ਆਉਣ ਵਾਲੇ ਸਮੇਂ ਦੌਰਾਨ ਮਨੁੱਖ ਦੇ ਮਨ-ਮਸਤਕ, ਆਰਥਿਕਤਾ ਅਤੇ ਰਹਿਣ-ਸਹਿਣ ਵਿਚ ਵੱਡੀਆਂ ਤਬਦੀਲੀਆਂ ਵਾਪਰਨ ਜਾ ਰਹੀਆਂ ਹਨ | ਇਹ ਤਬਦੀਲੀਆਂ ਬੜੀਆਂ ਹੈਰਾਨੀਜਨਕ ਹੋਣਗੀਆਂ |
ਏ.ਆਈ. ਦਾ ਅਜੇ ਜਨਮ ਹੀ ਹੋਇਆ ਹੈ | ਇਹ ਅਜੇ ਬਾਲਪਣ ਵਿਚ ਹੈ | ਇਸ ਦੇ ਜਨਮ ਹੁੰਦਿਆਂ ਹੀ ਕਈ ਖੇਤਰਾਂ ਵਿਚ ਬਹੁਤ ਕੁਝ ਬਦਲਣ ਲੱਗਾ ਹੈ | ਸਾਡਾ ਭਵਿੱਖ ਏਨਾ ਬਦਲ ਜਾਵੇਗਾ ਜਿਸ ਦਾ ਅਸੀਂ ਕਦੇ ਕਿਆਸ ਵੀ ਨਹੀਂ ਕੀਤਾ ਸੀ |
ਤੁਹਾਨੂੰ ਤੁਹਾਡੇ ਕਿਸੇ ਆਪਣੇ ਨੇ ਫੋਨ ਕਰਕੇ ਕਿਹਾ, 'ਮੈਂ ਅੱਜ ਬਹੁਤ ਉਦਾਸ ਹਾਂ, ਮੇਰਾ ਦਿਲ ਨਹੀਂ ਲੱਗ ਰਿਹਾ |' ਇਸ ਦਾ ਕਲਾਤਮਿਕ ਜਵਾਬ ਦੇਣ ਲਈ ਤੁਸੀਂ ਆਪਣੀ ਮਰਜ਼ੀ ਨਾਲ ਜਿਵੇਂ- 'ਅੱਜਕਲ੍ਹ ਕਿਉਂ ਨਹੀਂ ਲਗਦਾ ਦਿਲ ਤੇਰਾ ਕੀ ਹੋਇਐ ਦਿਲ ਨੂੰ ', ਇਸ ਵਿਸ਼ੇ ਦਾ ਗੀਤ ਏ. ਆਈ. ਤੋਂ ਲਿਖਵਾ ਸਕਦੇ ਹੋ | ਇੱਥੇ ਹੀ ਬੱਸ ਨਹੀਂ ਤੁਸੀਂ ਇਸ ਗੀਤ ਦਾ ਸੰਗੀਤ ਤਿਆਰ ਕਰਕੇ ਅਤੇ ਇਸ ਨੂੰ ਤੁਸੀਂ ਆਪਣੀ ਆਵਾਜ਼ ਜਾਂ ਤੁਹਾਡੇ ਮਿੱਤਰ ਦੇ ਪਸੰਦੀਦਾ ਸਟਾਰ ਗਾਇਕ ਤੋਂ ਗਵਾ ਕੇ, ਏ.ਆਈ. ਦੋ ਮਿੰਟ ਵਿਚ ਤੁਹਾਨੂੰ ਤਿਆਰ ਕਰਕੇ ਦੇ ਸਕਦੀ ਹੈ ਜੋ ਤੁਸੀਂ ਆਪਣੇ ਮਿੱਤਰ ਨੂੰ ਭੇਜ ਸਕਦੇ ਹੋ | ਇਸ ਤੋਂ ਵੀ ਅਗਾਂਹ ਇਸ ਗੀਤ ਦੀ ਤੁਸੀਂ ਆਪਣੀ ਮਰਜ਼ੀ ਦੀ ਵੀਡੀਓ ਜਿਸ ਵਿਚ ਸਮੁੰਦਰਾਂ, ਪਹਾੜਾਂ, ਰੇਗਿਸਤਾਨਾਂ, ਹੈਲੀਕਾਪਟਰ, ਹਵਾਈ ਤੇ ਸਮੁੰਦਰੀ ਜਹਾਜ਼ਾਂ ਦੇ ਦਿ੍ਸ਼ ਹੋਣ, ਵੀ ਤਿਆਰ ਕਰ ਸਕਦੇ ਹੋ | ਅੱਜ ਤੋਂ ਕੁਝ ਸਾਲ ਪਹਿਲਾਂ ਇਸ ਕੰਮ ਲਈ ਕਈ ਦਿਨ ਲਗਦੇ ਸਨ 'ਤੇ ਇਸ ਲਈ ਸਾਨੂੰ ਲੱਖਾਂ ਰੁਪਏ ਚਾਹੀਦੇ ਸਨ |
ਆਪਣੀ ਮਰਜ਼ੀ ਦੀ ਫ਼ਿਲਮ ਦੀ ਕਹਾਣੀ, ਕਵਿਤਾ, ਵੀਡੀਓ, ਫੋਟੋ, ਪੇਂਟਿੰਗ, ਗੀਤ ਸੰਗੀਤ, ਕਿਸੇ ਵਿਸ਼ੇ ਸਬੰਧੀ ਕੋਈ ਖੋਜ ਕਰਨੀ ਹੋਵੇ, ਇਹ ਸਭ ਕੁਝ ਏ. ਆਈ. ਦਾ ਅਵਤਾਰ ਮਿੰਟਾਂ ਸਕਿੰਟਾਂ ਵਿਚ ਕਰਨ ਦੀ ਮੁਹਾਰਤ ਰੱਖਦਾ ਹੈ | ਇਹ ਅਜੇ ਸ਼ੁਰੂਆਤ ਮਾਤਰ ਹੈ | ਭਵਿੱਖ ਵਿਚ ਤਾਂ ਏਨਾ ਕੁਝ ਤਬਦੀਲ ਹੋ ਜਾਵੇਗਾ ਕਿ ਪਹਿਲੀ ਵਾਰ ਮਾਨਵਜਾਤੀ ਏਨੇ ਵੱਡੇ ਹੈਰਾਨੀਜਨਕ ਵਰਤਾਰੇ ਵਿਚ ਪ੍ਰਵੇਸ਼ ਕਰੇਗੀ | ਏ. ਆਈ. ਤਕਨੀਕ ਇਕ ਅਜਿਹਾ ਵੇਗ ਹੈ ਜੋ ਸਭ ਕੁਝ ਨੂੰ ਪ੍ਰਭਾਵਤ ਕਰਨ ਦੀ ਮੁਹਾਰਤ ਰੱਖਦਾ ਹੈ | ਕੰਪਿਊਟਰ ਦੀ ਮਦਦ ਨਾਲ ਵੀ ਜਿਸ ਕੰਮ ਨੂੰ ਕਰਨ ਲਈ ਪਹਿਲਾਂ ਦਿਨ ਹਫਤੇ ਲੱਗਦੇ ਸਨ, ਉਹ ਹੁਣ ਮਿੰਟਾਂ ਸਕਿੰਟਾਂ ਵਿਚ ਹੋਣ ਲਗੇਗਾ | ਕੋਈ ਵੈਬਸਾਈਡ ਬਣਾਉਣੀ ਹੈ, ਕਿਸੇ ਤਰ੍ਹਾਂ ਦੀ ਮਸ਼ਹੂਰੀ ਕਰਨ ਲਈ ਕੋਈ ਛੋਟੀ ਫਿਲਮ ਜਾਂ ਪੋਸਟਰ ਤਿਆਰ ਕਰਨਾ ਹੈ, ਕੋਈ ਕਾਰਡ ਜਾਂ ਸਕਪਿ੍ਟ ਲਿਖਣੀ ਹੈ, ਏ. ਆਈ. ਟੂਲ ਇਸ ਸਭ ਕੁਝ ਨੂੰ ਮਿੰਟਾਂ ਸਕਿੰਟਾਂ ਵਿਚ ਕਰਨ ਦੀ ਮੁਹਾਰਤ ਰੱਖਦੇ ਹਨ | ਏ.ਆਈ. ਦੇ ਮਾਹਿਰ ਇਹ ਕਹਿ ਰਹੇ ਹਨ ਕਿ ਇਸ ਸਮੇਂ ਦੁਨੀਆ ਵਿਚ ਬੜੇ ਵਿਲੱਖਣ ਕੰਮਾਂ ਨੂੰ ਅੰਜਾਮ ਦੇਣ ਵਾਲੇ ਏ.ਆਈ. ਟੂਲਜ਼ ਜਿਵੇਂ ਚੈਟ ਜੀ ਪੀ ਟੀ ਜਾਂ ਗਰੋਕ ਵਰਗੀਆਂ ਸਾਈਟਾਂ ਲਈ ਭਵਿੱਖ ਵਿਚ ਲੋਕ ਹੱਸਿਆ ਕਰਨਗੇ ਕਿ ਸ਼ੁਰੂ ਵਿਚ ਇਸ ਤਰ੍ਹਾਂ ਦੀ ਏ. ਆਈ. ਨਾਲ ਕੰਮ ਚਲਦਾ ਸੀ |
