ਅੱਜ ਕੌਮਾਂਤਰੀ ਮਾਂ ਦਿਵਸ 'ਤੇ ਵਿਸ਼ੇਸ਼
ਇਸ ਮਾਂ ਦਿਵਸ 'ਤੇ ਅਸੀਂ ਮਾਂ ਦੀ ਗੱਲ ਕਰ ਰਹੇ ਹਾਂ ਕੁਝ ਹਟ ਕੇ, ਕੁਝ ਬਦਲਵੇਂ ਰੂਪ ਵਿਚ, ਕੁਝ ਵੱਖਰੀ ਸ਼ੈਲੀ ਵਿਚ | ਇਹ ਗੱਲ ਹੈ ਅਜੋਕੇ ਸਮੇਂ ਦੀ ਮਾਂ ਭਾਵ ਇਕੱਲੀ ਉਹ ਮਾਂ ਨਹੀਂ ਜੋ ਸਿਰਫ਼ ਘਰ ਦੀ ਚਾਰਦੀਵਾਰੀ ਤੇ ਬੱਚਿਆਂ ਦੀ ਦੇਖਭਾਲ ਦਾ ਰੋਲ ਨਿਭਾਅ ਰਹੀ ਹੈ, ਸਗੋਂ ਪਰਿਵਾਰ ਤੇ ਅਜੋਕੇ ਸਮੇਂ ਦੀ ਮਾਂ ਉਸ ਨੂੰ ਕਿਹਾ ਜਾ ਸਕਦਾ ਹੈ ਜੋ ਇਕੋ ਸਮੇਂ ਇਕ ਤੋਂ ਜ਼ਿਆਦਾ ਕੰਮ ਕਰ ਰਹੀ ਹੈ | ਇਕ ਤੋਂ ਵਧੇਰੇ ਭੂਮਿਕਾਵਾਂ ਨਿਭਾਅ ਰਹੀ ਹੈ |
ਭਾਵ ਬੀਵੀ, ਘਰ ਦੀ ਦੇਖ-ਭਾਲ ਕਰਨ ਵਾਲੀ, ਕੋਈ ਨੌਕਰੀ ਜਾਂ ਕਿੱਤਾ ਕਰਨ ਵਾਲੀ, ਇਕ ਦੋਸਤ ਤੇ ਸਭ ਤੋਂ ਉੱਪਰ ਇਕ ਮਾਂ, ਇਹ ਸਾਰੇ ਰੋਲ, ਹਰ ਦਿਨ, ਹਰ ਰੂਪ ਵਿਚ ਨਾਲ-ਨਾਲ ਨਿਭਾਅ ਰਹੀ ਹੈ ਇਹ ਅਜੋਕੇ ਸਮੇਂ ਦੀ ਮਾਂ |
ਅਭਿਲਾਸ਼ੀ ਹੋਣ ਦੇ ਨਾਤੇ ਆਪਣੇ ਮਨ-ਪਸੰਦ ਕਿੱਤੇ ਨੂੰ ਪੂਰਾ ਕਰਨ ਦੇ ਨਾਲ-ਨਾਲ ਨਵੇਂ ਜ਼ਮਾਨੇ ਨਾਲ ਜੁੜ ਕੇ ਆਪਣੇ ਪਰਿਵਾਰ ਦਾ ਖ਼ਿਆਲ ਰੱਖਣ ਵਾਲੀ ਮਾਂ ਬੱਚਿਆਂ ਦੇ ਸੁੱਖ, ਆਰਾਮ ਦਾ ਧਿਆਨ ਰੱਖਣ ਅਤੇ ਅੱਜਕਲ੍ਹ ਦੀਆਂ ਨਵੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਮਜ਼ਬੂਤ, ਸ਼ਕਤੀਸ਼ਾਲੀ ਮਾਂ ਬਣਨ ਦੀ ਕੋਸ਼ਿਸ਼ ਕਰ ਰਹੀ ਹੈ |
