ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਟੈਗੋਰ, ਗੀਤਾਂਜਲੀ ਤੇ ਨੋਬਲ ਪ੍ਰਾਈਜ਼

Ad Position 21
No active advertisement
ਅਜੀਤ ਡੈਸਕ 24-05-2026

ਡਾਇਨਾਮਾਈਟ ਦੀ ਕਾਢ ਕੱਢਣ ਵਾਲੇ ਉੱਘੇ ਵਿਗਿਆਨੀ ਐਲਫਰੈੱਡ ਨੋਬਲ ਨੇ ਮਰਨ ਤੋਂ ਇਕ ਸਾਲ ਪਹਿਲਾਂ 1895 ਵਿਚ ਆਪਣੀ ਵਸੀਅਤ ਵਿਚ ਪੰਜ ਖੇਤਰਾਂ ਵਿਚ ਨੋਬਲ ਪੁਰਸਕਾਰ ਦੇਣ ਦੀ ਵਿਵਸਥਾ ਕਰ ਦਿੱਤੀ ਸੀ ਪਰ ਇਹ ਸਿਲਸਿਲਾ 1901 ਵਿਚ ਸ਼ੁਰੂ ਹੋਇਆ। ਇਸ ਤੋਂ ਬਾਰਾਂ ਸਾਲ ਬਾਅਦ 1913 ਵਿਚ ਜਦ ਰਬਿੰਦਰਨਾਥ ਟੈਗੋਰ ਨੂੰ ਉਸਦੇ ਕਾਵਿ-ਸੰਗ੍ਰਹਿ 'ਗੀਤਾਂਜਲੀ' ਵਾਸਤੇ ਨੋਬਲ ਪੁਰਸਕਾਰ ਮਿਲਿਆ ਤਾਂ ਉਹ ਪਹਿਲਾ ਗ਼ੈਰ-ਯੂਰਪੀ ਵਿਅਕਤੀ ਸੀ ਜਿਸ ਨੂੰ ਇਹ ਵੱਕਾਰੀ ਐਵਾਰਡ ਪ੍ਰਾਪਤ ਕਰਨ ਦਾ ਮਾਣ ਹਾਸਿਲ ਹੋਇਆ ਸੀ। ਇਹ ਸ਼ਹੂਰ ਪ੍ਰਾਪਤ ਕਰਨ ਵਾਲਾ ਉਹ ਪਹਿਲਾ ਅਤੇ ਹੁਣ ਤੱਕ ਦਾ ਆਖ਼ਰੀ ਹਿੰਦੁਸਤਾਨੀ ਹੈ, ਹਾਲਾਂਕਿ ਹੋਰ ਕਈ ਏਸ਼ਿਆਈ ਮੁਲਕਾਂ ਦੇ ਸਾਹਿਤਕਾਰ ਇਹ ਇਨਾਮ ਹਾਸਿਲ ਕਰ ਚੁੱਕੇ ਹਨ।
ਇਹ ਵੀ ਚਰਚਾ ਚਲਦੀ ਰਹੀ ਹੈ ਕਿ ਇਹ ਕਿਤਾਬ ਮੁੱਢਲੇ ਰੂਪ ਵਿਚ ਬੰਗਲਾ ਵਿਚ ਲਿਖੀ ਗਈ ਸੀ ਅਤੇ ਇਸ ਦਾ ਅਨੁਵਾਦ ਟੈਗੋਰ ਦੇ ਆਇਰਲੈਂਡੀਏ ਲੇਖਕ-ਦੋਸਤ ਵਿਲੀਅਮ ਬੁਟਲਰ ਯੇਟਸ ਨੇ ਕੀਤਾ ਸੀ। ਇਸ ਬਾਰੇ ਵੱਖ-ਵੱਖ ਰਾਵਾਂ ਉਪਲਬਧ ਹਨ। ਟੈਗੋਰ ਦੀ ਜੀਵਨੀਕਾਰ ਉਮਾ ਗੁਪਤਾ ਅਨੁਸਾਰ 'ਗੀਤਾਂਜਲੀ' ਵਿਚਲੀਆਂ ਕਵਿਤਾਵਾਂ ਬੰਗਲਾ ਵਿਚ 1907 ਤੋਂ 1910 ਦੇ ਵਿਚਲੇ ਸਮੇਂ ਵਿਚ ਲਿਖੀਆਂ ਗਈਆਂ। ਇਸਦਾ ਪਹਿਲਾ ਐਡੀਸ਼ਨ 1910 ਵਿਚ ਛਪਿਆ, ਜਿਸ ਵਿਚ 157 ਕਵਿਤਾਵਾਂ ਸਨ। 19 ਮਾਰਚ, 1912 ਵਿਚ ਜਦ ਟੈਗੋਰ ਨੇ ਇੰਗਲੈਂਡ ਜਾਣਾ ਸੀ ਤਾਂ ਉਹ ਇਕ ਰਾਤ ਪਹਿਲਾਂ ਅਚਾਨਕ ਬਿਮਾਰ ਪੈ ਗਿਆ। ਇਸ ਹਾਲਤ ਵਿਚ ਇੰਗਲੈਂਡ ਜਾਣ ਦੀ ਬਜਾਏ ਉਹ ਆਪਣੀ ਮਨ-ਪਸੰਦ ਜਗ੍ਹਾ ਸਿਆਲਦਾ ਜਾ ਬੈਠਾ ਜੋ ਕਿ ਪਦਮ ਨਦੀ ਦੇ ਕਿਨਾਰੇ ਬਹੁਤ ਸੁਹਾਵਣਾ ਅਸਥਾਨ ਸੀ। ਇਥੇ ਸਮਾਂ ਬਤੀਤ ਕਰਨ ਲਈ ਉਸ ਨੇ 'ਗੀਤਾਂਜਲੀ' ਦੀਆਂ ਕਵਿਤਾਵਾਂ ਅੰਗਰੇਜ਼ੀ ਵਿਚ ਅਨੁਵਾਦ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਿਹਤ ਠੀਕ ਹੋਣ 'ਤੇ 27 ਮਈ, 1912 ਨੂੰ ਜਦ ਉਹ ਸਮੁੰਦਰੀ ਜਹਾਜ਼ ਰਾਹੀਂ ਇੰਗਲੈਂਡ ਨੂੰ ਚੱਲਿਆ ਤਾਂ ਉਸ ਵਕਤ ਉਸ ਨੇ ਗੀਤਾਂਜਲੀ ਅਤੇ ਅਨੁਵਾਦ-ਅਭਿਆਸ ਕਾਪੀਆਂ ਨਾਲ ਲੈ ਲਈਆਂ।
ਇਸ ਤਰ੍ਹਾਂ ਦਾ ਹੀ ਕੁਝ ਟੈਗੋਰ ਨੇ ਆਪਣੀ ਭਤੀਜੀ ਇੰਦਰਾ ਦੇਵੀ ਚੌਧਰਾਨੀ ਨੂੰ ਲਿਖੀ ਇਕ ਚਿੱਠੀ ਵਿਚ ਦੱਸਿਆ, 'ਮੈਂ ਅਨੁਵਾਦ ਕਰਕੇ ਕੋਈ ਮਾਅਰਕਾ ਨਹੀਂ ਸਾਂ ਮਾਰਨ ਵਾਲਾ, ਮੈਂ ਸੋਚਿਆ ਇਕ ਹੋਰ ਭਾਸ਼ਾ ਵਿਚ ਅਨੁਵਾਦ ਕਰਦਿਆਂ, ਮੈਂ ਬੀਤੇ ਸਮੇਂ ਦੇ ਉਨ੍ਹਾਂ ਪਲਾਂ ਵਿਚ ਵਿਚਰ ਲਵਾਂਗਾ ਜੋ ਮੈਂ ਬੰਗਲਾ ਵਿਚ ਲਿਖਦਿਆਂ ਮਾਣੇ ਸਨ ਅਤੇ ਉਨ੍ਹਾਂ ਜਜ਼ਬਾਤ ਅਤੇ ਅਨੁਭਵਾਂ ਨੂੰ ਮੁੜ ਜੀਅ ਲਵਾਂਗਾ ਜੋ ਮੈਂ ਓਦੋਂ ਹੰਢਾਏ ਸਨ। ਮੈਂ ਸੋਚਿਆ ਜਦੋਂ ਜਹਾਜ਼ ਬੇ-ਅਰਾਮ ਅਤੇ ਬੇ-ਚੈਨ ਸਮੁੰਦਰ ਚੋਂ ਲੰਘ ਰਿਹਾ ਹੋਵੇਗਾ ਮੈਂ ਡੈੱਕ-ਕੁਰਸੀ 'ਤੇ ਢਾਸਣਾ ਲਾ ਕੇ ਵਕਤ-ਬ-ਵਕਤ ਇਕ-ਦੋ ਕਵਿਤਾਵਾਂ ਅਨੁਵਾਦ ਕਰ ਛੱਡਿਆ ਕਰਾਂਗਾ। ...