ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬੀ ਸਿਨੇਮੇ ਦਾ ਫ਼ਖ਼ਰ ਸੀ ਸੁਰਾਂ ਦੀ ਮਲਿਕਾ ਆਸ਼ਾ ਭੋਸਲੇ

Ad Position 21
No active advertisement
ਅਜੀਤ ਡੈਸਕ 03-05-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸ ਤੋਂ ਇਲਾਵਾ ਆਸ਼ਾ ਭੋਸਲੇ ਨੇ ਨੈਸ਼ਨਲ ਐਵਾਰਡ ਯਾਫ਼ਤਾ ਪੰਜਾਬੀ ਫ਼ਿਲਮ 'ਸ਼ਹੀਦ-ਏ-ਮੁਹੱਬਤ : ਬੂਟਾ ਸਿੰਘ' (1998) ਵਿਚ ਦੋ ਗੀਤ ਗਾਏ, ਜਿਨ੍ਹਾਂ 'ਚੋਂ ਦਿਵਿਆ ਦੱਤਾ ਉੱਤੇ ਫ਼ਿਲਮਾਇਆ ਗੀਤ 'ਮੇਰੀ ਚੁੰਨੀ ਦਾ ਚਮਕੇ ਗੋਟਾ ਨੀ' ਵੀ ਬਹੁਤ ਮਸ਼ਹੂਰ ਹੋਇਆ।
ਪੰਜਾਬੀ ਫ਼ਿਲਮੀ ਗੀਤਾਂ ਦੇ ਨਾਲ-ਨਾਲ ਆਸ਼ਾ ਭੋਸਲੇ ਨੇ ਬਹੁਤ ਸਾਰੇ ਗ਼ੈਰ-ਫ਼ਿਲਮੀ ਪੰਜਾਬੀ ਗੀਤਾਂ ਨੂੰ ਵੀ ਆਪਣੇ ਸੁਰੀਲੇ-ਸੁਰ ਪ੍ਰਦਾਨ ਕੀਤੇ, ਜਿਨ੍ਹਾਂ 'ਚ ਚੰਦ ਕਾਬਿਲ-ਏ-ਜ਼ਿਕਰ ਐਲਬਮਾਂ ਵਿਚ 'ਛਮ-ਛਮ ਨੱਚਦੀ ਫ਼ਿਰਾਂ' ਤੇ 'ਹੌਲ਼ੀ-ਹੌਲ਼ੀ ਵੰਗਾਂ ਨੂੰ ਚੜਾਈਂ ਵਣਜਾਰਿਆ' (ਅਲਾਪ ਗਰੁੱਪ ਯੂ.ਕੇ./1990), 'ਠੂਹਾਂ ਲੜ ਗਿਆ' (ਇਸ਼ਕ ਦੀ ਮਾਲ਼ਾ/1994), 'ਨਣਦੋਈਆ ਥਾਣੇਦਾਰ' (ਪੀਂਘ ਦੇ ਹੁਲਾਰੇ/1994), 'ਤੇਰੀ ਮੇਰੀ ਇਕ ਜਿੰਦੜੀ' ਤੇ 'ਪਿਆਰ ਹੋ ਗਿਆ' (ਧੀਆਂ ਧਨ ਬੇਗਾਨਾ/1991) ਆਦਿ ਤੋਂ ਇਲਾਵਾ ਬਹੁਤ ਸਾਰੇ ਸ਼ਬਦ, ਭਜਨ ਤੇ ਗ਼ਜ਼ਲਾਂ ਦੇ ਐੱਲ.ਪੀ. ਰਿਕਾਰਡ, ਈ.ਪੀ. ਰਿਕਾਰਡ ਤੇ ਆਡੀਓ ਕੈਸਟਾਂ ਆਸ਼ਾ ਭੋਸਲੇ ਦੀ ਬੇਪਨਾਹ ਮਕਬੂਲੀਅਤ ਦੀ ਸ਼ਾਹਦੀ ਭਰਦੀਆਂ ਹਨ।
