ਸਿੱਖ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਦੁਨੀਆ ਦੇ ਆਮ ਲੋਕਾਂ ਦੇ ਸਾਹਮਣੇ ਰੱਖ ਹੀ ਨਹੀਂ ਸਕੇ, ਇਹ ਜਾਣਦੇ ਹੋਏ ਵੀ ਕਿ ਗੁਰੂ ਨਾਨਕ ਦੇਵ ਜੀ ਪੁਨਰਜਾਗਰਣ ਦੇ ਮੋਢੀ ਹਨ। ਅੱਜ ਹਰ ਪਾਸੇ ਸੰਚਾਰ ਦਾ ਬੋਲਬਾਲਾ ਹੈ ਪਰ ਅਸੀਂ ਅਜੇ ਤੱਕ ਨਵੀਨਤਮ ਪ੍ਰਚਾਰ ਤਕਨਾਲੋਜੀ ਨੂੰ ਅਪਣਾਇਆ ਹੀ ਨਹੀਂ ਹੈ। ਸਰਕਾਰਾਂ, ਵੱਡੇ ਅਦਾਰੇ ਅਤੇ ਧਾਰਮਿਕ ਸੰਗਠਨਾਂ ਵਲੋਂ ਲੋਕਾਂ ਤੱਕ ਪਹੁੰਚਣ ਲਈ ਪੇਸ਼ੇਵਰਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ। ਰੇਡੀਓ, ਟੀ.ਵੀ., ਫ਼ਿਲਮਾਂ, ਕਿਤਾਬਾਂ, ਅਜਾਇਬ ਘਰ, ਪ੍ਰਦਰਸ਼ਨੀਆਂ ਸਮਾਜ ਦੇ ਹਰ ਵਰਗ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।
ਬੜੇ ਸਿੱਖਾਂ ਨੇ ਆਪਣੇ ਵਿਅਕਤੀਗਤ ਯਤਨਾਂ ਨਾਲ ਸਿੱਖੀ ਦੇ ਪ੍ਰਚਾਰ ਵਿਚ ਅਚੰਭਾ ਵੀ ਕਰ ਕੇ ਦਿਖਾਇਆ ਹੈ ਭਾਵੇਂ ਕਿ ਉਹ ਉਂਗਲਾਂ 'ਤੇ ਹੀ ਗਿਣੇ ਜਾਣ ਜੋਗੇ ਹਨ। ਮੈਂ ਅੱਜ ਇਸ ਲੇਖ ਰਾਹੀਂ ਉਨ੍ਹਾਂ ਵਿਅਕਤੀਆਂ ਵਲੋਂ ਕੀਤੀ ਸੇਵਾ ਦੀ ਜਾਣਕਾਰੀ ਦੇਣ ਦਾ ਯਤਨ ਕਰ ਰਿਹਾ ਹਾਂ। ਹੋ ਸਕਦਾ ਹੈ ਕਿ ਕੁਝ ਹੋਰ ਇਸ ਵਿਚ ਰਹਿ ਵੀ ਗਏ ਹੋਣ।
1. ਡਾ. ਨਰਿੰਦਰ ਸਿੰਘ ਕਪਾਨੀ, ਜਿਨ੍ਹਾਂ ਨੂੰ ਦੁਨੀਆ ਭਰ ਵਿਚ ਫਾਈਬਰ ਆਪਟਿਕਸ ਦੇ ਜਨਮਦਾਤਾ ਵਜੋਂ ਜਾਣਿਆ ਜਾਂਦਾ ਹੈ, ਇਸ ਖੇਤਰ ਦੇ ਵਿਚ ਮੋਢੀ ਹਨ ਜਿਨ੍ਹਾਂ ਨੇ ਸਿੱਖ ਪ੍ਰਦਰਸ਼ਨੀਆਂ ਦੇ ਆਯੋਜਨ ਕਰਨ ਵਿਚ ਪਹਿਲ ਕੀਤੀ ਹੈ। 