ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪ੍ਰੀ-ਵੈਡਿੰਗ ਫੋਟੋਗ੍ਰਾਫੀ ਵਿਚ ਸੰਜਮ ਦੀ ਲੋੜ ਹੈ

Ad Position 21
No active advertisement
ਅਜੀਤ ਡੈਸਕ 24-05-2026

ਕੁਰੀਤੀ ਨੂੰ ਜੇਕਰ ਉਠਦੇ ਸਾਰ ਹੀ ਦੱਬ ਨਾ ਲਿਆ ਜਾਵੇ ਤਾਂ ਉਹ ਨਾਸੂਰ ਬਣ ਜਾਂਦੀ ਹੈ ਤੇ ਜਿੰਨੀ ਲੰਬੀ ਚੱਲਦੀ ਜਾਵੇ, ਖੂਹ ਦੇ ਘਰੇੜੇ ਵਾਂਗ ਉਸ ਦੀ ਝਰੀ ਡੁੰਘੀ ਹੁੰਦੀ ਜਾਂਦੀ ਹੈ। ਔਰਤ ਸਾਡੇ ਸਮਾਜ ਦਾ ਉਹ ਅੰਗ ਹੈ ਜਿਸ ਨੇ ਆਪਣੀ ਜ਼ਿੰਦਗੀ ਵਿਚ ਬੜੀ ਅਹਿਮ ਭੂਮਿਕਾ ਨਿਭਾਉਣੀ ਹੁੰਦੀ ਹੈ ਜਿਸ ਕਰਕੇ ਉਸ ਦੀ ਇੱਜ਼ਤ ਅਤੇ ਉਸ ਦੇ ਸਵੈਮਾਣ ਨੂੰ ਕਾਇਮ ਤੇ ਮਜ਼ਬੂਤ ਬਣਾ ਕੇ ਰੱਖਣਾ ਹਰ ਮਰਦ ਦਾ ਫਰਜ਼ ਹੈ। ਨਵੀਂ ਸੋਚਣੀ ਵਾਲਿਆਂ ਦੀ ਗੱਲ ਛੱਡੋ, ਸਾਡੇ ਲਈ ਵਿਆਹ ਦੋ ਰੂਹਾਂ ਦਾ ਮੇਲ ਹੈ ਇਕੱਲੇ ਦੋ ਸਰੀਰਾਂ ਦਾ ਨਹੀਂ। ਪ੍ਰੀਵੈੱਡ ਫੋਟੋਗ੍ਰਾਫੀ ਦਾ ਸ਼ੁਰੂ ਮਕਸਦ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਦੀ ਪਹਿਚਾਣ ਵਿਆਹ ਦੇ ਪੰਡਾਲ ਵਿਚ ਇਕੱਤਰ ਹੋਏ ਸਾਰੇ ਮਹਿਮਾਨਾਂ ਰਿਸ਼ਤੇਦਾਰਾਂ ਯਾਰਾਂ-ਦੋਸਤਾਂ ਤੱਕ ਪਹੁੰਚਾਉਣਾ ਹੁੰਦਾ ਹੈ। ਉਨ੍ਹਾਂ ਦੀਆਂ ਤਸਵੀਰਾਂ ਪੰਡਾਲ ਵਿਚ ਇਕ ਵੱਡਾ ਪਰਦਾ ਲਗਾ ਕੇ ਵਾਰ-ਵਾਰ ਦਿਖਾਈਆਂ ਜਾਂਦੀਆਂ ਹਨ ਤਾਂ ਕਿ ਪਹਿਚਾਣ ਬਣ ਸਕੇ। ਹੌਲੀ-ਹੌਲੀ ਇਸ ਵਿਚ ਵਿਆਹ ਵਾਲੀ ਜੋੜੀ ਵੀ ਸਿੱਧੇ ਤੌਰ 'ਤੇ ਸ਼ਾਮਿਲ ਕੀਤੀ ਗਈ ਤੇ ਵਧਦੀ-ਵਧਦੀ ਗੱਲ ਹੁਣ ਡੋਬੂ ਡੂੰਘਾਈ ਤੱਕ ਪਹੁੰਚ ਚੁੱਕੀ ਹੈ ਤੇ ਇਸ ਦੀਆਂ ਫਿਲਮਾਂ ਨੂੰ ਵੱਧ ਤੋਂ ਵੱਧ ਦਿਲ ਖਿੱਚਵੀਆਂ ਬਣਾਉਣ ਦਾ ਮੁਕਾਬਲਾ ਬਣ ਚੁੱਕਾ ਹੈ ਤੇ ਇਸ ਵਿਚ ਫਿਲਮੀ ਤੇ ਨਾਟਕੀ ਦ੍ਰਿਸ਼ ਵੀ ਬਣਨ ਲੱਗ ਪਏ ਹਨ ਜਿਨ੍ਹਾਂ ਵਿਚ ਹੀਰੋ ਹੀਰੋਇਨ ਦਾ ਰੋਲ ਵਿਆਹ ਵਾਲੀ ਜੋੜੀ ਤੋਂ ਕਰਵਾਇਆ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਇਨ੍ਹਾਂ ਫਿਲਮਾਂ ