ਵੈਂਜ਼ੂਏਲਾ 'ਤੇ ਸੁਖਾਲੇ ਕਬਜ਼ੇ ਪਿੱਛੋਂ ਜਦੋਂ ਅਮਰੀਕਾ ਦੇ ਜੰਗੀ ਬੇੜੇ ਮੱਧ-ਪੂਰਬ ਵੱਲ ਵਧ ਰਹੇ ਸਨ ਤਾਂ ਟਰੰਪ ਨੂੰ ਵੀ ਸ਼ਾਇਦ ਇਲਮ ਨਹੀਂ ਸੀ ਕਿ ਯੂਰੇਨੀਅਮ ਤੇ ਪ੍ਰਮਾਣੂ ਪ੍ਰੋਗਰਾਮ ਨਾਲੋਂ ਵੀ ਹੋਰਮੁਜ਼ ਜਲਡਮਰੂ ਉਸ ਲਈ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਸਥਿਤੀ ਪੈਦਾ ਕਰ ਦੇਵੇਗਾ ਤੇ ਦੁਨੀਆ ਨੂੰ ਮਹਿੰਗਾਈ ਤੇ ਊਰਜਾ ਦਾ ਖਤਰਨਾਕ ਸੇਕ ਝੱਲਣਾ ਪਵੇਗਾ। ਇਸ ਵੇਲੇ ਪੂਰਾ ਵਿਸ਼ਵ ਈਰਾਨ-ਅਮਰੀਕਾ ਇਜ਼ਰਈਲ ਟਕਰਾਅ ਨਾਲ ਊਰਜਾ ਸੰਕਟ, ਮਹਿੰਗਾਈ ਜਾਂ ਬਹੁਤ ਕੁਝ ਹੋਰ ਝੱਲ ਕੇ ਸਭ ਤੋਂ ਵੱਧ ਚਿੰਤਤ ਇਸ ਕਰਕੇ ਹੈ ਕਿ ਗੱਲ ਇਥੇ ਹੀ ਰੁਕ ਜਾਵੇ ਤਾਂ 'ਸਰਬੱਤ ਦਾ ਭਲਾ' ਹੈ ਵਰਨਾ ਬਰਬਾਦੀ ਦੇ ਖੂਹ 'ਚ ਡਿਗਣ ਤੋਂ ਦੁਨੀਆ ਨੂੰ ਕੋਈ ਬਚ ਨਹੀਂ ਸਕਦਾ। ਈਰਾਨ ਨਾਲ ਬਰਾਕ ਓਬਾਮਾ ਦੀ ਸੰਧੀ ਤੋੜ ਕੇ ਡੋਨਾਲਡ ਟਰੰਪ ਦੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਅਮਰੀਕੀ ਹਮਲੇ ਹੋਰ ਹੀ ਰੁਖ਼ ਲੈ ਚੁੱਕੇ ਹਨ। ਹੁਣ ਪ੍ਰਮਾਣੂ ਪ੍ਰੋਗਰਾਮ ਤੋਂ ਵੀ ਵੱਡਾ ਮਸਲਾ ਅਮਰੀਕਾ ਲਈ ਮੁੱਛ ਦਾ ਸਵਾਲ ਹੋਰਮੁਜ਼ ਜਲਡਮਰੂ ਬਣ ਗਿਆ ਹੈ। ਇਸ ਜਲਡਮਰੂ ਦਾ ਇਤਿਹਾਸ ਕੀ ਹੈ? ਇਹ ਕੀ ਬਲਾ ਹੈ? ਕਹਾਣੀ ਕਿਥੋਂ ਚੱਲ ਕੇ ਕਿਥੇ ਪੁੱਜੀ ਹੈ, ਇਸ ਦਾ? ਸਰਸਰੀ ਮੁਲਾਂਕਣ ਕਰਦੇ ਹਾਂ:
ਸਭ ਨੂੰ ਯਾਦ ਹੋਵੇਗਾ ਕਿ 1979 ਦੀ ਈਰਾਨੀ ਕ੍ਰਾਂਤੀ ਤੋਂ ਬਾਅਦ ਈਰਾਨ ਨੇ ਹੋਰਮੁਜ਼ ਜਲਡਮਰੂ 'ਤੇ ਅਧਿਕਾਰ ਦਾ ਦਾਅਵਾ ਕੀਤਾ ਸੀ, ਉਦੋਂ ਈਰਾਨ 'ਚ ਅਮਰੀਕੀ ਸਮਰਥਕ ਸ਼ਾਹ ਨੂੰ ਗੱਦੀਓਂ ਲਾਹ ਦਿੱਤਾ ਗਿਆ ਤੇ ਈਰਾਨ ਇਸਲਾਮੀ ਗਣਰਾਜ ਬਣਾ ਗਿਆ ਸੀ। ਇਉਂ ਅਮਰੀਕਾ ਨਾਲ ਦਹਾਕਿਆਂ ਦੇ ਤਣਾਅਪੂਰਨ ਸਬੰਧਾਂ ਦੇ ਚਲਦਿਆਂ ਈਰਾਨੀ ਸ਼ਾਸਨ ਨੇ ਵਾਰ-ਵਾਰ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਅਤੇ ਵਿਸ਼ਵ ਤੇਲ ਬਾਜ਼ਾਰ 'ਚ ਹਫੜਾ-ਦਫੜੀ ਪੈਦਾ ਕਰਨ ਦੀ ਧਮਕੀ ਦਿੱਤੀ, ਪਰ ਅਮਲੀ ਰੂਪ ਵਿਚ ਇੰਝ ਹੋਇਆ ਮਾਰਚ 2026 ਵਿਚ ਆ ਕੇ। ਸਿਰਫ 20 ਮੀਲ ਚੌੜਾ ਫ਼ਾਰਸ ਦੀ ਖਾੜੀ ਵਿਚ ਹੋਰਮੁਜ਼ ਜਲਡਮਰੂ ਸਭ ਤੋਂ ਤੰਗ ਬਿੰਦੂ ਹੈ, ਜੋ ਈਰਾਨ, ਇਰਾਕ, ਕੁਵੈਤ ਅਤੇ ਸਾਊਦੀ ਅਰਬ ਵਰਗੇ ਖਾੜੀ ਦੇ ਦੇਸ਼ਾਂ ਤੋਂ ਹਰ ਰੋਜ਼ 2 ਕਰੋੜ ਬੈਰਲ ਤੇਲ ਲਿਜਾਣ ਵਾਲੇ ਟੈਂਕਰਾਂ ਲਈ ਇਕ ਭੂਗੋਲਿਕ ਘੁਟਣ ਵਾਲਾ ਬਿੰਦੂ ਕਹਾਉਂਦਾ ਹੈ। ਹਕੀਕਤ ਇਹੀ ਹੈ ਜੋ ਵੀ ਹੋਰਮੁਜ਼ ਜਲਡਮਰੂ ਨੂੰ ਕੰਟਰੋਲ ਕਰਦਾ ਹੈ, ਉਹ ਵਿਸ਼ਵ ਤੇਲ ਸਪਲਾਈ ਦੇ ਲਗਭਗ 25 ਪ੍ਰਤੀਸ਼ਤ ਹਿੱਸੇ ਨੂੰ ਹੀ ਕੰਟਰੋਲ ਕਰ ਰਿਹਾ ਹੁੰਦਾ ਹੈ ਤੇ ਇਸ ਵੇਲੇ ਫਾਰਸ ਦੀ ਖਾੜੀ ਦੇ ਇਸ ਖੇਤਰ 'ਤੇ ਈਰਾਨ ਦਾ ਰਾਜ ਹੈ। ਡੇਲਵੇਅਰ ਯੂਨੀਵਰਸਿਟੀ ਦੇ ਪ੍ਰੋਫੈਸਰ ਮੈਥੀ, ਜੋ ਈਰਾਨ ਅਤੇ ਮੱਧ ਪੂਰਬ ਵਿਚ ਮਾਹਰ ਇਤਿਹਾਸਕਾਰ ਮੰਨੇ ਜਾਂਦੇ ਹਨ, ਅਨੁਸਾਰ ਇਤਿਹਾਸਕ ਤੌਰ 'ਤੇ ਇਸ ਹੋਰਮੁਜ਼ ਦਾ ਪਤਾ 20ਵੀਂ ਸਦੀ ਦੇ ਸ਼ੁਰੂ ਵਿਚ ਲੱਗਾ ਸੀ। ਤੇਲ ਨੂੰ ਲੈ ਕੇ ਫ਼ਾਰਸ ਦੀ ਖਾੜੀ ਵਿਚ ਟਕਰਾਅ ਭਾਵੇਂ ਸਾਰੇ ਨਵੇਂ ਹਨ ਪਰ ਹੋਰਮੁਜ਼ ਜਲਡਮਰੂ ਹਜ਼ਾਰਾਂ ਸਾਲਾਂ ਤੋਂ ਮੌਜੂਦ ਹੈ ਅਤੇ ਇਹ ਹਮੇਸ਼ਾ ਸਮੁੰਦਰੀ ਵਪਾਰ ਦਾ ਕੇਂਦਰ ਰਿਹਾ ਹੈ, ਜੋ ਮੱਧ ਪੂਰਬ ਨੂੰ ਭਾਰਤ ਨਾਲ ਸਭ ਤੋਂ ਪਹਿਲਾਂ ਜੋੜਦਾ ਹੈ ਤੇ ਇਹ ਥਾਂ ਹਮੇਸ਼ਾਂ ਭੂ-ਰਾਜਨੀਤਿਕ ਟਕਰਾਵਾਂ ਦਾ ਕੇਂਦਰ ਰਿਹਾ ਹੈ। ਅੱਜ ਦੇ ਹਾਲਾਤ ਤੋਂ ਪਹਿਲਾਂ 1951 ਵਿਚ ਈਰਾਨ 'ਤੇ ਦਬਾਅ ਪਾਉਣ ਲਈ ਬਰਤਾਨੀਆ ਨੇ ਜਲਡਮਰੂ ਦੀ ਨਾਕਾਬੰਦੀ ਕੀਤੀ ਸੀ। 1908 ਵਿਚ ਈਰਾਨ 'ਚ ਤੇਲ ਦੀ ਖੋਜ ਤੋਂ ਬਾਅਦ, ਬਰਤਾਨੀਆ ਨੇ ਤੇਲ ਸਰੋਤ ਦਾ ਸ਼ੋਸ਼ਣ ਕਰਨ ਵਿਚ ਸਭ ਤੋਂ ਮੋਹਰੀ ਭੂਮਿਕਾ ਨਿਭਾਈ। ਉਪਰੰਤ ਐਂਗਲੋ-ਫ਼ਾਰਸੀ ਤੇਲ ਕੰਪਨੀ ਹੋਂਦ ਵਿਚ ਆਈ ਜਿਸਨੇ 1933 ਵਿਚ ਈਰਾਨ ਦੇ ਤੇਲ ਨਿਰਯਾਤ ਨੂੰ ਕੰਟਰੋਲ ਕਰਨ ਲਈ ਇਕ ਇਕਪਾਸੜ ਸੌਦਾ ਹਾਸਿਲ ਕੀਤਾ। 1951 ਵਿਚ, ਈਰਾਨੀ ਪ੍ਰਧਾਨ ਮੰਤਰੀ ਮੁਹੰਮਦ ਮੋਸਾਦੇਘ ਨੇ ਐਲਾਨ ਕੀਤਾ ਕਿ ਈਰਾਨ ਆਪਣੇ ਤੇਲ ਉਦਯੋਗ ਦਾ ਰਾਸ਼ਟਰੀਕਰਨ ਕਰ ਰਿਹਾ ਹੈ। ਇਹ ਬ੍ਰਿਟਿਸ਼ ਹਕੂਮਤ ਨੂੰ ਸਿੱਧੀ ਚੁਣੌਤੀ ਦੇਣ ਦੀ ਹਿੰਮਤ ਸੀ। ਮੋਸਾਦੇਘ ਨੇ ਕਿਹਾ ਕਿ ਤੇਲ ਸਾਡਾ ਹੈ, ਵੱਧ ਲਾਭ ਵੀ ਅਸੀਂ ਹਾਸਿਲ ਕਰਾਂਗੇ। ਉਧਰ ਬ੍ਰਿਟਿਸ਼ ਰਾਇਲ ਨੇਵੀ ਨੇ ਇਸ ਦਾ ਜਵਾਬ ਅਬਾਦਾਨ ਬੰਦਰਗਾਹ ਰਿਫਾਇਨਰੀ ਦੇ ਆਲੇ-ਦੁਆਲੇ ਨਾਕਾਬੰਦੀ ਸਥਾਪਤ ਕਰਕੇ ਦਿੱਤਾ ਅਤੇ ਕਿਸੇ ਵੀ ਈਰਾਨੀ ਤੇਲ ਟੈਂਕਰਾਂ ਨੂੰ ਹੋਰਮੁਜ਼ ਜਲਡਮਰੂ ਵਿਚੋਂ ਲੰਘਣ 'ਤੇ ਰੋਕਾਂ ਲਗਾ ਦਿੱਤੀਆਂ ਤੇ ਈਰਾਨ ਦੀ ਦੁਨੀਆ ਤੱਕ ਪਹੁੰਚ ਵਿਚ ਅੜਿੱਕਾ ਡਾਹ ਦਿੱਤਾ। ਮੈਥੀ ਅਨੁਸਾਰ ਹੀ ਬਰਤਾਨੀਆ ਅਤੇ ਅਮਰੀਕਾ ਨੇ 1953 ਵਿਚ ਤਖ਼ਤਾ ਪਲਟ ਕੇ ਮੋਸਾਦੇਘ ਨੂੰ ਲਾਂਭੇ ਕਰਕੇ ਸ਼ਾਹ ਨੂੰ ਰਾਜ ਗੱਦੀ 'ਤੇ ਦੁਬਾਰਾ ਸਥਾਪਿਤ ਕਰ ਦਿੱਤਾ ਸੀ। ਨਤੀਜਾ ਇਹ ਹੋਇਆ ਕਿ ਇਸ ਸਮਝੌਤੇ ਨੇ ਈਰਾਨ ਅਤੇ ਪੱਛਮੀ ਤੇਲ ਕੰਪਨੀਆਂ ਵਿਚਕਾਰ ਤੇਲ ਦੇ ਮੁਨਾਫ਼ੇ ਨੂੰ ਬਰਾਬਰ ਵੰਡ ਦਿੱਤਾ। ਪਾਸਾ ਪੁੱਠਾ ਉਦੋਂ ਪਿਆ ਜਦੋਂ 1979 ਦੀ ਈਰਾਨੀ ਕ੍ਰਾਂਤੀ ਨੇ ਅਤੇ ਤਹਿਰਾਨ ਵਿਚ ਅਮਰੀਕੀ ਦੂਤਾਵਾਸ ਵਿਚ 52 ਲੋਕਾਂ ਨੂੰ ਬੰਧਕ ਬਣਾਏ ਜਾਣ ਤੋਂ ਬਾਅਦ ਈਰਾਨ ਨਾਲ ਅਮਰੀਕਾ ਦੇ ਕੂਟਨੀਤਕ ਸਬੰਧ ਟੁੱਟ ਗਏ। ਜਦੋਂ 1980 ਵਿਚ ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਨੇ ਈਰਾਨ 'ਤੇ ਹਮਲਾ ਕੀਤਾ ਤਾਂ ਅਮਰੀਕਾ ਨੇ ਆਪਣੇ ਸਾਂਝੇ ਦੁਸ਼ਮਣ ਦੇ ਵਿਰੁੱਧ ਸਦਾਮ ਹੁਸੈਨ ਦਾ ਸਮਰਥਨ ਕੀਤਾ। ਈਰਾਨ-ਇਰਾਕ ਯੁੱਧ ਅੱਠ ਸਾਲਾਂ ਤੱਕ ਚੱਲਿਆ ਤੇ ਜਦੋੋਂ ਹੋਰਮੁਜ਼ ਜਲਡਮਰੂ ਰਾਹੀਂ ਤੇਲ ਦੀ ਆਵਾਜਾਈ ਵਿਚ ਵਿਘਨ ਪਾਉਣ ਦੀ ਧਮਕੀ ਦਿੱਤੀ ਤਾਂ ਤੇਲ ਟੈਂਕਰ ਦੋਵਾਂ ਪਾਸਿਆਂ ਲਈ ਨਿਸ਼ਾਨਾ ਬਣ ਗਏ। 1984 ਵਿਚ ਇਰਾਕ ਨੇ ਕੁਝ ਈਰਾਨੀ ਤੇਲ ਟੈਂਕਰਾਂ 'ਤੇ ਹਮਲਾ ਕੀਤਾ ਅਤੇ ਈਰਾਨ ਨੇ ਫਾਰਸ ਦੀ ਖਾੜੀ ਵਿਚ ਜਲ ਸੈਨਾ ਦੀਆਂ ਬਾਰੂਦੀ ਸੁਰੰਗਾਂ ਵਿਛਾ ਕੇ ਅਤੇ ਹਥਿਆਰਬੰਦ ਸਪੀਡਬੋਟਾਂ ਨਾਲ ਇਰਾਕੀ, ਕੁਵੈਤੀ ਅਤੇ ਸਾਊਦੀ ਟੈਂਕਰਾਂ ਘੇਰ ਕੇ ਜਵਾਬੀ ਕਾਰਵਾਈ ਕੀਤੀ। ਇਸ ਅਖੌਤੀ ਟੈਂਕਰ ਯੁੱਧ ਦੌਰਾਨ ਅਮਰੀਕਾ ਨੇ ਹੋਰਮੁਜ਼ ਜਲਡਮਰੂ ਰਾਹੀਂ ਨਿਰਪੱਖ ਟੈਂਕਰਾਂ ਨੂੰ ਸੁਰੱਖਿਅਤ ਕਰਨ ਲਈ ਜੰਗੀ ਜਹਾਜ਼ ਭੇਜੇ। 