ਤਾਜ ਮਹਾਂ-ਉਤਸਵ 'ਤੇ ਵਿਸ਼ੇਸ਼
ਤਾਜ ਮਹਾਂਉਤਸਵ ਮਨਾਉਣ ਦੀ ਸ਼ੁਰੂਆਤ ਕੋਈ ਸੰਨ 1992 ਤੋਂ ਸ਼ੁਰੂ ਕੀਤੀ ਗਈ ਸੀ | ਇਹ ਮਹਾਂਉਤਸਵ ਲਗਭਗ ਦਸ ਦਿਨਾਂ ਤੱਕ ਚਲਦਾ ਹੈ | ਇਸ ਵਾਰ 18 ਫਰਵਰੀ ਤੋਂ ਸ਼ੁਰੂ ਹੋ ਕੇ 27 ਫਰਵਰੀ ਤੱਕ ਬੜੀ ਧੂਮ-ਧਾਮ ਨਾਲ ਇਹ ਉਤਸਵ ਮਨਾਇਆ ਜਾਵੇਗਾ | ਇਸ ਵਾਰ 35ਵਾਂ ਮਹਾਂਉਤਸਵ ਮਨਾਇਆ ਜਾ ਰਿਹਾ ਹੈ | ਇਨ੍ਹਾਂ ਦਿਨਾਂ ਵਿਚ ਸੈਲਾਨੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਂਦੀ ਹੈ | ਇਸ ਮਹਾਂਉਤਸਵ 'ਤੇ ਪੂਰੇ ਦੇਸ਼ ਵਿਚੋਂ, ਵਿਦੇਸ਼ ਵਿਚੋਂ ਤੇ ਗੱਲ ਕੀ ਹੋਰ ਵੀ ਬਹੁਤ ਸਾਰੇ ਲੋਕ ਇਹ ਉਤਸਵ ਵੇਖਣ ਲਈ ਦੁਨੀਆ ਦੇ ਕੋਨੇ-ਕੋਨੇ ਵਿਚੋਂ ਆਉਂਦੇ ਹਨ |
ਇਸ ਉਤਸਵ ਵਿਚ ਵੱਖਰੇ-ਵੱਖਰੇ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ | ਕੋਈ ਵੀ ਕਲਾਕਾਰ ਚਾਹੇ ਉਹ ਫੋਕ ਆਰਟਿਸਟ, ਮਿਊਜ਼ੀਸ਼ੀਅਨ, ਐਕਟਿੰਗ, ਡਾਂਸਰ, ਕਾਮੇਡੀਅਨ ਜਾਂ ਹੋਰ ਕੋਈ ਵੀ ਹੁਨਰ ਰੱਖਦਾ ਹੈ ਤਾਂ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦਾ ਹੈ | ਉਸ ਨੂੰ ਮੌਕਾ ਦਿੱਤਾ ਜਾਂਦਾ ਹੈ | ਇਸ ਮਹਾਂਉਤਸਵ 'ਤੇ ਟਿਕਟ ਦਾ ਰੇਟ ਵੀ ਜ਼ਿਆਦਾ ਹੋ ਜਾਂਦਾ ਹੈ | ਜਿਵੇਂ ਤਿੰਨ ਸਾਲ ਤੱਕ ਦੇ ਬੱਚੇ ਦੀ ਫਰੀ ਐਂਟਰੀ ਹੈ | ਪੰਜ ਤੋਂ ਦਸ ਸਾਲ ਤੱਕ ਦੇ ਬੱਚੇ ਲਈ ਦਸ ਰੁਪੈ ਪ੍ਰਤੀ ਬੱਚਾ ਹੈ | ਵਿਦੇਸ਼ੀ ਸੈਲਾਨੀਆਂ ਲਈ ਫਰੀ ਐਂਟਰੀ ਹੈ | ਅਠਾਰਾਂ ਸਾਲ ਤੋਂ ਉਪਰ ਵਾਲੇ ਲਈ ਪੰਜਾਹ ਰੁਪਏ ਪ੍ਰਤੀ ਵਿਆਕਤੀ ਹੈ | ਜੇ ਕੋਈ ਸਕੂਲ ਆਪਣੇ ਸਕੂਲ ਦੇ ਬੱਚੇ ਭੇਜਣਾ ਚਾਹੁੰਦਾ ਹੈ ਤਾਂ ਉਸ ਲਈ ਸੌ ਬੱਚੇ ਤੇ ਦੋ ਅਧਿਆਪਕਾਂ ਤੱਕ ਦੇ ਸੱਤ ਸੌ ਰੁਪਏ ਰੱਖੇ ਗਏ ਹਨ, ਪਰ ਸ਼ਰਤ ਇਹ ਹੈ ਕਿ ਬੱਚੇ ਸਕੂਲ ਯੂਨੀਫਾਰਮ ਵਿਚ ਹੋਣੇ ਜਰੂਰੀ ਹਨ | ਹੁਣ ਰੇਟ ਸਬੰਧੀ ਤਾਜ਼ਾ ਖਬਰਾਂ ਆ ਰਹੀਆਂ ਹਨ ਕਿ ਹੁਣ ਤਾਜ ਮਹੱਲ ਨੂੰ ਦੇਖਣ ਲਈ ਦੋ ਸੌ ਰੁ: ਇੰਟਰੀ ਫੀਸ ਲਾਗੂ ਹੋਣ ਜਾ ਰਹੀ ਹੈ | ਇਹ ਰੇਟ ਪਹਿਲੀ ਅਪ੍ਰੈਲ ਤੋਂ ਲਾਗੂ ਹੋਣਗੇ | ਇਹ ਪ੍ਰੋਗਰਾਮ ਪੂਰੇ ਪਰਿਵਾਰ ਦੇ ਵੇਖਣਯੋਗ ਹੁੰਦਾ ਹੈ | ਸੱਭਿਆਚਾਰਕ ਪ੍ਰੋਗਰਾਮਾਂ ਲਈ ਕੋਈ ਅਲੱਗ ਤੋਂ ਟਿਕਟ ਨਹੀ ਹੈ | ਟਿਕਟਾਂ ਐਂਟਰੀ ਗੇਟ ਦੀ ਖਿੜਕੀ ਤੋਂ ਬੜੇ ਆਰਾਮ ਨਾਲ ਮਿਲ ਜਾਂਦੀਆਂ ਹਨ, ਪਰ ਸਕਿਉਰਟੀ ਦੇ ਕਹਿਣ ਅਨੁਸਾਰ ਲਾਈਨ ਵਿਚ ਆਰਾਮ ਨਾਲ ਐਂਟਰੀ ਕਰਨੀ ਹੈ |
ਇਸ ਉਤਸਵ ਨੂੰ ਯਾਦਗਰੀ ਬਣਾਉਣ ਲਈ ਪ੍ਰਬੰਧਕਾਂ ਵਲੋਂ ਵੱਡੇ-ਵੱਡੇ ਕਲਾਕਾਰ ਪ੍ਰਸਿੱਧ ਚਿਹਰੇ ਇਸ ਉਤਸਵ 'ਤੇ ਪ੍ਰੋਗਰਾਮ ਕਰਨਗੇ ਪੇਸ਼ | ਬਾਲੀਵੁੱਡ ਹਾਲੀਵੁੱਡ ਤੜਕਾ ਵੀ ਲਗਾਇਆ ਜਾਂਦਾ ਹੈ | ਮਸ਼ਹੂਰ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਹਨ | ਇਨ੍ਹਾਂ ਦਿਨਾਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਲਗਦੀਆਂ ਹਨ | ਵੱਖ-ਵੱਖ ਕਲਾਕਾਰਾਂ ਵਲੋਂ ਹੱਥ ਦੀਆਂ ਬਣੀਆਂ ਕਲਾਕਿ੍ਤੀਆਂ, ਲੱਕੜ ਦਾ ਸਮਾਨ 'ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵਸਤਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ | ਹੱਥ ਦੇ ਬਣ ਹੋਏੇ ਬਰਤਨ, ਲੱਕੜ ਦਾ ਸਮਾਨ 'ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਸਾਜ਼ੋ-ਸਮਾਨ ਦੀ ਲੋਕ ਖੂਬ ਖਰੀਦੋ ਫਰੋਖ਼ਤ ਕਰਦੇ ਹਨ | ਤਾਜ ਮਹੱਲ ਇੰਨ੍ਹਾਂ ਵਿਚੋਂ ਇਕ ਐਸਾ ਖੂਬਸੂਰਤ ਮਕਬਰਾ ਹੈ, ਜਿਸ ਨੂੰ ਵੇਖਣ ਲਈ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿਚੋਂ ਸੈਲਾਨੀ ਆਉਂਦੇ ਹਨ | ਤਾਜ ਮਹੱਲ ਇਹ ਭਾਰਤ ਦੇ ਆਗਰਾ ਸ਼ਹਿਰ ਵਿਚ ਇਕ ਮਕਬਰਾ ਹੈ, ਜਿਸਨੂੰ ਪਿਆਰ ਦੀ, ਮੁਹੱਬਤ ਦੀ ਨਿਸ਼ਾਨੀ ਕਹਿੰਦੇ ਹਨ | ਸੰਨ 2007 ਵਿਚ ਬਣੇ ਸੱਤ ਨਵੇਂ ਅਜੂਬਿਆਂ ਵਿਚ ਇਸ ਦਾ ਸ਼ੁਮਾਰ ਹੈ | ਇਸ ਮਕਬਰੇ ਦਾ ਨਿਰਮਾਣ ਮੁਗਲ ਸਮਰਾਟ ਸ਼ਾਹਜਹਾਂ ਨੇ ਆਪਣੀ ਬੇਗਮ ਮੁਮਤਾਜ ਦੀ ਯਾਦ ਵਿਚ ਕਰਵਾਇਆ ਸੀ | ਤਾਜ ਮਹੱਲ ਨੂੰ ਭਾਰਤ ਦੀ ਇਸਲਾਮੀ ਕਲਾ ਦਾ ਰਤਨ ਵੀ ਐਲਾਨਿਆ ਗਿਆ ਹੈ | ਗੁੰਬਦ ਵਾਲੇ ਇਸ ਆਕਾਰ ਨੂੰ ਸੰਗਮਰਮਰ ਦੇ ਪੱਥਰ ਨਾਲ ਢਕਿਆ ਹੋਇਆ ਹੈ | ਇਹ ਮਕਬਰਾ ਆਪਣੀ ਖੂਬਸੂਰਤੀ ਨਾਲ ਸਭ ਨੂੰ ਮੰਤਰ-ਮੁਗਧ ਕਰਦਾ ਹੈ | ਇਸ ਦਾ ਨਿਰਮਾਣ ਸੰਨ 1647 ਈ: ਦੇ ਲਗਭਗ ਹੋਇਆ ਸੀ | ਇਸ ਵਿਚ 28 ਤਰ੍ਹਾਂ ਦੇ ਕੀਮਤੀ ਪੱਥਰਾਂ ਨੂੰ ਲਗਾਇਆ ਗਿਆ ਹੈ, ਜੋ ਰਾਜਸਥਾਨ, ਚੀਨ, ਤਿੱਬਤ, ਅਫਗਾਨਿਸਤਾਨ ਤੇ ਸ੍ਰੀ ਲੰਕਾ ਤੱਕ ਤੋਂ ਲਿਆਂਦੇ ਗਏ ਸਨ |
ਤਾਜ ਮਹੱਲ ਬਣਾਉਣ ਲਈ ਲਗਭਗ ਇਕ ਹਜ਼ਾਰ ਹਾਥੀ ਤੇ ਵੀਹ ਹਜ਼ਾਰ ਮਜ਼ਦੂਰਾਂ ਨੇ ਕੰਮ ਕੀਤਾ ਸੀ | ਬਰਤਾਨਵੀ ਸ਼ਾਸਨ ਕਾਲ ਸਮੇਂ ਇਨ੍ਹਾਂ ਬੇਸ਼ਕੀਮਤੀ ਪੱਥਰਾਂ ਨੂੰ ਕੱਢ ਦਿੱਤਾ ਗਿਆ ਸੀ, ਇਸ ਲਈ ਕਿ ਏਨੇ ਬੇਸ਼ਕੀਮਤੀ ਪੱਥਰਾਂ ਨੂੰ ਦੇਖ ਕੇ ਕਿਸੇ ਦੀਆਂ ਵੀ ਅੱਖਾਂ ਚੁੰਧਿਆਈਆਂ ਜਾ ਸਕਦੀਆਂ ਹਨ | ਇਸ ਦੀ ਲੰਬਾਈ ਕੁਤਬਮੀਨਾਰ ਤੋਂ ਵੀ ਜ਼ਿਆਦਾ ਮੰਨੀ ਗਈ ਹੈ | ਇਸ ਦੀ ਲੰਬਾਈ 73 ਮੀਟਰ ਤੱਕ ਨਾਪੀ ਗਈ ਹੈ, ਜਦ ਕਿ ਕੁਤਬਮੀਨਾਰ ਦੀ ਲੰਬਾਈ 72.5 ਮੀਟਰ ਹੈ | 17 ਹੈਕਟੇਅਰ (42 ਏਕੜ) ਵਿਚ ਇਹ ਪੂਰਾ ਕੰਪਲੈਕਸ ਫੈਲਿਆ ਹੋਇਆ ਹੈ | ਇਸ ਦਾ ਖਰਚਾ ਮਿਲੀਅਨਾਂ ਤੱਕ ਪਹੁੰਚ ਗਿਆ ਸੀ | ਇਸ ਵਿਚ ਜੋ ਫੁਹਾਰੇ ਦਿਖਾਈ ਦਿੰਦੇ ਹਨ, ਇਹ ਇਕ ਹੀ ਸਮੇਂ ਕੰਮ ਕਰਦੇ ਹਨ | ਕੋਈ ਵੀ ਫੁਹਾਰਾ ਕਿਸੇ ਪਾਈਪ ਨਾਲ ਜੁੜਿਆ ਹੋਇਆ ਨਹੀਂ ਹੈ | ਹਰ ਫੁਹਾਰੇ ਦੇ ਥੱਲੇ ਇਕ ਤਾਂਬੇ ਦਾ ਟੈਂਕ ਬਣਿਆ ਹੋਇਆ ਹੈ, ਜੋ ਇਕ ਹੀ ਸਮੇਂ ਭਰਦਾ ਹੈ ਤੇ ਇਕ ਹੀ ਸਮੇਂ ਦਬਾਅ ਪੈਣ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ |
ਤਾਜ ਮਹੱਲ ਵੇਖਣ ਲਈ ਦੁਨੀਆ ਭਰ ਤੋਂ 12000 ਸੈਲਾਨੀ ਹਰ ਰੋਜ਼ ਆਉਂਦੇ ਹਨ | ਕਹਿੰਦੇ ਹਨ ਕਿ ਸ਼ਾਹਜਹਾਂ ਦੀ ਇਕ ਮਨਸ਼ਾ ਇਹ ਵੀ ਸੀ ਕਿ ਜਿਸ ਤਰ੍ਹਾਂ ਇਹ ਸਫੇਦ ਤਾਜ ਮਹੱਲ ਬਣਵਾਇਆ ਹੈ, ਇਸੇ ਤਰ੍ਹਾਂ ਹੀ ਇਸ ਦੇ ਸਾਹਮਣੇ ਪੂਰੇ ਕਾਲੇ ਪੱਥਰਾਂ ਦਾ ਤਾਜ ਮਹੱਲ ਬਣਵਾਏ, ਜਿੱਥੇ ਉਹ ਆਪਣੀ ਕਬਰ ਬਣਵਾਏਗਾ | ਪਰ ਉਸ ਦੀ ਇਹ ਮਨੋ-ਕਾਮਨਾ ਪੂਰੀ ਨਹੀ ਹੋਈ ਸੀ, ਕਿਉਂਕਿ ਉਸ ਦੇ ਪੁੱਤਰ ਔਰੰਗਜ਼ੇਬ ਨੇ ਉਸ ਨੂੰ ਕੈਦ ਕਰ ਲਿਆ ਸੀ | ਜਾਰਜ ਹੈਰੀਸਨ ਨਾਮਕ ਇਕ ਵਿਅਕਤੀ ਨੇ ਤਾਜ ਮਹੱਲ ਨਾਲ ਪਹਿਲੀ ਸੈਲਫ਼ੀ ਖਿੱਚੀ ਸੀ | ਇਹ ਗੱਲ ਉਹਨਾਂ ਸਮਿਆਂ ਦੀ ਹੈ, ਜਦੋਂ ਸੈਲਫ਼ੀ ਲੈਣੀ ਕਿਸੇ ਦੇ ਚਿੱਤ ਚੇਤੇ ਵੀ ਨਹੀ ਸੀ | ਫਿਸ਼ ਆਈ ਲੈਂਜ਼ ਦੇ ਨਾਲ ਉਸ ਵਿਅਕਤੀ ਨੇ ਸੈਲਫ਼ੀ ਲਈ ਸੀ | ਤਾਜ ਮਹੱਲ ਦੀ ਇਕ ਖੂਬੀ ਇਹ ਵੀ ਹੈ ਕਿ ਇਸ ਦਾ ਰੰਗ ਦਿਨ-ਰਾਤ ਵਿਚ ਘੱਟੋ-ਘੱਟ ਤਿੰਨ-ਚਾਰ ਵਾਰ ਬਦਲੇ ਪ੍ਰਤੀਤ ਹੁੰਦੇ ਹਨ | ਸਵੇਰ ਸਮੇਂ ਇਸ ਦਾ ਰੰਗ ਗੁਲਾਬੀ ਨਜ਼ਰ ਆਉਂਦਾ ਹੈ | ਦੁਪਹਿਰ ਸਮੇਂ ਇਸ ਦਾ ਰੰਗ ਦੁੱਧੀਆ ਸਫੇਦ ਅਤੇ ਸ਼ਾਮ ਸਮੇਂ ਇਸ ਦਾ ਰੰਗ ਸੁਨਹਿਰੀ ਨਜ਼ਰ ਆਉਂਦਾ ਹੈ ਤੇ ਚਾਂਦਨੀ ਰਾਤ ਨੂੰ ਇਸ ਦਾ ਰੰਗ ਨੀਲਾ ਨਜ਼ਰ ਆਉਂਦਾ ਹੈ |