1999 ਵਿਚ ਖ਼ਾਲਸਾ ਸਾਜਨਾ ਦੀ 300 ਸਾਲਾ ਜਨਮ ਸ਼ਤਾਬਦੀ 'ਤੇ ਪਹਿਲੀ ਵਾਰ, ਡਾ. ਕਪਾਨੀ ਨੇ ਲੰਡਨ ਦੇ ਵਿਕਟੋਰੀਆ-ਐਲਬਰਟ ਮਿਊਜ਼ੀਅਮ ਵਿਚ ਆਰਟਸ ਆਫ਼ ਦਾ ਸਿੱਖ ਕਿੰਗਡਮ (1rts of the S}kh }n{dom) ਦੀ ਪ੍ਰਦਰਸ਼ਨੀ ਲਗਵਾਈ ਸੀ। ਇਸ ਕਲਾ ਰਾਹੀਂ ਆਮ ਲੋਕਾਂ ਤੱਕ ਪਹੁੰਚਣ ਦਾ ਇਹ ਪਹਿਲਾ ਯਤਨ ਸੀ। ਇਹ ਪ੍ਰਦਰਸ਼ਨੀ ਲੰਡਨ ਤੋਂ ਬਾਅਦ ਕੈਨੇਡਾ ਦੇ ਰਾਇਲ ਓਨਟਾਰੀਓ ਮਿਊਜ਼ੀਅਮ, ਟੋਰਾਂਟੋ ਅਤੇ ਏਸ਼ੀਆ ਮਿਊਜ਼ੀਅਮ, ਸੈਨ ਫਰਾਂਸਿਸਕੋ, ਅਮਰੀਕਾ ਵਿਚ ਵੀ ਲਗਾਈ ਗਈ ਸੀ। ਡਾ. ਕਪਾਨੀ ਨੇ 1999 ਵਿਚ ਸੈਨ ਫਰਾਂਸਿਸਕੋ ਦੇ ਏਸ਼ੀਆ ਮਿਊਜ਼ੀਅਮ ਨੂੰ ਇਕ ਸਿੱਖ ਗੈਲਰੀ ਸਥਾਪਤ ਕਰਨ ਲਈ 5 ਲੱਖ ਡਾਲਰ ਦਾਨ ਕੀਤੇ ਸਨ ਅਤੇ ਆਪਣੇ ਨਿੱਜੀ ਸੰਗ੍ਰਹਿ ਵਿਚੋਂ 100 ਸਿੱਖ ਕਲਾ ਵਸਤੂਆਂ ਅਤੇ ਇਤਿਹਾਸਕ ਚਿੰਨ੍ਹ ਵੀ ਦਿਤੇ ਸਨ। 27 ਅਕਤੂਬਰ 2022 ਨੂੰ, ਉਸੇ ਮਿਊਜ਼ੀਅਮ ਵਿਚ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਸੀ, ਜਦੋਂ ਉਸਦੀ ਪਤਨੀ ਸਤਿੰਦਰ ਕੌਰ ਦੇ ਨਾਂਅ 'ਤੇ ਇਕ ਵੱਡੀ ਗੈਲਰੀ ਦਾ ਉਦਘਾਟਨ ਕੀਤਾ ਗਿਆ ਸੀ। ਕੈਨੇਡਾ ਦੇ ਤਤਕਾਲੀ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ, ਮੌਂਟੇਕ ਸਿੰਘ ਆਹਲੂਵਾਲੀਆ, ਮੈਂ (ਤਰਲੋਚਨ ਸਿੰਘ) ਅਤੇ ਕਈ ਅੰਤਰਰਾਸ਼ਟਰੀ ਡੈਲੀਗੇਟ ਵੀ ਮੌਜੂਦ ਸਨ। ਡਾ. ਕਪਾਨੀ ਨੇ ਸਿੱਖ ਫਾਊਂਡੇਸ਼ਨ ਦੀ ਸਥਾਪਨਾ ਵੀ ਕੀਤੀ ਸੀ ਜੋ ਸਿੱਖ ਕਲਾਕਾਰਾਂ ਅਤੇ ਲੇਖਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਸਿੱਖ ਸਾਹਿਤ ਪ੍ਰਕਾਸ਼ਿਤ ਕਰਦੀ ਹੈ। ਉਸ ਦੀ ਧੀ ਕਿਕੀ ਕਪਾਨੀ ਹੁਣ ਇਸ ਸੰਸਥਾ ਦੀ ਅਗਵਾਈ ਕਰ ਰਹੀ ਹੈ ਅਤੇ ਇਸ ਮਸ਼ਾਲ ਨੂੰ ਰੌਸ਼ਨ ਰੱਖ ਰਹੀ ਹੈ।
2. ਅਮਰੀਕਾ ਵਿਚ ਵਸਦੇ ਕਈ ਧਨਾਢ ਸਿੱਖਾਂ (ਡਾ. ਅਮਰੀਕ ਸਿੰਘ ਚੱਠਾ, ਸੋਹਣ ਸਿੰਘ ਚੌਧਰੀ, ਗੁਰਦੀਪ ਸਿੰਘ ਮਲਿਕ, ਗੁਰਪ੍ਰੀਤ ਸਿੰਘ ਆਹੂਜਾ) ਦੇ ਇਕ ਗਰੁੱਪ ਨੇ ਵਾਸ਼ਿੰਗਟਨ ਡੀ.ਸੀ. ਵਿਚ ਸਮਿਥਸੋਨੀਅਨ ਸੰਸਥਾ ਦੇ ਨੈਸ਼ਨਲ ਮਿਊਜ਼ੀਅਮ ਆਫ਼ ਨੈਚੁਰਲ ਹਿਸਟਰੀ ਵਿਚ ਇਕ ਸਿੱਖ ਗੈਲਰੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ। ਮਿਊਜ਼ੀਅਮ ਦੇ ਕਰਤਾ-ਧਰਤਾ (ਕਿਊਰੇਟਰ) ਪਾਲ ਮਾਈਕਲ ਟੇਲਰ ਨੇ ਇਸ ਦਾ ਪੂਰਨ ਸਮਰਥਨ ਅਤੇ ਮਾਰਗਦਰਸ਼ਨ ਕੀਤਾ ਸੀ। ਮੈਂ 2004 ਈ. ਵਿਚ ਹੋਏ ਇਸ ਦੇ ਉਦਘਾਟਨੀ ਸਮਾਰੋਹ ਵਿਚ ਮੌਜੂਦ ਸੀ। ਪਹਿਲੀ ਵਾਰ ਵੱਡੀ ਗਿਣਤੀ ਵਿਚ ਵਿਸ਼ਵ ਸੈਲਾਨੀ ਅਮਰੀਕਾ ਦੀ ਰਾਜਧਾਨੀ ਵਿਚ ਦੁਨੀਆ ਦੇ ਸਭ ਤੋਂ ਵੱਡੇ ਅਜਾਇਬ ਘਰ ਵਿਚ ਸਿੱਖ ਇਤਿਹਾਸ ਦੀ ਝਲਕ ਦੇਖ ਰਹੇ ਸਨ।