ਅਜੋਕੇ ਸਮੇਂ ਦੀ ਮਾਂ ਆਪਣੇ ਸੱਭਿਆਚਾਰਕ ਵਿਰਸੇ, ਆਪਣੇ ਪਿਛੋਕੜ ਤੇ ਨਵੇਂ ਸਮੇਂ ਦੇ ਬਦਲਾਅ ਦੇ ਮਿਸ਼ਰਨ ਦੇ ਰਸਤੇ 'ਤੇ ਚੱਲ ਰਹੀ ਹੈ |
ਮਾਂ ਨੂੰ ਅਜੋਕੇ ਸਮੇਂ ਦੀ ਮਾਂ ਹੋਣ ਦਾ ਖ਼ਿਤਾਬ ਦੇਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਅੱਜਕਲ੍ਹ ਦੇ ਬੱਚਿਆਂ ਦੀ ਰਫ਼ਤਾਰ ਨਾਲ ਚੱਲਣਾ ਕੋਈ ਸੌਖਾ ਕੰਮ ਨਹੀਂ ਹੈ | ਇਹ ਇਕ ਸੁਪਰ ਮੌਮ ਯਾਨੀ ਅਜੋਕੇ ਸਮੇਂ ਦੀ ਮਾਂ ਹੀ ਕਰ ਸਕਦੀ ਹੈ |
ਅਜੋਕੇ ਸਮੇਂ ਦੀ ਸੋਚ ਵਾਲਾ ਜ਼ਮਾਨਾ ਇਸ ਮਾਂ ਤੋਂ ਜ਼ਿਆਦਾ ਉਮੀਦਾਂ ਲਗਾਉਂਦਾ ਹੈ | ਘਰ ਦੇ ਸਾਰੇ ਕੰਮ ਵਧੀਆ ਹੋਣ, ਰਿਸ਼ਤੇਦਾਰਾਂ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣ, ਬੱਚਿਆਂ ਦੀ ਪਰਵਰਿਸ਼ ਵਿਚ ਕੋਈ ਗ਼ਲਤੀ ਨਹੀਂ ਹੋਣੀ ਚਾਹੀਦੀ ਆਦਿ | ਸਾਰੇ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ ਦਾ ਖ਼ਿਆਲ, ਨੌਕਰੀ ਆਦਿ ਦੌਰਾਨ ਕੰਮ ਕਰਨ ਵਿਚ ਕੋਈ ਕਮੀ ਨਹੀਂ ਹੋਣੀ ਚਾਹੀਦੀ, ਇਹ ਸਭ ਆਸਾਂ ਅਜੋਕੇ ਸਮੇਂ ਦੀ ਔਰਤ ਤੋਂ ਰੱਖੀਆਂ ਜਾਂਦੀਆਂ ਹਨ | ਇਨ੍ਹਾਂ ਸਾਰੀਆਂ ਕਸਵੱਟੀਆਂ 'ਤੇ ਪੂਰਾ ਉਤਰਨ ਲਈ ਇਕ ਮਾਂ ਦੀ ਸਖ਼ਤ ਮਿਹਨਤ ਲਗਦੀ ਹੈ, ਜੋ ਕਿ ਨਾ ਦਿਸਣ ਵਾਲੀ ਹੁੰਦੀ ਹੈ |
ਉਮੀਦ ਹੈ ਕਿ ਏਨੇ ਸਭ ਦੇ ਬਾਵਜੂਦ ਮਾਂ ਦੇ ਇਸ ਰੋਲ ਨੂੰ ਪਹਿਚਾਣ ਮਿਲਦੀ ਹੋਵੇਗੀ? ਕੰਮ ਵਿਚ, ਕੁਝ ਕਰਨ ਦੀ ਚਾਹ ਤੇ ਆਪਣੇ ਕਿੱਤੇ ਦੇ ਉਭਰਦੇ ਨਵੇਂ ਮੌਕੇ ਅਤੇ ਸੁਪਨਿਆਂ ਨੂੰ ਪੂਰਾ ਕਰਨ ਦੀ ਤਾਂਘ ਦੇ ਨਾਲ-ਨਾਲ ਬੱਚਿਆਂ ਲਈ ਹਰ ਵੇਲੇ ਹਾਜ਼ਰ ਰਹਿਣਾ ਮਾਵਾਂ ਨੂੰ ਤੰਦਰੁਸਤ, ਕੰਮ ਤੇ ਜ਼ਿੰਦਗੀ ਦਾ ਸੰਤੁਲਨ ਸਿਖਾ ਰਿਹਾ ਹੈ |
ਅਜੋਕੇ ਸਮੇਂ ਦੀ ਮਾਂ ਲਈ ਬੱਚਿਆਂ ਵਿਚ ਉਨ੍ਹਾਂ ਦੀ ਸੱਭਿਆਚਾਰਕ ਪਹਿਚਾਣ ਕਾਇਮ ਰੱਖਣਾ, ਰਵਾਇਤੀ ਰਹਿਣ-ਸਹਿਣ ਦੀ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਇਸ 'ਤੇ ਮਾਣ ਮਹਿਸੂਸ ਕਰਾਉਣਾ, ਜ਼ਿੰਮੇਵਾਰੀ ਹੀ ਨਹੀਂ, ਅੱਜਕਲ੍ਹ ਇਹ ਚੁਣੌਤੀ ਵੀ ਹੈ |
ਪੀੜ੍ਹੀ-ਦਰ-ਪੀੜ੍ਹੀ ਸੱਭਿਆਚਾਰ ਤੇ ਵਿਰਸੇ ਦੀ ਸੰਭਾਲ ਕਰਨ ਵਿਚ ਮਾਂ ਦਾ ਅਹਿਮ ਰੋਲ ਰਿਹਾ ਹੈ |
ਅਜੋਕੇ ਸਮੇਂ ਦੀ ਮਾਂ ਲਈ ਇਕ ਹੋਰ ਅਹਿਮ ਚੀਜ਼ ਬਣ ਗਈ ਹੈ ਬੱਚਿਆਂ ਵਿਚ ਲਿੰਗ ਬਰਾਬਰੀ ਦੀ ਭਾਵਨਾ ਕਾਇਮ ਰੱਖਣਾ, ਭੇਦ-ਭਾਵ, ਪੱਖਪਾਤ ਤੋਂ ਬੱਚਿਆਂ ਦੀ ਸੋਚ ਨੂੰ ਆਜ਼ਾਦ ਕਰਵਾਉਣਾ |
ਅਜੋਕੇ ਸਮੇਂ ਦੀ ਮਾਂ ਆਪਣੇ ਬੇਟਿਆਂ ਨੂੰ ਧੜੱਲੇਦਾਰ ਸੁਭਾਅ ਵਾਲੇ, ਔਰਤਾਂ ਦੀ ਇੱਜ਼ਤ ਕਰਨ ਤੇ ਸਹਾਇਕ ਜੀਵਨ ਸਾਥੀ ਬਣਨ ਦੀ ਸਿੱਖਿਆ ਦਿੰਦੀ ਹੈ ਤੇ ਬੇਟੀਆਂ ਨੂੰ ਪੜ੍ਹਾਈ, ਨੌਕਰੀ ਕਰਨ ਲਈ, ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰਦੀ ਹੈ, ਇਸ ਤਰ੍ਹਾਂ ਨਾਲ ਅਜੋਕੇ ਸਮੇਂ ਦੀ ਮਾਂ ਇਕ ਬਿਹਤਰ ਤੇ ਬਰਾਬਰੀ ਵਾਲੇ ਸਮਾਜ ਦੀ ਨੀਂਹ ਰੱਖਣ ਵਿਚ ਕੋਈ ਕਸਰ ਨਹੀਂ ਛੱਡਦੀ |
