ਖਿਆਲ ਅਤੇ ਭਗਤੀ ਸੰਗੀਤ ਦੇ ਖੇਤਰ ਵਿਚ ਮੇਵਾਤੀ ਘਰਾਣੇ ਦੇ 'ਸੰਗੀਤ ਮਾਰਤੰਡ' ਪੰਡਿਤ ਜਸਰਾਜ ਦਾ ਨਾਂਅ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਬਚਪਨ ਵਿਚ ਪ੍ਰਸਿੱਧ ਗਾਇਕਾ ਬੇਗਮ ਅਖ਼ਤਰ ਦੀ ਗਜ਼ਲ 'ਦੀਵਾਨਾ ਬਨਾਨਾ ਹੈ ਤੋ ਦੀਵਾਨਾ ਬਨਾ ਦੇ ਵਰਨਾ ਕਹੀਂ ਤਕਦੀਰ ਤਮਾਸ਼ਾ ਨਾ ਬਨਾ ਦੇ' ਨੇ ਬਾਲਕ ਜਸਰਾਜ ਨੂੰ ਸੰਗੀਤ ਦਾ ਐਸਾ ਦੀਵਾਨਾ ਬਣਾਇਆ ਕਿ ਵੱਡੇ-ਵੱਡੇ ਸੰਗੀਤ ਸੰਮੇਲਨ ਉਨ੍ਹਾਂ ਦੀ ਹਾਜ਼ਰੀ ਬਿਨਾਂ ਅਧੂਰੇ ਲੱਗਦੇ। ਮੁੰਬਈ ਰੇਡੀਓ ਦੇ 'ਏ' ਗ੍ਰੇਡ ਕਲਾਕਾਰ ਪੰਡਿਤ ਜੀ ਆਪਣੇ ਗਾਇਨ ਦੀ ਪੇਸ਼ਕਾਰੀ ਤੋਂ ਪਹਿਲਾਂ ਜਦ 'ਓਮ ਸ੍ਰੀ ਅਨੰਤ ਨਾਰਾਇਣ' ਦਾ ਭਰਵਾਂ ਅਲਾਪ ਕਰਦੇ ਤਾਂ ਸਮੁੱਚੀ ਕਾਇਨਾਤ ਵਿਚ ਚੁੱਪ ਪਸਰ ਜਾਂਦੀ ਸੀ। ਸ਼ਾਸਤਰੀ ਸੰਗੀਤ ਵਿਚ ਇਕ ਪੁਰਸ਼ ਅਤੇ ਇਕ ਇਸਤਰੀ ਗਾਇਕ ਦੁਆਰਾ ਜੁਗਲਬੰਦੀ ਰਾਹੀਂ ਬੜ੍ਹਤ ਕਰਨ ਦਾ ਇਕ ਨਵਾਂ ਤਜਰਬਾ ਵੀ ਪੰਡਿਤ ਜੀ ਦੇ ਹਿੱਸੇ ਆਇਆ ਜਿਸ ਨੂੰ ਸੰਗੀਤਕ ਭਾਸ਼ਾ ਵਿਚ 'ਜਸਰੰਗੀ' ਕਿਹਾ ਗਿਆ।
ਹਰਿਆਣਾ ਦੇ ਫਤਿਹਬਾਦ ਜ਼ਿਲ੍ਹੇ ਦੇ ਪਿੰਡ ਪਿਲੀ ਮੰਡੋਰੀ ਵਿਚ 28 ਜਨਵਰੀ, 1930 (ਕੁਝ ਵਿਦਵਾਨਾਂ ਅਨੁਸਾਰ 20 ਜਨਵਰੀ, 1930) ਨੂੰ ਕਸ਼ਮੀਰ ਰਾਜ ਦੇ ਦਰਬਾਰੀ ਗਾਇਕ ਪੰਡਿਤ ਮੋਤੀ ਰਾਮ ਅਤੇ ਕ੍ਰਿਸ਼ਨਾ ਬਾਈ ਦੇ ਘਰ ਪੰਡਿਤ ਜਸਰਾਜ ਦਾ ਜਨਮ ਹੋਇਆ। ਸੰਨ 1934 ਵਿਚ ਪਿਤਾ ਦੇ ਦਿਹਾਂਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਜਿਸ ਉਪਰੰਤ ਚਾਰ ਸਾਲਾ ਜਸਰਾਜ ਨੇ ਸ਼ਾਸਤਰੀ ਸੰਗੀਤ ਦੀ ਤਾਲੀਮ ਵੱਡੇ ਭਰਾ ਪੰਡਿਤ ਮਣੀਰਾਮ ਅਤੇ ਤਬਲੇ ਦੀ ਸਿੱਖਿਆ ਭਰਾ ਪ੍ਰਤਾਪ ਨਾਰਾਇਣ ਕੋਲੋਂ ਲੈਣੀ ਸ਼ਰੂ ਕੀਤੀ। ਤਬਲਾ ਵਾਦਨ ਵਿਚ ਪਰਪੱਕ ਹੋਣ ਉਪਰੰਤ ਪੰਡਿਤ ਜਸਰਾਜ ਸੰਗੀਤਕ ਸੰਮੇਲਨਾਂ ਵਿਚ ਪੰਡਿਤ ਮਣੀਰਾਮ ਨਾਲ ਤਬਲੇ ਤੇ ਸੰਗਤ ਕਰਨ ਲੱਗੇ। ਕਾਬਲ-ਏ-ਗੌਰ ਹੈ ਕਿ ਅਗਸਤ 1945 ਵਿਚ ਲਾਹੌਰ ਵਿਚ ਪ੍ਰਸਿੱਧ ਸ਼ਾਸਤਰੀ ਗਾਇਕ ਪੰਡਿਤ ਕੁਮਾਰ ਗੰਧਰਵ ਨਾਲ ਤਬਲਾ ਵਾਦਨ ਕਰਕੇ ਉਨ੍ਹਾਂ ਸਭਨਾਂ ਨੂੰ ਹੈਰਾਨ ਕਰ ਦਿੱਤਾ ਸੀ। ਮਹਾਰਾਜਾ ਜੈਵੰਤ ਸਿੰਘ ਵਘੇਲਾ (ਗਾਇਕ ਅਤੇ ਬੀਨਕਾਰ), ਆਗਰਾ ਘਰਾਣੇ ਦੇ ਸਵਾਮੀ ਵੱਲਭ ਦਾਸ ਅਤੇ ਮੇਵਾਤੀ ਘਰਾਣੇ ਦੇ ਉਸਤਾਦ ਗੁਲਾਮ ਕਾਦਿਰ ਖ਼ਾਂ ਤੋਂ ਵੀ ਇਨ੍ਹਾਂ ਗਾਇਕੀ ਦੇ ਗੁਰ ਸਿਖੇ। ਇਸੇ ਦੌਰਾਨ ਜਦ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਤਬਲਾ ਵਾਦਕ ਨਾਲੋਂ ਗਾਇਕ ਨੂੰ ਜਿਆਦਾ ਸਤਿਕਾਰ ਮਿਲਦਾ ਹੈ ਤਾਂ ਉਨ੍ਹਾਂ ਗਾਇਕ ਬਣਨ ਦਾ ਪ੍ਰਣ ਕਰ ਲਿਆ।
ਪੰਡਿਤ ਮਣੀ ਰਾਮ ਦੀ ਦੇਖਰੇਖ ਅਧੀਨ ਦਿਨ ਰਾਤ ਮਿਹਨਤ ਕਰਕੇ ਉਹ ਮੇਵਾਤੀ ਘਰਾਣੇ ਦੇ ਕੁਸ਼ਲ ਗਾਇਕ ਬਣ ਗਏ। ਸੰਨ 1950 ਦੇ ਕਰੀਬ ਉਹ ਅਕਾਸ਼ਵਾਣੀ 'ਤੇ ਆਪਣਾ ਪ੍ਰੋਗਰਾਮ ਦੇਣ ਤੋਂ ਇਲਾਵਾ ਭਰਾ ਪੰਡਿਤ ਮਣੀ ਰਾਮ ਦੇ ਨਾਲ ਸੰਗੀਤ ਸੰਮੇਲਨਾਂ ਵਿਚ ਜੁਗਲਬੰਦੀ ਵੀ ਦੇਣ ਲੱਗੇ ਜਿਸ ਨਾਲ ਉਨ੍ਹਾਂ ਦਾ ਨਾਂਅ ਸੰਗੀਤ ਦੇ ਖੇਤਰ ਵਿਚ ਜਾਣਿਆ ਜਾਣ ਲੱਗਾ। ਉਨ੍ਹਾਂ ਦੀ ਉਪਮਾ ਸੁਣ ਕੇ ਨਿਪਾਲ ਦੇ ਮਹਾਰਾਜਾ ਤ੍ਰਿਭੁਵਨ ਵੀਰ ਵਿਕਰਮ ਸ਼ਾਹ ਨੇ ਨਿਪਾਲ ਦਰਬਾਰ ਵਿਚ ਉਨ੍ਹਾਂ ਦਾ ਪਹਿਲਾ ਸੋਲੋ ਗਾਇਨ ਸੰਨ 1952 ਵਿਚ ਆਯੋਜਿਤ ਕਰਵਾਇਆ ਜਿਸ 'ਤੇ ਮਹਾਰਾਜਾ ਨੇ ਖੁਸ਼ ਹੋ ਕੇ ਉਨ੍ਹਾਂ ਨੂੰ ਪੰਜ ਹਜ਼ਾਰ ਮੋਹਰਾਂ ਭੇਟ ਕੀਤੀਆਂ ਸਨ।
ਸੰਨ 1962 ਵਿਚ ਪੰਡਿਤ ਜੀ ਦਾ ਵਿਆਹ ਪ੍ਰਸਿੱਧ ਫ਼ਿਲਮ ਨਿਰਮਾਤਾ/ਨਿਰਦੇਸ਼ਕ ਵੀ ਸ਼ਾਂਤਾ ਰਾਮ ਦੀ ਪੁੱਤਰੀ ਮਧੁਰਾ ਨਾਲ ਹੋਇਆ ਜਿਸ ਤੋਂ ਉਨ੍ਹਾਂ ਦੇ ਘਰ ਪੁੱਤਰ ਸ਼ਾਰੰਗਦੇਵ ਅਤੇ ਪੁੱਤਰੀ ਦੁਰਗਾ ਜਸਰਾਜ ਦਾ ਜਨਮ ਹੋਇਆ। ਮਧੁਰਾ ਨੇ ਬੱਚਿਆਂ ਦੇ ਅਨੇਕ ਨਾਟਕ ਅਤੇ ਫਿਲਮਾਂ ਨਿਰਦੇਸ਼ਿਤ ਕੀਤੀਆਂ। ਉਨ੍ਹਾਂ ਸੰਨ 2009 ਵਿਚ ਫਿਲਮ 'ਸੰਗੀਤ ਮਾਰਤੰਡ ਪੰਡਿਤ ਜਸਰਾਜ' ਅਤੇ 2010 ਵਿਚ ਇਕ ਮਰਾਠੀ ਫਿਲਮ 'ਆਈ ਤੁਝਾ ਅਸ਼ੀਰਵਾਦ' ਦਾ ਨਿਰਦੇਸ਼ਿਤ ਕੀਤੀ, ਜਿਸ ਵਿਚ ਪੰਡਿਤ ਜਸਰਾਜ ਅਤੇ ਲਤਾ ਮੰਗੇਸ਼ਕਰ ਨੇ ਆਪਣੀ ਅਵਾਜ਼ ਦਿੱਤੀ। ਸੰਨ 1963 ਵਿਚ ਉਹ ਮੁੰਬਈ ਆ ਵਸੇ ਤੇ ਜੁਗਲਬੰਦੀ ਗਾਣਾ ਛੱਡ ਕੇ ਸੋਲੋ ਗਾਇਕੀ ਵੱਲ ਪ੍ਰਵੇਸ਼ ਕਰ ਗਏ।
ਬਾਬਾ ਸ਼ਿਆਮ ਮਨੋਹਰ ਗੋਸਵਾਮੀ ਦੇ ਸੰਪਰਕ ਵਿਚ ਰਹਿ ਕੇ ਪੰਡਿਤ ਜਸਰਾਜ ਨੇ ਅਨੇਕ ਬੰਦਸ਼ਾਂ ਦੀ ਰਚਨਾ ਕੀਤੀ। ਉਨ੍ਹਾਂ ਦੀਆਂ ਗਾਇਨ ਕੀਤੀਆਂ ਅਨੇਕਾਂ ਖਿਆਲ ਬੰਦਸ਼ਾਂ, ਭਜਨ, ਧੁਨਾਂ ਜਗਤ ਪ੍ਰਸਿੱਧ ਹੋਈਆਂ ਜਿਵੇਂ 'ਜਾਵੋ ਨੀ ਜਾਵੋ ਸ਼ਿਆਮ ਛਲੀਆ' (ਰਾਗ ਸ਼ੁਧ ਸਾਰੰਗ), 'ਅਜਬ ਤੇਰੀ ਬਾਤ' (ਰਾਗ ਮੁਲਤਾਨੀ), 'ਪੀਆ ਘਰ ਨਾ ਆਏ' (ਰਾਗ ਜੋਗ), 'ਪਿਯਰਵਾ ਮੋਰਾ ਰੇ ਮੰਗਾ ਦੋ ਮੈਂ ਤੁਮ ਪੇ ਬਾਰੀ ਬਾਰੀ' (ਸ਼ੁਧ ਕਲਿਆਣ), 'ਤੁਮ ਬਿਨ ਕੈਸੇ ਕਟੇ' (ਰਾਗ ਜੋਗ), 'ਜਾ-ਜਾ ਰੇ ਅਪਨੇ ਮੰਦਰਵਾ' (ਰਾਗ ਭੀਮਪਲਾਸੀ), 'ਚਰਣ ਪ੍ਰੀਤ ਕਰੁਣਾ ਨਿਧਾਨ ਕੇ' (ਰਾਗ ਮਾਰਵਾ), 'ਪਵਨ ਪੁੱਤ ਹਨੂੰਮਾਨ' (ਰਾਗ ਹੰਸਧਵਨੀ) ਸ਼ਿਵ ਧੁਨ, ਗਨੇਸ਼ ਗਾਇਤਰੀ ਮੰਤਰਾ, ਓਮ ਸ੍ਰੀ ਹਨੂੰਮਤੇ ਨਮੋ, ਓਮ ਨਮੋ ਭਗਵਤੇ ਵਾਸੂਦੇਵਾ, ਵਾਅਦਾ ਤੁਮਸੇ ਹੈ ਵਾਅਦਾ, ਹਰੇ ਕ੍ਰਿਸ਼ਨਾ ਹਰੇ ਰਾਮਾ, ਹਨੂੰਮਾਨ ਲੱਲ੍ਹਾ ਮੇਰੇ ਪਿਆਰੇ ਲੱਲ੍ਹਾ, ਰਾਮ ਭਜੋ ਆਰਾਮ ਤਜੋ, ਜੈ ਸ਼ੰਕਰ ਸ਼ਿਵ ਸ਼ੰਕਰ, ਗੋਬਿੰਦ ਦਮੋਦਰ ਮਾਧਵੇਤੀ ਆਦਿ।
ਸੰਗੀਤ ਦੇ ਖੇਤਰ ਵਿਚ ਕੀਤੇ ਕੰੰਮਾਂ ਲਈ ਪੰਡਿਤ ਜੀ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਜਿਵੇਂ ਸੰਨ 1975 ਵਿਚ 'ਪਦਮ ਸ੍ਰੀ', ਸੰਨ 1976 ਵਿਚ ਹਰਿਆਣਾ ਸਰਕਾਰ ਵਲੋਂ 'ਸੰਗੀਤ ਮਾਰਤੰਡ' ਦੀ ਉਪਾਧੀ, ਉੱਤਰ ਪ੍ਰਦੇਸ਼ ਸਰਕਾਰ ਵਲੋਂ 'ਸਵਾਮੀ ਸ੍ਰੀ ਹਰੀਦਾਸ ਸੰਗੀਤ ਰਤਨ' ਪੁਰਸਕਾਰ, ਮੱਧ ਪ੍ਰਦੇਸ਼ ਸਰਕਾਰ ਵਲੋਂ 'ਸੰਗੀਤ ਕਲਾ ਰਤਨ' ਅਤੇ 'ਅਲਾਉਂਦੀਨ ਸੰਗੀਤ ਰਤਨ', ਹਰਿਆਣਾ ਸਰਕਾਰ ਵਲੋਂ 'ਰਸਰਾਜ' ਦੀ ਉਪਾਧੀ, ਮਹਾਰਾਸ਼ਟਰ ਸਰਕਾਰ ਵਲੋਂ 'ਮਹਾਰਾਸ਼ਟਰ ਗੌਰਵ ਪੁਰਸਕਾਰ' ਅਤੇ 'ਦੀਨਾ ਨਾਥ ਮੰਗੇਸ਼ਕਰ ਸਨਮਾਨ', 'ਕਲਾ ਸਮਰਾਟ' (ਵਾਰਾਣਸੀ) ਪੁਰਸਕਾਰ, ਸੰਨ 1987 ਵਿਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ, ਸ਼੍ਰੋਮਣੀ ਪੁਰਸਕਾਰ, ਰਾਜੀਵ ਗਾਂਧੀ ਪੁਰਸਕਾਰ, ਜਾਇੰਟਸ ਇੰਟਰਨੈਸ਼ਨਲ ਪੁਰਸਕਾਰ, ਸੰਨ 1990 ਵਿਚ 'ਪਦਮ ਭੂਸ਼ਣ', 26 ਜਨਵਰੀ 2000 ਨੂੰ 'ਭਾਰਤ ਵਿਭੂਸ਼ਣ', ਸੰਨ 2010 ਵਿਚ 'ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ', ਸੰਨ 2012 ਵਿਚ 'ਪੀ. ਐਲ. ਪਾਂਡੇ ਲਾਈਫ਼ ਟਾਈਮ ਅਚੀਵਮੈਂਟ ਅਵਾਰਡ', ਹੈਦਰਾਬਾਦ ਦੇ ਨਾਗਰਿਕਾਂ ਵਲੋਂ 'ਹੈਦਰਾਬਾਦ ਦਾ ਸਪੂਤ' ਪੁਰਸਕਾਰ ਆਦਿ। ਟੋਰਾਂਟੋ ਵਿਸ਼ਵਵਿਦਿਆਲਾ, ਟੋਰਾਂਟੋ ਵਲੋਂ "he 4}st}n{u}shed V}s}tor 1ward, ਵੈਦਿਕ ਹੈਰੀਟੇਜ ਸੰਸਥਾ ਨਿਊਯਾਰਕ (ਅਮਰੀਕਾ) ਵਲੋਂ 'ਸੰਗੀਤ ਸਮਰਾਟ' ਦੀ ਉਪਾਧੀ ਮਿਲਣਾ ਵੀ ਆਪ ਜਿਹੇ ਮਹਾਨ ਸ਼ਾਸਤਰੀ ਗਾਇਕ ਦੇ ਹਿਸੇ ਆਇਆ।
ਪੰਡਿਤ ਜੀ ਦੇ ਸ਼ਗਿਰਦਾਂ ਵਿਚੋਂ ਸਾਧਨਾ ਸਰਗਮ, ਪਦਮਜਾ, ਫੇਨਾਨੀ, ਗਰੀਸ਼, ਪੁੱਤਰ ਸਾਰੰਗਦੇਵ, ਸ਼ੀਰਸਾਗਰ, ਛਵੇਤਾ ਝਵੇਰੀ, ਸੰਜੀਵ ਅਭਿਅੰਕਰ, ਮਨੋਜ ਕਠਾਰੀ, ਸੁਮਨ ਘੋਸ਼, ਤ੍ਰਿਪਤੀ ਮੁਖਰਜੀ, ਰਤਨ ਮੋਹਨ ਸ਼ਰਮਾ, ਗਾਰਗੀ ਸਿਧਾਂਤ, ਕਲਾਰਾਮ ਨਾਥ, ਦੁਰਗਾ ਜਸਰਾਜ ਆਦਿ ਦੇ ਨਾਮ ਜ਼ਿਕਰਯੋਗ ਹਨ। 17 ਅਗਸਤ, 2020 ਨੂੰ ਨਿਊਜਰਸੀ (ਅਮਰੀਕਾ) ਵਿਚ ਸੰਗੀਤ ਜਗਤ ਦਾ ਇਹ ਸਿਤਾਰਾ ਸੰਗੀਤ ਪ੍ਰੇਮੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ।
-ਮੋਬਾਈਲ : 98554-53539