3. ਡਾਕਟਰ ਪਰਵਿੰਦਰਜੀਤ ਸਿੰਘ ਖਨੂਜਾ, ਇਕ ਮੈਡੀਕਲ ਓਨਕੋਲੋਜਿਸਟ ਹਨ, ਜਿਨ੍ਹਾਂ ਨੇ ਅਮਰੀਕਾ ਵਿਚ ਸਭ ਤੋਂ ਵੱਡੇ ਕੈਂਸਰ ਪ੍ਰੋਗਰਾਮਾਂ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿਚ ਸਿੱਖ ਵਿਰਾਸਤ ਨੂੰ ਉਤਸ਼ਾਹਿਤ ਕਰਨ ਵਿਚ ਵੱਡੀ ਸੇਵਾ ਕੀਤੀ ਹੈ। 2017 ਵਿਚ ਫੀਨਿਕਸ ਆਰਟ ਮਿਊਜ਼ੀਅਮ ਵਿਖੇ ਖਨੂਜਾ ਆਰਟ ਸਿੱਖ ਗੈਲਰੀ ਦੀ ਸਥਾਪਨਾ ਕੀਤੀ ਗਈ ਹੈ। ਇਹ ਅਮਰੀਕਾ ਵਿਚ ਕੇਵਲ ਦੋ ਸਥਾਈ ਸਿੱਖ ਆਰਟ ਗੈਲਰੀਆਂ ਵਿਚੋਂ ਇਕ ਹੈ। ਇਥੇ ਹਰ ਦਿਨ ਹਜ਼ਾਰਾਂ ਸੈਲਾਨੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਲੈਂਦੇ ਹਨ। ਡਾ. ਖਨੂਜਾ ਨੇ ਦੋ ਟੇਬਲ ਬੁੱਕ ਸਪਲੈਂਡਰ ਆਫ਼ ਪੰਜਾਬ ਹੈਰੀਟੇਜ ਅਤੇ ਪਸ਼ਮੀਨਾ ਜਿਊਲਜ਼ ਪ੍ਰਕਾਸ਼ਿਤ ਕੀਤੀਆਂ ਹਨ।
4. ਸ. ਬਲਜੀਤ ਸਿੰਘ ਚੱਢਾ ਕੈਨੇਡਾ ਦੇ ਮਾਂਟਰੀਅਲ ਸ਼ਹਿਰ ਦੇ ਇਕ ਪ੍ਰਮੁੱਖ ਕਾਰੋਬਾਰੀ ਹਨ। ਉਨ੍ਹਾਂ ਨੇ 2022 ਵਿਚ ਮਾਂਟਰੀਅਲ ਮਿਊਜ਼ੀਅਮ ਆਫ਼ ਫਾਈਨ ਆਰਟਸ ਵਿਚ ਇਕ ਸਿੱਖ ਆਰਟ ਗੈਲਰੀ ਸਥਾਪਿਤ ਕੀਤੀ ਹੈ। ਇਹ ਕੈਨੇਡਾ ਵਿਚ ਪਹਿਲੀ ਸਥਾਈ ਸਿੱਖ ਗੈਲਰੀ ਹੈ। ਇਸ ਗੈਲਰੀ ਵਿਚ ਕਈ ਸਾਲਾਂ ਤੋਂ ਨਵੀਆਂ ਕਲਾਕ੍ਰਿਤੀਆਂ ਅਤੇ ਹੋਰ ਇਤਿਹਾਸਕ ਵਸਤਾਂ ਵਧਾ ਰਹੇ ਹਨ। ਹਰ ਸਾਲ 2 ਲੱਖ ਸੈਲਾਨੀ ਉੱਥੇ ਆਉਂਦੇ ਹਨ ਅਤੇ ਸਿੱਖ ਫ਼ਿਲਾਸਫ਼ੀ ਭਾਵ ਦਰਸ਼ਨ ਅਤੇ ਇਤਿਹਾਸ ਤੋਂ ਜਾਣੂ ਹੁੰਦੇ ਹਨ।
