'ਪਰਸਨਲ ਸਪੇਸ', 'ਬਲਾਇੰਡ ਡੇਟ', 'ਵਟਸਐਪ ਚੈਟ', 'ਸ਼ੂਗਰ ਪਾਪਾ', 'ਚਿੱਟਾ ਕੱਟਾ', 'ਪਟਿਆਲਾ ਪੈੱਗ ਬੀਬੀਆਂ', 'ਕਾਲ ਰਿਕਾਰਡਿੰਗ', 'ਵੀਡੀਓ ਵਾਇਰਲ', 'ਆਨਲਾਈਨ ਡਿਸਚਾਰਜ' ਆਦਿ ਦੇ ਦੌਰ 'ਚ ਤੁਹਾਡਾ ਪਲ-ਪਲ ਕੈਮਰੇ ਦੀ ਨਿਗਰਾਨੀ ਹੇਠ ਹੈ | ਕਦੇ-ਕਦੇ ਤਾਂ ਇੰਜ ਲਗਦਾ ਹੈ ਕਿ ਤੁਸੀਂ ਜੀਅ ਰਹੇ ਹੋ ਕਿ ਜਾਸੂਸੀ ਕਰਵਾਅ ਰਹੇ ਹੋ | ਪਤੀ-ਪਤਨੀ ਦੇ ਉਹ ਪਲ ਵਾਇਰਲ ਹੋ ਰਹੇ ਹਨ, ਜਿਹੜੇ ਬੜੇ ਹੀ ਨਿੱਜੀ ਹੁੰਦੇ ਹਨ | ਜਦੋਂ ਤੋਂ ਮੋਬਾਈਲ ਆਇਆ ਹੈ ਹਰ ਘਰ 'ਚ ਮੁੰਬਈ ਦੇ ਛੋਟੇ-ਵੱਡੇ ਸਟਾਰ, ਮੂਨ, ਸਨ ਪੈਦਾ ਹੋ ਗਏ ਹਨ | ਰੀਅਲ ਲਾਈਫ਼ 'ਰੀਲ ਲਾਈਫ਼' 'ਚ ਬਦਲ ਗਈ ਹੈ | ਮੁੰਡੇ ਹੀ ਨੱਚ ਟੱਪ ਨਹੀਂ ਰਹੇ ਸਗੋਂ ਅੱਧ ਨੰਗੀਆਂ ਮੁਟਿਆਰਾਂ ਵੀ ਭੁੜਕ ਰਹੀਆਂ ਹਨ, ਬੁੜ੍ਹਕ ਰਹੀਆਂ ਹਨ | 'ਹੇ ਰਾਮ' ਦੇ ਦੇਸ਼ 'ਚ 'ਹੈਲੋ ਗਾਯਸ' ਹੋ ਰਹੀ ਹੈ | 'ਵਟਸਐਪ ਯੂਨੀਵਰਸਿਟੀ' ਨੇ ਦੇਸ਼ 'ਚ ਲੱਖਾਂ ਸੁਕਰਾਤ ਪੈਦਾ ਕਰ ਦਿੱਤੇ ਹਨ | ਹਰ ਵਿਸ਼ੇ ਦੇ ਸਪੈਸ਼ਲਿਸਟ 'ਗਿਆਨ ਗੁਬਾਰੇ' ਛੱਡੀ ਜਾ ਰਹੇ ਹਨ | ਜਿਸ ਨੂੰ ਇੱਲ ਕੁੱਕੜ ਦਾ ਨਹੀਂ ਪਤਾ ਉਹ ਵੀ ਬ੍ਰਹਿਮੰਡ ਬਾਰੇ ਚਾਨਣਾ ਪਾ ਰਿਹਾ ਹੈ | ਸਭ ਕੁਝ ਫਟਾਫਟ ਹੋ ਰਿਹਾ ਹੈ | ਬੜਾ ਹੀ ਫਾਸਟ, ਇੰਦਰਾ ਪਾਰਕ ਜਲੰਧਰ 'ਚ ਰਹਿੰਦੇ ਇਕ ਮੇਹਰਬਾਨ ਦੋਸਤ ਦੇ ਘਰ ਅਜੇ ਦਸਤਕ ਦਿੱਤੀ ਹੀ ਸੀ ਕਿ ਪਕੌੜਿਆਂ ਦੀ ਮਹਿਕ ਆ ਗਈ | ਪਕੌੜੇ ਅਜੇ ਖਾ ਹੀ ਰਹੇ ਸਾਂ ਕਿ 'ਚਾਹ ਚੂਰੀ' ਦੋਵੇਂ ਆ ਗਈਆਂ | ਰਸੋਈ 'ਚ ਕੋਈ ਭਾਂਡਾ ਨਹੀਂ ਖੜਕਿਆ | ਸਿਰਫ਼ ਘਰ ਦੀ ਘੰਟੀ ਖੜਕੀ ਹੈ, ਹੈ ਨਾ ਆਨਲਾਈਨ ਕਰਾਂਤੀ' ਹੈ ਨਾ ਆਨਲਾਈਨ ਕਿ੍ਸ਼ਮਾ | ਇਸ ਕਰਾਂਤੀ ਨੇ ਦੇਸ਼ ਨੂੰ ਹਸਪਤਾਲਾਂ 'ਚ 'ਆਨਲਾਈਨ ਅਪੁਆਇੰਟਮੈਂਟ' ਦਾ ਤੋਹਫਾ ਵੀ ਦਿੱਤਾ ਹੈ | 1960 ਤੱਕ ਸਾਡੀ ਖੁਰਾਕ 'ਚ ਕਣਕ, ਛੋਲੇ, ਬਾਜਰਾ, ਰਾਗੀ, ਜਵਾਰ ਆਦਿ ਸ਼ਾਮਿਲ ਸੀ | ਹਰੀ ਕਰਾਂਤੀ ਦੀ ਆਮਦ ਮਗਰੋਂ ਕਣਕ ਤੇ ਚੌਲਾਂ ਦੀ ਸਰਦਾਰੀ ਹੋ ਗਈ | 1990 ਦੇ ਲਾਗੇ ਪੀਜ਼ਾ, ਨੂਡਲਜ਼, ਮੋਮੋਜ਼, ਮਨਚੂਰੀਅਨ ਆਦਿ ਆ ਗਏ ਅਤੇ ਛਾ ਗਏ | ਜਿਵੇਂ-ਜਿਵੇਂ ਫਾਸਟ ਫੂਡ ਕਾਊਾਟਰ ਵਧੇ, ਤਿਵੇਂ-ਤਿਵੇਂ ਹਸਪਤਾਲ ਵੀ ਵਧੇ | ਹਸਪਤਾਲਾਂ ਦੀ ਆਨਲਾਈਨ ਅਪੁਆਇੰਟਮੈਂਟ ਵੀ ਛਾ ਗਈ |
ਤਰੱਕੀ ਨੇ ਘਰਾਂ 'ਚ ਤਮੀਜ਼ ਅਤੇ ਤਹਿਜ਼ੀਬ ਭਜਾ ਦਿੱਤੀ ਹੈ | ਚਾਰ ਮੈਂਬਰ ਅੱਡ-ਅੱਡ ਬਰੇਕਫਾਸਟ, ਚਾਰ ਮੈਂਬਰ, ਅੱਡ-ਅੱਡ ਸੁਰ | ਇਕ ਮੈਂਬਰ ਬੋਲਦਾ... ਦੂਜਾ ਭੌਂਕਦਾ, ਤੀਜਾ ਅੜਿੰਗਦਾ, ਚੌਥਾ ਹਿਣਕਦੈ ਜਾਂ ਫਿਰ ਸਾਰੇ ਚੁੱਪ... ਸਾਰੇ ਆਪੋ-ਆਪਣੇ ਫੋਨ 'ਤੇ, ਬੰਦਾ ਬੈਠਾ ਸਾਡੇ ਨਾਲ, ਗੱਲ ਕਰ ਰਿਹਾ ਭਾਗੇ ਨਾਲ | ਬਹੁਤ ਚੰਗੇ ਰਹੋਗੇ ਜੇ ਸੋਚ ਸਮਝ ਕੇ ਤੁਰੋਗੇ | ਚੰਗੇ ਰਹੋਗੇ ਜੇ ਜ਼ਿੰਦਗੀ ਦੀ ਵੰਦੇਭਾਰਤ ਸਪੀਡ ਕੁਝ ਘਟਾ ਦਿਓਗੇ | ਘਰ ਹੋਟਲ ਨਹੀਂ ਕਿ ਹਰ ਰੋਜ਼ ਹੀ ਬਾਹਰੋਂ ਆਰਡਰ ਕਰੋ | ਇਕ ਆਹ ਤੀਵੀਆਂ ਦੇ ਹੱਥ ਵੀ ਟੁੱਟ ਗਏ | ਇਕ ਆ ਬੰਦਿਆਂ ਦੇ ਪੈਰ ਵੀ ਟੁੱਟ ਗਏ | ਪਹਿਲਾਂ ਬੰਦਾ ਵੀ ਲੱਭ ਲੱਭ ਕੇ ਸਬਜ਼ੀ ਲਿਆਉਂਦਾ ਸੀ | ਹੁਣ ਤਾਂ ਗੱਡੀ ਦਾ ਸ਼ੀਸ਼ਾ ਹੇਠਾਂ ਕਰਕੇ ਆਖਦਾ 'ਆ ਪਾ ਦੇ... ਓ ਪਾ ਦੇ' ਰੰਨ ਵੀ ਤੇਜ਼ ਅੱਗ 'ਤੇ ਰਿੰਨ੍ਹ ਦਿੰਦੀ | ਦਾਲ ਰੋਟੀ ਮੱਧਮ ਅੱਗ 'ਤੇ ਪੱਕੇ ਫਿਰ ਸਵਾਦ ਈ ਹੋਰ ਆ | ਕਿੱਕਰ ਸਿੰਘ ਦੇ ਪੰਜਾਬ 'ਚ ਵਸਦੇ ਪੰਜਾਬੀਆਂ ਨੂੰ ਸਬਰ ਨਾਲ, ਸਲੀਕੇ ਨਾਲ ਸਹਿਣਸ਼ੀਲਤਾ ਨਾਲ ਚੱਲਣ ਦੀ ਲੋੜ ਹੈ | ਢਿੱਡ, ਫਰਿੱਜ਼ ਤੇ ਡਸਟਬਿਨ 'ਚ ਅੰਤਾਂ ਦਾ ਅੰਤਰ ਹੈ | ਸਾਵੀਂ ਖੁਰਾਕ ਨਾਲ ਹਸਪਤਾਲਾਂ ਦੇ ਗੇੜੇ ਘਟਾਏ ਜਾ ਸਕਦੇ ਹਨ | 'ਚਿੱਟਾ', 'ਕੱਟਾ', 'ਟੈਟੂ ਵਾਲੇ ਕਾਕੇ', 'ਬੁਲਿਟ ਪਟਾਕੇ' ਸਰਵਨ ਪੁੱਤ ਦੀ ਧਰਤੀ 'ਤੇ ਸ਼ੋਭਦੇ ਨਹੀਂ | 'ਹੀਰ ਰਾਂਝਾ', 'ਸੱਸੀ ਪੰੁਨੂੰ', 'ਸੋਹਣੀ ਮਹੀਂਵਾਲ' ਦੀ ਧਰਤੀ 'ਤੇ 'ਚੈਟ', ਚਲੋ ਓ.ਕੇ. ਪਰ ਚੀਟਿੰਗ ਓ.ਕੇ. ਨਹੀਂ | ਜਵਾਨ ਮੁਟਿਆਰ ਦਾ ਇਹ ਅਧਿਕਾਰ ਹੈ ਕਿ ਉਹ ਇਹ ਸੁਪਨਾ ਦੇਖੇ ਕਿ ਸੁਪਨਿਆਂ ਦਾ ਰਾਜ ਕੁਮਾਰ ਇਕ ਦਿਨ ਅੰਬਰੋਂ ਉਤਰੇਗਾ | ਅੰਬਰਾਂ ਦੀ ਉਡਾਨ ਓ.ਕੇ. ਪਰ ਧਰਤੀ 'ਤੇ ਇਕ ਤਲਖ ਹਕੀਕਤ ਇਹ ਵੀ ਹੈ ਕਿ 'ਸਾਹਮਣੇ ਖੜ੍ਹਾ ਟੈਨਸ਼ਨ ਪਤੀ... ਕਿਉਂਕਿ ਸਰਕਾਰ ਨੇ ਬੰਦ ਕਰ ਦਿੱਤਾ ਬਣਾਉਣਾ 'ਪੈਨਸ਼ਨ ਪਤੀ', ਪੰਜਾਬੀ ਗੱਭਰੂਆਂ, ਮੁਟਿਆਰਾਂ ਨੂੰ ਵਿੱਤੀ ਸਾਖਰਤਾ ਦਾ ਮਹੱਤਵ ਸਮਝਣਾ ਪਵੇਗਾ |
-ਭਾਖੜਾ ਡੈਮ ਰੋਡ ਨੰਗਲ-140124
ਮੋਬਾਈਲ : 98156-24927