ਕੁਝ ਕਿਤਾਬਾਂ ਅਜਿਹੀਆਂ ਹੁੰਦੀਆਂ ਹਨ, ਜੋ ਪੁਸਤਕ ਮੇਲਿਆਂ 'ਚੋਂ ਰੀਝ ਨਾਲ ਖ਼ਰੀਦਣ ਬਾਅਦ ਸਾਲਾਂ ਤੱਕ ਬਿਨਾਂ ਪੜ੍ਹਿਆਂ ਕਿਤਾਬਾਂ ਦੀ ਸ਼ੈਲਫ 'ਤੇ ਪਈਆਂ ਰਹਿੰਦੀਆਂ ਹਨ। ਪਰ ਕੁਝ ਕਿਤਾਬਾਂ ਨੂੰ ਇਕ ਵਾਰ ਪੜ੍ਹਨਾ ਸ਼ੁਰੂ ਕਰ ਲਈਏ ਤਾਂ ਉਹ ਸਾਡੀ ਸੁਰਤੀ ਨੂੰ ਇਸ ਤਰ੍ਹਾਂ ਆਪਣੇ ਨਾਲ ਲੈ ਤੁਰਦੀਆਂ ਹਨ ਕਿ ਫਿਰ ਸਮਾਂ ਤੇ ਘੜੀ ਦੀਆਂ ਸੂਈਆਂ ਦੀ ਟਿਕ-ਟਿਕ ਬੇਮਾਇਨੇ ਹੋ ਜਾਂਦੀ ਹੈ ਤੇ ਸਾਡਾ ਮਨ ਅੱਖਰਾਂ ਦੇ ਘੋੜੇ 'ਤੇ ਸਵਾਰ ਹੋ ਕੇ ਉਸ ਕਿਤਾਬ ਵਿਚਲੇ ਸੰਸਾਰ ਦੀ ਪਰਕਰਮਾ ਕਰਕੇ ਹੀ ਮੁੜਦਾ ਹੈ। ਅਜਿਹੀ ਹੀ ਇਕ ਕਿਤਾਬ 'ਸਿੰਘ ਬ੍ਰਦਰਜ਼' ਵਲੋਂ ਪ੍ਰਕਾਸ਼ਿਤ 'ਜੰਗਲ ਤੋਂ ਪਾਰ' ਹੈ। ਇਹ ਪੁਸਤਕ ਇਕ ਆਦਿਵਾਸੀ ਲੇਖਿਕਾ ਸੀਤਾ ਰਤਨਾਮਲ ਦੁਆਰਾ ਅੰਗਰੇਜ਼ੀ ਵਿਚ ਲਿਖੀ ਗਈ ਸਵੈ-ਜੀਵਨੀ (2e਼ond the *un{&e) ਦਾ ਪੰਜਾਬੀ ਅਨੁਵਾਦ ਹੈ। ਜਿਸ ਨੂੰ ਜੰਗ ਬਹਾਦੁਰ ਗੋਇਲ ਨੇ ਆਪਣੀ ਅਨੁਵਾਦ ਵਿਧਾ ਨਾਲ ਮੂਲ ਰਚਨਾ ਤੋਂ ਵੀ ਵਧੇਰੇ ਦਿਲਚਸਪ ਬਣਾ ਦਿੱਤਾ ਹੈ। ਗੋਇਲ ਸਾਹਿਬ ਅਨੁਸਾਰ ਵਿਲੀਅਮ ਬਲੈਕਵੁੱਡ ਐਂਡ ਸੰਨਜ਼ ਲੰਡਨ ਵਲੋਂ 1968 'ਚ ਪ੍ਰਕਾਸ਼ਿਤ ਇਸ ਪੁਸਤਕ ਦੀ ਗਿਣਤੀ ਦੁਰਲੱਭ ਪੁਸਤਕਾਂ ਵਿਚ ਹੋਣ ਲੱਗ ਪਈ ਸੀ, ਕਿਉਂਕਿ ਇਸ ਦੀ ਸਿਰਫ਼ ਇਕ ਹੀ ਕਾਪੀ ਰਾਜਾ ਰਾਮ ਮੋਹਨ ਰਾਏ ਨੈਸ਼ਨਲ ਲਾਇਬ੍ਰੇਰੀ ਕੋਲਕਾਤਾ ਵਿਖੇ ਉਪਲਬਧ ਸੀ। ਇਸ ਦਾ ਮੁੜ ਪ੍ਰਕਾਸ਼ਨ 2022 ਵਿਚ 'ਪਿਆਰਾ ਕਾਰਕੈਟਾ ਫਾਊਂਡੇਸ਼ਨ, ਰਾਂਚੀ' ਦੇ ਯਤਨਾਂ ਸਦਕਾ ਹੋਇਆ ਹੈ।
ਹੈਰਾਨੀਜਨਕ ਹੈ ਕਿ 20ਵੀਂ ਸਦੀ ਦੇ ਚੌਥੇ-ਪੰਜਵੇਂ ਦਹਾਕੇ 'ਚ ਪੈਦਾ ਹੋਈ ਸੀਤਾ ਰਤਨਾਮਲ ਗੁੰਮਨਾਮੀ ਦੇ ਪਰਦੇ ਹੇਠ ਕਿਵੇਂ ਛੁਪੀ ਰਹਿ ਗਈ! ਆਦਿਵਾਸੀ ਸਾਹਿਤ ਪਹਿਲੀ ਆਤਮਕਥਾ ਹੋਣ ਦੇ ਬਾਵਜੂਦ ਇਸ ਦੀ ਲੇਖਿਕਾ ਦੀ ਜ਼ਿੰਦਗੀ ਬਾਰੇ ਕੋਈ ਵੀ ਵੇਰਵਾ ਕਿਸੇ ਵੀ ਹੋਰ ਸਰੋਤ ਤੋਂ ਨਹੀਂ ਲੱਭਦਾ। ਲੇਖਿਕਾ ਬੜੀ ਖੂਬਸੂਰਤੀ ਨਾਲ ਆਪਣੀ ਲਿਖਤ ਦੀ ਸ਼ੁਰੂਆਤ ਨੀਲਗਿਰੀ ਪਰਬਤ ਦੇ ਵਰਣਨ ਤੋਂ ਕਰਦੀ ਹੈ, ਜੋ ਸਦੀਆਂ ਤੋਂ ਭਾਰਤ ਦੇ ਬਾਕੀ ਭੂਖੰਡ ਤੋਂ ਬਿਲਕੁਲ ਵੱਖਰਾ ਰਿਹਾ ਹੈ, ਜਿੱਥੇ ਪਰਬਤ ਮਾਲਾ ਹਰੇ ਭਰੇ ਘਾਹ ਨਾਲ ਢਕੀ ਰਹਿੰਦੀ ਹੈ ਤੇ ਨਦੀ ਦੇ ਵਹਿੰਦੇ ਪਾਣੀ ਦੀ ਸੰਗੀਤਮਈ ਆਵਾਜ਼ ਨਿਰੰਤਰ ਸੁਣਾਈ ਦਿੰਦੀ ਹੈ। ਉਸ ਦਾ ਜਨਮ ਮੌਨਸੂਨ ਦੀ ਰੁੱਤੇ ਨੀਲਗਿਰੀ ਪਰਬਤ 'ਤੇ ਵਸਦੇੇ ਆਦਿਵਾਸੀ ਕਬੀਲੇ 'ਇਰੂਲਾ' ਵਿਚ ਹੋਇਆ। ਇਸ ਕਬੀਲੇ ਦੇ ਲੋਕਾਂ ਦੀ ਮਾਨਤਾ ਹੈ ਕਿ ਉਨ੍ਹਾਂ ਦਾ ਦੇਵਤਾ 'ਰੰਗਾ' ਸਭ ਤੋਂ ਉੱਚੀ ਪਹਾੜੀ ਟੀਸੀ 'ਤੇ ਨਿਵਾਸ ਕਰਦਾ ਹੈ, ਜਿਸ ਨੂੰ ਉਹ 'ਰੰਗਾਸਵਾਮੀ ਦੀ ਟੀਸੀ' ਆਖਦੇ ਹਨ। ਇਸ ਕਿਤਾਬ ਵਿਚ ਮੇਰੀ ਦਿਲਚਸਪੀ ਦੀ ਵੱਡੀ ਵਜ੍ਹਾ ਮੇਰੀ ਨਿੱਜੀ ਜ਼ਿੰਦਗੀ ਦਾ ਸੰਘਰਸ਼ ਸੀਤਾ ਰਤਨਾਮਲ ਦੀ ਜ਼ਿੰਦਗੀ ਨਾਲ ਮੇਲ ਖਾਣ ਕਰਕੇ ਹੈ। ਆਦਿਵਾਸੀ ਕਬੀਲੇ ਦਾ ਜਨ-ਜੀਵਨ ਜੰਗਲੀ ਜੀਵਾਂ ਤੇ ਬਨਸਪਤੀ ਨਾਲ ਨੇੜਲੇ ਸੰਬੰਧਾਂ ਕਾਰਨ ਮੈਦਾਨੀ ਖੇਤਰ 'ਚ ਰਹਿਣ ਵਾਲਿਆਂ ਤੋਂ ਵੱਖਰਾ ਹੁੰਦਾ ਹੈ। ਸ਼ਾਇਦ ਇਸੇ ਲਈ ਸੋਨੇ ਦੀ ਖਾਣ ਦੇ ਨੇੜੇ ਪਹੁੰਚ ਕੇ ਸ਼ੇਰਨੀ ਨੂੰ ਆਪਣੇ ਨਵ-ਜਨਮੇ ਬੱਚਿਆਂ ਨੂੰ ਲਾਡ ਲਡਾਉਂਦੇ ਵੇਖਣਾ ਬਾਲੜੀ ਸੀਤਾ ਲਈ ਇਕ ਸਹਿਜ ਵਰਤਾਰਾ ਹੈ।