1988 ਵਿਚ ਅਮਰੀਕਾ ਨੇ ਆਪ੍ਰੇਸ਼ਨ 'ਪ੍ਰੇਇੰਗ ਮੈਂਟਿਸ' ਨਾਲ ਜਵਾਬ ਦਿੱਤਾ ਜੋ ਇਕ ਵੱਡਾ ਫੌਜੀ ਆਪ੍ਰੇਸ਼ਨ ਸੀ, ਜਿਸਨੇ ਈਰਾਨੀ ਜਲ ਸੈਨਾ ਦਾ ਵੱਡਾ ਹਿੱਸਾ ਅਪਾਹਜ ਕਰ ਦਿੱਤਾ। ਬਾਅਦ ਵਿਚ ਇਕ ਅਮਰੀਕੀ ਜੰਗੀ ਜਹਾਜ਼ ਨੇ ਗ਼ਲਤੀ ਨਾਲ ਈਰਾਨੀ ਏਅਰ ਫਲਾਈਟ 655 ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਵਪਾਰਕ ਉਡਾਣ ਵਿਚ ਸਵਾਰ ਸਾਰੇ 290 ਨਾਗਰਿਕ ਮਾਰੇ ਗਏ। 2012 ਵਿਚ ਹੋਰ ਪਾਬੰਦੀਆਂ ਨੇ ਈਰਾਨੀ ਧਮਕੀਆਂ ਨੂੰ ਤੇਜ਼ ਕਰ ਦਿੱਤਾ ਤੇ ਈਰਾਨ ਦੀਆਂ ਪ੍ਰਮਾਣੂ ਹਥਿਆਰਾਂ ਦੀਆਂ ਇੱਛਾਵਾਂ ਵੀ ਈਰਾਨ-ਇਰਾਕ ਯੁੱਧ ਦੌਰਾਨ ਪੈਦਾ ਹੋਈਆਂ ਸਨ, ਜਦੋਂ ਈਰਾਨੀ ਸ਼ਾਸਨ ਨੇ ਆਪਣੇ ਆਪ ਨੂੰ ਅੰਤਰਰਾਸ਼ਟਰੀ ਮੰਚ 'ਤੇ ਅਲੱਗ-ਥਲੱਗ ਮਹਿਸੂਸ ਕੀਤਾ ਤੇ ਆਖਿਰ 2000 ਦੇ ਦਹਾਕੇ ਵਿਚ, ਈਰਾਨ ਦਾ ਵਿਵਾਦਿਤ ਪ੍ਰਮਾਣੂ ਹਥਿਆਰ ਪ੍ਰੋਗਰਾਮ ਅਮਰੀਕਾ ਅਤੇ ਇਸਦੇ ਯੂਰਪੀਅਨ ਸਹਿਯੋਗੀਆਂ ਵੱਲੋਂ ਵਧਦੀਆਂ ਸਖ਼ਤ ਆਰਥਿਕ ਪਾਬੰਦੀਆਂ ਦਾ ਨਿਸ਼ਾਨਾ ਬਣ ਗਿਆ। 2008 ਵਿਚ, ਈਰਾਨ ਨੇ ਧਮਕੀ ਇਨ੍ਹਾਂ ਪਾਬੰਦੀਆਂ ਕਰਕੇ ਹੀ ਦਿੱਤੀ ਸੀ ਕਿ ਜੇ ਇਹ ਨਾ ਹਟਾਈਆਂ ਗਈਆਂ ਤਾਂ ਅਸੀਂ ਹੋਰਮੁਜ਼ ਜਲਡਮਰੂ ਨੂੰ ਸੀਲ ਕਰ ਦੇਵਾਂਗੇ, ਜਿਸ ਨੂੰ ਅਮਰੀਕਾ ਨੇ ਯੁੱਧ ਦੀ ਕਾਰਵਾਈ ਦੇ ਬਰਾਬਰ ਕਿਹਾ ਸੀ। ਇਵੇਂ ਹੀ ਜਦੋਂ ਯੂਰਪੀਅਨ ਯੂਨੀਅਨ ਨੇ ਸਾਲ 2012 ਵਿਚ ਈਰਾਨੀ ਤੇਲ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਤਾਂ ਈਰਾਨੀ ਸ਼ਾਸਨ ਨੇ ਇਕ ਵਾਰ ਫਿਰ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦਾ ਦਾਅਵਾ ਕਰ ਦਿੱਤਾ। ਮੈਥੀ ਨੇ ਇਹ ਵੀ ਲਿਖਿਆ ਹੈ ਕਿ ਈਰਾਨ ਦਾ ਸ਼ੁਰੂ ਤੋਂ ਹੀ ਇਹ ਨਾਅਰਾ 'ਅਮਰੀਕਾ ਅਤੇ ਇਜ਼ਰਾਈਲ ਨੂੰ ਮੌਤ' ਰਿਹਾ ਸੀ। ਸਪੱਸ਼ਟ ਹੈ ਕਿ ਹੋਰਮੂਜ਼ ਜਲਡਮਰੂ ਰਾਹੀਂ ਅੰਤਰਰਾਸ਼ਟਰੀ ਸ਼ਿਪਿੰਗ ਲੇਨ ਬਹੁਤ ਤੰਗ ਹਨ ਅਤੇ ਜੋ ਈਰਾਨੀ ਪਾਣੀਆਂ ਵਿਚ ਦਾਖਲ ਹੋਣ ਵਾਲੇ ਜਹਾਜ਼ਾਂ ਨੂੰ ਰੋਕਣ ਦੇ ਅਧਿਕਾਰ ਦਾ ਦਾਅਵਾ ਕਰਦਾ ਹੈ। 2015 ਤੋਂ 2024 ਤੱਕ, ਈਰਾਨ ਨੇ ਹੋਰਮੂਜ਼ ਜਲਡਮਰੂ ਵਿਚ ਅੰਤਰਰਾਸ਼ਟਰੀ ਜਹਾਜ਼ਾਂ ਨੂੰ ਪਰੇਸ਼ਾਨ ਅਤੇ ਜ਼ਬਤ ਕਰਕੇ ਅਮਰੀਕੀ ਪਾਬੰਦੀਆਂ ਅਤੇ ਹੋਰ ਅੰਤਰਰਾਸ਼ਟਰੀ ਦਬਾਅ ਦਾ ਜਵਾਬ ਦਿੱਤਾ।
28 ਅਪ੍ਰੈਲ, 2015 ਨੂੰ, ਈਰਾਨੀ ਗਸ਼ਤੀ ਕਿਸ਼ਤੀਆਂ ਨੇ ਡੈਨਿਸ਼ ਮਾਲਕੀ ਵਾਲੇ ਕੰਟੇਨਰ ਜਹਾਜ਼ 'ਮਾਰਸਕ ਟਾਈਗਰਿਸ' ਨੂੰ ਚੇਤਾਵਨੀ 'ਚ ਗੋਲੀਆਂ ਚਲਾਉਣ ਤੋਂ ਬਾਅਦ ਜ਼ਬਤ ਕਰ ਲਿਆ। ਇਹ 2019 ਵਿਚ ਯੂਕੇ ਰਾਇਲ ਮੈਰੀਨ ਦੁਆਰਾ ਰੋਕੇ ਗਏ ਇਕ ਈਰਾਨੀ ਟੈਂਕਰ ਦੇ ਬਦਲੇ ਵਿਚ ਸੀ। ਇਕ ਬ੍ਰਿਟਿਸ਼-ਝੰਡੇ ਵਾਲਾ ਤੇਲ ਟੈਂਕਰ ਵੀ ਜ਼ਬਤ ਕੀਤਾ ਗਿਆ ਸੀ ਅਤੇ 2024 ਵਿਚ, ਈਰਾਨੀ ਵਿਸ਼ੇਸ਼ ਬਲਾਂ ਨੇ ਇਜ਼ਰਾਈਲ 'ਤੇ ਇਕ ਵੱਡੇ ਹਮਲੇ ਦੇ ਹਿੱਸੇ ਵਜੋਂ ਇਕ ਤੇਲ ਟੈਂਕਰ ਨੂੰ ਫੜ ਲਿਆ ਸੀ। ਅਮਰੀਕੀ ਜਲ ਸੈਨਾ ਦੀ 2023 ਦੀ ਇਕ ਰਿਪੋਰਟ ਅਨੁਸਾਰ 2021 ਤੋਂ, ਈਰਾਨ ਨੇ ਲਗਭਗ 20 ਅੰਤਰਰਾਸ਼ਟਰੀ ਪੱਧਰ ਦੇ ਵਪਾਰਕ ਜਹਾਜ਼ਾਂ ਨੂੰ ਪਰੇਸ਼ਾਨ ਕੀਤਾ ਹੈ, ਹਮਲਾ ਕੀਤਾ ਹੈ ਜਾਂ ਜ਼ਬਤ ਕੀਤਾ, ਜੋ ਖੇਤਰੀ ਸਮੁੰਦਰੀ ਸੁਰੱਖਿਆ ਅਤੇ ਵਿਸ਼ਵ ਅਰਥਵਿਵਸਥਾ ਲਈ ਇਕ ਵੱਡਾ ਖ਼ਤਰਾ ਸੀ। 13 ਜੂਨ, 2025 ਨੂੰ, ਇਜ਼ਰਾਈਲ ਨੇ ਈਰਾਨ ਵਿਚ ਫੌਜੀ ਅਤੇ ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੇ ਹਵਾਈ ਹਮਲੇ ਕੀਤੇ, ਜੋ ਕਿ ਈਰਾਨ ਦੀ ਧਰਤੀ 'ਤੇ ਪਹਿਲਾ ਸਿੱਧਾ ਇਜ਼ਰਾਈਲੀ ਹਮਲਾ ਸੀ। ਈਰਾਨ ਨੇ ਇਜ਼ਰਾਈਲ 'ਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਨਾਲ ਇਸ ਦਾ ਜਵਾਬ ਦਿੱਤਾ। ਇਸ ਤੋਂ ਨਿਵੇਸ਼ਕਾਂ 'ਚ ਚਿੰਤਾ ਪੈਦਾ ਹੋਣ ਕਾਰਨ ਵਿਸ਼ਵ-ਵਿਆਪੀ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ। ਅਮਰੀਕਾ 22 ਜੂਨ ਨੂੰ ਲੜਾਈ ਵਿਚ ਸ਼ਾਮਿਲ ਹੋਇਆ, ਓਪਰੇਸ਼ਨ 'ਮਿਡਨਾਈਟ ਹੈਮਰ' ਦੇ ਹਿੱਸੇ ਵਜੋਂ ਭੂਮੀਗਤ ਈਰਾਨੀ ਪ੍ਰਮਾਣੂ ਸਥਾਨਾਂ 'ਤੇ ਬੰਬ ਸੁੱਟਣ ਲਈ ਬੀ-2 ਬੰਬਾਰ ਅਤੇ 'ਬੰਕਰ-ਬਸਟਰ ਬੰਬ ਤਾਇਨਾਤ ਕੀਤੇ। ਬਦਲੇ ਵਿਚ ਈਰਾਨ ਨੇ ਗੁਆਂਢੀ ਦੇਸ਼ ਕਤਰ ਅਤੇ ਇਰਾਕ ਵਿਚ ਅਮਰੀਕੀ ਠਿਕਾਣਿਆਂ 'ਤੇ ਰਾਕੇਟ ਲਾਂਚ ਕੀਤੇ। ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨੀ ਸੰਸਦ ਨੇ ਹੋਰਮੁਜ਼ ਜਲਡਮਰੂ ਨੂੰ ਅੰਤਰਰਾਸ਼ਟਰੀ ਤੇਲ ਸ਼ਿਪਮੈਂਟਾਂ ਲਈ ਬੰਦ ਕਰਨ ਲਈ ਵੋਟ ਦਿੱਤੀ ਸੀ, ਪਰ ਕੁਝ ਦਿਨਾਂ ਬਾਅਦ ਜੰਗਬੰਦੀ ਦਾ ਐਲਾਨ ਹੋਣ ਤੋਂ ਪਹਿਲਾਂ ਅਜਿਹਾ ਕੁਝ ਵੀ ਹੋ ਨਾ ਸਕਿਆ।
ਆਖ਼ਰ ਇਸੇ ਸਾਲ 28 ਫਰਵਰੀ ਦੇ ਪਹਿਲੇ ਅਮਰੀਕੀ-ਇਜ਼ਰਾਈਲੀ ਹਮਲੇ ਵਿਚ ਖਾਮੇਨੇਈ ਦੀ ਹੱਤਿਆ ਤੋਂ ਬਾਅਦ ਈਰਾਨ ਨੇ ਦਹਾਕਿਆਂ ਤੱਕ ਹੋਰਮੁਜ਼ ਜਲਡਮਰੂ ਨੂੰ ਸੀਲ ਕਰਨ ਦੀ ਧਮਕੀ ਦੇਣ ਤੋਂ ਬਾਅਦ 2026 ਵਿਚ ਇਸ ਨੂੰ ਬੰਦ ਕਰ ਦਿੱਤਾ ਅਤੇ ਇਜ਼ਰਾਈਲੀ ਫੌਜਾਂ ਦੁਆਰਾ ਵੱਡੇ ਪੱਧਰ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿਚ ਕਾਰਵਾਈ ਕੀਤੀ। ਈਰਾਨ ਨੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਨਾਲ ਹੋਰਮੁਜ਼ ਜਲਡਮਰੂ ਵਿਚ ਜਹਾਜ਼ਾਂ ਅਤੇ ਮਾਲਵਾਹਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਆਪਣੀ ਧਮਕੀ ਦਾ ਫਾਇਦਾ ਉਠਾਇਆ। ਇਸ ਨਾਕੇਬੰਦੀ ਨੇ ਇਰਾਕ, ਕੁਵੈਤ, ਕਤਰ, ਸਾਊਦੀ ਅਰਬ ਅਤੇ ਯੂਏਈ ਤੋਂ ਤੇਲ ਨਿਰਯਾਤ ਨੂੰ ਰੋਕ ਦਿੱਤਾ, ਅਤੇ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਜਿਸ ਨਾਲ ਵਿਸ਼ਵ ਭਰ ਨੂੰ ਮਹਿੰਗਾਈ ਦੀ ਮਾਰ ਪਈ ਤੇ ਹੁਣ ਹਰ ਕੋਈ ਇਸ ਖ਼ਤਰਨਾਕ ਦੌਰ 'ਚੋਂ ਨਿਕਲਣ ਲਈ ਦੁਆਵਾਂ ਕਰ ਰਿਹਾ ਹੈ।
ਹੋਰਮੁਜ਼ ਜਲ ਮਾਰਗ ਦਾ ਇਤਿਹਾਸ ਤੇ ਵਿਵਾਦ ਕਹਾਣੀ ਕਿੱਥੋਂ, ਕਿੱਥੇ ਪਹੁੰਚ ਗਈ!
ਅਜੀਤ ਡੈਸਕ
26-04-2026