ਪੰਜਾਬੀ ਫ਼ਿਲਮ ਸੰਗੀਤ ਵਿਚ ਆਪਣੀ ਆਵਾਜ਼ ਦੇ ਜਾਦੂ ਨਾਲ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਆਸ਼ਾ ਭੋਸਲੇ ਦੀ ਹਿੰਦੀ ਫ਼ਿਲਮ ਸੰਗੀਤ ਨੂੰ ਵੀ ਬਹੁਤ ਵੱਡੀ ਦੇਣ ਰਹੀ ਹੈ। ਸਾਲ 1948 ਤੋਂ 2021 ਤੱਕ ਆਸ਼ਾ ਭੋਸਲੇ ਨੇ ਬੇਸ਼ੁਮਾਰ ਫ਼ਿਲਮੀ ਗੀਤ ਗਾਏ, ਜਿਨ੍ਹਾਂ ਵਿਚੋਂ ਚੰਦ ਯਾਦਗਾਰੀ ਤੇ ਮਕਬੂਲਤਰੀਨ ਗੀਤਾਂ ਦੇ ਬੋਲ ਹਨ 'ਆਈਏ ਮਿਹਰਬਾਨ ਬੈਠੀਏ ਜਾਨੇ ਜਾਂ', 'ਯੇਹ ਹੈ ਰੇਸ਼ਮੀ ਜ਼ੁਲਫ਼ੋਂ ਕਾ ਅੰਧੇਰਾ ਨਾ ਘਬਰਾਈਏ', 'ਜਾਈਏ ਆਪ ਕਹਾਂ ਜਾਏਂਗੇ ਯੇਹ ਨਜ਼ਰ', 'ਯੇਹ ਮਹਿਫ਼ਿਲ ਸਿਤਾਰੋਂ ਕੀ', 'ਓੜੇਂ ਜਬ ਜਬ ਜ਼ੁਲਫ਼ੇਂ ਤੇਰੀ', 'ਰੇਸ਼ਮੀ ਸਲਵਾਰ ਕੁੜਤਾ ਜਾਲੀ ਕਾ', 'ਓ ਮੇਰੇ ਸੋਨਾ ਰੇ ਸੋਨਾ', 'ਦਮ ਮਾਰੋ ਦਮ ਮਿਟ ਜਾਏ ਗ਼ਮ', 'ਚੁਰਾ ਲੀਆ ਹੈ ਤੁਮਨੇ ਜੋ ਦਿਲ ਕੋ', 'ਕਿਤਨੇ ਭੀ ਤੂ ਕਰਲੇ ਸਿਤਮ', 'ਦਿਲ ਚੀਜ਼ ਕਯਾ ਹੈ ਆਪ ਮੇਰੀ ਜਾਨ ਲੀਜੀਏ', 'ਇਨ ਆਂਖੋਂ ਕੀ ਮਸਤੀ ਕੇ ਮਸਤਾਨੇ ਹਜ਼ਾਰੋਂ ਹੈਂ', 'ਤਨਹਾ-ਤਨਹਾ ਯਹਾਂ ਪੇ ਜੀਨਾ', 'ਹੋਜਾ ਰੰਗੀਲਾ ਰੇ', 'ਕਹੀਂ ਆਗ ਲਗੇ ਲੱਗ ਜਾਏ', 'ਕਿਤਾਬੇਂ ਬਹੁਤ ਸੀ ਪੜ੍ਹੀ ਹੋਂਗੀ ਤੁਮਨੇ' ਆਦਿ ਦੀ ਲੰਮੇਰੀ ਫ਼ਹਿਰਿਸਤ ਹੈ।
ਦੀਨਾਨਾਥ ਮੰਗੇਸ਼ਕਰ ਦੀਆਂ ਚਾਰ ਧੀਆਂ ਵਿਚੋਂ ਲਤਾ ਮੰਗੇਸ਼ਕਰ ਵੱਡੀ, ਮੀਨਾ ਮੰਗੇਸ਼ਕਰ ਛੋਟੀ, ਆਸ਼ਾ ਭੋਸਲੇ ਤੀਜੇ ਸਥਾਨ ਤੇ ਉਸ ਤੋਂ ਛੋਟੀ ਊਸ਼ਾ ਮੰਗੇਸ਼ਕਰ ਸੀ ਅਤੇ ਇਕ ਭਰਾ ਹਿਰਦੈਨਾਥ ਮੰਗੇਸ਼ਕਰ ਗਾਇਕ ਤੇ ਸੰਗੀਤਕਾਰ ਹੈ। ਚਾਰ ਭੈਣਾਂ ਵਿਚੋਂ ਨਾ ਸਿਰਫ਼ ਲਤਾ ਮੰਗੇਸ਼ਕਰ (ਮਰਹੂਮ) ਨੇ ਸੁਰਾਂ ਦੀ ਦੁਨੀਆ ਵਿਚ ਮਕਬੂਲੀਅਤ ਹਾਸਿਲ ਕੀਤੀ ਬਲਕਿ ਛੋਟੀ ਭੈਣ ਆਸ਼ਾ ਭੋਸਲੇ ਨੇ ਵੀ ਅਹਿਮ ਮੁਕਾਮ ਹਾਸਿਲ ਕੀਤਾ।
ਆਸ਼ਾ ਭੋਸਲੇ ਨੇ ਪਹਿਲਾ ਵਿਆਹ 1949 ਵਿਚ ਘਰੋਂ ਭੱਜ ਕੇ ਆਪਣੀ ਉਮਰ ਤੋਂ ਵੱਡੇ ਬੰਦੇ ਗਣਪਤ ਰਾਓ ਭੋਸਲੇ ਨਾਲ ਕਰਵਾਇਆ ਜੋ ਉਸ ਦੀ ਭੈਣ ਲਤਾ ਮੰਗੇਸ਼ਕਰ ਦੇ ਸੈਕਟਰੀ ਸਨ। ਇਹ ਰਿਸ਼ਤਾ 1966 ਵਿਚ ਖ਼ਤਮ ਹੋ ਗਿਆ ਸੀ। ਇਸ ਵਿਆਹ ਵਿਚੋਂ ਆਸ਼ਾ ਦੇ ਤਿੰਨ ਬੱਚੇ ਸਨ। ਪੁੱਤਰ ਹੇਮੰਤ ਭੋਸਲੇ, ਜਿਸ ਦੀ 2015 ਵਿਚ ਕੈਂਸਰ ਨਾਲ ਮੌਤ ਹੋ ਗਈ ਸੀ। ਧੀ ਵਰਸ਼ਾ ਭੋਸਲੇ ਜਿਸ ਨੇ 2012 ਵਿਚ ਆਤਮ ਹੱਤਿਆ ਕਰ ਲਈ ਸੀ ਅਤੇ ਤੀਜਾ ਤੇ ਛੋਟਾ ਪੁੱਤਰ ਆਨੰਦ ਭੋਸਲੇ ਜਿਉਂਦਾ ਹੈ ਅਤੇ ਆਪਣੇ ਕਾਰੋਬਾਰ ਵਿਚ ਮਸਰੂਫ਼ ਹੈ।
ਆਸ਼ਾ ਭੋਸਲੇ ਨੇ ਦੂਜਾ ਵਿਆਹ ਸਾਲ 1980 ਵਿਚ ਮਾਰੂਫ਼ ਸੰਗੀਤਕਾਰ ਰਾਹੁਲ ਦੇਵ ਬਰਮਨ ਉਰਫ਼ ਆਰ. ਡੀ. ਬਰਮਨ ਨਾਲ ਕੀਤਾ ਜੋ ਉਨ੍ਹਾਂ ਤੋਂ ਉਮਰ ਵਿਚ ਛੋਟੇ ਸਨ। ਇਹ ਵਿਆਹ 1994 ਵਿਚ ਆਰ. ਡੀ. ਬਰਮਨ ਦੀ ਮੌਤ ਤੱਕ ਨਿਭਿਆ।
ਆਸ਼ਾ ਭੋਸਲੇ ਨੇ ਆਪਣੇ 8 ਦਹਾਕਿਆਂ ਦੇ ਸੰਗੀਤਕ ਸਫ਼ਰ ਦੌਰਾਨ ਭਾਰਤ ਦੀਆਂ ਅਨੇਕਾਂ ਜ਼ੁਬਾਨਾਂ ਵਿਚ ਫ਼ਿਲਮੀ, ਗ਼ੈਰ-ਫ਼ਿਲਮੀ ਗੀਤ ਰਿਕਾਰਡ ਕਰਵਾਏ ਅਤੇ ਕਈ ਤਾਰੀਫ਼ਾਂ ਬਟੋਰੀਆਂ। ਇਨ੍ਹਾਂ ਵਿਚ ਦੋ ਰਾਸ਼ਟਰੀ ਫ਼ਿਲਮ ਪੁਰਸਕਾਰ, ਚਾਰ ਬੀਜੇਐੱਫ ਪੁਰਸਕਾਰ, ਅਠਾਰਾਂ ਮਹਾਰਾਸ਼ਟਰ ਰਾਜ ਫ਼ਿਲਮ ਪੁਰਸਕਾਰ, ਇਕ ਲਾਈਫ਼ਟਾਈਮ ਅਚੀਵਮੈਂਟ ਪੁਰਸਕਾਰ ਸਮੇਤ ਨੌਂ ਫ਼ਿਲਮਫ਼ੇਅਰ ਪੁਰਸਕਾਰ ( ਲਾਈਫ਼ਟਾਈਮ ਅਚੀਵਮੈਂਟ ਪੁਰਸਕਾਰ ਸਮੇਤ) ਅਤੇ ਦੋ ਗ੍ਰੈਮੀ ਨਾਮਜ਼ਦਗੀਆਂ ਤੋਂ ਇਲਾਵਾ ਬਿਹਤਰੀਨ ਔਰਤ ਗੁਲੂਕਾਰਾ ਲਈ ਰਿਕਾਰਡ ਸੱਤ ਫ਼ਿਲਮਫ਼ੇਅਰ ਪੁਰਸਕਾਰ ਸ਼ਾਮਿਲ ਹਨ।