ਤਾਜ ਮਹੱਲ ਦੇ ਚਾਰੋਂ ਪਾਸੇ ਜੋ ਮੀਨਾਰ ਦਿਖਾਈ ਦਿੰਦੇ ਹਨ, ਇਹ ਮੀਨਾਰ ਇਕ ਦੂਜੇ ਵੱਲ ਨੂੰ ਝੁਕੇ ਹੋਏ ਹਨ, ਜੋ ਇਸ ਨੂੰ ਤੂਫਾਨ, ਭੁਚਾਲ ਆਦਿ ਦੇ ਝਟਕਿਆਂ ਤੋਂ ਬਚਾਉਣ ਲਈ ਇਸਤੇਮਾਲ ਕੀਤੀ ਹੋਈ ਤਕਨੀਕ ਹੈ | ਤਾਜ ਮਹੱਲ ਦੇ ਗੁੰਬਦ ਵਿਚ ਇਕ ਛੇਦ ਹੈ, ਜਿਸ ਵਿਚੋਂ ਮੀਂਹ ਪੈਣ 'ਤੇ ਪਾਣੀ ਟਪਕਦਾ ਰਹਿੰਦਾ ਹੈ | ਕਹਿੰਦੇ ਹਨ ਕਿ ਜਦ ਤਾਜ ਮਹੱਲ ਬਣ ਕੇ ਪੂਰਾ ਤਿਆਰ ਹੋ ਗਿਆ ਸੀ ਤਾਂ ਸ਼ਾਹਜਹਾਂ ਨੇ ਮਜ਼ਦੂਰਾਂ ਤੇ ਮਿਸਤਰੀਆਂ ਦੇ ਹੱਥ ਕਟਵਾਉਣ ਦਾ ਫ਼ੈਸਲਾ ਸੁਣਾਇਆ | ਇਸ ਕਰਕੇ ਮਿਸਤਰੀਆਂ ਤੇ ਮਜ਼ਦੂਰਾਂ ਨੇ ਮਿਲ ਕੇ ਇਹ ਇਕ ਕਮੀ ਜਾਣ-ਬੁੱਝ ਕੇ ਛੱਡ ਦਿੱਤੀ, ਪਰ ਲਿਖਤ ਵਿਚ ਇਹ ਵੀ ਆਉਂਦਾ ਹੈ ਕਿ ਜਿਸ ਠੇਕੇਦਾਰ ਨੇ ਤਾਜ ਮਹੱਲ ਬਣਵਾਇਆ ਸੀ, ਉਸ ਨੇ ਹੀ ਲਾਲ ਕਿਲ੍ਹਾ ਬਣਵਾਇਆ ਸੀ | ਇਸ ਨੂੰ ਬਣਵਾਉਣ ਵਿਚ ਦਸ ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਲੱਗਿਆ ਸੀ | ਤਾਜ ਮਹੱਲ ਜਮੁਨਾ ਨਦੀ ਦੇ ਕੰਢੇ 'ਤੇ ਬਣਿਆ ਹੈ | ਕਹਿੰਦੇ ਹਨ ਕਿ ਜਮੁਨਾ ਨਦੀ ਦਾ ਤੱਟ ਨੇੜੇ ਹੋਣ ਕਰਕੇ ਸਲ੍ਹਾਬ ਤੋਂ ਬਚਾਅ ਲਈ ਇਸ ਦੀਆਂ ਨੀਹਾਂ ਦੇ ਥੱਲੇ ਕਿਸੇ ਲੱਕੜ ਦਾ ਇਸਤੇਮਾਲ ਕੀਤਾ ਗਿਆ ਹੈ |
-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ,
ਜ਼ਿਲ੍ਹਾ ਅੰਮਿ੍ਤਸਰ-143022
email:dharmindersinghchabba@gmail.com