ਅਗਲੇ ਦੋ ਤਿੰਨ ਸਾਲਾਂ ਵਿਚ ਏ.ਆਈ. ਦਾ ਪ੍ਰਭਾਵ ਸਾਡੇ ਮੋਬਾਈਲ ਜਾਂ ਕੰਪਿਊਟਰ ਤੱਕ ਹੀ ਸੀਮਤ ਨਹੀਂ ਰਹੇਗਾ ਬਲਕਿ ਏ. ਆਈ. ਰੋਬਟ ਸਾਡੇ ਘਰਾਂ ਵਿਚ ਹਰ ਤਰ੍ਹਾਂ ਦੇ ਕੰਮ ਕਰਨ ਲੱਗ ਪੈਣਗੇ | ਦੁਨੀਆਂ ਭਰ ਦੀ ਸਿੱਖਿਆ ਦਾ ਗਿਆਨ ਸਾਡੇ ਤੋਂ ਹੁਣ ਇਕ ਕਲਿੱਕ ਦੂਰ ਹੈ, ਇਸ ਸਥਿਤੀ ਵਿਚ ਸਾਡੇ ਸਿਲੇਬਸਾਂ, ਡਿਗਰੀਆਂ, ਡਿਪਲੋਮੇ, ਕੋਰਸਾਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਕੀ ਭੂਮਿਕਾ ਰਹਿ ਜਾਵੇਗੀ, ਇਸ ਬਾਰੇ ਮਾਨਵਜਾਤ ਵਲੋਂ ਸੋਚਿਆ ਜਾਣਾ ਅਜੇ ਬਾਕੀ ਹੈ | ਤਕਨੀਕ ਦੇ ਮਾਹਿਰ ਦੱਸ ਰਹੇ ਹਨ ਅਗਲੇ ਕੁਝ ਕੁ ਸਾਲਾਂ ਵਿਚ ਜਦੋਂ 'ਏ. ਜੀ. ਆਈ.' ਆਰਟੀਫੀਸ਼ਲ ਜਨਰਲ ਇੰਟੈਲੀਜੈਂਸ ਦਾ ਪ੍ਰਵੇਸ਼ ਹੋਵੇਗਾ ਤਾਂ ਸਭ ਕੁਝ ਇੰਨੀ ਤੇਜ਼ੀ ਨਾਲ ਤਬਦੀਲ ਹੋਣ ਲੱਗੇਗਾ ਕਿ ਸਾਡੇ ਕੋਲ ਹੈਰਾਨ ਹੋਣ ਦਾ ਸਮਾਂ ਵੀ ਨਹੀਂ ਹੋਵੇਗਾ | ਇੱਥੇ ਸਾਡੇ ਲਈ ਅਫ਼ਸੋਸਨਾਕ ਗੱਲ ਇਹ ਹੈ ਕਿ ਅੱਜ ਵੀ ਸਾਡੇ ਸਕੂਲਾਂ 'ਚ ਉਹ ਪੜ੍ਹਾਈ ਕਰਵਾਈ ਜਾ ਰਹੀ ਹੈ ਜਿਸ ਨੂੰ ਪੜ੍ਹਨ ਨਾਲ ਪੰਜਾਹ ਸਾਲ ਪਹਿਲਾਂ ਵਾਲੀ ਨੌਕਰੀ ਮਿਲਦੀ ਸੀ | ਜਦ ਕਿ ਸਮਾਂ ਬਹੁਤ ਅੱਗੇ ਨਿਕਲ ਗਿਆ ਹੈ ਅਤੇ ਚੀਜ਼ਾਂ ਇੰਨੀ ਤੇਜ਼ੀ ਨਾਲ ਤਬਦੀਲ ਹੋਣ ਲੱਗੀਆਂ ਹਨ ਕਿ ਅੱਜ ਜਿਹੜਾ ਗਿਆਨ ਹੁਣ ਮੁੱਲਵਾਨ ਲੱਗਦਾ ਹੈ ਅਗਲੇ ਸਾਲ ਉਹ ਅਰਥਹੀਣ ਹੋ ਜਾਣ ਵਾਲਾ ਹੈ |
ਅਤਿ ਆਧੁਨਿਕ ਇਨ੍ਹਾਂ ਤਬਦੀਲੀਆਂ ਦਾ ਸਾਡੇ ਮਨ-ਮਸਤਕ 'ਤੇ ਕਿਹੋ ਜਿਹਾ ਪ੍ਰਭਾਵ ਪਵੇਗਾ, ਇਸ ਦਾ ਠੀਕ ਠੀਕ ਅੰਦਾਜ਼ਾ ਏ.ਆਈ. ਦੇ ਮਾਹਿਰਾਂ ਨੂੰ ਵੀ ਨਹੀਂ ਲੱਗ ਰਿਹਾ | ਅਸੀਂ ਤਕਨੀਕ ਦੇ ਉਸ ਯੁੱਗ ਵਿਚ ਪ੍ਰਵੇਸ਼ ਕਰ ਗਏ ਹਾਂ ਜਿੱਥੇ ਵੱਡੀ ਗਿਣਤੀ ਲੋਕਾਂ ਦਾ ਜ਼ਿਆਦਾਤਰ ਸਮਾਂ ਆਪਣੇ ਆਪ ਤੋਂ ਦੂਰ ਹੋ ਕੇ ਬੀਤਦਾ ਹੈ | ਸ਼ੋਸ਼ਲ ਮੀਡੀਆ ਦੇ ਇਸ ਦੌਰ ਵਿਚ ਅਸੀਂ ਹਰ ਦਿਨ ਆਪਣੇ ਆਪ ਤੋਂ ਦੂਰ ਹੋ ਰਹੇ ਹਾਂ | ਪਹਿਲਾਂ ਬੰਦਾ ਆਪਣੇ ਆਲੇ ਦੁਆਲੇ ਦੇ ਕੁਝ ਕੁ ਪੰਦਰਾਂ ਵੀਹ ਲੋਕਾਂ ਵਿਚ ਆਪਣੇ ਅਕਸ ਨੂੰ ਵੇਖਦਾ ਸੀ ਕਿ ਇਨ੍ਹਾਂ ਵਿਚ ਮੇਰੀ ਵਾਹ ਵਾਹ ਬਣੀ ਰਹੇ | ਹੁਣ ਉਸ ਦਾ ਦਾਇਰਾ ਹੋਰ ਵਧ ਕੇ ਮੋਬਾਈਲ ਦੀ ਸਕਰੀਨ ਦੀ ਡਿਜੀਟਲ ਦੋਸਤੀ ਤੱਕ ਹੋ ਗਿਆ ਹੈ | ਮੋਬਾਈਲ ਦੀ ਸਕਰੀਨ ਤੋਂ ਮਿਲੇ ਲਾਈਕਾਂ ਦੇ ਨੰਬਰ ਤੇ ਕੂਮੈਂਟਸ ਨਾਲ ਬਣੀ ਰਾਇ ਹੁਣ ਸਾਡੇ ਮਨ ਦੀ ਅਵਸਥਾ ਨੂੰ ਨਿਰਧਾਰਤ ਕਰਨ ਲੱਗ ਪਈ ਹੈ | ਹਰ ਪੰਜ ਮਿੰਟ ਬਾਅਦ ਮੋਬਾਈਲ ਦੇਖਣ ਦੀ ਆਦਤ ਨੇ ਸਾਨੂੰ ਇਕ ਤਰਾਂ੍ਹ ਨਾਲ ਡਿਜੀਟਲ ਦੁਨੀਆਂ ਦਾ ਗੁਲਾਮ ਬਣਾ ਦਿੱਤਾ ਹੈ | ਸਾਡੇ ਮਨਾਂ ਨੂੰ ਇਕ ਤਰ੍ਹਾਂ ਨਾਲ ਮੋਬਾਈਲ ਦੀ ਤੋੜ (ਲੱਤ) ਲੱਗਣ ਲੱਗੀ ਹੈ | ਬਿਨਾਂ ਸ਼ੱਕ ਇੰਟਰਨੈੱਟ ਦੀ ਦੁਨੀਆਂ ਨੇ ਮਨੁੱਖ ਨੂੰ ਬਹੁਤ ਕੁਝ ਦਿੱਤਾ ਹੈ, ਬਹੁਤ ਕੁਝ ਉਸ ਨੇ ਨੇੜੇ ਨੇੜੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ | ਮੌਸਮ, ਚੀਜ਼ਾਂ ਵਸਤਾਂ ਦੇ ਮੁੱਲ ਅਤੇ ਇਨ੍ਹਾਂ ਦੀਆਂ ਜਾਣਕਾਰੀਆਂ, ਆਪਣੇ ਕਾਰੋਬਾਰ ਦੇ ਫੈਲਾਅ ਕਰਨ ਦੇ ਢੰਗ ਤਰੀਕੇ ਤੇ ਹੋਰ ਬਹੁਤ ਕੁਝ ਨੂੰ ਇੰਟਰਨੈੱਟ ਨੇ ਆਸਾਨ ਬਣਾਇਆ ਹੈ | ਇਹ ਵੀ ਸਮਝਣ ਦੀ ਲੋੜ ਹੈ ਕਿ ਅੱਜ ਦੇ ਦੌਰ ਵਿਚ ਮੋਬਾਈਲ ਫੋਨ ਅਤੇ ਇੰਟਰਨੈੱਟ ਬਗ਼ੈਰ ਗੁਜ਼ਾਰਾ ਨਹੀਂ ਪਰ ਇਸ ਤੋਂ ਵੱਧ ਇਹ ਜਾਨਣ ਦੀ ਲੋੜ ਹੈ ਕਿ ਅਸੀਂ ਇਸ ਸਭ ਕੁਝ ਦੇ ਗੁਲਾਮ ਵੀ ਬਣ ਰਹੇ ਹਾਂ | ਇੰਨੇ ਗੁਲਾਮ ਕਿ ਅਸੀਂ ਜੀਵਨ ਦੇ ਬਹੁਮੁੱਲੇ ਪੱਖ ਵਿਸਰਦੇ ਜਾ ਰਹੇ ਹਾਂ | ਜ਼ਰਾ ਕਿਆਸ ਕਰੋ ਇਕ ਬੰਦਾ ਆਪਣਾ ਬਹੁਤ ਸਾਰਾ ਸਮਾਂ ਜੇਕਰ ਕੰਪਿਊਟਰ ਜਾਂ ਮੋਬਾਈਲ ਫੋਨ 'ਤੇ ਹੀ ਖਰਚ ਕਰ ਦਿੰਦਾ ਹੈ, ਉਸ ਦੇ ਆਖ਼ਰੀ ਸਮੇਂ 'ਤੇ ਜਦੋਂ ਡਾਕਟਰਾਂ ਵਲੋਂ ਉਸ ਨੂੰ ਕਹਿ ਦਿੱਤਾ ਜਾਵੇ ਕਿ ਹੁਣ ਤੁਹਾਡੇ ਕੋਲ ਬਹੁਤ ਥੋੜ੍ਹਾ ਕੁਝ ਦਿਨਾਂ ਦਾ ਸਮਾਂ ਬਚਿਆ ਹੈ ਤਾਂ ਉਸ ਨੂੰ ਹੇਰਵਾ ਜ਼ਰੂਰ ਹੋਵੇਗਾ ਕਿ ਜੀਵਨ ਵਿਚ ਕਰਨ ਵਾਲਾ ਹੋਰ ਬਹੁਤ ਕੁਝ ਸੀ ਜੋ ਰਹਿ ਗਿਆ ਅਤੇ ਜੋ ਸਮਾਂ ਮਿਲਿਆ ਸੀ, ਉਹ ਬਹੁਤ ਸਾਰੀਆਂ ਫ਼ਜ਼ੂਲ ਚੀਜ਼ਾਂ ਨੂੰ ਇਕੱਠੇ ਕਰਦਿਆਂ ਗੁਜ਼ਰ ਗਿਆ |
ਭਵਿੱਖ ਵਿਚ ਚੀਜ਼ਾਂ ਹੋਰ ਤੇਜ਼ੀ ਨਾਲ ਬਦਲਣ ਜਾ ਰਹੀਆਂ ਹਨ | ਅਸੀਂ ਇਸ ਸਮੇਂ ਜਾਣਕਾਰੀਆਂ ਦੇ ਵੱਡੇ ਭਿਆਨਕ ਹੜ੍ਹ ਦੇ ਦੌਰ ਵਿਚ ਹਾਂ | ਆਮ ਮਨੁੱਖ ਲਈ ਵੱਡੇ ਭਰਮਾਂ ਦੀ ਸਿਰਜਣਾ ਹੋਵਗੀ, ਅਸੀਂ ਸੱਚ ਝੂਠ ਦਾ ਫ਼ਰਕ ਕਰਨ ਦੀ ਸਮਰੱਥਾ ਨੂੰ ਗਵਾ ਲਵਾਂਗੇ |