ਅੱਜਕਲ੍ਹ ਬੱਚਿਆਂ ਨੂੰ ਵੱਡੇ ਕਰਨਾ ਸਵਾਲ ਨਹੀਂ ਹੈ, ਸਵਾਲ ਹੈ ਇਕ ਪੀੜ੍ਹੀ ਨੂੰ ਵੱਡੇ ਕਰਨਾ, ਉਹ ਪੀੜ੍ਹੀ ਜੋ ਰੰਗ, ਧਰਮ, ਸਾਰਿਆਂ ਤੋਂ ਉੱਪਰ ਹੈ ਤੇ ਬਰਾਬਰੀ ਤੇ ਪ੍ਰਮਾਣਨਿਕਤਾ ਦੀ ਕਦਰ ਕਰਦੀ ਹੈ |
ਜ਼ਿੰਦਗੀ ਦੇ ਪਹਿਲੂਆਂ ਦਾ ਸੰਤੁਲਨ ਬਣਾਉਂਦੇ ਬਣਾਉਂਦੇ ਆਪ ਕਈ ਵਾਰ ਅਸੰਤੁਲਿਤ ਹੋ ਜਾਣਾ ਬਹੁਤ ਸੁਭਾਵਿਕ ਹੈ | ਬਹੁਤ ਤਰ੍ਹਾਂ ਦਾ ਤਣਾਅ, ਭਾਵੇਂ ਘਰੇਲੂ ਹੋਵੇ, ਬੱਚਿਆਂ ਦੇ ਕੰਮ ਦਾ ਹੋਵੇ, ਸਮਾਜਿਕ ਫ਼ਿਕਰਾਂ ਦਾ ਹੋਵੇ, ਇਨ੍ਹਾਂ ਸਾਰਿਆਂ ਨਾਲ ਦਿਮਾਗੀ ਬੋਝ ਵਧਣਾ ਲਾਜ਼ਮੀ ਹੈ |
ਅੱਜਕਲ੍ਹ ਸੋਸ਼ਲ ਮੀਡੀਆ ਦਾ ਦਬਾਅ ਵੀ ਮਾਵਾਂ ਦੇ ਰਾਹ ਦੀ ਕਿਤੇ ਨਾ ਕਿਤੇ ਅੜਚਨ ਬਣਦਾ ਹੈ | ਇਨ੍ਹਾਂ ਸੋਸ਼ਲ ਪਲੇਟਫਾਰਮਾਂ 'ਤੇ ਬਹੁਤ ਹੀ ਸੰਪੂਰਨ ਮਾਂ-ਬਾਪ ਦੇ ਬਣੇ ਨਿਰਧਾਰਤ ਨਿਯਮ ਵੇਖ ਕੇ ਅਜੋਕੀਆਂ ਮਾਵਾਂ ਨੂੰ ਆਪਣਾ-ਆਪ ਅਧੂਰਾ ਲਗਦਾ ਹੈ ਕਿ ਏਨੀ ਮਿਹਨਤ ਕਰਨ ਦੇ ਬਾਵਜੂਦ ਟੀਚਾ ਪ੍ਰਾਪਤ ਕਿਉਂ ਨਹੀਂ ਹੋ ਰਿਹਾ |
ਸਮਾਜ ਤੇ ਸੋਸ਼ਲ ਮੀਡੀਆ ਦਾ ਦਬਾਅ ਰਹਿਣ ਕਾਰਨ, ਭਾਵੁਕਤਾ, ਇਕੱਲਾਪਨ, ਅੱਜ ਦੀ ਮਾਡਰਨ ਮਾਂ ਦੇ ਉੱਪਰ ਹਾਵੀ ਹੋ ਸਕਦਾ ਹੈ |