5. ਮੈਂ 82 ਸਾਲਾ, ਸਰਦਾਰ ਸੁਰੇਸ਼ ਭੱਲਾ ਦੀ ਕਦਰ ਕਰਦਾ ਹਾਂ, ਜਿਨ੍ਹਾਂ ਨੇ 2000 ਈਸਵੀ ਵਿਚ ਕੈਨੇਡਾ ਵਿਚ ਸਿੱਖ ਆਰਟਸ ਪ੍ਰਦਰਸ਼ਨੀ ਦਾ ਆਯੋਜਨ ਰਾਇਲ ਓਨਟਾਰੀਓ ਮਿਊਜ਼ੀਅਮ, ਟੋਰਾਂਟੋ ਵਿਚ ਕਰਵਾਇਆ ਸੀ। ਭੱਲਾ ਸਾਹਿਬ ਪ੍ਰਮੁੱਖ ਅੰਤਰਰਾਸ਼ਟਰੀ ਬੈਂਕਾਂ ਦੇ ਵੱਡੇ ਅਫ਼ਸਰ ਰਹੇ ਹਨ ਤੇ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਸਿੱਖ ਭਾਈਚਾਰੇ ਦੇ ਯਤਨਾਂ ਸਦਕਾ ਕੈਨੇਡਾ ਦੇ ਇਸ ਪ੍ਰਸਿੱਧ ਮਿਊਜ਼ੀਅਮ ਨਾਲ ਇਕ ਸਮਝੌਤਾ ਕੀਤਾ ਗਿਆ ਹੈ ਜਿਸ ਅਨੁਸਾਰ ਇਸ ਮਿਊਜ਼ੀਅਮ ਵਿਚ ਇਕ ਪੱਕੇ ਤੌਰ 'ਤੇ ਸਿੱਖ ਗੈਲਰੀ ਬਣੇਗੀ ਜਿਸ 'ਤੇ 25 ਮਿਲੀਅਨ ਡਾਲਰ ਖਰਚ ਆਉਣਗੇ। 21 ਮਿਲੀਅਨ ਡਾਲਰ ਸਿੱਖ ਜਮ੍ਹਾਂ ਕਰਵਾ ਚੁੱਕੇ ਹਨ ਅਤੇ ਦੋ ਸਾਲਾਂ ਵਿਚ ਇਹ ਗੈਲਰੀ ਮੁਕੰਮਲ ਹੋ ਜਾਵੇਗੀ ਜੋ ਹਮੇਸ਼ਾ ਲਈ ਰਹੇਗੀ।
6. ਬਿੱਕੀ ਸਿੰਘ ਨੇ ਸਿੱਖਲੈਂਜ਼ (S}kh&ens) ਨਾਂਅ ਦੀ ਸੰਸਥਾ ਸਥਾਪਿਤ ਕੀਤੀ ਹੈ ਜਿਸ ਦੇ ਉਹ ਪ੍ਰਧਾਨ ਹਨ ਅਤੇ ਅੱਜ ਇਹ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਆਰਟਸ ਅਤੇ ਫ਼ਿਲਮ ਪਲੇਟਫਾਰਮਾਂ ਵਿਚੋਂ ਇਕ ਹੈ। ਭਾਰਤ ਤੋਂ ਪਰਵਾਸ ਕਰਨ ਤੋਂ ਪਿਛੋਂ ਉਸ ਨੇ ਸੰਨ 2000 ਵਿਚ ਵਿਸ਼ਵ ਪੱਧਰ 'ਤੇ ਸਿੱਖ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇਸ ਦੀ ਸਥਾਪਨਾ ਕੀਤੀ ਹੈ। ਉਹ ਕੈਨੇਡਾ, ਅਮਰੀਕਾ, ਯੂ.ਕੇ. ਅਤੇ ਭਾਰਤ ਦੇਸ਼ਾਂ ਵਿਚ ਸਿੱਖ ਆਰਟਸ ਅਤੇ ਫ਼ਿਲਮ ਫੈਸਟੀਵਲ ਆਯੋਜਿਤ ਕਰਦੇ ਹਨ। ਹੁਣ ਤੱਕ ਉਸ ਨੇ ਲਗਭਗ 600 ਫ਼ਿਲਮਾਂ ਬਣਾਈਆਂ ਹਨ ਅਤੇ ਦੁਨੀਆ ਭਰ ਦੇ ਨੌਜਵਾਨਾਂ ਅਤੇ ਯੂਨੀਵਰਸਿਟੀਆਂ ਨਾਲ ਈਕੋ ਸਿਸਟਮ ਬਣਾ ਰੱਖਿਆ ਹੈ। ਹਰ ਸਿੱਖ ਪਰਿਵਾਰ ਸਿੱਖਲੈਂਜ਼ ਵਲੋਂ ਪ੍ਰਕਾਸ਼ਿਤ ਸ਼ਾਨਦਾਰ ਸਾਲਾਨਾ ਕੈਲੰਡਰ ਦੀ ਉਡੀਕ ਕਰਦਾ ਹੈ। ਚੈਪਮੈਨ ਯੂਨੀਵਰਸਿਟੀ ਡਾਜ ਕਾਲਜ ਆਫ਼ ਫ਼ਿਲਮ ਐਂਡ ਮੀਡੀਆ ਆਰਟਸ ਨਾਲ ਭਾਈਵਾਲੀ ਪਾਈ ਹੈ। ਮੁੱਖ ਧਾਰਾ ਦੇ ਮੀਡੀਆ ਵਿਚ ਸਿੱਖ ਪ੍ਰਤੀਨਿਧਤਾ ਨੂੰ ਬਿਹਤਰ ਬਣਾਉਣ ਵਿਚ ਪੂਰਾ ਹਿੱਸਾ ਪਾਇਆ ਹੈ। ਉਸ ਵਲੋਂ ਕਰਾਏ ਗਏ ਅੰਤਰਰਾਸ਼ਟਰੀ ਸਿੱਖ ਫ਼ਿਲਮ ਫੈਸਟੀਵਲਾਂ ਵਿਚ ਹਜ਼ਾਰਾਂ ਲੋਕ ਖਾਸ ਕਰਕੇ ਵਿਦੇਸ਼ੀ, ਟਿਕਟ ਲੈ ਕੇ ਅਨੰਦ ਮਾਣਦੇ ਹਨ।
7. ਵਾਸ਼ਿੰਗਟਨ ਡੀ.ਸੀ. ਵਸਦੇ ਸ. ਰਜਵੰਤ ਸਿੰਘ ਨੇ ਹਾਲੀਵੁੱਡ ਸਟੂਡੀਓਜ਼ ਤੋਂ ਗੁਰੂ ਨਾਨਕ ਦੇਵ ਜੀ 'ਤੇ ਇਕ ਪੂਰੀ ਲੰਬਾਈ ਵਾਲੀ ਫ਼ਿਲਮ ਬਣਾਉਣ ਦਾ ਮਾਣ ਹਾਸਿਲ ਕੀਤਾ ਹੈ। ਉਨ੍ਹਾਂ ਨੇ ਇਕ ਹੋਰ ਸਿੱਖ ਫ਼ਿਲਮ ਬਣਾਉਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਦੇ ਵੈਟੀਕਨ ਅਤੇ ਵ੍ਹਾਈਟ ਹਾਊਸ ਵਿਚ ਚੰਗੇ ਸਬੰਧ ਹਨ, ਜਿਨ੍ਹਾਂ ਕਰਕੇ ਉਥੇ ਹਰ ਸਾਲ ਸਿੱਖ ਸਮਾਗਮ ਕਰਵਾਏ ਜਾਂਦੇ ਹਨ।
8. ਤੇਜੀ ਬਿੰਦਰਾ ਦੇ ਪਰਿਵਾਰ ਨੇ ਗੁਰੂ ਨਾਨਕ ਇੰਟਰਨੈਸ਼ਨਲ ਇੰਟਰਫੇਥ ਐਵਾਰਡ ਹੋਫਸਟ੍ਰਾ ਯੂਨੀਵਰਸਿਟੀ ਆਰੰਭ ਕੀਤਾ ਹੈ, ਜੋ ਪਿਛਲੇ ਦਸ ਸਾਲ ਤੋਂ ਲਗਾਤਾਰ ਚੱਲ ਰਿਹਾ ਹੈ। ਸ. ਬਿੰਦਰਾ ਸਿੱਖ ਆਰਟ ਐਂਡ ਕਲਚਰ ਸੁਸਾਇਟੀ, ਨਿਊਯਾਰਕ ਦੇ ਚੇਅਰਮੈਨ ਹਨ। ਹਰ ਸਾਲ ਉਹ ਸਿੱਖਾਂ 'ਤੇ ਬਣੀਆਂ ਛੋਟੀਆਂ ਦਸਤਾਵੇਜ਼ੀ ਫ਼ਿਲਮਾਂ ਬਣਾਉਣ ਵਾਲਿਆਂ ਨੂੰ ਇਕੱਠਾ ਕਰ ਕੇ ਇਨਾਮ ਦਿੰਦੇ ਹਨ। ਮੈਂ ਸਾਲਾਨਾ ਸਮਾਗਮਾਂ ਵਿਚ ਸ਼ਾਮਿਲ ਹੋਇਆ ਹਾਂ। ਇਹ ਲਹਿਰ ਸਿੱਖੀ ਪ੍ਰਚਾਰ ਲਈ ਅਮਰੀਕਾ ਵਿਚ ਵੱਡਾ ਯੋਗਦਾਨ ਪਾ ਰਹੀ ਹੈ।
ਸ੍ਰੀ ਵਿਕਾਸ ਖੰਨਾ, ਵਿਸ਼ਵ ਪ੍ਰਸਿੱਧ ਸ਼ੈਫ (ਅੰਮ੍ਰਿਤਸਰ ਵਿਚ ਜਨਮੇ) ਨੇ ਸ੍ਰੀ ਦਰਬਾਰ ਸਾਹਿਬ ਵਿਚ ਚਲਦੇ ਲੰਗਰ ਨੂੰ ਉਜਾਗਰ ਕਰਨ ਵਾਲੀ ਇਕ ਫ਼ਿਲਮ ਹੋਲੀ ਕਿਚਨ (8o&਼ }tchen) ਬਣਾਈ ਹੈ। ਇਹ ਫ਼ਿਲਮ ਅਮਰੀਕਾ ਦੀਆਂ ਵਿੱਦਿਅਕ ਸੰਸਥਾਵਾਂ ਵਿਚ ਦਿਖਾਈ ਜਾਂਦੀ ਹੈ।
ਸਾਡਾ ਇਕ ਬਹੁਤ ਹੀ ਕੀਮਤੀ ਖ਼ਜ਼ਾਨਾ ਯੋਗੀ ਭਜਨ ਦੇ ਨਿਵਾਸ ਅਸਥਾਨ ਡੋਮ (4ome), ਐਸਪੋਨੇਲਾ ਸ਼ਹਿਰ ਵਿਚ ਬੰਦ ਪਿਆ ਹੈ। ਯੋਗੀ ਦੇ ਵੱਖ-ਵੱਖ ਦੇਸ਼ਾਂ ਵਿਚ ਬਹੁਤ ਅਮੀਰ ਪੈਰੋਕਾਰ ਸਨ ਅਤੇ ਉਹ ਉਨ੍ਹਾਂ ਨੂੰ ਦੁਰਲੱਭ ਵਸਤੂਆਂ ਭੇਟ ਕਰਦੇ ਸਨ ਅਤੇ ਉਹ ਆਪ ਵੀ ਸਿੱਖ ਵਸਤੂਆਂ ਨੂੰ ਇਕੱਠਾ ਕਰਨ ਦੇ ਸ਼ੌਕੀਨ ਸਨ। ਮੈਨੂੰ ਇਸ ਦੁਰਲੱਭ ਭੰਡਾਰ ਨੂੰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਦੀ ਸੂਚੀ ਯੋਗੀ ਜੀ ਦੇ ਸਮੇਂ ਬਣ ਚੁੱਕੀ ਸੀ। ਮੈਨੂੰ ਉਮੀਦ ਹੈ ਕਿ ਯੋਗੀ ਜੀ ਦੀ ਸਥਾਪਿਤ ਸੰਸਥਾ ਇਸ ਡੋਮ ਨੂੰ ਨਿਊ ਮੈਕਸੀਕੋ ਸਟੇਟ ਅਮਰੀਕਾ ਵਿਚ ਇਕ ਜਗਤ ਪ੍ਰਸਿੱਧ ਸਿੱਖ ਗੈਲਰੀ ਦਾ ਰੂਪ ਦੇਵੇਗੀ।
-ਸਾਬਕਾ ਸੰਸਦ ਮੈਂਬਰ