ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਮਾਜ ਨੂੰ ਸਹੀ ਸੇਧ ਦੇਣ ਵਾਲੇ ਕ੍ਰਾਂਤੀਕਾਰੀ ਗੁਰੂ ਰਵਿਦਾਸ ਜੀ

Ad Position 21
No active advertisement
ਅਜੀਤ ਡੈਸਕ 01-02-2026

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਰਵਿਦਾਸ ਜੀ ਦੇ 40 ਸ਼ਬਦ 18 ਰਾਗਾਂ ਵਿਚ ਦਰਜ ਹਨ। ਉਹ ਆਪਣੀ ਬਾਣੀ ਵਿਚ ਸਮਕਾਲੀ ਸਮਾਜ ਦੇ ਸ਼ਾਸਕਾਂ ਦੀ ਅਣਮਨੁੱਖੀ ਰੁਚੀ ਅਤੇ ਪੁਜਾਰੀ ਵਰਗ ਦੇ ਭੇਦਭਾਵ ਵਾਲੇ ਰੁਖ਼ ਨੂੰ ਅਪ੍ਰਵਾਨ ਕਰਦਿਆਂ ਨਾ ਤਾਂ ਆਪਣੇ ਵਰਗ ਨੂੰ ਹਿੰਸਾਤਮਕ ਕਾਰਵਾਈ ਕਰਨ ਲਈ ਭੜਕਾਉਂਦੇ ਸਨ, ਨਾ ਹੀ ਅਜੋਕੇ ਯੁੱਗ ਵਾਂਗ ਜਲਸੇ ਜਲੂਸ ਹੀ ਕੱਢਦੇ ਸਨ। ਉਨ੍ਹਾਂ ਦੀ ਬਾਣੀ ਵਿਚ ਇਕ ਵੀ ਅਜਿਹਾ ਸ਼ਬਦ ਨਹੀਂ ਮਿਲਦਾ, ਜਿਸ ਦੀ ਸੁਰ ਕੌੜੀ ਭਾਵਨਾ ਵਾਲੀ ਹੋ ਕੇ ਕਿਸੇ ਦਾ ਦਿਲ ਦੁਖਾਉਣ ਦਾ ਕਾਰਨ ਬਣ ਸਕਦੀ ਹੋਵੇ। ਉਦੋਂ ਸਮਾਜਕ ਵਰਨ ਵੰਡ ਕਾਰਨ ਸਮਾਜ ਦਾ ਇਕ ਵਰਗ ਨਰਕਮਈ ਜੀਵਨ ਬਤੀਤ ਕਰਨ ਲਈ ਮਜਬੂਰ ਸੀ।
ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੁਆਰਾ ਵਹਿਮਾਂ ਭਰਮਾਂ ਤੇ ਜਾਤ-ਪਾਤ ਦਾ ਸ਼ਿਕਾਰ ਹੋਈ ਮਨੁੱਖਤਾ ਨੂੰ ਸੁਚਾਰੂ ਜੀਵਨ ਜਿਊਣ ਲਈ ਸੇਧ ਦਿੱਤੀ। ਉਹ 1376 ਈਸਵੀ ਨੂੰ ਬਨਾਰਸ ਵਿਚ ਇਕ ਗ਼ਰੀਬ ਪਰਿਵਾਰ ਵਿਚ ਪੈਦਾ ਹੋਏ। ਉਨ੍ਹਾਂ ਨੇ ਨਾ ਤਾਂ ਸਮੇਂ ਦੇ ਹਾਕਮਾਂ ਦਾ ਹੀ ਡਰ ਮੰਨਿਆ ਤੇ ਨਾ ਹੀ ਪੁਜਾਰੀ ਵਰਗ ਦੇ ਫਤਵਿਆਂ ਦੀ ਪ੍ਰਵਾਹ ਕੀਤੀ। ਉਨ੍ਹਾਂ ਨੇ ਪਰਿਵਾਰਕ ਕਿੱਤੇ ਨੂੰ ਜਾਰੀ ਰੱਖਿਆ ਅਤੇ ਜਿਥੇ ਕਿਰਤ ਕਰਨ ਦੀ ਪਰੰਪਰਾ ਨੂੰ ਸੁਦ੍ਰਿੜ ਕੀਤਾ, ਉਥੇ ਕਿਰਤ ਨੂੰ ਉੱਚੀ ਸੁੱਚੀ ਦੱਸ ਕੇ ਇਸ ਨੂੰ ਹੀਣਭਾਵਨਾ ਦੇ ਘੇਰੇ ਵਿਚੋਂ ਆਜ਼ਾਦ ਕੀਤਾ। ਉਨ੍ਹਾਂ ਪ੍ਰਭੂ ਵਿਚ ਮੁਕੰਮਲ ਆਸਥਾ ਅਤੇ ਅਟੁੱਟ ਭਰੋਸਾ ਬਣਾਈ ਰੱਖਣ ਦਾ ਉਪਦੇਸ਼ ਦਿੱਤਾ ਤੇ ਸਵਾਸ-ਸਵਾਸ ਅਰਾਧਨਾ ਕਰਨ ਲਈ ਕਿਹਾ।
ਪ੍ਰਭੂ ਦਾ 'ਸਤਿ' ਸਰੂਪ
ਕੇਵਲ ਪਰਮਾਤਮਾ ਹੀ 'ਸਤਿ' ਹੈ। ਉਨ੍ਹਾਂ ਨੇ 'ਸਤਿਨਾਮ' ਵਰਤੋਂ ਦਾ ਪ੍ਰਯੋਗ ਸਦਾ ਕਾਇਮ ਦਾਇਮ ਪਾਤਿਸ਼ਾਹੀ ਦੇ ਪ੍ਰਸੰਗ ਵਿਚ ਕੀਤਾ ਹੈ। ਸਮਕਾਲੀ ਆਰਤੀ ਪਰੰਪਰਾ ਵਿਚ ਵਰਤਦੀਆਂ ਕਰਮਕਾਂਡੀ ਜੁਗਤਾਂ ਦੇ ਖੰਡਨ ਉਪਰੰਤ ਉਨ੍ਹਾਂ ਨੇ ਜੋ ਸੰਦੇਸ਼ ਦਿੱਤਾ ਹੈ, ਉਹ ਇਸ ਤਰ੍ਹਾਂ ਹੈ:

ਦਸ ਅਠਾ ਅਠਸਠੇ ਚਾਰੇ ਖਾਣੀ
ਇਹੈ ਵਰਤਣਿ ਹੈ ਸਗਲ ਸੰਸਾਰੇ॥
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ
ਸਤਿ ਨਾਮੁ ਹੈ ਹਰਿ ਭੋਗ ਤੁਹਾਰੇ॥
ਕਾਇਮ-ਦਾਇਮ ਪਾਤਿਸ਼ਾਹੀ
ਗੁਰੂ ਰਵਿਦਾਸ ਜੀ ਦੀ ਬਾਣੀ ਅਨੁਸਾਰ ਪ੍ਰਭੂ ਦੀ ਪਾਤਿਸ਼ਾਹੀ ਸਦਾ ਅਟੱਲ, ਸਦਾ ਸਥਿਰ, ਸਦੀਵੀ ਅਤੇ ਅਡੋਲ ਹੈ। ਦੁਨੀਆ ਦੀ ਹਰ ਚੀਜ਼ ਕਾਲ ਅਧੀਨ ਹੈ ਪ੍ਰੰਤੂ ਕੇਵਲ ਪ੍ਰਭੂ ਹੀ ਅਕਾਲ ਮੂਰਤਿ ਹੈ। ਉਨ੍ਹਾਂ ਅਨੁਸਾਰ ਅਮਰ ਨਗਰੀ ਭਾਵ ਬੇਗਮਪੁਰੇ ਦੇ ਸਾਰੇ ਹੀ ਵਾਸੀ ਇਕ ਸਮਾਨ, ਸੁੱਖ ਰਹਿਣੇ ਅਤੇ ਸਾਂਝੀਵਾਲਤਾ ਦੇ ਅਨੁਸਾਰੀ ਹਨ। ਉਨ੍ਹਾਂ ਦੀ ਬਾਣੀ ਪ੍ਰਤੱਖ ਹੈ:
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨਾ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥
ਉਹਾਂ ਗਨੀ ਬਸਹਿ ਮਾਮੂਰ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ : 345)
ਭਵ ਖੰਡਨ ਰੂਪ
ਗੁਰੂ ਜੀ ਦਾ ਕਥਨ ਹੈ ਪ੍ਰਭੂ ਸਰਬ ਸਮਰੱਥ ਹੈ। ਉਸ ਦੇ ਹੁਕਮ ਬਿਨਾਂ ਪੱਤਾ ਵੀ ਨਹੀਂ ਹਿਲ ਸਕਦਾ। ਉਹ ਹਰ ਜਿਊੜੇ ਉੱਤੇ ਦਯਾ-ਮਿਹਰ ਕਰਦਾ ਹੈ ਪਰ ਸੁੱਖਾਂ ਵਿਚ ਪਹੁੰਚੇ ਅਸੀਂ ਆਪਣੇ ਅਤੀਤ ਅਤੇ ਮਾਨਵੀ ਗੌਰਵ ਨੂੰ ਵਿਸਾਰ ਕੇ ਮਾਇਆਵੀ ਖੁਸ਼ੀਆਂ ਵਿਚ ਹੀ ਫਸੇ ਰਹਿੰਦੇ ਹਾਂ। ਭਵਖੰਡਨ ਦੀ ਬਖਸ਼ਿਸ਼ ਹੋਵੇ ਤਾਂ ਕਿਹੜੀ ਦੌਲਤ ਹੈ ਜੋ ਇਸ ਜਿਊੜੇ ਨੂੰ ਨਸੀਬ ਨਹੀਂ ਹੁੰਦੀ:
ਤੂ ਜਾਨਤ ਮੈਂ ਕਿਛੁ ਨਹੀਂ
ਭਵ ਖੰਡਨ ਰਾਮ॥
ਗਗਲ ਜੀਆ ਸਰਨਾਗਤੀ
ਪ੍ਰਭ ਪੂਰਨ ਕਾਮ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 858)
ਗੁਰੂ ਬਾਣੀ ਅਨੁਸਾਰ ਜੀਵ ਆਤਮਾ ਦੀ ਢਹਿੰਦੀ ਕਲਾ ਮੇਟ ਕੇ ਉਸ ਨੂੰ ਚੜ੍ਹਦੀ ਕਲਾ ਵਾਲਾ ਬਣਾਉਣਾ ਭਵ ਖੰਡਨ ਦਾ ਹੀ ਕ੍ਰਿਸ਼ਮਾ ਹੈ:
ਐਸੀ ਲਾਲ ਤੁਝ ਬਿਨੁ ਕਉਨੁ ਕਰੈ॥
ਗ਼ਰੀਬ ਨਿਵਾਜੁ ਗੁਸਈਆ
ਮੇਰਾ ਮਾਥੈ ਛਤੁ੍ਰ ਧਰੈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 1106)
ਗੁਰੂ ਜੀ ਬਾਣੀ 'ਚ ਆਖਦੇ ਹਨ ਕਿ ਉਹ ਵਿਅਕਤੀ ਜਿਹੜੇ ਵਾਸਤਵਿਕ ਅਵਸਥਾ ਵਿਚ ਰਹਿੰਦੇ ਹਨ, ਗਿਆਨ ਦਾ ਦੀਵਾ ਬਾਲ ਕੇ ਅਗਿਆਨਤਾ ਤੋਂ ਪੈਦਾ ਹੋਏ ਹਨੇਰੇ 'ਚੋਂ ਨਿਕਲ ਸਕਦੇ ਹਨ। ਉਹ ਫੁਰਮਾਉਂਦੇ ਹਨ ਕਿ ਵਾਹਿਗੁਰੂ ਦੇ ਲੜ ਵੀ ਉਹ ਹੀ ਜਿਊੜੇ ਲਗਦੇ ਹਨ, ਜਿਨ੍ਹਾਂ 'ਤੇ ਉਸ ਦੀ ਕਿਰਪਾ ਹੁੰਦੀ ਹੈ ਜਿਵੇਂ ਵਿਚਾਰ ਅਧੀਨ ਬਾਣੀ 'ਚ ਸਪੱਸ਼ਟ ਹੈ:
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ
ਅਬ ਪਤੀਆਰੁ ਕਿਆ ਕੀਜੈ॥
ਬਚਨੀ ਤੋਰ ਮੋਰ ਮਨੁ ਮਾਨੈ
ਜਨ ਕਉ ਪੂਰਨੁ ਦੀਜੈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 694)
ਪ੍ਰਭੂ ਦੀ ਸਜੀਵਤਾ ਅਤੇ ਜਗਤ ਦੀ ਥੋੜ੍ਹਚਿਰਤਾ ਬਾਰੇ ਗੁਰੂ ਜੀ ਦਾ ਕਥਨ ਹੈ ਇਹ ਦੁਨੀਆ ਪਾਣੀ ਦੇ ਬੁਦਬੁਦੇ ਦੀ ਨਿਆਈਂ ਹੈ। ਦਿਨ ਚੜ੍ਹਦਾ ਹੈ ਤੇ ਛੁਪ ਜਾਂਦਾ ਹੈ। ਰਾਤ ਢਲਦੀ ਹੈ ਅਤੇ ਅਗਲੀ ਸਵੇਰ ਨੂੰ ਜਨਮ ਦਿੰਦੀ ਹੈ। ਦਿਨਾਂ, ਮਹੀਨਿਆਂ, ਸਾਲਾਂ, ਰੁੱਤਾਂ, ਮੌਸਮਾਂ ਅਤੇ ਸਦੀਆਂ ਦਾ ਸਿਲਸਿਲਾ ਨਿਰੰਤਰ ਤੁਰਿਆ ਆ ਰਿਹਾ ਹੈ। ਗੁਰੂ ਜੀ ਇਸ ਦੇ ਸੰਦਰਭ ਵਿਚ ਆਖਦੇ ਹਨ:
ਜੋ ਦਿਨ ਆਵਹਿ ਸੋ ਦਿਨ ਜਾਹੀ॥
ਕਰਨਾ ਕੂਚੁ ਰਹਨੁ ਥਿਰੁ ਨਾਹੀ॥
-0-
ਕਿਆ ਤੂ ਸੋਇਆ ਜਾਗੁ ਇਆਨਾ॥
ਤੈ ਜੀਵਨੁ ਜਗਿ ਸਚੁ ਕਰਿ ਜਾਨਾ॥
ਉਨ੍ਹਾਂ ਦੀ ਬਾਣੀ ਦੱਸਦੀ ਹੈ ਕਿ ਜੀਵਨ ਦੀਆਂ ਸੁੱਖ-ਸਹੂਲਤਾਂ ਪਿਛੇ ਦੌੜਦਾ ਮਨੁੱਖ ਲੋਕ ਅਤੇ ਪ੍ਰਲੋਕ ਦੀ ਖੁਆਰੀ ਦਾ ਭਾਗੀ ਬਣਦਾ ਹੈ। ਜੋ ਕੁਝ ਵੀ ਦ੍ਰਿਸ਼ਟਮਾਨ ਹੈ ਉਹ ਛਿਣ ਭੰਗਰ ਤੇ ਬਿਨਸਣਹਾਰਾ ਹੈ: (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 1167)
ਆਤਮ ਚਿੰਤਨ
ਇਸ ਬਾਣੀ ਵਿਚਲਾ ਕੇਂਦਰੀ ਨੁਕਤਾ ਜੀਵ ਆਤਮਾ ਹੈ, ਜਿਹੜੀ ਪ੍ਰਭੂ, ਨਾਲ ਅਭੇਦ ਹੋਣ ਖਾਤਰ ਕਈ ਯਤਨ ਕਰਦੀ ਹੈ। ਜਨ ਪੂਰਵ ਉਸ ਨਾਲ ਜੁੜੀ ਆਤਮਾ ਸੰਸਾਰ ਵਿਚ ਪ੍ਰਵੇਸ਼ ਕਰਦਿਆਂ ਹੀ ਆਪਣੇ ਜੀਵਨ ਮਨੋਰਥ ਤੋਂ ਲਾਂਭੇ ਭਟਕਣ ਲਗਦੀ ਹੈ। ਤਾ-ਜੀਵਨ ਆਪਣੇ ਅਸਲ ਮੰਤਵ ਤੋਂ ਭਟਕੀ ਹੋਈ ਉਹ ਆਵਾਗਵਣ ਤੋਂ ਮੁਕਤ ਨਹੀਂ ਹੋ ਸਕਦੀ।