ਤੇ ਹੋਇਆ ਵੀ ਇਸ ਤਰ੍ਹਾਂ ਹੀ....ਮੈਂ ਕਾਪੀ ਤੇ ਕਾਪੀ ਭਰੀ ਗਿਆ'।
ਇੰਗਲੈਂਡ ਪਹੁੰਚ ਕੇ ਉਸ ਨੇ ਆਪਣੀਆਂ ਅਨੁਵਾਦ ਕੀਤੀਆਂ ਕੁਝ ਕਵਿਤਾਵਾਂ ਆਪਣੇ ਮਿੱਤਰ ਸਰ ਵਿਲੀਅਮ ਰੋਥੈਨਸਟੇਨ ਨੂੰ ਦਿੱਤੀਆਂ ਜੋ ਬਹੁਤ ਤਕੜਾ ਪੇਂਟਰ ਸੀ ਅਤੇ ਭਾਰਤੀ-ਯੂਰਪੀ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰਫੁੱਲਤ ਕਰਨ ਦਾ ਹਾਮੀ ਸੀ। ਰੋਥੈਨਸਟੇਨ ਤਾਂ ਇਹ ਕਵਿਤਾਵਾਂ ਪੜ੍ਹ ਕੇ ਮੰਤਰ-ਮੁਗਧ ਹੀ ਹੋ ਗਿਆ। ਉਸ ਨੇ ਇਹ ਕਵਿਤਾਵਾਂ ਯੇਟਸ ਨੂੰ ਦਿੱਤੀਆਂ। ਯੇਟਸ ਖ਼ੁਦ ਬਹੁਤ ਪ੍ਰਭਾਵਿਤ ਹੋਇਆ। ਯੇਟਸ ਨੇ ਟੈਗੋਰ ਦੇ ਸਨਮਾਨ ਵਿਚ ਇਕ ਦਾਅਵਤ ਕੀਤੀ ਜਿਸ ਵਿਚ ਉਸ ਨੇ ਆਪਣੇ ਕਈ ਜਾਣਕਾਰਾਂ ਨੂੰ ਸ਼ਾਮਿਲ ਹੋਣ ਦਾ ਨਿਮੰਤਰਣ ਦਿੱਤਾ। ਇਸ ਮਹਿਫਲ ਵਿਚ ਯੇਟਸ ਨੇ ਟੈਗੋਰ ਦੀਆਂ ਕੁਝ ਕਵਿਤਾਵਾਂ ਅਜਿਹੇ ਖ਼ੂਬਸੂਰਤ ਢੰਗ ਨਾਲ ਪੜ੍ਹ ਕੇ ਸੁਣਾਈਆਂ ਕਿ ਸਰੋਤੇ ਅਸ਼-ਅਸ਼ ਕਰ ਉੱਠੇ। ਟੈਗੋਰ ਲਿਖਦਾ ਹੈ ਕਿ ਮੈਨੂੰ ਤਾਂ ਆਪਣੀ ਅੰਗਰੇਜ਼ੀ 'ਤੇ ਕੋਈ ਮਾਣ ਨਹੀਂ ਸੀ ਪਰ ਯੇਟਸ ਨੇ ਜੁਆਬ ਦਿੱਤਾ ਕਿ ਕੋਈ ਕਮਲਾ ਹੀ ਹੋਵੇਗਾ ਜੋ ਇਸ ਵਿਚ ਨੁਕਸ ਕੱਢੇਗਾ। ਯੇਟਸ ਨੇ ਪੇਸ਼ਕਸ਼ ਕੀਤੀ ਕਿ ਉਹ ਖ਼ੁਦ ਇਹ ਪੁਸਤਕ ਸੰਪਾਦਿਤ ਕਰੇਗਾ ਅਤੇ ਇਸਦੀ ਭੂਮਿਕਾ ਵੀ ਲਿਖੇਗਾ। ਯੇਟਸ 'ਗੀਤਾਂਜਲੀ' ਦੀ ਭੂਮਿਕਾ ਵਿਚ ਲਿਖਦਾ ਹੈ: 'ਅਨੁਵਾਦਤ ਨਜ਼ਮਾਂ ਦਾ ਖਰੜਾ ਹੱਥ ਵਿਚ ਫੜੀ ਮੈਂ ਰੇਲ-ਗੱਡੀਆਂ, ਬੱਸ ਦੀਆਂ ਛੱਤਾਂ ਅਤੇ ਹੋਟਲਾਂ ਵਿਚ ਬੈਠ ਪੜ੍ਹਦਾ-ਪੜ੍ਹਦਾ ਇਨ੍ਹਾਂ ਵਿਚ ਏਨਾ ਗੁੰਮ ਹੋ ਜਾਂਦਾ ਕਿ ਅਜਨਬੀ ਵੇਖ ਕੇ ਹੈਰਾਨ ਹੋ ਜਾਂਦੇ'। 'ਗੀਤਾਂਜਲੀ: ਸੌਂਗ ਆਫ ਰਿੰਗਜ਼' ਐਡੀਸ਼ਨ 1912 ਵਿਚ ਇੰਡੀਅਨ ਸੋਸਾਇਟੀ ਲੰਡਨ ਵਲੋਂ ਛਪਿਆ ਜਿਸ ਵਿਚ 103 ਕਵਿਤਾਵਾਂ ਸਨ। 53 ਕਵਿਤਾਵਾਂ ਪਹਿਲੇ ਐਡੀਸ਼ਨ ਵਿਚੋਂ ਸਨ ਅਤੇ 50 ਕਵਿਤਾਵਾਂ ਹੋਰ ਸ਼ਾਮਿਲ ਕੀਤੀਆਂ ਗਈਆਂ।
ਭਾਰਤ ਵਿਚ ਇਹ ਗੱਲ ਫੈਲ ਗਈ (ਅਤੇ ਅੱਜ ਤੱਕ ਵੀ ਸਾਹਿਤਕ ਹਲਕਿਆਂ ਵਿਚ ਸੰਦੇਹ ਕੀਤਾ ਜਾਂਦਾ ਹੈ) ਕਿ 'ਗੀਤਾਂਜਲੀ' ਦਾ ਅੰਗਰੇਜ਼ੀ-ਅਨੁਵਾਦ ਯੇਟਸ ਨੇ ਕੀਤਾ ਸੀ। ਸਰ ਵਿਲੀਅਮ ਰੋਥੈਨਸਟੇਨ ਨੇ ਇਹ ਭੁਲੇਖਾ ਕੱਢਣ ਦੀ ਕੋਸ਼ਿਸ਼ ਵਿਚ ਉਸ ਸਮੇਂ ਲਿਖਿਆ ਸੀ, 'ਭਾਰਤ ਵਿਚ ਗੱਲ ਫੈਲਾਈ ਜਾ ਰਹੀ ਹੈ ਕਿ 'ਗੀਤਾਂਜਲੀ' ਦੀ ਅੰਗਰੇਜ਼ੀ ਭਾਸ਼ਾ ਯੇਟਸ ਨੇ ਦਰੁੱਸਤ ਕੀਤੀ ਸੀ। ਇਸ ਲਈ ਇਹ ਮਸ਼ਹੂਰ ਹੋ ਗਈ । ਇਹ ਸਰਾਸਰ ਬਕਵਾਸ ਹੈ। ਮੇਰੇ ਕੋਲ ਟੈਗੋਰ ਦੀ ਮੂਲ ਲਿਖਤ ਪਈ ਹੈ ਤੇ ਉਹ ਖਰੜਾ ਵੀ ਜਿਥੇ ਯੇਟਸ ਨੇ ਸਲਾਹਾਂ ਦਿੱਤੀਆਂ। ਯੇਟਸ ਦੀਆਂ ਸਲਾਹਾਂ ਨਹੀਂ ਮੰਨੀਆਂ ਗਈਆਂ । ਅਸਾਂ ਟੈਗੋਰ ਦਾ ਮੂਲ ਪਾਠ ਛਾਪਿਆ ਹੈ। ਸ਼ੱਕ ਹੋਵੇ ਤਾਂ ਮੇਰੇ ਕੋਲੋਂ ਦੇਖ ਲਵੋ'।
ਏਥੇ ਇਹ ਯਾਦ ਕਰਾਉਣਾ ਉਚਿਤ ਹੋਵੇਗਾ ਕਿ ਵਿਲੀਅਮ ਬੁਟਲਰ ਯੇਟਸ ਨੂੰ ਖ਼ੁਦ ਨੋਬਲ ਪ੍ਰਾਈਜ਼ ਟੈਗੋਰ ਤੋਂ 13 ਸਾਲ ਬਾਅਦ ਭਾਵ 1926 ਵਿਚ ਮਿਲਿਆ।
ਕੁਝ ਅਲੋਚਕਾਂ ਦਾ ਮੰਨਣਾ ਸੀ ਕਿ ਟੈਗੋਰ ਨੂੰ ਪੁਰਸਕਾਰ ਅਜ਼ਾਦੀ-ਅੰਦੋਲਨ ਤੋਂ ਧਿਆਨ ਲਾਂਭੇ ਕਰਨ ਲਈ ਅਤੇ ਜੋਸ਼ ਠੰਢਾ ਕਰਨ ਲਈ ਗੋਰਿਆਂ ਦੀ ਚਾਲ ਦਾ ਨਤੀਜਾ ਸੀ। ਪਰ ਕਿਸੇ ਹੋਰ ਨੇ ਅੱਗੋਂ ਇਸ ਦਾ ਜੁਆਬ ਦਿੱਤਾ ਕਿ ਸਵੀਡਿਸ਼ ਅਕੈਡਮੀ ਜਰਮਨਾਂ ਦੇ ਦਬਾਅ ਥੱਲੇ ਹੈ। ਟੈਗੋਰ ਨੂੰ ਐਵਾਰਡ ਦੇ ਕੇ ਜਰਮਨਾਂ ਨੇ ਸਗੋਂ ਅੰਗਰੇਜ਼ਾਂ ਨੂੰ ਜਿੱਚ ਕਰਨ ਲਈ ਇਹ ਚਾਲ ਵਰਤੀ ਸੀ।
ਟੈਗੋਰ ਦੀ ਕਵਿਤਾ ਦੇ ਨਾਲ-ਨਾਲ ਸਾਹਿਤਕ ਹਲਕਿਆਂ ਵਿਚ ਪ੍ਰਭਾਵ ਛੱਡਣ ਵਿਚ ਟੈਗੋਰ ਦੀ ਨਿਵੇਕਲੀ ਸੂਰਤ ਅਤੇ ਸੀਰਤ ਨੇ ਵੀ ਅਹਿਮ ਰੋਲ ਅਦਾ ਕੀਤਾ। ਕਈਆਂ ਨੂੰ ਉਸਦੀ ਦਾੜ੍ਹੀ-ਕੇਸਾਂ ਵਾਲੀ ਸੂਰਤ ਨੇ ਅਤੇ ਸਾਧ-ਸੁਭਾਅ ਵਾਲੀ ਸੀਰਤ ਨੇ ਕੀਲ ਲਿਆ। 'ਗੀਤਾਂਜਲੀ' ਦੀ ਬਾਈਬਲ-ਸ਼ੈਲੀ ਨੇ ਵੀ ਉਸਦੀਆਂ ਕਵਿਤਾਵਾਂ ਨੂੰ ਮਕਬੂਲੀਅਤ ਬਖ਼ਸ਼ੀ।
ਆਈਸਲੈਂਡ ਵਿਚ ਰਹਿਣ ਵਾਲਾ, 1955 ਦਾ ਨੋਬਲ ਪੁਰਸਕਾਰ-ਜੇਤੂ, ਹਾਲਡੌਰ ਲੈਕਸਨੈਸ, ਟੈਗੋਰ ਨੂੰ ਨੋਬਲ ਮਿਲਣ ਸਮੇਂ ਕੇਵਲ 15 ਸਾਲ ਦਾ ਸੀ। 'ਗੀਤਾਂਜਲੀ' ਬਾਰੇ ਉਸ ਨੇ ਲਿਖਿਆ: 'ਟੈਗੋਰ ਨੂੰ ਪੜ੍ਹਦਿਆਂ ਮੈਂ ਦੂਰ-ਦੁਰੇਡੀਆਂ, ਅਣਦੇਖੀਆਂ, ਨਿਵੇਕਲੀਆਂ ਵਾਦੀਆਂ ਵਿਚ ਖੋ ਗਿਆ। ਟੈਗੋਰ ਦਾ ਰੱਬ ਵੀ ਕਿਵੇਂ ਅਜੀਬ ਕਿਸਮ ਦਾ ਰੱਬ ਹੈ! ਕਿਤੇ ਸਖ਼ੀ-ਸਾਥੀ ਦੇ ਰੂਪ ਵਿਚ, ਕਿਤੇ ਪ੍ਰੇਮੀ-ਪ੍ਰੇਮਿਕਾ ਦੇ ਰੂਪ ਵਿਚ, ਤੇ ਕਿਤੇ ਉਹ ਮਛੇਰੇ ਦੇ ਰੂਪ ਵਿਚ ਇਕੱਲਾ ਹੀ ਕਿਸ਼ਤੀ ਵਿਚ ਇਕਤਾਰਾ ਵਜਾਉਂਦਾ ਨਜ਼ਰੀਂ ਪੈਂਦਾ ਹੈ। ਮੈਂ ਕਦੀ ਉਹਦੇ ਨਾਲ ਨਦੀ ਦੇ ਵਹਿਣ ਵਿਚ ਤੁਰਦਾ ਰਿਹਾ ਤੇ ਕਦੀ ਇਉਂ ਲੱਗਦਾ ਰਿਹਾ ਜਿਵੇਂ ਮੈਂ ਮੌਤ ਸਾਹਵੇਂ ਖਲੋਤਾ ਹਾਂ।'
ਖ਼ੈਰ! ਜੋ ਵੀ ਸੀ। ਜਿਵੇਂ ਸਵੀਡਿਸ਼ ਅਕੈਡਮੀ ਵਲੋਂ ਟੈਲੀਗ੍ਰਾਮ ਰਾਹੀਂ ਟੈਗੋਰ ਨੂੰ ਇਸ ਅਵਾਰਡ ਬਾਰੇ ਸੂਚਿਤ ਕੀਤਾ ਗਿਆ ਸੀ, ਉਸੇ ਤਰ੍ਹਾਂ ਉਸਨੇ ਟੈਲੀਗਰਾਮ ਰਾਹੀਂ ਅਕੈਡਮੀ ਦਾ ਧੰਨਵਾਦ ਕਰ ਦਿਤਾ। 10 ਦਸੰਬਰ, 1913 ਨੂੰ ਉਹ ਖ਼ੁਦ ਇਨਾਮ ਪ੍ਰਾਪਤ ਕਰਨ ਲਈ ਸਟਾਕਹਾਮ ਨਾ ਜਾ ਸਕਿਆ।
ਉਸ ਨੇ ਨੋਬਲ-ਪ੍ਰਾਈਜ਼ ਮੈਡਲ ਅਤੇ ਇਸ ਨਾਲ ਸੰਬੰਧਤ ਧਨ-ਰਾਸ਼ੀ ਵਿਸ਼ਵ-ਭਾਰਤੀ ਯੂਨੀਵਰਸਿਟੀ ਸ਼ਾਂਤੀਨਿਕੇਤਨ ਨੂੰ ਸੌਂਪ ਦਿੱਤੀ। ਅਤਿ ਅਫਸੋਸ ਕਿ ਯੂਨੀਵਰਸਿਟੀ ਮਿਊਜ਼ੀਅਮ ਵਿਚੋਂ ਮਾਰਚ 24-25, 2004 ਦੀ ਰਾਤ ਨੂੰ ਹਿੰਦੁਸਤਾਨੀ ਸਾਹਿਤਕਾਰ ਦੀ ਇਹ ਦੁਰਲੱਭ-ਪ੍ਰਾਪਤੀ ਚੋਰੀ ਕਰ ਲਈ ਗਈ। ਕੇਸ ਅੱਜ ਤੱਕ ਨਹੀਂ ਸੁਲਝ ਸਕਿਆ। ਨੋਬਲ ਫਾਊਂਡੇਸ਼ਨ ਨੇ 2005 ਵਿਚ ਰਬਿੰਦਰਨਾਥ ਟੈਗੋਰ ਦੇ 144ਵੇਂ ਜਨਮ-ਦਿਨ ਦੇ ਮੌਕੇ 'ਤੇ ਭਾਰਤ ਸਰਕਾਰ ਨੂੰ ਹੁ-ਬ-ਹੂ ਨੋਬਲ ਮੈਡਲ ਵਰਗੇ ਦੋ ਮੈਡਲ ਪ੍ਰਦਾਨ ਕੀਤੇ ਜਿਨ੍ਹਾਂ ਵਿਚੋਂ ਇਕ ਸੋਨੇ ਦਾ ਸੀ ਅਤੇ ਦੂਸਰਾ ਕਾਂਸੀ ਦਾ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਹ ਮੈਡਲ ਵਿਸ਼ਵ ਭਾਰਤੀ ਸ਼ਾਂਤੀਨਿਕੇਤਨ ਦੇ ਵਾਈਸ ਚਾਂਸਲਰ ਨੂੰ ਸੌਂਪ ਦਿੱਤੇ।
