ਉਹ ਦਸੰਬਰ 1273 (673 ਹਿਜ਼ਰੀ) ਦੇ ਵਿਚਕਾਰ ਵਾਲੇ ਹੀ ਦਿਨ ਸਨ ਜਦੋਂ ਇਕ ਦੈਂਤ ਰੂਪੀ ਤੂਫ਼ਾਨ ਅਤੇ ਭੁਚਾਲ ਦੇ ਦੁਮੇਲ ਨੇ ਕੋਨੀਆਂ (ਤੁਰਕੀ) ਦੀ ਧਰਤੀ ਕੰਬਣ ਲਾ ਦਿੱਤੀ | ਮੌਤ ਨੇ ਕੋਨੀਆਂ ਵਾਸੀਆਂ ਨੂੰ ਲਗਾਤਾਰ 40 ਦਿਨ ਚੌ-ਤਰਫ਼ਾ ਘੇਰਾ ਪਾਈ ਰੱਖਿਆ | ਇਸ ਹਾਲਾਤ ਵਿਚ ਸ਼ੇਖ਼ ਮੌਲਾਨਾ ਰੂਮੀ ਸਖਤ ਬਿਮਾਰ ਹੋ ਗਏ, ਬਹੁਤ ਓਹੜ-ਪੋਹੜ ਕੀਤੇ ਗਏ ਪਰ ਉਹ ਠੀਕ ਹੁੰਦੇ ਨਜ਼ਰ ਨਾ ਆਏ | ਲੋਕਾਂ ਨੇ ਕੋਨੀਆ ਦੀ 40 ਦਿਨ ਤਬਾਹੀ ਦਾ ਕਾਰਨ ਜਾਨਣ ਲਈ ਮੌਲਾਨਾ ਰੂਮੀ ਦੇ ਡੇਰੇ ਦਾ ਬੂਹਾ ਆ ਖੜਕਾਇਆ | ਜਵਾਬ ਵਿਚ ਰੂਮੀ ਨੇ ਆਖਿਆ ਕਿ ਕੁਦਰਤ ਨੂੰ ਜ਼ਬਰਦਸਤ ਭੁੱਖ ਲੱਗੀ ਹੋਈ ਹੈ | ਉਹ ਆਪਣੇ ਮਨਪਸੰਦ ਦੇ ਸ਼ਿਕਾਰ ਨਾਲ ਆਪਣੀ ਭੁੱਖ-ਪਿਆਸ ਬੁਝਾਉਣ ਦੀ ਇੱਛੁਕ ਹੈ | ਜਦੋਂ ਕੁਦਰਤ ਦੀ ਇਹ ਖਵਾਹਿਸ਼ ਪੂਰੀ ਜਾਵੇਗੀ ਤਾਂ ਉਹ ਆਪਣੇ-ਆਪ ਸ਼ਾਂਤ ਹੋ ਜਾਵੇਗੀ | ਅਗਲੀ ਹੀ ਸਵੇਰ 17 ਦਸੰਬਰ 1273 ਨੂੰ ਕੁਦਰਤ ਸ਼ਾਂਤ ਹੋ ਗਈ | ਕੋਨੀਆਂ ਦਾ ਆਸਮਾਨ ਸ਼ੇਖ ਮੌਲਾਨਾ ਰੂਮੀ ਦੀ ਜੈ ਜੈ ਕਾਰ ਨਾਲ ਗੂੰਜ ਉੱਠਿਆ | ਲੋਕ ਸ਼ੁਕਰਾਨੇ ਵਜੋਂ ਮੁੜ ਮੌਲਾਨਾ ਰੂਮੀ ਦੇ ਦਰਬਾਰ ਆ ਪਹੁੰਚੇ | ਬੂਹਾ ਖੋਲ੍ਹਦਿਆਂ ਹੀ ਪਤਾ ਲੱਗਿਆ ਕਿ ਸ਼ੇਖ ਮੌਲਾਨਾ ਰੂਮੀ ਖ਼ੁਦ ਹੀ ਕੁਦਰਤ ਦੀ ਇਸ ਭੁੱਖ-ਪਿਆਸ ਦਾ ਸ਼ਿਕਾਰ ਹੋ ਗਏ ਹਨ | ਉਹ ਸ਼ੇਖ ਮੌਲਾਨਾ ਰੂਮੀ, ਜਿਨ੍ਹਾਂ ਦਾ ਕੁੱਲ ਲੋਕਾਈ ਨੂੰ ਸੁਨੇਹਾ ਸੀ ਕਿ :
ਬਾਹਰ ਆ, ਬਾਹਰ ਆ,
ਭਾਵੇਂ ਤੂੰ ਕਿੰਨਾ ਵੀ ਟੁੱਟਿਆ ਹੋਇਆ ਹੈਂ |
ਇਹ ਕਾਰਵਾਂ ਨਿਰਾਸ਼ਾ ਦਾ ਨਹੀਂ,
ਉਮੀਦ ਦਾ ਕਾਰਵਾਂ ਹੈ |
ਉਨ੍ਹਾਂ ਦੇ ਜਨਾਜ਼ੇ ਵਿਚ ਬਾਦਸ਼ਾਹ ਰੁਕਾਨ-ਉੱਲ-ਦੀਨ ਖ਼ੁਦ ਸ਼ਾਮਿਲ ਹੋਏ | ਉਨ੍ਹਾਂ ਦੀ ਕਬਰ ਉਨ੍ਹਾਂ ਦੇ ਪਿਤਾ ਦੀ ਕਬਰ ਦੇ ਨਾਲ ਹੀ ਬਣਾਈ ਗਈ | ਇਸ ਸਥਾਨ ਤੇ ਕੋਨੀਆਂ ਦੇ ਧਨੀ ਲੋਕਾਂ ਦੀ ਮਦਦ ਨਾਲ ਆਲੀਸ਼ਾਨ ਭਵਨ ਕੁਬਾ-ਏ-ਖਿਜ਼ਰਾ ਉਸਾਰਿਆ ਗਿਆ ਹੈ |
ਮੌਲਾਨਾ ਰੂਮੀ ਨੂੰ ਬੰਦਗੀ ਕਰਨ ਲਈ ਜੇ ਕਿੱਧਰੇ ਵੀ ਇਕਾਂਤਵਾਸ ਨਾ ਮਿਲਦਾ ਤਾਂ ਉਹ ਕੋਨੀਆ ਵਿਖੇ ਪਲੈਟੋ ਦੀ ਕਬਰ 'ਤੇ ਬਣੇ ਸੇਂਟ ਐਂਫੀਲੋਕੀਅਸ ਨਾਮੀ ਗਿਰਜਾਘਰ ਵਿਚ ਸਮਾਧੀ ਜਮਾਅ ਬਹਿੰਦੇ | ਇੱਥੋਂ ਦਾ ਇਕਾਂਤਵਾਸ ਉਨ੍ਹਾਂ ਨੂੰ ਬੰਦਗੀ ਕਰਨ ਵਿਚ ਪੂਰੀ ਤਰ੍ਹਾਂ ਸਹਾਈ ਹੁੰਦਾ | ਧਰਮਾਂ ਦੀ ਸਾਂਝੀਵਾਲਤਾ ਦੇ ਸੰਦੇਸ਼ ਕਾਰਨ ਹੀ ਮੁਸਲਮਾਨ ਮੌਲਾਨਾ ਰੂਮੀ ਨੂੰ ਯਹੂਦੀ ਅਤੇ ਇਸਾਈ ਲੋਕ ਵੀ ਬੇ-ਸ਼ੁਮਾਰ ਮੁਹੱਬਤ ਕਰਿਆ ਕਰਦੇ ਸਨ | ਜ਼ੌਰਜੀਅਨ ਲੇਡੀ ਜੋ ਕਿ ਮੌਲਾਨਾ ਰੂਮੀ ਦੀ ਪੱਕੀ ਮੁਰੀਦ ਸੀ ਅਤੇ ਕੋਨੀਆਂ ਦੇ ਮੁਸਲਾਮਾਨ ਹਾਕਮ ਦੀ ਈਸਾਈ ਬੇਗਮ ਸਨ | ਇਕ ਦਿਨ ਜ਼ੌਰਜੀਅਨ ਲੇਡੀ ਨੇ ਕਿਸੇ ਇਮਾਰਤ-ਸਾਜ਼ ਨੂੰ ਮੌਲਾਨਾ ਰੂਮੀ ਦੇ ਮਕਬਰੇ ਉੱਪਰ ਹਰੇ ਰੰਗ ਦਾ ਗੁੰਬਦ ਉਸਾਰਦੇ ਹੋਏ ਵੇਖਿਆ ਤਾਂ ਬੇਗਮ ਨੇ ਆਣ ਪੁੱਛਿਆ ਕਿ 'ਤੂੰ ਮੌਲਾਨਾ ਰੂਮੀ ਵਿਚ ਐਡਾ ਕੀ ਕਿ੍ਸ਼ਮਾ ਵੇਖ ਲਿਆ ਜੋ ਤੂੰ ਇਸ ਦਾ ਮੁਰੀਦ ਹੋ ਗਿਆ ਏਾ'! ਉਸ ਇਮਾਰਤ-ਸਾਜ਼ ਨੇ ਆਖਿਆ ਕਿ ਬੇਗਮ ਸਾਹਿਬਾ! ਈਸਾਈ ਲੋਕ ਸਭ ਤੋਂ ਵੱਧ ਪਿਆਰ ਯਿਸ਼ੂ ਨੂੰ ਕਰਦੇ ਹਨ, ਯਹੂਦੀ ਮੂਸਾ ਨੂੰ ਅਤੇ ਮੁਸਲਮਾਨ ਮੁਹੰਮਦ ਸਾਹਿਬ ਨੂੰ | ਪਰ ਦੁਨੀਆਂ ਭਰ ਦੇ ਸਭ ਧਰਮਾਂ ਦੇ ਲੋਕ ਜਿਸ ਨੂੰ ਸਾਂਝੇ ਤੌਰ 'ਤੇ ਪਿਆਰ ਕਰਦੇ ਹਨ, ਉਹ ਹੈ ਮੌਲਾਨਾ ਰੂਮੀ | ਆਪਾਂ ਇਸ ਤੋਂ ਵੱਡਾ ਕਿ੍ਸ਼ਮਾ ਕੀ ਵੇਖਣਾ ਹੈ ਮੌਲਾਨਾ ਰੂਮੀ ਤੋਂ |'
ਅੱਜ ਦੇ ਦੌਰ ਵਿਚ ਮੌਲਾਨਾ ਰੂਮੀ ਦੇ ਸਪੁਰਦ-ਏ-ਖ਼ਾਕ ਹੋਣ ਦੇ 753 ਵਰ੍ਹੇ ਬਾਅਦ ਜਦ ਉਸਦੀ ਸ਼ਾਹਕਾਰ ਕਲਾ ਕਿਰਤ ਮਨਸਵੀ (ਭਾਵ ਦੋ) ਨੂੰ ਸਤਿਕਾਰ ਵਜੋਂ 'ਫ਼ਾਰਸੀ ਦੇ ਪਵਿੱਤਰ ਗ੍ਰੰਥ' ਦਾ ਦਰਜਾ ਪ੍ਰਾਪਤ ਹੋਵੇ | ਦੁਨੀਆਂ ਦੀਆਂ ਸਾਰੀਆਂ ਮਕਬੂਲ ਭਾਸ਼ਾਵਾਂ ਵਿਚ ਮਨਸਵੀ ਦਾ ਤਰਜੁਮਾਂ ਹੋ ਚੁੱਕਾ ਹੋਵੇ | ਮਨਸਵੀ ਆਪਣੀ ਮਾਤ ਭਾਸ਼ਾ ਫਾਰਸੀ ਤੋਂ ਵੀ ਵੱਧ ਅੰਗਰੇਜ਼ੀ ਵਿਚ ਪੜ੍ਹੀ ਜਾਂਦੀ ਹੋਵੇ ਤਾਂ ਜੇ ਉਸ ਵੇਲੇ ਕੋਈ ਆਖ ਦੇਵੇ ਕਿ ਕੌਣ ਮੌਲਾਨਾ ਰੂਮੀ ? ਤਾਂ ਫਿਰ ਉਸਨੂੰ ਅਜੇ ਦੁਨੀਆ ਬਾਰੇ ਬਹੁਤ ਕੁਝ ਜਾਨਣ ਦੀ ਜ਼ਰੂਰਤ ਹੈ | ਮੌਲਾਨਾ ਰੂਮੀ ਦੀ ਜ਼ਿੰਦਗੀ ਅਤੇ ਰੂਹਾਨੀ ਜਗਤ ਨੂੰ ਦੇਣ ਬਾਰੇ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਸੁਲਤਾਨ ਵਲਦ ਦੁਆਰਾ ਰਚਿਤ ਕਿਤਾਬ ਇਬਾਦਤਨਾਮਾ ਅਤੇ 14 ਵੀਂ ਸਦੀ ਦੇ ਸੂਫੀ ਸੰਤ ਸ਼ਮਸ-ਉਦ-ਦੀਨ ਅਲਫਾਕੀ ਦੀ ਰਚਨਾ ਮੁਨਾਕਿਬੁਲ-ਆਰਿਫ਼ੀਨ ਰਾਹੀਂ ਪ੍ਰਾਪਤ ਹੁੰਦੀ ਹੈ |
ਤਕਰੀਬਨ 500 ਸਾਲ ਤੱਕ ਇਸਲਾਮਿਕ ਵਿੱਦਿਆ ਦੇ ਖੇਤਰ ਵਿਚ ਆਪਣਾ ਕਬਜ਼ਾ ਜਮਾਈ ਰੱਖਣ ਵਾਲਾ ਅਫ਼ਗਾਨਿਸਤਾਨ ਦਾ ਪ੍ਰਸਿੱਧ ਨਗਰ ਬਲਖ਼ ਵਿਖੇ ਪਿਤਾ ਸ਼ੇਖ ਹੁਸੈਨ ਅੱਲ ਬਲਖੀ ਬਹਾ-ਉਦ-ਦੀਨ ਖਵਾਰਜ਼ਮ ਅਤੇ ਮਾਤਾ ਮੋਮਿਤ ਖ਼ਾਤੂਨ ਦੇ ਘਰ ਮੌਲਾਨਾ ਰੂਮੀ ਦਾ ਜਨਮ 30 ਸਤੰਬਰ 1207 ਨੂੰ ਹੋਇਆ | ਸ਼ੇਖ ਬਹਾ-ਉਦ-ਦੀਨ ਖਵਾਰਜ਼ਮ ਉਸ ਸਮੇਂ ਦੇ ਨਾਮੀਂ ਬਾਦਸ਼ਾਹ ਅਲਾ-ਉਦ-ਦੀਨ ਮੁਹੰਮਦ ਖਵਾਰਜ਼ਮ ਸ਼ਾਹ ਦੇ ਕਰੀਬੀ ਰਿਸ਼ਤੇਦਾਰ ਅਤੇ ਪਹਿਲੇ ਖ਼ਲੀਫ਼ਾ (ਇਸਲਾਮਿਕ ਰਾਜ ਵਿਚ ਸ਼ਰੀਅਤ ਦੇ ਨਿਯਮਾਂ ਅਨੁਸਾਰ ਚੱਲਣ ਵਾਲੇ ਪ੍ਰਮੁੱਖ ਸ਼ਾਸਕ) ਅੱਬੂ ਬਕਰ ਦੇ ਖਾਨਦਾਨ ਵਿਚੋਂ ਸਨ | ਇਸੇ ਤਰ੍ਹਾਂ ਮੌਲਾਨਾ ਰੂਮੀ ਦੀ ਮਾਂ ਮੋਮਿਤ ਖ਼ਾਤੂਨ ਵੀ ਚੌਥੇ ਖ਼ਲੀਫ਼ਾ ਹਜ਼ਰਤ ਅਲੀ ਦੇ ਖਾਨਦਾਨ ਵਿਚੋਂ ਸਨ | ਮੌਲਾਨਾ ਰੂਮੀ ਦਾ ਅਸਲੀ ਨਾਮ ਤਾਂ ਮੁਹੰਮਦ ਸੀ ਅਤੇ ਜਲਾਲ-ਉਦ-ਦੀਨ ਮੁਹੰਮਦ ਬਿਨ ਹੁਸੈਨ ਅੱਲ ਬਲਖ਼ੀ ਉਸਦਾ ਲਕਬ ਸੀ | ਰੂਮੀ ਦੇ ਬਚਪਨ ਦੌਰਾਨ ਉਸਦਾ ਸਾਰਾ ਪਰਿਵਾਰ ਮੰਗੋਲਾਂ ਦੇ ਹਮਲਿਆਂ ਕਾਰਨ ਮੁਸਾਫ਼ਰੀ ਕਰਦਾ ਰਿਹਾ | ਰੂਮੀ ਉਦੋਂ ਬੱਸ ਸੱਤ ਕੁ ਸਾਲ ਦਾ ਹੀ ਸੀ ਜਦੋਂ ਉਨ੍ਹਾਂ ਦਾ ਪਰਿਵਾਰ ਅਨਾਤੋਲੀਆ (ਤੁਰਕੀ) ਵਿਖੇ ਆ ਗਿਆ | ਅਨਾਤੋਲੀਆ ਉਸ ਵੇਲੇ ਰੋਮ ਸ਼ਾਸਕਾਂ ਦੇ ਰਾਜ ਅਧਿਕਾਰ ਹੇਠ ਆਉਂਦਾ ਸੀ ਅਤੇ ਰੋਮ ਸ਼ਾਸ਼ਨ ਅਧੀਨ ਦੇਸ਼ਾਂ ਦੇ ਵਸਨੀਕਾਂ ਨੂੰ ਰੋਮਨ ਜਾਂ ਰੋਮੀ / ਰੂਮੀ ਕਿਹਾ ਜਾਂਦਾ ਸੀ | ਇਸ ਤਰ੍ਹਾਂ ਜਲਾਲ-ਉਦ-ਦੀਨ ਵੀ ਰੂਮੀ ਵਜੋਂ ਜਾਣਿਆ ਜਾਣ ਲੱਗਾ | ਮੌਲਾਨਾ, ਅਜਿਹਾ ਖ਼ਿਤਾਬ ਹੈ ਜੋ ਆਪਣੇ ਵੱਡੇ-ਵਡੇਰਿਆਂ ਨੂੰ ਸਨਮਾਨ ਵਜੋਂ ਦਿੱਤਾ ਗਿਆ ਹੁੰਦਾ ਹੈ |
ਉਨ੍ਹਾਂ ਦੇ ਪਿਤਾ ਸ਼ੇਖ ਹੁਸੈਨ ਅੱਲ ਬਲਖੀ ਬਹਾ-ਉਦ-ਦੀਨ ਖਵਾਰਜ਼ਮ ਦੇ ਨਾਮ ਦੇ ਦੂਰ ਦੁਰਾਡੇ ਇਸ ਕਦਰ ਚਰਚੇ ਸਨ ਕਿ ਉਨ੍ਹਾਂ ਤੋਂ ਪ੍ਰਭਾਵਿਤ ਹੁੰਦੇ ਹੋਏ ਖੁਰਾਸਾਨ ਦੇ ਬਾਦਸ਼ਾਹ ਨੇ ਸੰਨ 1213 ਵਿਚ ਸ਼ੇਖ ਸਾਹਿਬ ਦੇ ਪ੍ਰਵਚਨ ਸੁਣਨ ਲਈ ਉਨ੍ਹਾਂ ਦੇ ਦਰਬਾਰ ਤੱਕ ਖੁਦ ਪਹੁੰਚ ਕੀਤੀ | ਇੱਥੇ ਇਕੱਠੇ ਹੋਏ ਲੋਕਾਂ ਦੇ ਭਾਰੀ ਹਜੂਮ ਨੂੰ ਵੇਖ ਕੇ ਤਾਂ ਬਾਦਸ਼ਾਹ ਸਲਾਮਤ ਹੱਕੇ ਬੱਕੇ ਰਹਿ ਗਏ | ਉਨ੍ਹਾਂ ਵਾਪਸ ਪਰਤਣ ਉਪਰੰਤ ਮੌਲਾਨਾ ਰੂਮੀ ਦੇ ਪਿਤਾ ਨੂੰ ਤਲਖ਼ੀ 'ਚ ਇਕ ਖਤ ਲਿਖਿਆ:
