ਝੋਨਾ ਪੰਜਾਬ 'ਚ ਨਹੀਂ ਸੀ ਬੀਜਿਆ ਜਾਂਦਾ। ਕਹਾਵਤ ਸੀ ਕਿ ਝੋਨੇ ਵਾਲੇ ਪਿੰਡ ਦਾ ਰੁੱਖਾਂ 'ਤੇ ਟੰਗੀ ਪਰਾਲੀ ਤੋਂ ਪਤਾ ਲੱਗ ਜਾਂਦਾ ਸੀ। ਪੈਲੀ 'ਚੋਂ ਆਮ ਤੌਰ 'ਤੇ ਇਕੋ ਫ਼ਸਲ ਲਈ ਜਾਂਦੀ ਸੀ, ਬਹੁਤਾ ਕਰਕੇ ਕਣਕ। ਬੀਜਣ ਉਪਰੰਤ ਵਾਢੀ ਸੌਖੀ ਕਰਨ ਲਈ ਪੰਦਰਾਂ-ਪੰਦਰਾਂ ਫੁੱਟ ਚੌੜੇ ਕਿਆਰੇ ਬਣਾ ਲੈਂਦੇ ਸਨ, ਜੰਦਰੇ ਨਾਲ। ਕਣਕਾਂ ਦੇ ਸਿੱਟੇ 'ਚ ਭਾਵੇਂ ਦਾਣੇ ਅੱਜ ਜਿੰਨੇ ਨਹੀਂ ਪਰ ਨਾੜ ਬਹੁਤ ਲੰਮਾ ਹੁੰਦਾ ਸੀ। ਵਾਢੀ ਵੀ ਹੱਥ ਵਾਲੀ ਦਾਤਰੀ ਨਾਲ ਕਰੀਦੀ ਸੀ ਅਤੇ ਮੈਨੂੰ ਯਾਦ ਹੈ ਖੁੱਚਾਂ ਵਿਚ ਪਸੀਨਾ ਆ ਜਾਂਦਾ ਸੀ ਅਤੇ ਨਾਲ ਕੰਡ ਵੀ ਲੜਦੀ ਸੀ। ਵਢਦੇ-ਵਢਦੇ ਸੁੱਕੀ ਅਤੇ ਤਿੱਖੀ ਪੋਹਲ਼ੀ ਵੀ ਹੱਥ 'ਚ ਆ ਜਾਂਦੀ ਸੀ। ਪੰਜ-ਸੱਤ ਫੁੱਟ ਕੱਟੀ ਕਣਕ ਦਾ ਨਿੱਕਾ ਜਿਹਾ ਢੇਰ ਲਾ ਲਈਦਾ ਸੀ ਅਤੇ ਅੱਠ ਦਸ ਪੂਲ਼ੇ ਕੱਠੇ ਕਰਕੇ ਭਰੀ ਬੰਨ੍ਹ ਲਈ ਦੀ ਸੀ, ਬੇੜ ਨਾਲ। ਸਾਰੀਆਂ ਭਰੀਆਂ ਦੇ ਅੰਬਾਰ ਨੂੰ ਖਲਵਾੜਾ ਕਹਿੰਦੇ ਸਨ। ਜਦੋਂ ਵਾਢੀ ਦਾ ਕੰਮ ਮੁੱਕ ਜਾਣਾ ਫੇਰ 'ਖਲਵਾੜੇ' ਦੇ ਨਾਲ ਹੀ ਪੱਧਰੀ ਅਤੇ ਸਖ਼ਤ ਥਾਂ ਬਣਾ ਕੇ ਉਥੇ ਭਰੀਆਂ ਗਾਹੀਆਂ ਜਾਂਦੀਆਂ ਸਨ, ਯਾਨੀ ਖਿੱਲਰੀ ਹੋਈ ਕਣਕ 'ਤੇ ਜਾਨਵਰ ਫ਼ੇਰ ਕੇ ਜਾਂ ਉਨ੍ਹਾਂ ਦੇ ਪਿੱਛੇ ਲੱਕੜ ਦਾ ਜੁਗਾੜ (ਫਲ੍ਹਾ) ਬੰਨ੍ਹ ਦੇਂਦੇ ਸਨ। ਫਲ੍ਹਾ ਖਿੱਚਣ ਲਈ ਛੋਟੇ ਜਾਨਵਰ ਵੀ ਵਰਤੇ ਜਾ ਸਕਦੇ ਸਨ। ਐਵੇਂ ਯਾਦ ਆ ਰਿਹਾ ਹੈ ਕਿ ਖੂਹ ਹੋਵੇ ਜਾਂ ਖਰਾਸ ਹੋਵੇ, ਟੋਕਾ ਹੋਵੇ ਜਾਂ ਫਲ੍ਹਾ, ਜਾਂ ਹਲ਼, ਦਸਤੂਰ ਖੱਬਿਓਂ ਖੱਬੇ ਯਾਨੀ ਘੜੀ ਦੀਆਂ ਸੂਈਆਂ ਦੇ ਉਲਟ। ਤਕੜਾ ਜਾਨਵਰ ਬਾਹਰ ਨੂੰ ਯਾਨੀ ਉਪਰ ਵਗਦਾ ਸੀ ਅਤੇ ਅੰਦਰਲੇ ਜਾਨਵਰ ਨੂੰ ਪੈਂਡਾ ਘੱਟ ਕਰਨਾ ਪੈਂਦਾ ਸੀ। ਫਲ੍ਹੇ ਨਾਲ ਗਾਹੁੰਦੇ-ਗਾਹੁੰਦੇ ਨਾੜ ਟੁੱਟੀ ਜਾਂਦਾ ਸੀ ਤੇ ਜਿਹੜਾ ਗਾਹਿਆ ਜਾਂਦਾ, ਉਹਦਾ ਢੇਰ ਅੰਦਰ ਨੂੰ ਕਰੀ ਜਾਂਦੇ ਸੀ। ਜਦੋਂ ਸਾਰੀਆਂ ਭਰੀਆਂ ਗਾਹੀਆਂ ਜਾਂਦੀਆਂ ਤਾਂ ਵੱਡਾ ਸਾਰਾ ਧੜ ਲੱਗ ਜਾਂਦਾ ਸੀ ਜਿਸਨੂੰ ਹੌਲੀ-ਹੌਲੀ ਹਵਾ ਵਿਚ ਛੱਜ ਨਾਲ ਛੱਟ ਕੇ ਦਾਣੇ ਅਤੇ ਤੂੜੀ ਵੱਖਰੀ ਉਡਾਈ ਜਾਂਦੀ ਸੀ। ਦਾਣਿਆ ਦੇ ਡੇਰ ਨੂੰ 'ਬੋਲ੍ਹ' ਕਹਿੰਦੇ ਸਨ। ਤੂੜੀ ਦਾ ਵੱਡਾ ਸਾਰਾ ਢੇਰ ਲੱਗ ਜਾਂਦਾ ਸੀ ਜਿਥੋਂ ਪੰਡਾਂ ਬੰਨ੍ਹ-ਬੰਨ੍ਹ ਕੇ ਤੂੜੀ ਆਪਣੇ ਟਿਕਾਣੇ ਲਾਈ ਜਾਂਦੀ ਸੀ।
ਸਾਰੀ ਕਿਸਾਨੀ ਜਾਨਵਰਾਂ ਦੇ ਸਿਰ 'ਤੇ ਕੀਤੀ ਜਾਂਦੀ ਸੀ। ਜਿਸਦੇ ਬਲਦ ਤਕੜੇ, ਉਸਦੀ ਫ਼ਸਲ ਚੰਗੀ। ਖਾਦ ਵੀ ਡੰਗਰਾਂ ਦੇ ਮਲ-ਮੂਤਰ ਤੋਂ ਹੀ ਬਣਦੀ ਸੀ ਅਤੇ ਹਰ ਪਰਿਵਾਰ ਦੀ ਆਪਣੀ ਰੂੜੀ ਹੁੰਦੀ ਸੀ। ਜਾਨਵਰਾਂ ਦੇ ਚਾਰੇ ਵਜੋਂ ਵੱਖਰੀਆਂ ਫ਼ਸਲਾਂ, ਸੇਂਜੀ, ਸ਼ਟਾਲਾ, ਬਰਸੀਨ, ਗਾਚਾ, ਬਾਜਰਾ, ਚਰ੍ਹੀ ਆਦਿ ਬੀਜੀਆਂ ਜਾਂਦੀਆਂ ਸਨ ਅਤੇ ਸੁੱਕੇ ਚਾਰੇ ਵਜੋਂ ਕਣਕ ਦੀ ਰਹਿੰਦ-ਖੂੰਹਦ ਤੂੜੀ, ਸਾਂਭ ਕੇ ਰੱਖੀ ਜਾਂਦੀ ਸੀ। ਛੋਲਿਆਂ ਦਾ ਭੋਅ, ਹਾਲਾਂਕਿ ਤੂੜੀ ਤੋਂ ਘੱਟ ਨਹੀਂ, ਉਦੋਂ ਐਨਾ ਸਾਂਭ ਕੇ ਨਹੀਂ ਸੀ ਰੱਖਿਆ ਜਾਂਦਾ। ਲੜਕਾ ਕਿ ਲੜਕੀ ? ਵਾਂਗ ਗਊ ਦਾ ਬੱਚਾ ਜੇ ਨਰ ਹੋਵੇ ਤਾਂ ਪਾਲਿਆ ਜਾਂਦਾ ਸੀ ਕਿਉਂਕਿ ਉਸਨੇ ਬਲਦ ਬਣਨਾ ਹੁੰਦਾ ਸੀ। ਦੂਜੇ ਪਾਸੇ ਮੱਝ ਦੀ ਕੱਟੀ, ਯਾਨੀ ਮਾਦਾ ਬੱਚਾ, ਪਾਲਿਆ ਜਾਂਦਾ ਸੀ। ਮੱਝ ਜਾਂ ਗਾਂ ਜਦੋਂ ਨਵੇਂ ਦੁੱਧ ਹੋਣ ਵਾਲੀ ਹੋਵੇ, ਉਹ ਰੱਸਾ ਤੁੜਾਉਂਦੀ ਸੀ, ਮੁਹਾਵਰਾ ਸੀ 'ਇਹ ਬੋਲ ਪਈ' ਹੈ। ਗਊਆਂ ਦੇ ਨਵਿਆਉਣ ਲਈ ਪੱਟ 'ਤੇ ਨੰਬਰ ਲੱਗੇ, ਸਰਕਾਰੀ ਸਾਨ੍ਹ ਹੁੰਦੇ ਸੀ। ਕੋਈ ਸਾਨ੍ਹ ਨੂੰ ਬੰਨ੍ਹ ਨਹੀਂ ਸੀ ਸਕਦਾ। ਮੱਝਾਂ ਲਈ ਚੰਗੇ ਪਲ਼ੇ ਹੋਈ ਮਾਲੀ ਹੁੰਦੇ ਸਨ। ਇਕ-ਦੋ ਰੁਪਏ ਦੇਣੇ ਪੈਂਦੇ ਸਨ। ਯਾਨੀ ਸਭ ਮਸਲੇ ਆਰਥਿਕ ਲਾਭ ਹਾਨੀ ਨਾਲ ਜੁੜੇ ਹੁੰਦੇ ਸਨ। ਹਾਲਾਤ ਬਦਲਣ ਨਾਲ ਸਾਡੀਆਂ ਚੋਣਾਂ (ਔਪਸ਼ਨਜ਼) ਬਦਲ ਜਾਂਦੀਆਂ ਹਨ। ਖ਼ੈਰ...ਗੱਲ ਚੱਲ ਰਹੀ ਸੀ ਤੂੜੀ ਦੀ ਸਾਂਭ ਸੰਭਾਲ ਦੀ।