ਵੱਡੇ ਬਦਲਾਵਾਂ ਦੇ ਮੋੜ 'ਤੇ ਖੜ੍ਹੀ ਮਾਨਵਜਾਤ ਲਈ ਸੋਚਣ ਵਾਲੀ ਗੱਲ ਇਹ ਹੈ ਕਿ ਤਕਨੀਕ ਦੇ ਵਿਕਾਸ ਵਿਚ ਮਨੁੱਖੀ ਮਨ ਦੀਆਂ ਸੰਭਾਵਨਾਵਾਂ ਕਿਹੋ ਜਿਹੀਆਂ ਹੋਣਗੀਆਂ | ਕੀ ਮਨੁੱਖ ਨੂੰ ਸੋਚਣ ਵਿਚਾਰਨ ਦੀ ਲੋੜ ਨਹੀਂ ਰਹੇਗੀ? ਜਾਂ ਇਹ ਇੰਨੀ ਸੀਮਤ ਹੋ ਜਾਵੇਗੀ ਕਿ ਸਾਨੂੰ ਆਪਣਾ ਦਿਮਾਗ ਵਰਤਣਾ ਹੀ ਨਹੀਂ ਪਵੇਗਾ | ਜਦੋਂ ਅਸੀਂ ਆਪਣਾ ਦਿਮਾਗ ਬਹੁਤ ਘੱਟ ਖਰਚ ਕਰਾਂਗੇ ਤਾਂ ਦੁਨੀਆਂ ਦੇ ਵੱਡੀ ਗਿਣਤੀ ਲੋਕਾਂ 'ਤੇ ਕਿਹੋ ਜਿਹੇ ਪ੍ਰਭਾਵ ਪੈਣਗੇ? ਜਿਵੇਂ ਹੁਣ ਵੀ ਸਾਡੇ ਬੱਚੇ ਚੌਵੀ ਨੂੰ ਚਾਰ ਨਾਲ ਗੁਣਾਂ ਕਰਨ ਲਈ ਮੋਬਾਈਲ ਦੀ ਵਰਤੋਂ ਕਰਦੇ ਹਨ | ਭਵਿੱਖ ਵਿਚ ਜਦੋਂ ਬਹੁਤ ਕੁਝ ਏ. ਆਈ. 'ਤੇ ਨਿਰਭਰ ਹੋ ਜਾਣਾ ਵਾਲਾ ਹੈ ਤਾਂ ਕੀ ਅਸੀਂ ਆਪਣੇ ਦਿਮਾਗ ਦੀ ਵਰਤੋਂ ਘੱਟ ਕਰ ਦੇਵਾਂਗੇ? ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਸਾਡੇ ਮਨ-ਮਸਤਕ 'ਤੇ ਕੀ ਪ੍ਰਭਾਵ ਪਵੇਗਾ? ਦੂਜੇ ਪਾਸੇ ਸੋਚਿਆ ਇਹ ਵੀ ਜਾ ਰਿਹਾ ਹੈ ਮਾਨਵ-ਜਾਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਮਨੁੱਖ ਦੇ ਬਹੁਤ ਸਾਰੇ ਕੰਮ ਭਵਿੱਖ ਵਿਚ ਮਸ਼ੀਨਾਂ ਸੰਭਾਲ ਲੈਣਗੀਆਂ ਤਾਂ ਮਨੁੱਖ ਦੇ ਕੋਲ ਜੋ ਵਿਹਲ ਹੋਵੇਗੀ, ਉਸ ਵਿਹਲ ਜ਼ਰੀਏ ਉਹ ਕੁਝ ਜ਼ਿਆਦਾ ਕਰੀਏਟਿਵ ਹੋ ਜਾਵੇਗਾ | ਉਹ ਉਨ੍ਹਾਂ ਵਿਸ਼ਿਆਂ ਸਬੰਧੀ ਹੋਰ ਗਹਿਰ-ਗੰਭੀਰ ਸੋਚ ਵਿਚਾਰ ਕਰਨ ਲੱਗੇਗਾ ਜੋ ਉਸ ਦੀ ਸੋਚ ਤੋਂ ਪਰ੍ਹੇ ਹਨ | ਇਸ ਦਾ ਨਕਾਰਾਤਮਿਕ ਪੱਖ ਇਹ ਵੀ ਹੈ ਕਿ ਸਾਨੂੰ ਮਿਲੀ ਵਿਹਲ ਸਾਡੇ ਲਈ ਬਹੁਤ ਵੱਡਾ ਸੰਕਟ ਵੀ ਬਣ ਸਕਦੀ ਹੈ | ਇਹ ਵੀ ਹੋ ਸਕਦਾ ਹੈ ਕਿ ਭਵਿੱਖ ਵਿਚ ਵਿਹਲ ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਬਣ ਜਾਵੇ |
ਜਿਵੇਂ ਸਾਡੇ ਬੱਚਿਆਂ ਨੇ ਟੀ. ਵੀ., ਮੋਬਾਈਲ ਅਤੇ ਬੋਝਲ ਸਿੱਖਿਆ ਦੇ ਪ੍ਰਭਾਵ ਕਰਕੇ ਖੇਡਣਾ ਬੰਦ ਕਰ ਦਿੱਤਾ ਹੈ | ਅੱਜ ਤੋਂ ਪੰਜ ਦਹਾਕੇ ਪਹਿਲਾਂ ਸਾਰੇ ਦੇ ਸਾਰੇ ਹੀ ਬੱਚੇ ਹੁੰਦੇ ਸਨ ਪਰ ਹੁਣ ਛੋਟੇ ਛੋਟੇ ਬੱਚਿਆਂ ਜਿਨ੍ਹਾਂ ਨੂੰ ਇਸ ਦੀ ਨਹੀਂ ਵੀ ਸਮਝ, ਉਨ੍ਹਾਂ ਨੂੰ ਲਾਲਚ ਪਾਈ ਰੱਖਣ ਲਈ ਉਨ੍ਹਾਂ ਅੱਗੇ ਫੋਨ ਰੱਖ ਦਿੱਤਾ ਜਾਂਦਾ ਹੈ | ਸਕੂਲਾਂ ਦੀ ਬੇਲੋੜੀ, ਬੋਝਲ ਤੇ ਅਕਾਊ ਪੜ੍ਹਾਈ ਅਤੇ ਟਿਊਸ਼ਨਾਂ ਤੋਂ ਹੀ ਬੱਚਿਆਂ ਨੂੰ ਟਾਈਮ ਨਹੀਂ ਮਿਲਦਾ, ਜੇ ਮਿਲਦਾ ਹੈ ਤਾਂ ਉਨ੍ਹਾਂ ਦਾ ਬਾਕੀ ਸਮਾਂ ਹੁਣ ਮੋਬਾਈਲ 'ਤੇ ਖਰਚ ਹੋ ਰਿਹਾ ਹੈ | ਬੀਤੇ ਸਮੇਂ ਵਿਚ ਸਾਰੇ ਦੇ ਸਾਰੇ ਬੱਚੇ ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਖੇਡਦੇ ਸਨ ਤਾਂ ਹੁਣ ਵਾਲੇ ਬੱਚਿਆਂ 'ਚੋਂ ਕੇਵਲ 50 ਫ਼ੀਸਦੀ ਬੱਚੇ ਹਨ ਜੋ ਖੇਡਦੇ ਹਨ ਬਾਕੀ ਸਾਰੇ ਖੇਡਣ ਤੋਂ ਬਗ਼ੈਰ ਹੀ ਵੱਡੇ ਹੋ ਰਹੇ ਹਨ | ਭਵਿੱਖ ਵਿਚ ਇਹ ਅਮਲ ਹੋਰ ਤੇਜ਼ੀ ਨਾਲ ਵਧ ਰਿਹਾ ਹੈ | ਇਸ ਦਾ ਭਾਵ ਇਹੋ ਹੀ ਹੈ ਕਿ ਅਸੀਂ ਅਤੇ ਸਾਡੀ ਨਵੀਂ ਜਨਰੇਸ਼ਨ ਬੜੀ ਤੇਜ਼ੀ ਨਾਲ ਤਕਨੀਕ ਦਾ ਪ੍ਰਭਾਵ ਕਬੂਲ ਕਰ ਰਹੀ ਅਤੇ ਇਸੇ ਦੇ ਅਨੁਸਾਰ ਬਣਦੀ ਜਾ ਰਹੀ ਹੈ | ਭਵਿੱਖ ਵਿਚ ਇਨ੍ਹਾਂ ਸਭ ਵਰਤਾਰਿਆਂ ਦੇ ਸਾਡੀ ਆਉਣ ਵਾਲੀ ਪੀੜ੍ਹੀ 'ਤੇ ਕੀ ਪ੍ਰਭਾਵ ਪੈਣਗੇ, ਇਸ ਸੰਬੰਧੀ ਫਿਲਹਾਲ ਕਿਸੇ ਪਾਸੇ ਕੋਈ ਫਿਕਰਮੰਦੀ ਜ਼ਾਹਿਰ ਨਹੀਂ ਹੋ ਰਹੀ | ਇਹ ਵੀ ਹੋ ਸਕਦਾ ਹੈ ਕਿ ਭਵਿੱਖ ਵਿਚ ਅਸੀਂ ਤਕਨੀਕ ਦੇ ਇੰਨੇ ਗੁਲਾਮ ਬਣ ਜਾਈਏ ਕਿ ਅਸੀਂ ਆਪਣੀ ਆਜ਼ਾਦੀ ਦਾ ਅਹਿਸਾਸ ਹੀ ਗਵਾ ਲਈਏ? ਜਿਵੇਂ ਕਿ ਹੁਣ ਹੋ ਰਿਹਾ ਹੈ | ਕੁਝ ਸ਼ਹਿਰਾਂ ਵਿਚ ਮੋਬਾਈਲ ਐਡਿਕਸ਼ਨ ਸੈਂਟਰ ਬਣ ਰਹੇ ਹਨ ਅਤੇ ਤਕਨੀਕ ਦੀ ਗੁਲਾਮੀ ਦੇ ਮਰੀਜ਼ ਇੱਥੇ ਇਨ੍ਹਾਂ ਸੈਂਟਰਾਂ ਵਿਚ ਭਰਤੀ ਵੀ ਕੀਤੇ ਜਾਂਦੇ ਹਨ |
ਸਮੇਂ ਦੀ ਵੱਡੀ ਮੰਗ ਹੈ ਕਿ ਭਵਿੱਖ ਦੀਆਂ ਵੱਡੀਆਂ ਤਬਦੀਲੀਆਂ ਲਈ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ | ਸਾਡੇ ਸਕੂਲਾਂ, ਕਾਲਜਾਂ, ਯੁਨੀਵਰਸਿਟੀਆਂ ਦੇ ਸਿਲੇਬਸਾਂ ਵਿਚ ਵੱਡੀਆਂ ਤਬਦੀਲੀਆਂ ਦੀ ਲੋੜ ਹੈ | ਉਹ ਵਿਸ਼ੇ ਜੋ ਭਵਿੱਖ ਦੇ ਕੁਝ ਕੁ ਸਾਲਾਂ ਵਿਚ ਅਰਥਹੀਣ ਹੋ ਜਾਣੇ ਹਨ, ਉਨ੍ਹਾਂ ਦਾ ਤੁਰੰਤ ਤਿਆਗ ਕੀਤਾ ਜਾਣਾ ਚਾਹੀਦਾ ਹੈ | ਤਕਨੀਕ ਦੀ ਹਨੇਰੀ ਵਿਚ ਬੰਦਾ, ਬੰਦਾ ਕਿਵੇਂ ਬਣਿਆ ਰਹੇ, ਇਸ ਦੀ ਕੁਦਰਤ ਨਾਲ ਇਕਮਿਕਤਾ ਬਰਕਰਾਰ ਰਹੇ, ਇਸ ਤਰ੍ਹਾਂ ਦੇ ਮੌਲਿਕ ਵਿਸ਼ਿਆਂ ਸੰਬੰਧੀ ਵੀ ਸੋਚ ਵਿਚਾਰ, ਚਿੰਤਨ ਮਨਨ ਕੀਤੇ ਜਾਣ ਦੀ ਵੱਡੀ ਲੋੜ ਹੈ |
-ਜ਼ੀਰਾ | ਮੋ: 98550-51099