'ਸ਼ੇਖ ਸਾਹਿਬ ! ਲੋਕਾਂ ਦੇ ਦਿਲਾਂ ਉੱਤੇ ਤਾਂ ਅਸਲ ਵਿਚ ਤੁਸੀਂ ਰਾਜ ਕਰ ਰਹੇ ਹੋ, ਫਿਰ ਇਹ ਕਿਲੇ, ਹਥਿਆਰ-ਘਰ ਅਤੇ ਖਜ਼ਾਨੇ ਆਦਿ ਦੀਆਂ ਚਾਬੀਆਂ ਮੈਂ ਕੀ ਕਰਨੀਆਂ ਹਨ | ਇਹ ਵੀ ਤੁਸੀਂ ਹੀ ਸੰਭਾਲ ਲਵੋ |' ਬਾਦਸ਼ਾਹ ਸਲਾਮਤ ਨੇ ਇਸ ਖਤ ਸਮੇਤ ਸਭ ਚਾਬੀਆਂ ਸ਼ੇਖ ਬਹਾ-ਉਦ-ਦੀਨ ਤੱਕ ਪਹੁੰਚਾ ਦਿੱਤੀਆਂ |
ਸ਼ੇਖ ਹੁਸੈਨ ਅੱਲ ਬਲਖੀ ਬਹਾ-ਉਦ-ਦੀਨ ਨੇ ਸਭ ਕੁਝ ਜਿਉਂ ਦਾ ਤਿਉਂ ਵਾਪਿਸ ਕਰਦੇ ਹੋਏ ਜਵਾਬੀ ਖ਼ਤ ਵਿਚ ਲਿਖ ਕੇ ਘੱਲਿ੍ਹਆ, 'ਬਾਦਸ਼ਾਹ ਸਲਾਮਤ ! ਮੈਂ ਦੁਨੀਆਂ ਦੀ ਹਸਰਤ-ਸ਼ੌਹਰਤ ਸਭ ਤਿਆਗ ਚੁੱਕਾ ਹਾਂ | ਇਹ ਖਜ਼ਾਨੇ, ਹਥਿਆਰ-ਘਰ ਜਾਂ ਮਹੱਲ ਮੇਰੇ ਕਿਸੇ ਕੰਮ ਦੇ ਨਹੀਂ | ਇਹ ਸਭ ਤਹਾਨੂੰ ਹੀ ਮੁਬਾਰਕ | ਆਪ ਦੀ ਪਰਜਾ ਦੇ ਦਿਲਾਂ 'ਤੇ ਰਾਜ ਕਰਨ ਦਾ ਭਰਮ-ਭੁਲੇਖਾ ਦੂਰ ਕਰਨ ਲਈ ਮੈਂ ਜਲਦ ਹੀ ਖੁਰਾਸਾਨ ਛੱਡ ਕੇ ਚਲਾ ਜਾਵਾਂਗਾ |
ਇਸ ਸਾਰੇ ਮਾਮਲੇ ਦੀ ਖ਼ਬਰ ਜਦ ਆਮ ਲੋਕਾਂ ਤੱਕ ਪਹੁੰਚੀ ਤਾਂ ਲੋਕਾਂ ਨੇ ਬਾਦਸ਼ਾਹ ਵਿਰੁੱਧ ਬਗ਼ਾਵਤ ਕਰ ਦਿੱਤੀ | ਨਤੀਜੇ ਵਜੋਂ ਖੁਰਾਸਾਨ ਦੇ ਬਾਦਸ਼ਾਹ ਨੂੰ ਸ਼ੇਖ ਬਹਾ-ਉਦ-ਦੀਨ ਤੋਂ ਮੁਆਫ਼ੀ ਮੰਗਣੀ ਪਈ ਅਤੇ ਰਾਜ ਦਰਬਾਰ ਨੂੰ ਸ਼ੇਖ ਸਾਹਿਬ ਨੂੰ ਖੁਰਾਸਾਨ ਵਿਚ ਹੀ ਬਣੇ ਰਹਿਣ ਲਈ ਅਰਜ਼ ਕਰਨੀ ਪਈ |
ਲੋਕ ਇਸ ਉਪਰੰਤ ਸ਼ਾਂਤ ਹੋ ਗਏ ਪਰ ਸ਼ੇਖ ਬਹਾ-ਉਦ-ਦੀਨ ਅਗਲੀ ਹੀ ਰਾਤ ਕਿਸੇ ਨੂੰ ਕੁਝ ਵੀ ਦੱਸੇ ਬਗ਼ੈਰ ਆਪਣੇ ਪਰਿਵਾਰ ਸਮੇਤ ਖੁਰਾਸਾਨ ਤਿਆਗ ਗਏ | ਸ਼ੇਖ ਸਾਹਿਬ ਖੁਰਾਸਾਨ ਤੋਂ ਰੁਖਸਤ ਕੀ ਹੋਏ ਕਿ ਜਲਦ ਹੀ ਮੰਗੋਲ ਫੌਜਾਂ ਨੇ ਚੰਗੇਜ਼ ਖਾਨ ਦੀ ਅਗ਼ਵਾਈ ਵਿਚ ਹਮਲੇ ਦੌਰਾਨ ਬਲਖ਼ ਸਮੇਤ ਖੁਰਾਸਾਨ ਦਾ ਵੀ ਖੁਰਾਖ਼ੋਜ ਹੀ ਮਿਟਾ ਦਿੱਤਾ |
ਈਰਾਨ ਦੇ ਇਸ ਸਫ਼ਰ ਦੌਰਾਨ ਨੀਸ਼ਾਪੁਰ ਵਿਖੇ ਪਿਤਾ ਸ਼ੇਖ ਬਹਾ-ਉਦ-ਦੀਨ ਅਤੇ ਪੁੱਤਰ ਬਾਲ ਰੂਮੀ ਦੋਵੇਂ ਉਸ ਸਮੇਂ ਦੇ ਨਾਮੀਂ ਫ਼ਕੀਰ ਅਤੇ 12-13ਵੀਂ ਸਦੀ ਦੇ ਦਰਵੇਸ਼ ਸੂਫ਼ੀ ਕਵੀ ਫ਼ਰੀਦ-ਉਦ-ਦੀਨ ਅੱਤਾਰ ਦੇ ਦਰਸ਼ਨ ਕਰਨ ਆਏ | ਫ਼ਕੀਰ ਫ਼ਰੀਦ-ਉਦ-ਦੀਨ ਅੱਤਾਰ ਮਹਾਨ ਰਚਨਾ ਮਨਿਕੁਤੈਰ ਦੇ ਰਚੇਤਾ ਹਨ ਅਤੇ ਆਪ ਨੇ ਮਨਿਕੁਤੈਰ ਰਾਹੀਂ ਉਸ ਸਮੇਂ ਸਵਾ ਲੱਖ ਪਦਾਂ ਦੀ ਰਚਨਾ ਕੀਤੀ |
ਪਿਤਾ ਸ਼ੇਖ ਬਹਾ-ਉਦ-ਦੀਨ ਨੂੰ ਅੱਗੇ ਅਤੇ ਬਾਲ ਰੂਮੀ ਨੂੰ ਪਿੱਛੇ ਤੁਰੇ ਆਉਂਦਿਆਂ ਵੇਖ ਅੱਤਾਰ ਦੇ ਕਿਸੇ ਮੁਰੀਦ ਨੇ ਫ਼ਰਮਾਇਆ, ਔਹ ਵੇਖੋ ! ਵਗਦੀ ਨਦੀ ਦੇ ਪਿੱਛੇ ਸਮੁੰਦਰ ਚਲਿਆ ਆ ਰਿਹਾ ਹੈ | ਭਾਵ ਪਿਤਾ ਸ਼ੇਖ ਬਹਾ-ਉਦ-ਦੀਨ ਜੇਕਰ ਕੋਨੀਆ ਦੀ ਧਰਤ 'ਤੇ ਵਗਦੀ ਇਕ ਨਦੀ ਹਨ ਤਾਂ ਉਨਾਂ ਦਾ ਪੁੱਤਰ ਬਾਲ ਰੂਮੀ ਇਸ ਨਦੀ ਵਿਚੋਂ ਫੁੱਟਿਆ ਸਮੁੰਦਰ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 98154-61875