ਦਬਾਅ ਇਹ ਵੀ ਹੁੰਦਾ ਹੈ ਘਰ ਅਤੇ ਕੰਮ ਦੋਵਾਂ ਵਿਚ ਨਿਪੰੁਨ ਹੋਣਾ ਬਹੁਤ ਜ਼ਰੂਰੀ ਹੈ | ਕਈ ਵਾਰ ਥੋੜ੍ਹਾ ਜਿਹਾ ਵੀ ਕੁਝ ਠੀਕ ਨਾ ਹੋਣ 'ਤੇ ਦਿਮਾਗੀ ਤਣਾਅ ਪੈਦਾ ਹੋ ਜਾਂਦਾ ਹੈ ਕਿ ਕਿਉਂ ਅੱਜ ਦੇ ਮਾਡਰਨ ਸਮੇਂ ਵਿਚ ਅਸੀਂ ਉਦਾਹਰਨ ਨਹੀਂ ਬਣ ਪਾ ਰਹੇ |
ਇਸ ਦਬਾਅ ਨੂੰ ਇਕੱਲੇ ਝੱਲਣ ਦੇ ਨੁਕਸਾਨ ਹੋ ਸਕਦੇ ਹਨ | ਭਾਵੇਂ ਬੱਚੇ ਬਹੁਤ ਛੋਟੇ ਹੋਣ, ਵਧਦੀ ਉਮਰ ਦੇ ਹੋਣ, ਵੱਡੇ ਹੋਣ, ਮਾਂ ਨੂੰ ਇਸ ਦਬਾਅ ਵਿਚ ਆਪਣੇ-ਆਪ ਨੂੰ ਇਕੱਲੇ ਮਹਿਸੂਸ ਨਹੀਂ ਕਰਨਾ ਚਾਹੀਦਾ, ਹੋਰਾਂ ਨਾਲ ਆਪਣੇ ਤਜਰਬੇ ਸਾਂਝੇ ਕਰਨੇ ਚਾਹੀਦੇ ਨੇ, ਮਦਦ ਲਈ ਗੱਲ ਕਰਨੀ ਚਾਹੀਦੀ ਹੈ |
ਅੱਜਕਲ੍ਹ ਅਜੋਕੇ ਸਮੇਂ ਦੀਆਂ ਮਾਵਾਂ ਨਾਲ ਜ਼ਿਆਦਾਤਰ ਅਜੋਕੇ ਪਿਤਾ ਵੀ ਜ਼ਿੰਮੇਵਾਰੀ ਨੂੰ ਵੰਡ ਰਹੇ ਹਨ | ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿਉਂਕਿ ਜੇ ਮਾਂ ਨੂੰ ਸਹਾਰਾ ਮਿਲੇਗਾ, ਦਿਮਾਗੀ ਤੇ ਸਿਹਤ ਪੱਖੋਂ ਮਦਦ ਹੋਵੇਗੀ, ਫਿਰ ਹੀ ਦੋਵਾਂ ਲਈ ਇਕਮੱਤ ਹੋ ਕੇ ਬੱਚੇ ਨੂੰ ਪਾਲਣਾ ਆਸਾਨ ਹੋਵੇਗਾ, ਨਹੀਂ ਤਾਂ ਮਾਂ ਅੰਦਰੋਂ ਟੁੱਟਦੀ ਹੀ ਰਹੇਗੀ |
ਅਜੋਕੇ ਸਮੇਂ ਦੀ ਮਾਂ ਦਾ ਸਫ਼ਰ ਸੁਖਾਵਾਂ ਬਣਦਾ ਹੈ ਪਰਿਵਾਰ ਦੇ ਸਪੋਰਟ ਗਰੁੱਪਾਂ, ਸਮਾਜਿਕ ਗਰੁੱਪਾਂ ਦੀ ਮਦਦ ਨਾਲ ਕਿਉਂਕਿ ਅੱਜਕਲ੍ਹ ਸੋਸ਼ਲ ਮੀਡੀਆ ਦੇ ਪ੍ਰਸਾਰ ਨਾਲ ਘਰ ਵਿਚ ਬੈਠੀਆਂ ਕਈ ਔਰਤਾਂ ਇਸ ਤਰ੍ਹਾਂ ਦੇ ਗਰੁੱਪਾਂ ਦਾ ਹਿੱਸਾ ਬਣ ਜਾਂਦੀਆਂ ਨੇ | ਇਸ ਤਰ੍ਹਾਂ ਦਾ ਮਾਹੌਲ ਮਾਵਾਂ ਨੂੰ ਆਪਣੇ ਰੋਲ ਨੂੰ ਨਵਾਂ ਰੂਪ ਦੇਣ ਦੇ ਨਾਲ-ਨਾਲ ਸੱਭਿਆਚਾਰਕ ਰਵਾਇਤਾਂ ਤੇ ਤੰਦਾਂ ਨੂੰ ਸੰਭਾਲ ਕੇ ਰੱਖਣ ਤੇ ਆਪਣੇ ਵਿਕਾਸ ਲਈ ਮੌਕੇ ਪੈਦਾ ਕਰਨ ਵਿਚ ਸਹਾਈ ਹੁੰਦਾ ਹੈ |
ਜ਼ਮਾਨਾ ਬਦਲਿਆ ਹੈ, ਸਮਾਜ ਵਿਚ ਬਹੁਤ ਹੱਦ ਤੱਕ ਬਦਲਾਓ ਵੀ ਆਇਆ ਹੈ, ਅਜੋਕੇ ਸਮੇਂ ਦੀ ਮਾਂ ਇਕ ਵੱਖਰੇ ਬਦਲਾਅ, ਸੱਭਿਆਚਾਰ ਨੂੰ ਸੰਭਾਲਣ ਦੇ ਤਾਕਤਵਰ ਏਜੰਟ ਵਜੋਂ ਬਦਲਦੇ ਮਾਹੌਲ ਨਾਲ ਬਦਲਦੀ ਪਰਵਰਿਸ਼ ਕਰਨ ਵਿਚ ਵਧੀਆ ਸਾਬਤ ਹੋ ਰਹੀ ਹੈ | ਅਜੋਕੇ ਜ਼ਮਾਨੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅਜੋਕੇ ਸਮੇਂ ਦੀ ਮਾਂ ਨਵੀਂ ਪੀੜ੍ਹੀ ਨੂੰ ਆਪਣੀ ਤਾਕਤ, ਆਪਣੀ ਲਚਕ ਤੇ ਬਿਨਾਂ ਡੋਲ਼ੇ, ਬਿਨਾਂ ਹਿੱਲੇ ਪਿਆਰ ਨਾਲ ਪ੍ਰੇਰਿਤ ਕਰਦੀ ਰਹੇਗੀ, ਲੋੜ ਹੈ ਉਸ ਨੂੰ ਸਿਰਫ਼ ਸਮਝਣ ਦੀ ਤੇ ਸਹਾਰਾ ਦੇਣ ਦੀ |
ਸੋ ਆਓ, ਮਾਂ ਦਿਵਸ ਮਨਾਈਏ ਤੇ ਸਤਿਕਾਰ ਕਰੀਏ ਉਸ ਮਾਂ ਦੇ ਯੋਗਦਾਨ ਦਾ, ਜੋ ਸੱਭਿਆਚਾਰਕ ਵਿਕਾਸ ਤੇ ਤਰੱਕੀ ਨਾਲ ਪਰਿਵਾਰਾਂ ਨੂੰ ਤੇ ਦੁਨੀਆ ਭਰ ਦੇ ਭਾਈਚਾਰੇ ਨੂੰ ਆਪਣੇ ਅੰਦਰਲੇ ਇਕ ਅਜੋਕੇ ਸਮੇਂ ਦੀ ਮਾਂ ਦੇ ਛੁਪੇ ਹੁਨਰ ਦੇ ਜਾਦੂ ਨਾਲ ਹਮੇਸ਼ਾ ਹੋਰ ਮਜ਼ਬੂਤ ਕਰਦੀ ਰਹੇਗੀ |
e-mail : gurjot@ajitjalandhar.com
facebook.com/Gurjot.Ajit