ਉਦੋਂ ਘਰ-ਕੋਠੇ ਤਾਂ ਕੱਚੇ ਹੁੰਦੇ ਸਨ। ਡੰਗਰ-ਵੱਛੇ ਲਈ ਛਤੌਣ ਹੁੰਦੀ ਸੀ। ਖੁਰਲੀਆਂ ਹੁੰਦੀਆਂ ਸਨ ਅਤੇ ਪਾਣੀ ਡਾਹੁਣ ਦਾ ਪ੍ਰਬੰਧ ਹੁੰਦਾ ਸੀ। ਇਕ-ਦੋ ਕੋਠੇ ਤੂੜੀ ਨਾਲ ਭਰੇ ਰਹਿੰਦੇ ਸਨ। ਪਰ ਜਿਨ੍ਹਾਂ ਦੇ ਪਸ਼ੂ ਬਹੁਤੇ ਹੁੰਦੇ, ਉਨ੍ਹਾਂ ਨੂੰ ਸਿਆਲ ਵਿਚ ਵਰਤਣ ਲਈ ਤੂੜੀ ਸਾਂਭਣ ਦਾ ਉਚੇਚਾ ਪ੍ਰਬੰਧ ਕਰਨਾ ਪੈਂਦਾ ਸੀ। ਇਹ ਪੁੱਠੇ ਲਾਟੂ ਵਰਗੀ ਸ਼ਕਲ ਦੇ ਦੂਰੋਂ ਦਿਸਦੇ ਕੁੱਪ ਨੂੰ 'ਮੂਸਲ' ਕਹਿੰਦੇ ਸਨ। ਜ਼ਿਮੀਦਾਰ ਦੀ ਕੋਸ਼ਿਸ਼ ਹੁੰਦੀ ਸੀ ਕਿ ਪੈਲ਼ੀ ਨੂੰ ਬਚਾ ਕੇ ਰੱਖਿਆ ਜਾਵੇ। ਇਸ ਲਈ ਮੂਸਲ ਵਗਦੀ ਪੈਲ਼ੀ 'ਚ ਨਹੀਂ ਸੀ ਬਣਾਏ ਜਾਂਦੇ। ਜਿੱਥੇ ਤੂੜੀ ਵਰਤਣੀ ਹੁੰਦੀ, ਉਥੇ ਯਾਨੀ ਜਾਂ ਪਿੰਡੋਂ ਬਾਹਰ ਜਾਂ ਖੂਹ 'ਤੇ ਬੰਨ੍ਹੇ ਜਾਂਦੇ ਸਨ।
ਮੈਂ ਖੁਦ ਕੋਈ ਮੂਸਲ ਮਾਹਿਰ ਨਹੀਂ ਪਰ ਮੈਂ ਛੋਟੇ ਹੁੰਦਿਆਂ ਮੂਸਲ ਬੱਝਦੇ ਵੇਖੇ ਹੋਏ ਹਨ। ਕਿੰਨੀਆਂ ਕੁ ਪੰਡਾਂ ਤੂੜੀ ਭਰਨੀ ਹੈ, ਇਸ ਮੁਤਾਬਿਕ ਉਸਦਾ ਆਕਾਰ ਹੁੰਦਾ ਸੀ। ਚਾਲੀ-ਪੰਜਾਹ ਪੰਡਾਂ ਵਾਲਾ ਮੂਸਲ ਆਮ ਸੀ। ਨਿਰਸੰਦੇਹ, ਕਿਸਾਨਾਂ ਨੂੰ ਅੰਦਾਜ਼ਾ ਹੁੰਦਾ ਸੀ ਅਤੇ ਉਸ ਮੁਤਾਬਕ ਕਣਕ ਦਾ ਅਣ-ਗਾਹਿਆ ਨਾੜ ਵੱਖਰਾ ਕਰ ਕੇ ਰੱਖ ਲੈਂਦੇ ਸਨ। ਉਸੇ ਨਾੜ ਨੂੰ ਭਿਉਂ ਕੇ ਮੋਟੇ ਮੋਟੇ ਬੇੜ (ਇਕ ਕਿਸਮ ਦਾ ਰੱਸਾ) ਵੱਟ ਲੈਂਦੇ ਸਨ। ਬੇੜ ਵੱਟਣ ਨੂੰ ਵੀ ਦੋ ਜਣੇ ਚਾਹੀਦੇ ਹਨ, ਇਕ ਵੱਟ ਚਾੜ੍ਹਨ ਵਾਲਾ ਤੇ ਦੂਜਾ ਨਾੜ ਤੁੰਨੀ ਜਾਣ ਵਾਲਾ। ਆਮ ਤੌਰ 'ਤੇ ਇਕ ਸਿਆਣੀ ਉਮਰ ਦਾ ਦੂਜਾ ਵੱਟ ਚੜ੍ਹਾਉਣ ਲਈ ਕੋਈ ਮੁੰਡਾ-ਖੁੰਡਾ। ਸਾਰੇ ਮੂਸਲ ਦੁਆਲੇ ਇਸ ਬੇੜ ਦੀ ਲੰਬਾਈ ਕਈ ਸੈਂਕੜੇ ਫੁੱਟ ਹੋ ਸਕਦੀ ਸੀ।
ਜਿਸ ਪੱਧਰੀ 'ਤੇ ਸਖ਼ਤ ਥਾਂ 'ਤੇ ਮੂਸਲ ਬੰਨ੍ਹਣਾ ਹੁੰਦਾ, ਉਥੇ ਅੱਠ-ਦਸ ਫੁੱਟ ਲੰਮੀ ਰੱਸੀ ਦਾ ਇਕ ਸਿਰਾ ਕੇਂਦਰ ਵਿਚ ਰੱਖ ਕੇ, ਦੂਜਾ ਸਿਰਾ ਇਕ ਰੰਬੀ ਨਾਲ ਬੰਨ੍ਹ ਕੇ ਗੋਲ ਸਰਕਲ ਦਾ ਨਿਸ਼ਾਨ ਲਾ ਲੈਂਦੇ ਸੀ ਤੇ ਰੰਬੀ ਨਾਲ ਦੋ-ਤਿੰਨ ਇੰਚ ਡੂੰਘੀ ਖਾਈ ਕੱਢ ਲੈਂਦੇ ਸੀ। ਘੇਰੇ ਦੇ ਨਾਲ ਨਾਲ ਕਿੱਲੀਆਂ ਵੀ ਗਡੀ ਜਾਂਦੇ ਸਨ। ਭਿੱਜਾ ਹੋਇਆ ਨਾੜ ਖਾਈ ਦੇ ਨਾਲ-ਨਾਲ, ਛੋਟਾ ਸਿਰਾ ਅੰਦਰ ਰੱਖ ਕੇ, ਨਾੜ ਦੀ ਫੁੱਟ-ਦੋ-ਫੁੱਟ ਉੱਚੀ ਦੀਵਾਰ ਜਿਹੀ ਬਣ ਜਾਂਦੀ ਸੀ। ਉਸ ਨੂੰ ਆਸਰਾ ਦੇਣ ਲਈ ਉਸ ਦੇ ਉੱਤੇ-ਉੱਤੇ, ਖਾਈ ਵਿਚ ਭਿਜਾ ਹੋਇਆ ਬੇੜ ਲਾਈ ਜਾਂਦੇ ਸੀ। ਇਸ ਨਾੜ ਦੇ ਦਾਇਰੇ ਵਿਚ ਤੂੜੀ ਦੀਆਂ ਪੰਡਾਂ ਸੁੱਟੀ ਜਾਂਦੇ ਸੀ। ਜਦੋਂ ਤੂੜੀ ਦੀ ਤਹਿ ਫੁੱਟ ਕੁ ਉੱਚੀ ਹੋ ਜਾਣੀ, ਤਾਂ ਨਾਲ-ਨਾਲ ਹੋਰ ਨਾੜ ਲਾਈ ਜਾਣਾ ਤੇ ਨਾਲ਼ੋ ਨਾਲ਼ ਬੇੜ ਕੱਸੀ ਜਾਣਾ। ਵਧਦੀ ਉਚਾਈ ਨਾਲ ਚੱਕਰ ਪਹਿਲਾਂ ਕੁਝ ਵੱਡਾ ਤੇ ਫੇਰ ਹੌਲੀ ਹੌਲੀ ਘਟਾਈ ਜਾਣਾ। ਲੋੜ ਮੁਤਾਬਕ ਪੌੜੀ ਵੀ ਵਰਤ ਲੈਣੀ, ਪੰਡਾਂ ਸੁੱਟਣ ਲਈ। ਨਾੜ ਦਾ 'ਪਾਣੀ' ਹਮੇਸ਼ਾ ਬਾਹਰਵਾਰ ਅਤੇ ਹੇਠਾਂ ਨੂੰ ਰੱਖਣਾ, 'ਪਾਣੀ' ਦਾ ਮਤਲਬ ਲਮਕਦਾ ਪਾਸਾ। ਇਸ ਤਰ੍ਹਾਂ ਇਕ ਟੀਸੀ 'ਤੇ ਜਾ ਕੇ ਮੂਸਲ ਨੂੰ ਇਕੱਠਿਆਂ ਕਰਕੇ ਬੰਨ੍ਹ ਦੇਣਾ। ਏਹ ਠੋਸ ਸ਼ਕਲ ਮੀਂਹ-ਹਨੇਰੀ ਨੂੰ ਝੱਲ ਸਕਦੀ ਸੀ। ਨਵੇਂ-ਨਵੇਂ ਮੂਸਲ ਤਾਂ ਸੋਨੇ ਵਾਂਗ ਲਿਸ਼ਕਦੇ ਹੁੰਦੇ ਸੀ ਪਰ ਸਿਆਲ 'ਚ ਰੰਗ ਭੂਰਾ ਹੋ ਜਾਂਦਾ ਸੀ। ਲੋੜ ਪੈਣ 'ਤੇ ਮੂਸਲ ਦੇ ਹੇਠਾਂ ਇਕ ਮਘੋਰਾ ਜਿਹਾ ਬਣਾ ਕੇ ਤੂੜੀ ਕੱਢ ਲਈ ਦੀ ਸੀ। ਆਮ ਤੌਰ 'ਤੇ ਲਾਗੇ-ਲਾਗੇ ਕਈ ਹੋਰ ਮੂਸਲ ਵੀ ਬਣ ਜਾਂਦੇ ਸਨ। ਦੂਰੋਂ ਵੇਖਣ ਨੂੰ ਇਹ ਸ਼ਿਵਾਲਾ-ਸਮੂਹ ਵਰਗਾ ਨਜ਼ਾਰਾ ਆਪਣਾ ਖਾਸ ਆਕਰਸ਼ਣ ਰੱਖਦਾ ਸੀ।
ਮੇਰੇ ਭਾਈਆ ਜੀ ਨੇ ਬਰਮਾ ਰੇਲਵੇ ਤੋਂ ਰਿਟਾਇਰ ਹੋਣ ਤੋਂ ਬਾਅਦ ਤਿੰਨ ਕੁ ਕਿੱਲੇ ਪੈਲ਼ੀ ਵਿਚ ਇਕ ਜੋਗ ਵਾਲੀ ਵਾਹੀ ਸ਼ੁਰੂ ਕੀਤੀ ਸੀ। ਝੋਟੀ ਉੱਤੇ ਵਗਦੀ ਸੀ ਅਤੇ ਲੰਮੇ ਸਿੰਗਾਂ ਵਾਲਾ, ਲੰਡਾ, ਹੇਠਾਂ, ਯਾਨੀ ਖੱਬੇ ਪਾਸੇ ਵਗਦਾ ਸੀ। ਹਰ ਤਰ੍ਹਾਂ ਦੀਆਂ ਗਾਲ੍ਹਾਂ ਦੀ ਪ੍ਰੈਕਟਿਸ ਸ਼ਾਇਦ ਜਾਨਵਰਾਂ 'ਤੇ ਹੁੰਦੀ ਸੀ। ਇਕ ਦਿਨ ਮੇਰੇ ਭਣੇਵੇਂ ਨਵਜੋਤ ਨੇ ਭਾਈਆ ਜੀ ਨੂੰ ਪੁੱਛਿਆ 'ਭਾਈਆ ਜੀ, ਸਾਈਕਲ ਦੀ ਮਾਂ ਕੌਣ ਹੁੰਦੀ ਹੈ ?' ਦਰਅਸਲ ਬਾਈਸਿਕਲ ਹਵਾ ਨਾਲ ਡਿੱਗ ਪਿਆ ਸੀ ਅਤੇ ਭਾਈਆ ਜੀ ਦੇ ਮੂੰਹੋਂ ਨਿਕਲਿਆ 'ਓ ਤੇਰੀ ਮਾਂ ਨੂੰ'। ਦੋਹਤੇ ਨੇ ਨਾਨੇ ਨੂੰ ਪੜ੍ਹਨੇ ਪਾ ਦਿੱਤਾ।
ਦੋਹਰ ਪੈ ਚੁੱਕੀ ਪੈਲ਼ੀ 'ਚੋਂ ਕਈ ਨਦੀਨ ਨੰਗੇ ਹੋ ਜਾਂਦੇ ਸਨ ਤੇ ਲੜਕੇ-ਲੜਕੀਆਂ ਉਨ੍ਹਾਂ ਬੂਝਿਆਂ ਨੂੰ ਚੁਗਣ ਲਈ ਸ਼ਾਮੀ ਨਿਕਲ ਪੈਂਦੇ ਸਨ। ਬਾਲਣ ਦੇ ਕੰਮ ਆਉਂਦੇ ਸਨ। ਇਕ ਵੱਡਾ ਸਾਰਾ ਘਾਹ ਵਰਗੇ ਬੂਟੇ ਦਾ ਬੂਝਾ ਹੁੰਦਾ ਸੀ ਜਿਸ ਦੀ ਜੜ੍ਹ ਤਕਰੀਬਨ ਇਕ ਫੁੱਟ ਤੋਂ ਵੱਧ ਹੁੰਦੀ ਸੀ ਤੇ ਜਿਸ ਨੂੰ ਪੁੱਟਣਾ ਬੜਾ ਔਖਾ ਕੰਮ ਸੀ। ਉਸ ਘਾਹ ਵਰਗੇ ਬੂਟੇ ਦਾ ਨਾਂਅ ਸੀ 'ਪੁਆੜਾ' ਜਿਥੋਂ ਪੰਜਾਬੀ ਮੁਹਾਵਰਾ ਬਣਿਆ 'ਪੁਆੜੇ ਦੀ ਜੜ੍ਹ'। ਮੈਨੂੰ ਯਾਦ ਹੈ ਸੰਨ 1947 ਵਿਚ ਬਟਵਾਰੇ ਉਪਰੰਤ ਸਾਡੇ ਸਕੂਲ ਤਕਰੀਬਨ ਛੇ ਮਹੀਨੇ ਲਈ ਬੰਦ ਹੋ ਗਏ ਸਨ। ਪਾਕਿਸਤਾਨੋਂ ਆਏ ਰਫ਼ਿਊਜੀ ਸਕੂਲਾਂ 'ਚ ਰੱਖੇ ਸਨ। ਸਾਡੀਆਂ ਜਮਾਤਾਂ ਵਾਲੇ ਕਮਰਿਆਂ 'ਚ ਰੋਟੀਆਂ ਪੱਕਦੀਆਂ ਸਨ ਪਰ ਅਸੀਂ (ਵਿਦਿਆਰਥੀ) ਖੁਸ਼ ਸਾਂ। ਕਿਸਾਨੀ ਮੁਤੱਲਕ ਨਿੱਕੀਆਂ-ਨਿੱਕੀਆਂ ਗੱਲਾਂ ਸਕੂਲ 'ਚੋਂ ਨਹੀਂ, ਖੇਤਾਂ 'ਚੋਂ, ਮਿਲਣੀਆਂ ਸਨ। ਕਣਕ ਨੂੰ ਲੱਗਣ ਵਾਲੇ ਕੀੜੇ ਨੂੰ ਕਹਿੰਦੇ ਸੀ 'ਸੁੱਸਰੀ' ਅਤੇ 'ਢੋਰਾ' ਲੱਗਦਾ ਸੀ ਛੋਲਿਆਂ ਨੂੰ। ਕਿਉਂਕਿ ਸੁੱਸਰੀ ਤੇ ਢੋਰਾ ਆਪਸ 'ਚ ਦੁਸ਼ਮਣ ਹਨ, ਇਸ ਲਈ ਸਟੋਰ ਕਰਨ ਵੇਲੇ ਕਣਕ ਅਤੇ ਛੋਲੇ ਰਲਾ ਕੇ ਭੜੋਲੇ 'ਚ ਪਾਉਂਦੇ ਸਨ। ਇਹ ਬੇਰੜਾ, ਯਾਨੀ ਰਲੀ ਮਿਲੀ ਫ਼ਸਲ ਸਟੋਰ ਕਰਨੀ ਬੜੀ ਪ੍ਰੈਕਟੀਕਲ ਸਾਬਤ ਹੁੰਦੀ ਸੀ। ਹੁਣ ਤਾਂ ਪੈਕਿੰਗ ਨਾਈਟ੍ਰੋਜਨ ਫਲੱਸ਼ਿੰਗ ਨਾਲ ਹੁੰਦੀ ਹੈ। ਅਨਾਜ ਖ਼ਰਾਬ ਹੋ ਹੀ ਨਹੀਂ ਸਕਦਾ।
ਅੱਜ ਬਲਦਾਂ ਦਾ ਬਦਲ ਆ ਗਿਆ ਹੈ, ਟ੍ਰੈਕਟਰ। ਵਾਢੀਆਂ ਕਰਨ ਲਈ ਹਨ ਕੰਬਾਈਨਾਂ। ਕਿਸਾਨਾਂ ਦਾ ਕੰਮ-ਕਾਜ ਖ਼ਤਮ ਹੋ ਗਿਆ ਹੈ। ਇਨ੍ਹਾਂ ਤੇਲ ਪੀਣੀਆਂ ਮਸ਼ੀਨਾਂ ਨੇ ਉਹੀ ਤੇਲ ਪ੍ਰਦੂਸ਼ਣ ਦੀ ਸ਼ਕਲ ਵਿਚ, ਹਵਾ 'ਚ ਸੁੱਟਣਾ ਹੈ। ਧਰਤੀ ਦੀ ਉਪਜਾਊ ਸ਼ਕਤੀ ਦਿਨ-ਬ-ਦਿਨ ਘਟ ਰਹੀ ਹੈ। ਡੇਅਰੀ ਫ਼ਾਰਮਾਂ 'ਚ ਮੱਝਾਂ ਹੀ ਮੱਝਾਂ ਨਜ਼ਰ ਆਉਂਦੀਆਂ ਹਨ। ਗੋਕੇ ਦੁੱਧ ਲਈ ਗਊ ਫ਼ਾਰਮ ਹਨ। ਰੁੱਖ ਵੱਢ ਦੇਣ ਨੂੰ ਵਿਕਾਸ ਕਿਹਾ ਜਾਂਦਾ ਹੈ। ਸ਼ਾਇਦ ਵਿਨਾਸ਼ ਦਾ ਨਾਉਂ ਹੀ ਵਿਕਾਸ ਹੈ।
ਯਾਦਾਂ ਪੁਰਾਣੀ ਕਿਸਾਨੀ ਦੀਆਂ
ਅਜੀਤ ਡੈਸਕ
24-05-2026