ਸਾਲ 2000 ਵਿਚ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਿਵਾਜਿਆ ਗਿਆ ਜੋ ਸਿਨੇਮੇ ਦੇ ਸ਼ੋਇਬੇ ਵਿਚ ਭਾਰਤ ਦਾ ਸਭ ਤੋਂ ਵੱਡਾ ਇਜ਼ਾਜ਼ ਹੈ। ਸਾਲ 2008 ਵਿਚ ਉਨ੍ਹਾਂ ਨੂੰ ਭਾਰਤ ਸਰਕਾਰ ਮੁਲਕ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰੀ ਇਜ਼ਾਜ਼ 'ਪਦਮ ਵਿਭੂਸ਼ਣ' ਨਾਲ ਸਨੇਮਾਨਿਆ ਸੀ। ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਨੇ ਸਾਲ 2011 ਵਿਚ ਉਨ੍ਹਾਂ ਨੂੰ ਤਾਰੀਖ਼ ਦੀ ਸਭ ਤੋਂ ਜ਼ਿਆਦਾ ਰਿਕਾਰਡ-ਸ਼ੁਦਾ ਫ਼ਨਕਾਰਾਂ ਵਜੋਂ ਤਸਲੀਮ ਕੀਤਾ।
ਆਸ਼ਾ ਭੋਸਲੇ ਦੀ ਖ਼ੂਬਸੂਰਤ ਤੇ ਪੁਰਕਸ਼ਿਸ਼ ਆਵਾਜ਼ ਵਿਚ ਹਰ ਰੰਗ ਮੌਜੂਦ ਸੀ। ਉਨ੍ਹਾਂ ਨੇ ਫ਼ਿਲਮੀ ਗੀਤ, ਸ਼ਬਦ, ਭਜਨ, ਲੋਕ ਗੀਤ, ਪੌਪ ਗੀਤ, ਗ਼ਜ਼ਲਾਂ, ਸ਼ਾਸਤਰੀ ਗੀਤ, ਕੱਵਾਲੀਆਂ ਅਤੇ ਰਾਬਿੰਦਰ ਸੰਗੀਤ ਵਰਗੀਆਂ ਸੰਗੀਤਕ ਵਿਧਾਵਾਂ ਵਿਚ ਆਪਣੀ ਫ਼ਨ-ਏ-ਗੁਲੂਕਾਰੀ ਦੀ ਅਹਿਮ ਛਾਪ ਛੱਡੀ। ਆਪਣੇ ਜ਼ਮਾਨੇ ਦੀਆਂ ਬਿਹਤਰੀਨ ਗੁਲੂਕਾਰਾਵਾਂ ਵਿਚ ਸ਼ੁਮਾਰੀ ਜਾਂਦੀ ਬੀਬੀ ਆਸ਼ਾ ਭੋਸਲੇ ਭਾਰਤੀ ਸਿਨੇਮਾ ਦੀ ਵਾਹਿਦ ਗੁਲੂਕਾਰਾ ਸੀ। ਵੰਡ ਤੋਂ ਬਾਅਦ ਫ਼ਿਲਮੀ ਦੁਨੀਆ ਦੀ ਆਖ਼ਰੀ ਜ਼ਿੰਦਾ ਰਹਿਣ ਵਾਲੀ ਇਸ ਅਜ਼ੀਮ ਗੁਲੂਕਾਰਾ ਦੀ ਵਫ਼ਾਤ ਦੇ ਨਾਲ ਭਾਰਤੀ ਸੰਗੀਤ ਦਾ ਇਕ ਅਹਿਮ ਬਾਬ ਬੰਦ ਹੋ ਗਿਆ ਹੈ। (ਸਮਾਪਤ)

(ਫ਼ਿਲਮ ਹਿਸਟੋਰੀਅਨ), ਪਟਿਆਲਾ।
ਮੋਬਾਈਲ : 97805-09545

Ad Position 22
No active advertisement
ਪਿਛਲੀ ਖ਼ਬਰ ਵਿਵੇਕ ਆਸ਼ਰਮ ਬਰਗਾੜੀ ਵਿਖੇ ਮੂਰਤੀ ਸਥਾਪਨਾ ਦਿਹਾੜਾ 6 ਨੂੰ ਅਗਲੀ ਖ਼ਬਰ ਪੁਲਿਸ ਵਲੋਂ ਜਨਤਕ ਸਥਾਨ 'ਤੇ ਨਸ਼ੇ ਦੀ ਹਾਲਤ 'ਚ ਵਿਅਕਤੀਆਂ ਦੀ ਫ਼ੜੋ-ਫੜੀ ਜਾਰੀ
Ad Position 24
No active advertisement