ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਡਿਜੀਟਲ ਟੂਲਾਂ ਦੀ ਜ਼ਿਆਦਾ ਵਰਤੋਂ ਬੱਚਿਆਂ 'ਚ ਘਟਾ ਰਹੀ ਹੈ ਰਚਨਾਤਮਿਕਤਾ

Ad Position 21
No active advertisement
ਅਜੀਤ ਡੈਸਕ 24-05-2026

 ਡਿਜੀਟਲ ਟੂਲ ਤੇ ਏ.ਆਈ. (ਮਨਸੂਈ ਬੁੱਧੀ) ਦੀ ਦਿਨੋ-ਦਿਨ ਵਧਦੀ ਵਰਤੋਂ ਨਾਲ ਜਿੱਥੇ ਹਰ ਤਰ੍ਹਾਂ ਦੇ ਕੰਮ 'ਚ ਤੇਜ਼ੀ ਆ ਰਹੀ ਹੈ ਉੱਥੇ ਹੀ ਇਸ ਨਾਲ ਦਿਨੋ-ਦਿਨ ਬੱਚਿਆਂ ਦੀ ਸ਼ਬਦਾਵਲੀ, ਸੋਚਣ ਦੀ ਸ਼ਕਤੀ, ਭਾਸ਼ਾ 'ਤੇ ਪਕੜ ਅਤੇ ਪੜ੍ਹਨ ਦੀ ਸਮਰੱਥਾ ਸਮੇਤ ਸਿੱਖਣ 'ਤੇ ਵੀ ਅਸਰ ਪੈ ਰਿਹਾ ਹੈ। ਪਹਿਲਾਂ ਜਿਹੜਾ ਸਮਾਂ ਬੱਚੇ ਪੜ੍ਹਾਈ ਅਤੇ ਖੇਡਾਂ ਨੂੰ ਦੇ ਕੇ ਆਪਣੇ ਮਾਨਸਿਕ ਅਤੇ ਸਰੀਰ ਨੂੰ ਵਿਕਾਸ ਪੱਖੋਂ ਮਜ਼ਬੂਤ ਹੁੰਦੇ ਸਨ, ਹੁਣ ਉਹ ਸਮਾਂ ਬੱਚਿਆਂ 'ਚ ਮੋਬਾਈਲਾਂ ਦੀਆਂ ਸਕਰੀਨਾਂ ਨੇ ਖੋਹ ਕੇ ਉਨ੍ਹਾਂ ਦੀ ਸੋਚਣ, ਬੋਲਣ ਤੇ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਘਟਾਉਂਦਿਆਂ ਡਿਜੀਟਲ ਟੂਲਾਂ ਨੇ ਲੈ ਲਿਆ ਹੈ।

ਜ਼ਿੰਦਗੀ ਵਿਚ ਵਧਦੀ ਇਹ ਡਿਜੀਟਲ ਟੂਲਾਂ ਦੀ ਭੂਮਿਕਾ ਕਿਤਾਬਾਂ ਅਤੇ ਸ਼ਬਦਾਂ ਦੇ ਲਗਾਅ ਤੋਂ ਵਿਦਿਆਰਥੀਆਂ ਨੂੰ ਲਗਾਤਾਰ ਤੋੜਦੀ ਜਾ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਜਿੱਥੇ ਡਿਜੀਟਲ ਪਲੇਟਫ਼ਾਰਮ ਨੂੰ ਮੰਨਿਆ ਜਾ ਰਿਹਾ ਹੈ, ਉੱਥੇ ਹੀ ਬੱਚਿਆਂ 'ਚ ਲਿਖਣ ਦੀ ਰੁਚੀ ਘਟਣਾ ਅੱਜਕੱਲ੍ਹ ਇਕ ਵੱਡੀ ਚਿੰਤਾ ਬਣ ਰਹੀ ਹੈ। ਡਿਜੀਟਲ ਪਲੇਟਫ਼ਾਰਮ ਜਿਵੇਂ ਕਿ ਇੰਟਰਨੈੱਟ, ਯੂ ਟਿਊਬ, ਇੰਸਟਗ੍ਰਾਮ, ਫੇਸਬੁਕ 'ਤੇ ਛੋਟੀਆਂ-ਛੋਟੀਆਂ ਵੀਡੀਉਜ਼ ਜਾਂ ਰੀਲਾਂ ਉਨ੍ਹਾਂ ਨੂੰ ਸਕਰੀਨ ਅੱਗੇ ਬੈਠਣ ਦੇ ਆਦੀ ਬਣਾਉਣ, ਅਗਲੀ ਵੀਡੀਓ ਦੇਖਣ ਦੀ ਤਲਬ ਪੈਦਾ ਕਰਨ ਦਾ ਕਾਰਨ ਬਣ ਰਿਹਾ ਹੈ, ਜਿਸ ਨਾਲ ਉਹ ਆਪਣੇ ਵਿਚਾਰ ਪ੍ਰਗਟ ਕਰਨ, ਲਿਖਣ ਅਤੇ ਲੰਬੇ ਸਮੇਂ ਤੱਕ ਕਿਤਾਬਾਂ ਨਾਲ ਜੁੜਨ ਦੀ ਇਕਾਗਰਤਾ ਪੈਦਾ ਕਰਨ 'ਚ ਹੀਣੇ ਹੁੰਦੇ ਜਾ ਰਹੇ ਹਨ। ਡਿਜੀਟਲੀ ਦੁਨੀਆ 'ਚ ਵਾਰ-ਵਾਰ ਸੋਸ਼ਲ ਮੀਡੀਆ ਨੂੰ ਖੋਲ੍ਹਣ ਅਤੇ ਲੋਕਾਂ ਦੀ ਪ੍ਰਤੀਕ੍ਰਿਆ ਦੇਖਣ ਦੀ ਹੋੜ ਕਾਰਨ ਉਨ੍ਹਾਂ ਦਾ ਬਹੁਤਾ ਸਮਾਂ ਮੋਬਾਈਲ ਨੂੰ ਦੇਖਣ 'ਚ ਹੀ ਬਤੀਤ ਹੋਣ ਲੱਗ ਪਿਆ ਹੈ ਅਤੇ ਆਪਣੇ ਕੰਮ ਨੂੰ ਤੇਜ਼ੀ ਨਾਲ ਏ.ਆਈ. ਸਹਾਰੇ ਨਿਬੇੜ ਕੇ ਉਹ ਆਪਣੀ ਰਚਨਾਤਮਿਕ ਕਲਾ ਨੂੰ ਅੰਦਰੋ-ਅੰਦਰੀ ਘਟਾ ਰਹੇ ਹਨ। ਇਹੋ ਕਾਰਨ ਹੈ ਕਿ ਮੋਬਾਈਲ ਫ਼ੋਨ ਦੀ ਸਕਰੀਨ ਨੇ ਆਪਣੇ ਨਾਕਾਰਾਤਮਿਕ ਪ੍ਰਭਾਵ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਛੋਟੇ ਬੱਚਿਆਂ 'ਚ ਵੀਡੀਓ ਗੇਮ ਤੇ ਰੀਲਾਂ ਦੇਖਣ ਦੀ ਵਧਦੀ ਰੁਚੀ ਬੱਚੇ ਦਾ ਬੌਧਿਕ ਅਤੇ ਸਰੀਰਕ ਵਿਕਾਸ ਰੋਕ ਰਹੀ ਹੈ ਅਤੇ ਬੱਚਿਆਂ ਨੂੰ ਇਸ ਕਾਰਨ ਕਮਜ਼ੋਰ ਸ਼ਬਦ ਭੰਡਾਰ ਅਤੇ ਲਿਖਣ ਵਿਚ ਘੱਟ ਦਿਲਚਸਪੀ ਨਾਲ ਆਉਂਦੇ ਸਮੇਂ 'ਚ ਕੰਮ ਚਲਾਉਣਾ ਪਿਆ ਕਰੇਗਾ।
ਅਜੋਕੇ ਸਮੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਬੇਸ਼ੱਕ ਹਰ ਵਰਗ ਦੇ ਲੋਕਾਂ ਵਲੋਂ ਵਰਤਿਆ ਜਾ ਰਿਹਾ ਹੈ ਪਰ ਇਸ ਦਾ ਵੱਡਾ ਨਾਂਹਪੱਖੀ ਪ੍ਰਭਾਵ ਬੱਚਿਆਂ 'ਤੇ ਪੈਣ ਦਾ ਮੁੱਖ ਕਾਰਨ ਬੱਚਿਆਂ ਦੀ ਇਸ ਟੂਲ 'ਤੇ ਨਿਰਭਰਤਾ ਹੋਣਾ ਹੈ ਕਿਉਂਕਿ ਹੁਣ ਬੱਚੇ ਆਪਣੇ ਕਿਸੇ ਵੀ ਕੰਮ ਨੂੰ ਦੇਖਣ ਅਤੇ ਸਹੀ ਕਰਨ ਲਈ ਖ਼ੁਦ ਸੋਚਣ ਦੀ ਬਜਾਏ ਏ.ਆਈ. ਦੀ ਮਦਦ ਲੈਂਦੇ ਹਨ ਜਿਸ ਨਾਲ ਉਨ੍ਹਾਂ 'ਚ ਸਮੱਸਿਆ ਹੱਲ ਕਰਨ ਦੀ ਸਮਰੱਥਾ ਘਟਣ ਦੀ ਹੈ, ਉਨ੍ਹਾਂ 'ਚ ਘੁੱਟ ਕੇ ਰਹਿਣਾ, ਲੋਕਾਂ 'ਚ ਘੱਟ ਵਿਚਰਨ ਅਤੇ ਵੱਖ-ਵੱਖ ਦਿਮਾਗ਼ੀ, ਅੱਖਾਂ, ਹੱਥਾਂ ਤੇ ਸਰੀਰਕ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ। ਇਹੋ ਕਾਰਨ ਹੈ ਕਿ ਹੁਣ ਬੱਚਿਆਂ, ਜ਼ੈਨ-ਜੀ ਵਰਗ ਵਲੋਂ ਸ਼ਬਦਾਂ ਨੂੰ ਪੂਰਾ ਲਿਖਣ ਦੀ ਬਜਾਏ ਸੰਖੇਪ ਕਰ ਲਿਆ ਜਾਂਦਾ ਹੈ ਜਿਸ ਦੇ ਅਰਥ ਵੱਡੀ ਉਮਰ ਦੇ ਲੋਕਾਂ ਨੂੰ ਸਮਝਣੇ ਮੁਸ਼ਕਿਲ ਹੀ ਨਹੀਂ ਨਾਮੁਮਕਨ ਹੁੰਦੇ ਜਾ ਰਹੇ ਹਨ।
ਹੁਣ ਬੱਚਿਆਂ ਵਲੋਂ ਕਾਪੀਆਂ 'ਤੇ ਲਿਖਣ ਤੇ ਕੰਪਿਊਟਰ 'ਤੇ ਟਾਈਪਿੰਗ ਕਰਨ ਦੀ ਜਗ੍ਹਾ ਬੋਲ ਕੇ ਹੀ ਕੰਮ ਸਾਰ ਲਿਆ ਜਾਣ ਲੱਗ ਪਿਆ ਹੈ, ਜਿਸ ਨਾਲ ਉਨ੍ਹਾਂ ਦੀ ਯਾਦ-ਸ਼ਕਤੀ, ਦਿਮਾਗ਼ੀ ਵਿਕਾਸ ਅਤੇ ਭਾਸ਼ਾਈ ਗਿਆਨ 'ਚ ਵਾਧਾ ਹੋਣੋਂ ਲਗਭਗ ਖ਼ਤਮ ਹੁੰਦਾ ਜਾ ਰਿਹਾ ਹੈ। ਇੰਟਰਨੈੱਟ ਦੀ ਦੁਨੀਆ ਬੇਸ਼ੱਕ ਗਿਆਨ 'ਚ ਵਾਧਾ ਕਰਦੀ ਹੋਵੇ ਅਤੇ ਡਿਜੀਟਲ ਟੂਲ ਇਸ ਨੂੰ ਹੋਰ ਸੌਖਾ ਕਰਦੇ ਹੋਣ ਪਰ ਇਸ ਨਾਲ ਬੱਚਿਆਂ 'ਚ ਆਪ ਸੋਚਣ, ਲਿਖਣ ਤੇ ਬੋਲਣ ਦੀ ਸਮਰੱਥਾ ਨੂੰ ਵਧਦਾ ਨਹੀਂ ਦੇਖਿਆ ਜਾ ਰਿਹਾ। ਇਸ ਸੰਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਏ.ਆਈ. ਦਾ ਯੁੱਗ ਤਕਨੀਕੀ ਤੌਰ 'ਤੇ ਸਾਨੂੰ ਮਜ਼ਬੂਤ ਕਰ ਰਿਹਾ ਹੈ ਪਰੰਤੂ ਸਾਨੂੰ ਆਪਣੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੀਆਂ ਸਰੀਰਕ, ਮਾਨਸਿਕ, ਸਮਾਜਿਕ ਅਤੇ ਬੌਧਿਕ ਪ੍ਰੀਕ੍ਰਿਆਵਾਂ ਨੂੰ ਉਸੇ ਪੱਧਰ 'ਤੇ ਬਿਨਾਂ ਕਿਸੇ ਡਿਜੀਟਲ ਟੂਲ ਦੀ ਮਦਦ ਤੋਂ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਵੱਡੇ ਹੋਣ 'ਤੇ ਉਨ੍ਹਾਂ ਦਾ ਸੰਪੂਰਨ ਵਿਕਾਸ ਹੋ ਸਕੇ। ਜੇਕਰ ਸਾਨੂੰ ਏ.ਆਈ. ਵਰਗੀ ਸਹੂਲਤ ਦੀ ਵਰਤੋਂ ਕਰਨੀ ਪਵੇ ਤਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਰੋਜ਼ਾਨਾ ਬੱਚਿਆਂ ਨੂੰ ਡਾਇਰੀ ਲਿਖਣ ਜਿਹੀ ਆਦਤ ਪਾਉਣ ਦੇ ਨਾਲ-ਨਾਲ ਉਨ੍ਹਾਂ ਤੋਂ ਖੇਡਾਂ 'ਚ ਬਰਾਬਰ ਯੋਗਦਾਨ ਪਵਾਇਆ ਜਾਵੇ, ਉਨ੍ਹਾਂ ਦਾ ਸਕਰੀਨ ਸਮਾਂ ਨਿਰਧਾਰਿਤ ਕਰਨ ਦੇ ਨਾਲ-ਨਾਲ ਏ.ਆਈ. ਵਰਗੀ ਸਹੂਲਤ ਨੂੰ ਸਹਾਇਕ ਦੇ ਤੌਰ 'ਤੇ ਵਰਤਣ ਲਈ ਕਿਹਾ ਜਾਵੇ। ਸਕੂਲਾਂ 'ਚ ਵੀ ਏ.ਆਈ. ਦੀ ਸਹੂਲਤ ਵਰਤਣ ਲਈ ਮਾਪਦੰਡ ਤੈਅ ਹੋਣੇ ਚਾਹੀਦੇ ਹਨ ਤਾਂ ਜੋ ਬੱਚਿਆਂ 'ਚ ਰਚਨਾਤਮਿਕਤਾ ਦਾ ਸੰਤੁਲਨ ਬਣਿਆ ਰਹੇ।

-ਜ਼ਿਲ੍ਹਾ ਇੰਚਾਰਜ, ਉਪ ਦਫ਼ਤਰ, ਪਟਿਆਲਾ
ਮੋਬਾਈਲ : 9876006700

Ad Position 22
No active advertisement
ਪਿਛਲੀ ਖ਼ਬਰ ਜੰਗਲ ਤੋਂ ਪਾਰ ਦੀ ਦਾਸਤਾਨ... ਅਗਲੀ ਖ਼ਬਰ ਪ੍ਰੀ-ਵੈਡਿੰਗ ਫੋਟੋਗ੍ਰਾਫੀ ਵਿਚ ਸੰਜਮ ਦੀ ਲੋੜ ਹੈ
Ad Position 24
No active advertisement