ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੌਣ ਵੇਲੇ ਸਾਨੂੰ ਦਬਾਅ ਕਿਉਂ ਪੈਂਦਾ ਹੈ?

Ad Position 21
No active advertisement
ਅਜੀਤ ਡੈਸਕ 24-05-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅੱਗੇ ਫਿਰ ਦੱਸਿਆ ਹੈ ਕਿ ਜਦੋਂ ਮਨੁੱਖ ਜ਼ਿੰਦਗੀ ਵਿਚ ਆਪਣੀਆਂ ਸਮੱਸਿਆਵਾਂ 'ਤੇ ਕੰਟਰੋਲ ਨਹੀਂ ਕਰ ਸਕਦਾ ਤੇ ਉਹ ਬੇਵੱਸ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਉੱਚੀ ਥਾਂ ਤੋਂ ਡਿਗਣ ਦੇ ਜਾਂ ਕਿਤੇ ਪਾਣੀ ਵਿਚ ਡੁੱਬਣ ਦੇ ਸੁਪਨੇ ਆਉਂਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦੋਂ ਮਨੁੱਖ ਆਪਣੀ ਜ਼ਿੰਦਗੀ ਦੇ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਵਿਚ ਘਿਰ ਜਾਂਦਾ ਹੈ ਅਤੇ ਉਸ ਮਨ 'ਤੇ ਬਹੁਤ ਵੱਡਾ ਭਾਰ ਬਣ ਜਾਂਦਾ ਹੈ ਤਾਂ ਉਸ ਨੂੰ ਆਪਣੇ-ਆਪ ਗੁੰਮ ਹੋਣ ਦੇ ਜਾਂ ਕਿਸੇ ਦੁਆਰਾ ਉਸ ਦਾ ਪਿੱਛਾ ਕੀਤੇ ਜਾਣ ਦੇ ਸੁਪਨੇ ਆਉਂਦੇ ਹਨ। ਜਦੋਂ ਮਨੁੱਖ ਨਕਾਰਾਤਮਕ ਵਿਚਾਰਾਂ ਵਿਚ ਘਿਰ ਜਾਂਦਾ ਹੈ, ਉਹ ਚੜ੍ਹਦੀ ਕਲਾ ਨੂੰ ਛੱਡ ਕੇ ਢਹਿੰਦੀ ਕਲਾ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈ। ਹੌਲੀ ਹੌਲੀ ਡਿਪ੍ਰੈਸ਼ਨ ਤੇ ਸਟਰੈੱਸ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਨੂੰ ਇਸ ਤਰਾਂ ਦੇ ਸੁਪਨੇ ਆਉਂਦੇ ਹਨ ਕਿ ਜਿਸ ਤਰ੍ਹਾਂ ਉਸਨੇ ਕੋਈ ਗ਼ਲਤ ਚੀਜ਼ ਨਿਗਲ ਲਈ ਹੈ ਜਾਂ ਖਾ ਲਈ ਹੈ ਜਿਸ ਦਾ ਬੁਰਾ ਅਸਰ ਉਸਦੇ ਸਰੀਰ ਤੇ ਜਾਂ ਉਸਦੇ ਵਰਤਾਰੇ 'ਤੇ ਹੋਵੇਗਾ। ਜਦੋਂ ਮਨੁੱਖ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਪਿੱਛੇ ਵੱਲ ਦੇਖਦਾ ਹੈ, ਅਗਾਂਹ ਵਧਣ ਦੀ ਕੋਸ਼ਿਸ਼ ਨਹੀਂ ਕਰਦਾ, ਉਹ ਤਰੱਕੀ ਨਹੀਂ ਕਰ ਰਿਹਾ ਹੁੰਦਾ, ਆਪਣਾ ਵਰਤਮਾਨ ਨਹੀਂ ਹੰਢਾ ਰਿਹਾ ਹੁੰਦਾ, ਪਿਛਲੇ ਸਮੇਂ ਨੂੰ ਹੀ ਯਾਦ ਕਰ-ਕਰ ਕੇ ਝੂਰਦਾ ਰਹਿੰਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਹਨ ਜਿਵੇਂ ਉਹ ਆਪਣੇ ਪੁਰਾਣੇ ਢੱਠੇ ਘਰ ਵਿਚ ਦੁਬਾਰਾ ਜਾਂਦਾ ਹੈ ਜਾਂ ਆਪਣੇ ਪੁਰਾਣੇ ਸਕੂਲ ਦੀ ਯਾਤਰਾ ਕਰਦਾ ਹੈ। ਜਦੋਂ ਮਨੁੱਖ ਮਹਿਸੂਸ ਕਰਨ ਲੱਗ ਜਾਏ ਕਿ ਉਸ ਦੀ ਜ਼ਿੰਦਗੀ ਵਿਚ ਨਿਰਾਸ਼ਾ ਪੈਦਾ ਹੋ ਗਈ ਹੈ ਕਿਸੇ ਕੋਲੋਂ ਆਸਰਾ ਨਹੀਂ ਮਿਲ ਰਿਹਾ, ਕੋਈ ਕਿਸੇ ਤੇ ਆਸ ਨਹੀਂ ਰਹੀ, ਜ਼ਿੰਦਗੀ ਦੀਆਂ ਸਾਰੀਆਂ ਸੰਭਾਵਨਾਵਾਂ ਖ਼ਤਮ ਹੋ ਰਹੀਆਂ ਹਨ ਤਾਂ ਉਸ ਨੂੰ ਚੀਜ਼ਾਂ ਗਵਾਚਣ ਦੇ ਸੁਪਨੇ ਆਉਂਦੇ ਹਨ। ਜਿਵੇਂ ਉਸ ਦੀਆਂ ਚਾਬੀਆਂ ਗੁੰਮ ਹੋ ਗਈਆਂ ਜਾਂ ਕੋਈ ਬਹੁਤ ਕੀਮਤੀ ਚੀਜ਼ ਗੁੰਮ ਹੋ ਗਈ, ਇਸ ਦੇ ਨਾਲ ਹੀ ਜਾਂ ਕੋਈ ਨਵੇਂ ਖਰੀਦੇ ਬੂਟ ਜਾਂ ਚਾਬੀਆਂ ਗੁੰਮ ਹੋ ਗਈਆਂ। ਇਸੇ ਤਰ੍ਹਾਂ ਜਦੋਂ ਮਨੁੱਖ ਨਕਾਰਾਤਮਿਕ ਵਿਚਾਰਾਂ ਦਾ ਧਾਰਨੀ ਹੋ ਜਾਂਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਉਸਦੇ ਤਾਣੇ-ਬਾਣੇ 'ਤੇ ਕੋਈ ਹਮਲਾ ਕਰ ਰਿਹਾ ਹੈ ਤਾਂ ਉਸ ਨੂੰ ਮਰਿਆਂ ਹੋਇਆਂ ਦੇ ਸੁਪਨੇ ਆਉਂਦੇ ਹਨ, ਮਰੇ ਹੋਏ ਮਨੁੱਖਾਂ ਦੀਆਂ ਲਾਸ਼ਾਂ ਉਸ ਦੇ ਸੁਪਨਿਆਂ ਵਿਚ ਦਿਸਦੀਆਂ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸੁਪਨਿਆਂ ਦਾ ਅਧਿਐਨ ਕੀਤਾ ਗਿਆ ਹੈ ਜਿਸ ਵਿਚ ਲੋਕ ਡਰ ਕੇ ਉੱਠਦੇ ਹਨ। ਉਨ੍ਹਾਂ ਨੂੰ ਪਸੀਨਾ ਆਇਆ ਹੁੰਦਾ ਹੈ, ਤੇਜ਼ ਤੇਜ਼ ਦਿਲ ਧੜਕ ਰਿਹਾ ਹੁੰਦਾ ਹੈ ਅਤੇ ਹੱਥਾਂ ਪੈਰਾਂ 'ਤੇ ਕੰਟਰੋਲ ਨਹੀਂ ਰਹਿੰਦਾ। ਉਥੇ ਕਈ ਵਾਰੀ ਦਿਲ ਫੇਲ੍ਹ ਹੋਣ ਦਾ ਵੀ ਡਰ ਬਣ ਜਾਂਦਾ ਹੈ। ਕਈ ਵਾਰੀ ਮਨੁੱਖ ਸੁੱਤੇ ਹੀ ਰਹਿ ਜਾਂਦੇ ਹਨ। ਉਹ ਵੀ ਇਸੇ ਦੌਰ ਵਿਚੋਂ ਗੁਜ਼ਰੇ ਹੁੰਦੇ ਹੋ ਸਕਦੇ ਹਨ। ਵਾਰ ਵਾਰ ਬਹੁਤ ਡਰਾਉਣੇ ਸੁਪਨੇ ਆਉਣੇ ਕਈ ਵਾਰੀ ਰੋਜ਼ਾਨਾ ਕੰਮ ਕਾਰ ਵਿਚ ਮੁਸ਼ਕਿਲ ਖੜ੍ਹੀ ਕਰਦੇ ਹਨ ਕਿਉਂਕਿ ਮਨੁੱਖ ਨੂੰ ਰਾਤ ਨੂੰ ਪੂਰੀ ਨੀਂਦ ਨਹੀਂ ਆਉਂਦੀ ਤਾਂ ਉਸਦੀ ਸਿਹਤ ਤੇ ਇਸ ਦਾ ਬਹੁਤ ਅਸਰ ਹੁੰਦਾ ਹੈ। ਇਨ੍ਹਾਂ ਨੂੰ ਅਸੀਂ ਮਨੋ ਵਿਕਾਰਾਂ ਵਿਚ ਵੀ ਗਿਣ ਸਕਦੇ ਹਾਂ ਕਿਉਂਕਿ ਜਦੋਂ ਮਨੁੱਖ ਮਾਨਸਿਕ ਸਿਹਤ ਪੱਖੋਂ ਠੀਕ ਨਾ ਹੋਵੇ ਤਾਂ ਉਸ ਨੇ ਪੂਰੀ ਨੀਂਦ ਨਾ ਲਈ ਹੋਵੇ ਤਾਂ ਉਸ ਨੂੰ ਦਿਨ ਵੇਲੇ ਬਗ਼ੈਰ ਕਾਰਨ ਤੋਂ ਬਹੁਤ ਗੁੱਸਾ ਆਉਂਦਾ ਹੈ, ਉਹ ਬਹੁਤ ਕਮਜ਼ੋਰ ਮਹਿਸੂਸ ਕਰਦਾ ਹੈ ਤੇ ਹਮੇਸ਼ਾ ਥੱਕਿਆ ਰਹਿੰਦਾ ਹੈ।
ਇਸ ਦੇ ਕਾਰਨਾਂ ਵਿਚ ਸਭ ਤੋਂ ਪਹਿਲਾਂ ਤਾਂ ਸਾਡੇ ਮਨ ਉੱਤੇ ਪਿਆ ਕੋਈ ਭਾਰ ਸਾਡੀ ਰੂਹ ਦੇ ਉੱਤੇ ਪਿਆ ਭਾਰ ਆਉਂਦਾ ਹੈ ਜਿਸ ਨੂੰ ਕਿ ਅਸੀਂ ਸਟਰੈੱਸ ਜਾਂ ਇਨਜ਼ਾਇਟੀ ਕਹਿੰਦੇ ਹਾਂ। ਘੋਰ ਚਿੰਤਾ ਮਨੁੱਖ ਲਈ ਚਿਤਾ ਸਮਾਨ ਹੁੰਦੀ ਹੈ। ਇਸੇ ਤਰ੍ਹਾਂ ਇਹ ਵੀ ਦੇਖਿਆ ਗਿਆ ਹੈ ਜੇਕਰ ਕਿਸੇ ਦੀ ਜ਼ਿੰਦਗੀ ਵਿਚ ਕੋਈ ਡਾਢਾ ਦੁੱਖ ਜਾਂ ਕੋਈ ਬਹੁਤ ਹੀ ਦੁੱਖਦਾਈ ਦੁਰਘਟਨਾ ਵਾਪਰੀ ਹੋਵੇ ਤਾਂ ਉਸ ਦਾ ਅਸਰ ਵੀ ਸਾਡੇ ਮਨ 'ਤੇ ਲੰਬਾ ਸਮਾਂ ਰਹਿੰਦਾ ਹੈ। ਜ਼ਿੰਦਗੀ ਵਿਚ ਜੇਕਰ ਸਾਡੇ ਕਿਸੇ ਪਿਆਰੇ ਦੀ ਅਚਾਨਕ ਮੌਤ ਹੋ ਗਈ ਹੋਵੇ ਜਾਂ ਕੋਈ ਸਾਡਾ ਬਿਨਾਂ ਵਜ੍ਹਾ ਸਾਥ ਛੱਡ ਗਿਆ ਹੋਵੇ ਤਾਂ ਇਸ ਦਾ ਵੀ ਅਸਰ ਸਾਡੇ ਮਨ 'ਤੇ ਭਾਰ ਬਣਦਾ ਹੈ। ਇਨ੍ਹਾਂ ਤੋਂ ਸਿਵਾਏ ਜਿਹੜੇ ਮਨੁੱਖ ਨਸ਼ੇ ਕਰਦੇ ਹਨ, ਕਈ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਕਿ ਖ਼ਾਸ ਕਰਕੇ ਮਾਨਸਿਕ ਰੋਗਾਂ ਲਈ ਲਈਆਂ ਜਾਂਦੀਆਂ ਹਨ, ਉਨ੍ਹਾਂ ਦਾ ਵੀ ਸਾਡੇ ਤੰਤੂ-ਪ੍ਰਬੰਧ ਤੇ ਅਸਰ ਹੁੰਦਾ ਹੈ ਜਿਸ ਕਾਰਨ ਸਾਡੀ ਨੀਂਦ ਵਿਚ ਵਿਘਨ ਪੈਂਦਾ ਹੈ ਜਾਂ ਨੀਂਦ ਘੱਟ ਆਉਂਦੀ ਹੈ।
ਸਾਨੂੰ ਰਾਤ ਨੂੰ ਸੌਣ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਡਰਾਉਣਾ ਸੀਰੀਅਲ ਜਾਂ ਫਿਲਮ ਆਦਿ ਨਹੀਂ ਦੇਖਣੀ ਚਾਹੀਦੀ। ਜਦੋਂ ਰਾਤ ਨੂੰ ਅਸੀਂ ਬਹੁਤ ਭਾਰੀ ਭੋਜਨ ਲੋੜ ਤੋਂ ਵੱਧ ਕਰਦੇ ਹਾਂ ਜਿਸ ਵਿਚ ਤੇਜ਼ ਮਸਾਲੇ ਤੇ ਚਰਬੀ ਵੱਧ ਹੁੰਦੀ ਹੈ, ਤਾਂ ਉਹ ਪਾਚਣ-ਕ੍ਰਿਆ ਨੂੰ ਬਹੁਤ ਮੱਧਮ ਕਰ ਦਿੰਦੇ ਹਨ ਜਿਸ ਦਾ ਸਾਡੇ ਨਰਵਸ ਸਿਸਟਮ 'ਤੇ ਮਾੜਾ ਅਸਰ ਪੈਂਦਾ ਹੈ ਤੇ ਇਹ ਵੀ ਡਰਾਉਣੇ ਸੁਪਨਿਆਂ ਦਾ ਕਾਰਨ ਬਣਦਾ ਹੈ। ਜਿਹੜਾ ਮਨੁੱਖ ਕਿਸੇ ਬਹੁਤ ਹੀ ਮਾੜੀ ਬਿਮਾਰੀ ਜਾਂ ਲੰਬੀ ਬਿਮਾਰੀ ਵਿਚ ਗ੍ਰਸਿਆ ਹੋਇਆ ਹੈ ਅਤੇ ਉਸ ਬਿਮਾਰੀ ਲਈ ਖਾਧੀਆਂ ਦਵਾਈਆਂ ਜਾਂ ਉਸ ਬਿਮਾਰੀ ਦਾ ਮਨ 'ਤੇ ਪਿਆ ਡਰ ਵੀ ਸਾਡੇ ਡਰਾਉਣੇ ਸੁਪਨਿਆਂ ਦਾ ਕਾਰਨ ਬਣਦਾ ਹੈ। ਛੋਟੇ ਬੱਚਿਆਂ ਨੂੰ ਵੀ ਕਈ ਵਾਰੀ ਬਹੁਤ ਡਰਾਉਣੇ ਸੁਪਨੇ ਆਉਂਦੇ ਹਨ। ਉਹ ਨੀਂਦ ਨੂੰ ਤਿਆਗਣ ਲਈ ਮਜਬੂਰ ਹੋ ਜਾਂਦੇ ਹਨ। ਉਹ ਚੀਕਦੇ ਵੀ ਹਨ ਤੇ ਇਧਰ ਉਧਰ ਹੱਥ ਪੈਰ ਵੀ ਮਾਰਦੇ ਹਨ। ਉਨ੍ਹਾਂ ਲਈ ਵੀ ਉਨ੍ਹਾਂ ਦੇ ਬਚਪਨ ਵਿਚ ਸੁਣਾਈਆਂ ਬਹੁਤ ਡਰਾਉਣੀਆਂ ਕਹਾਣੀਆਂ ਜਾਂ ਦੇਖੇ ਹੋਏ ਡਰਾਉਣੇ ਡਰਾਮੇ ਵੀ ਇਸ ਦਾ ਕਾਰਨ ਬਣਦੇ ਹਨ। ਬੱਚਿਆਂ ਨੂੰ ਕਈ ਵਾਰੀ ਜਦੋਂ ਕੋਈ ਅਧਿਆਪਕ ਸਕੂਲ ਵਿਚ ਜ਼ਿਆਦਾ ਡਾਂਟ ਦੇਵੇ ਤੇ ਬੱਚਾ ਉਸ ਤੋਂ ਡਰਨ ਲੱਗ ਜਾਏ, ਉਸ ਦੇ ਅੰਦਰ ਖੌਫ਼ ਪੈਦਾ ਹੋ ਜਾਵੇ ਤਾਂ ਇਹ ਵੀ ਇਕ ਉਸ ਲਈ ਰਾਤ ਨੂੰ ਸਮੱਸਿਆ ਬਣਦੀ ਹੈ। ਉਹ ਪੜ੍ਹਾਈ ਤੋਂ ਵੀ ਦੂਰ ਰਹਿਣ ਲੱਗ ਪੈਂਦਾ ਹੈ। ਕਈ ਵਾਰੀ ਤਾਂ ਉਹ ਮਾਨਸਿਕ ਤੌਰ 'ਤੇ ਬਿਮਾਰ ਹੋ ਕੇ ਸਰੀਰਕ ਤੌਰ 'ਤੇ ਵੀ ਬਿਮਾਰ ਹੋ ਜਾਂਦਾ ਹੈ। ਜੇਕਰ ਕੋਈ ਮਨੁੱਖ ਇਹੋ ਜਿਹੇ ਹਾਲਾਤ ਵਿਚ ਜ਼ਿੰਦਗੀ ਕੱਟ ਰਿਹਾ ਹੈ ਤਾਂ ਉਸ ਨੂੰ ਜ਼ਰੂਰ ਹੀ ਕਿਸੇ ਮਨੋਵਿਗਿਆਨੀ ਦੀ ਜਾਂ ਡਾਕਟਰ ਦੀ ਸਲਾਹ ਲੈਣੀ ਬਣਦੀ ਹੈ। ਡਰਾਉਣੇ ਸੁਪਨੇ ਤਾਂ ਆਪਣੇ ਆਪ ਵਿਚ ਇਕ ਸਮੱਸਿਆ ਹੈ ਹੀ, ਪਰ ਇਸ ਦੇ ਡਰ ਵਜੋਂ ਕਈ ਵਾਰੀ ਬੰਦਾ ਸੌਣ ਤੋਂ ਵੀ ਗੁਰੇਜ਼ ਕਰਦਾ ਹੈ ਕਿਉਕਿ ਉਸ ਨੂੰ ਡਰ ਲੱਗਦਾ ਹੈ ਕਿ ਜਦੋਂ ਉਹ ਸੁੱਤਾ ਤਾਂ ਉਸ ਨੂੰ ਕੋਈ ਨਾ ਕੋਈ ਬਲਾ ਘੇਰ ਲਵੇਗੀ। ਉਹ ਆਪਣੀ ਨੀਂਦ ਆਪੇ ਘਟਾ ਲੈਂਦਾ ਹੈ ਰਾਤ ਨੂੰ ਬੈਠਾ ਇੱਧਰ ਉੱਧਰ ਦੇ ਕੰਮ ਕਰੀ ਜਾਂਦਾ ਹੈ ਉਦੋਂ ਤੱਕ ਨਹੀਂ ਸੌਂਦਾ ਜਦੋਂ ਤੱਕ ਨੀਂਦ ਉਸ ਨੂੰ ਬਿਲਕੁਲ ਸੁੱਟ ਨਾ ਲਵੇ, ਇਹ ਵੀ ਅੱਗੇ ਮਾਨਸਿਕ ਰੋਗਾਂ ਦਾ ਕਾਰਨ ਬਣਦਾ ਹੈ।
(ਸਮਾਪਤ)

-246, ਅਰਬਨ ਸਟੇਟ ਫਗਵਾੜਾ।
ਫੋਨ-98726-73703

Ad Position 22
No active advertisement
ਪਿਛਲੀ ਖ਼ਬਰ Var ਅਗਲੀ ਖ਼ਬਰ ਜੰਗਲ ਤੋਂ ਪਾਰ ਦੀ ਦਾਸਤਾਨ...
Ad Position 24
No active advertisement