ਉਹ ਬਚਪਨ ਵਿਚ ਹੀ ਆਪਣੀ ਮਾਂ ਨੂੰ ਗੁਆਉਣ ਬਾਅਦ ਆਪਣੇ 'ਅੱਪਾ' ਦੀ ਉਂਗਲੀ ਫੜ ਕੇ ਜੰਗਲ ਦੇ ਰਸਤਿਆਂ ਤੋਂ ਜਾਣੂੰ ਹੁੰਦੀ ਹੈ। ਇਨ੍ਹਾਂ ਟੇਢੇ-ਮੇਢੇ ਰਸਤਿਆਂ ਨੂੰ ਜਾਨਣ ਦੀ ਜਗਿਆਸਾ 10 ਕੁ ਸਾਲ ਦੀ ਸੀਤਾ ਨੂੰ ਜੰਗਲ ਦੇ ਅਨਜਾਣੇ ਕੋਨੇ ਵਿਚ ਲੈ ਜਾਂਦੀ ਹੈ, ਜਿੱਥੋਂ ਵਾਪਸੀ ਦਾ ਰਾਹ ਭੁੱਲਣ ਦੀ ਘਬਰਾਹਟ ਵਿਚ ਪੈਰ ਤਿਲਕਣ ਨਾਲ ਉੁਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਇਹੀ ਹਾਦਸਾ ਉਸ ਦੀ ਜ਼ਿੰਦਗੀ ਦੇ ਨਵੇਂ ਰਾਹ ਤਲਾਸ਼ਦਾ ਹੈ, 184 ਪੰਨਿਆਂ ਦੀ ਇਹ ਦਾਸਤਾਨ ਉਸ ਬਹਾਦਰ ਆਦਿਵਾਸੀ ਲੜਕੀ ਦੇ ਸੰਘਰਸ਼ ਦੀ ਗਾਥਾ ਹੈ। ਇਕ ਜੰਗਲ ਵਾਸੀ ਲੜਕੀ ਦਾ ਦੂਰ-ਦੁਰਾਡੇ ਕਿਸੇ ਬੋਰਡਿੰਗ ਸਕੂਲ ਵਿਚ ਦਾਖ਼ਲ ਹੋਣ ਦਾ ਸਬਬ ਕਿਵੇਂ ਬਣਦਾ ਹੈ, ਜਿਸ ਦੀ ਚਾਰਦੀਵਾਰੀ ਅੰਦਰ ਰਹਿੰਦਿਆਂ ਉਹ ਆਪਣੇ ਅੰਦਰਲੇ ਦਵੰਧ ਨਾਲ ਦੋ ਚਾਰ ਹੋ ਕੇ ਆਪਣੀ ਜ਼ਿੰਦਗੀ ਦੇ ਰਾਹ ਤਲਾਸ਼ਦੀ ਤੇ ਤਰਾਸ਼ਦੀ ਹੈ। ਉਸ ਦਾ ਬਾਲ ਮਨ ਜੰਗਲੀ ਜੀਵਾਂ ਵਾਂਗ ਆਜ਼ਾਦ ਹੋ ਕੇ ਵਿਚਰਨਾ ਲੋਚਦਾ ਹੈ ਪਰ ਸਕੂਲ ਦਾ ਅਨੁਸ਼ਾਸਨ ਉਸ ਨੂੰ ਸੱਭਿਅਤਾ ਦਾ ਪਾਠ ਪੜ੍ਹਾਉਂਦਾ ਹੈ। ਇਸ 12 ਸਾਲਾ ਬੱਚੀ ਨੂੰ ਹੋਸਟਲ ਵਿਚ ਪਹਿਲੀ ਰਾਤ ਨੀਂਦ ਨਹੀਂ ਆਉਂਦੀ, ਕਿਉਂਕਿ ਉਹ ਜ਼ਮੀਨ ਤੋਂ ਉੱੱਪਰ ਬੈੱਡ 'ਤੇ ਪੈਣ ਦੀ ਆਦੀ ਨਹੀਂ ਸੀ। ਉਸ ਨੂੰ ਅਜਨਬੀ ਜਗ੍ਹਾ 'ਤੇ ਹਰ ਚੀਜ਼ ਤੇ ਵਰਤਾਰਾ ਓਪਰਾ ਲਗਦਾ ਹੈ, ਜਦਕਿ ਜੰਗਲ 'ਚ ਗਿੱਦੜ ਦੇ ਹਾਂਕਣ ਦੀ ਆਵਾਜ਼ ਉਸ ਨੂੰ ਲੋਰੀ ਵਾਂਗ ਲਗਦੀ ਤੇ ਉਸ ਦੀ ਅੱਖ ਲੱਗ ਜਾਂਦੀ ਸੀ। ਉਸ ਦੇ ਜੰਗਲੀ ਜੀਵਾਂ ਵਾਂਗ ਆਜ਼ਾਦ ਰਹਿਣ ਗਿੱਝੇ ਪੈਰ ਸਕੂਲ ਯੂਨੀਫਾਰਮ ਦੇ ਤੰਗ ਬੂਟਾਂ ਦਾ ਬੋਝ ਨਹੀਂ ਸਹਾਰਦੇ। ਪਰ ਉਸ ਦੀ ਸਰੀਰਕ ਸਿੱਖਿਆ ਦੀ ਅਧਿਆਪਕਾ ਉਸ ਦੇ ਪੈਰਾਂ ਦੀ ਪਹਾੜੀ ਰਸਤਿਆਂ 'ਤੇ ਸਰਪਟ ਦੌੜਨ ਦੀ ਪ੍ਰਤਿਭਾ ਨੂੰ ਪਛਾਣਦਿਆਂ, ਉਸ ਨੂੰ ਮੈਰਾਥਨ ਦੌੜ ਦੀ ਸਫ਼ਲ ਅਥਲੀਟ ਬਣਾ ਦਿੰਦੀ। ਉਸ ਦੇ ਜੰਗਲੀ ਜੀਵਨ ਤੇ ਸੱਭਿਅਕ ਸੰਸਾਰ ਦੇ ਵਿਚਕਾਰ ਡਾਕਟਰ ਰਾਜਨ ਇਕ ਅਹਿਮ ਕੜੀ ਬਣ ਕੇ ਦਾਖ਼ਲ ਹੁੰਦਾ ਹੈ। ਉਹ ਜੰਗਲ ਤੋਂ ਬਾਹਰਲੀ ਦੁਨੀਆ ਨੂੰ ਡਾਕਟਰ ਰਾਜਨ ਦੀਆਂ ਨਜ਼ਰਾਂ ਨਾਲ ਹੀ ਦੇਖ ਪਾਉਂਦੀ ਹੈ। ਇਸ ਕਿਤਾਬ ਵਿਚ ਸੀਤਾ ਰਤਨਾਮਲ ਜਿਸ ਸੂਖਮਤਾ ਨਾਲ ਡਾ. ਕ੍ਰਿਸ਼ਨ ਰਾਜਨ ਨਾਲ ਆਪਣੇ ਸਨੇਹ ਭਰੇ ਰਿਸ਼ਤੇ ਨੂੰ ਬਿਆਨ ਕਰਦੀ ਹੈ ਉਹ ਔਰਤ ਤੇ ਮਰਦ ਦੇ ਪਵਿੱਤਰ ਦੋਸਤਾਨਾ ਸੰਬੰਧਾਂ ਦੀ ਅਨੂਠੀ ਮਿਸਾਲ ਹੈ। ਭਾਰਤੀ ਪਰੰਪਰਾ ਦੇ ਜਾਤ-ਪਾਤ ਦੇ ਬੰਧਨਾਂ ਕਾਰਨ ਉਨ੍ਹਾਂ ਦੀ ਪਿਆਰ ਕਹਾਣੀ ਭਾਵੇਂ ਅਧੂਰੀ ਰਹਿ ਗਈ, ਪਰ ਦੋਸਤੀ ਸਿਖ਼ਰ ਨੂੰ ਛੋਹ ਲੈਂਦੀ ਹੈ। ਇਹ ਕਿਤਾਬ ਸੀਤਾ ਰਤਨਾਮਲ ਦੀ ਸਵੈ-ਜੀਵਨੀ ਹੋਣ ਦੇ ਬਾਵਜੂਦ ਨਾਵਲ ਵਰਗੀ ਹੈ। ਜੋ ਪੰਜਾਬੀ ਸਾਹਿਤ ਵਿਚ ਬਚਿੰਤ ਕੌਰ ਦੀ ਸਵੈ-ਜੀਵਨੀ 'ਪਗਡੰਡੀਆਂ' ਵਾਂਗ ਪੰਜਾਬੀ ਪਾਠਕਾਂ ਲਈ ਹਰਮਨ ਪਿਆਰੀ ਕਿਤਾਬ ਬਣਨ ਦੀ ਸਮਰੱਥਾ ਰੱਖਦੀ ਹੈ।
ਮੋਬਾਈਲ : 70878-61470