ਕਈ ਲੋਕ ਅਗਿਆਨਤਾ ਵਜੋਂ ਇਹ ਵੀ ਸਮਝਦੇ ਹਨ ਕਿ ਟੈਗੋਰ ਨੇ 1919 ਵਿਚ ਅੰਗਰੇਜ਼ਾਂ ਵਲੋਂ ਜਲ੍ਹਿਆਂਵਾਲੇ ਬਾਗ਼ ਵਿਚ ਨਿਹੱਥਿਆਂ 'ਤੇ ਕੀਤੇ ਗਏ ਤਸ਼ੱਦਦ ਦੇ ਰੋਸ ਵਿਚ ਆਪਣਾ ਨੋਬਲ ਪ੍ਰਾਈਜ਼ ਵਾਪਸ ਕਰ ਦਿੱਤਾ ਸੀ, ਪਰ ਅਜਿਹਾ ਉਸ ਕਿਉਂ ਕਰਨਾ ਸੀ? ਕਿਉਂਕਿ ਨੋਬਲ ਪ੍ਰਾਈਜ਼ ਦਾ ਅੰਗਰੇਜ਼ਾਂ ਨਾਲ ਤਾਂ ਕੋਈ ਸੰਬੰਧ ਹੀ ਨਹੀਂ ਸੀ। ਅਸਲ ਵਿਚ 1919 ਵਿਚ ਉਸ ਨੇ 1915 ਵਿਚ ਅੰਗਰੇਜ਼ ਸਰਕਾਰ ਵਲੋਂ ਦਿੱਤਾ ਗਿਆ 'ਸਰ' ਦਾ ਖ਼ਿਤਾਬ ਵਾਪਸ ਕੀਤਾ ਸੀ।
ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਪੁਸਤਕ 'ਟੈਗੋਰ : ਜੀਵਨ ਅਤੇ ਪ੍ਰਤੀਨਿਧ ਰਚਨਾ' ਦੇ ਕਰਤਾ ਪ੍ਰੋ: ਹਰਪਾਲ ਸਿੰਘ ਪੰਨੂੰ ਲਿਖਦੇ ਹਨ ਕਿ ਇਹ ਬੜੀ ਅਜੀਬ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਅਥਾਹ ਪਿਆਰ ਕਰਨ ਵਾਲੇ, ਰਾਸ਼ਟਰੀ-ਗੀਤ ਵਿਚ ਪੰਜਾਬ ਸੂਬੇ ਨੂੰ ਸਭ ਤੋਂ ਪਹਿਲਾਂ ਸਥਾਨ ਦੇਣ ਵਾਲੇ, ਇਸ ਸਿਰਮੌਰ ਸਾਹਿਤਕਾਰ ਨਾਲ ਪੰਜਾਬੀਆਂ ਦੀ ਉਹ ਸਾਂਝ ਨਹੀਂ ਬਣ ਸਕੀ ਜਿਸ ਦੀ ਉਮੀਦ ਕੀਤੀ ਜਾਂਦੀ ਸੀ। ਇਹੀ ਵਜ੍ਹਾ ਹੈ ਕਿ ਪੰਜਾਬ ਵਿਚ ਉਸ ਨੂੰ ਬਹੁਤ ਘੱਟ ਯਾਦ ਕੀਤਾ ਜਾਂਦਾ ਹੈ।

-ਨਡਾਲਾ
ਮੋਬਾਈਲ : 97798-5324

Ad Position 22
No active advertisement
ਪਿਛਲੀ ਖ਼ਬਰ ਯਾਦਾਂ ਪੁਰਾਣੀ ਕਿਸਾਨੀ ਦੀਆਂ ਅਗਲੀ ਖ਼ਬਰ 24-05-26
Ad Position 24
No active advertisement