ਇਹੁ ਸਰੀਰੁ ਮਾਇਆ ਕਾ ਪੁਤਲਾ॥
ਵਿਚਿ ਹਉਮੈ ਦੁਸਟੀ ਪਾਈ॥
ਆਵਣੁ ਜਾਣਾ ਜੰਮਣੁ ਮਰਣਾ
ਮਨਮੁਖਿ ਪਤਿ ਗਵਾਈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 31)
ਗੁਰੂ ਰਵਿਦਾਸ ਜੀ ਦਾ ਭਾਈਚਾਰਾ ਕਿਰਤੀ ਵਰਗ ਸੀ। ਕਿਰਤੀ ਵਰਗ ਹਰ ਸਮਾਜ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਇਸ ਲਈ ਆਪ ਜੀ ਨੇ ਕਿਰਤ ਕਰਨ ਦੀ ਜੀਵਨ ਜੁਗਤ ਦੱਸਦਿਆਂ ਖੁਦ ਕਿਰਤ ਕੀਤੀ। ਕਿਰਤੀ ਮਾਨਵ ਹੀ ਸਮਾਜ ਦਾ ਵਿਕਾਸ ਕਰ ਸਕਦਾ ਹੈ, ਜਦੋਂ ਕਿ ਵਿਹਲੜ ਤੇ ਨਿਖੱਟੂ ਆਪਣੇ-ਆਪ 'ਤੇ ਭਾਰੂ ਹੁੰਦਾ ਹੈ, ਪਰਿਵਾਰ 'ਤੇ ਭਾਰ ੂ ਹੁੰਦਾ ਹੈ, ਸਮਾਜ 'ਤੇ ਵੀ ਭਾਰੂ ਹੁੰਦਾ ਹੈ। ਇਸ ਤਰ੍ਹਾਂ ਭੀਖ ਮੰਗਣਾ, ਸਮਾਜਿਕ ਅਪਰਾਧ ਹੈ ਅਤੇ ਝੂਠਾ ਭੇਖ ਪਾਪ ਕਰਨਾ ਹੈ।
ਗੁਰੂ ਰਵਿਦਾਸ ਜੀ ਨੇ ਬੇਗਮਪੁਰੇ ਦੇ ਸੰਕਲਪ ਰਾਹੀਂ ਇਕ ਬੜੀ ਖੂਬਸੂਰਤ ਨਗਰੀ ਦਾ ਚਿਤਰਨ ਕੀਤਾ ਹੈ। ਇਸ ਅਨੋਖੀ ਨਗਰੀ ਵਿਚ ਵਸਣ ਵਾਲੇ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦਾ ਦੁੱਖ, ਗ਼ਮ, ਡਰ, ਅੰਦੇਸ਼ਾ, ਝੋਰਾ ਪ੍ਰੇਸ਼ਾਨ ਨਹੀਂ ਕਰ ਸਕਦਾ। ਇਸ ਨਗਰੀ ਦੇ ਰਾਜਨੀਤਕ ਪ੍ਰਬੰਧ ਵਿਚ ਤਸਵੀਸ, ਵਿਗਾੜ, ਮਾਲ, ਖੌਫ਼, ਖਤਾ, ਤਰਸ, ਜੁਆਲ ਲਈ ਕੋਈ ਥਾਂ ਅਤੇ ਵਿਵਸਥਾ ਨਹੀਂ। ਇਹ ਅਜਿਹੀ ਨਗਰੀ ਹੈ ਜਿਥੇ ਸਦਾ ਹੀ ਅਕਾਲ ਪੁਰਖ ਦੀ ਰਹਿਮਤ ਦੀ ਵਰਖਾ ਨਿਰੰਤਰ ਹੋਣ ਕਾਰਨ ਖ਼ੈਰ-ਸੁੱਖ ਹੀ ਰਹਿੰਦੀ ਹੈ। ਵਾਸਤਵ ਵਿਚ ਇਹ ਸ਼ਬਦ ਤਤਕਾਲੀ ਪ੍ਰਸ਼ਾਸਨ ਪ੍ਰਣਾਲੀ ਦਾ ਪਾਜ ਉਘੇੜਨ ਵਾਲਾ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਵਿਚ ਕੰਮ ਕਰਨ ਦੀ ਪ੍ਰੇਰਨਾ ਦੇਣ ਵਾਲਾ ਹੈ।
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
-0-
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤ ਹਮਾਰਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 345)

ਇਸ ਤਰ੍ਹਾਂ ਵਿਚਾਰਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਸਾਰੇ ਹੀ ਸ਼ਬਦਾਂ ਵਿਚ ਆਤਮਾ ਅਤੇ ਮਨੁੱਖ ਦਾ ਭਰਪੂਰ ਜ਼ਿਕਰ ਹੈ। ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਗੁਰੂ ਰਵਿਦਾਸ ਜੀ ਦੀ ਸਾਰੀ ਹੀ ਬਾਣੀ ਵਿਚੋਂ ਅਧਿਆਤਮਵਾਦੀ ਸੁਰ ਬੁਲੰਦ ਹੁੰਦੇ ਹਨ। ਉਹ ਭੁੱਲੀ ਭਟਕੀ ਮਾਨਵ ਸੋਚ ਨੂੰ ਸਹੀ ਸੇਧ ਦੇਣ ਵਾਲੇ ਕ੍ਰਾਂਤੀਕਾਰੀ ਰਹਿਬਰ ਹੋ ਨਿੱਬੜੇ ਹਨ।

-511, ਖਹਿਰਾ ਇਨਕਲੇਵ, ਡਾਕ: ਲੱਧੇਵਾਲੀ, ਜਲੰਧਰ-144007
ਮੋਬਾਈਲ : 94173-89003

Ad Position 22
No active advertisement
ਪਿਛਲੀ ਖ਼ਬਰ ਤੁਰ ਗਿਆ ਸੁਪਨੀਲੀ ਨਾਟਸ਼ਾਲਾ ਦਾ ਸਿਰਜਕ ਜਤਿੰਦਰ ਸਿੰਘ ਬਰਾੜ ਅਗਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ' ਦੀ ਵਿਸ਼ਾਲ ਕਾਨਫ਼ਰੰਸ ਹੋਈ
Ad Position 24
No active advertisement