ਬਰਾੜ ਜੀ ਵਲੋਂ ਸਿਰਜੀ 'ਪੰਜਾਬ ਨਾਟਸ਼ਾਲਾ' ਦਾ ਵੀ ਕੋਈ ਸਾਨੀ ਨਹੀਂ।
ਜਤਿੰਦਰ ਬਰਾੜ ਹੁਰਾਂ ਨੇ ਆਪਣਾ ਕਮਾਲ ਨਾਟਕ ਦੀ ਤਿੱਖੀ, ਚੁਸਤ ਅਤੇ ਵਿਅੰਗਮਈ ਭਾਸ਼ਾ ਰਾਹੀਂ ਪੇਸ਼ ਕੀਤਾ। ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਤੇ ਰਾਜਸੀ ਟਿੱਪਣੀਆਂ ਵੀ ਜਤਿੰਦਰ ਬਰਾੜ ਹਾਸੇ ਤੇ ਵਿਅੰਗ ਵਾਲੇ ਵਾਰਤਾਲਾਪ ਵਿਚ ਕਹਿ ਦਿੰਦੇ ਸੀ। ਉਨ੍ਹਾਂ ਦੇ ਨਾਟਕ ਦਰਸ਼ਕਾਂ ਨੂੰ ਹਸਾਉਂਦੇ ਵੀ ਨੇ, ਰੁਲਾਉਂਦੇ ਵੀ ਨੇ ਤੇ ਸੋਚਣ ਲਈ ਮਜਬੂਰ ਵੀ ਕਰਦੇ ਨੇ।
ਜਤਿੰਦਰ ਬਰਾੜ ਹੁਰਾਂ ਦਾ ਨਾਟਕ ਤੇ ਰੰਗਮੰਚ ਲਈ ਪਾਇਆ ਵਿਲੱਖਣ ਯੋਗਦਾਨ, ਪੰਜਾਬੀਆਂ ਨੂੰ ਹਮੇਸ਼ਾ ਯਾਦ ਵੀ ਰਹੇਗਾ ਤੇ ਰੰਗਮੰਚ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਵੀ ਜਾਏਗਾ। ਜਤਿੰਦਰ ਬਰਾੜ ਜੀ ਨੇ ਰੰਗਕਰਮੀਆਂ ਦੇ ਸੁਪਨਿਆਂ ਨੂੰ ਹਕੀਕਤ ਦਾ ਰੂਪ ਦਿੱਤਾ। ਮਿਲਾਪੜੇ, ਹੁਨਰਮੰਦ, ਕਲਾ ਨੂੰ ਪ੍ਰਨਾਏ, ਬਿਹਤਰੀਨ ਇਨਸਾਨ ਦਾ ਇੰਝ ਤੁਰ ਜਾਣਾ, ਸਿਰਫ਼ ਅੰਮ੍ਰਿਤਸਰ ਦੇ ਰੰਗਮੰਚ ਲਈ ਹੀ ਘਾਟਾ ਨਹੀਂ, ਨਾ ਸਿਰਫ਼ ਪੰਜਾਬ ਹੀ, ਬਲਕਿ ਸਮੁੱਚੇ ਭਾਰਤੀ ਰੰਗਮੰਚ ਪ੍ਰੰਪਰਾ ਵਿਚ ਵੱਡਾ ਖਲਾਅ ਪੈਦਾ ਕਰ ਗਿਆ ਹੈ। ਜਤਿੰਦਰ ਬਰਾੜ ਨੇ ਆਪਣੀ ਪੰਜਾਬ ਨਾਟਸ਼ਾਲਾ ਅਤੇ ਆਪਣੀ ਨਾਟਕੀ ਸੰਵੇਦਨਾ ਨਾਲ ਜੋ ਯੁੱਗ ਸਿਰਜਿਆ ਹੈ, ਉਹ ਯੁੱਗ ਬੇਸ਼ਕ ਵਾਪਸ ਨਹੀਂ ਆਉਣਾ ਪਰ ਅਸੀਂ ਜਤਿੰਦਰ ਬਰਾੜ ਦੇ ਯੁੱਗ ਨੂੰ ਹਮੇਸ਼ਾ ਮਾਣ ਤੇ ਸਤਿਕਾਰ ਨਾਲ ਸਿਰ ਉੱਚਾ ਕਰਕੇ ਸਿਜਦਾ ਵੀ ਕਰਾਂਗੇ ਤੇ ਯਾਦ ਵੀ ਰੱਖਾਂਗੇ।

-ਮੋਬਾਈਲ : 98142-99422

Ad Position 22
No active advertisement
ਪਿਛਲੀ ਖ਼ਬਰ ਚਾਈਨਾ ਡੋਰ : ਪਤੰਗਾਂ ਦੇ ਰੰਗਾਂ ਹੇਠ ਲੁਕੀ ਮੌਤ ਅਗਲੀ ਖ਼ਬਰ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਕ੍ਰਾਂਤੀਕਾਰੀ ਗੁਰੂ ਰਵਿਦਾਸ ਜੀ
Ad Position 24
No active advertisement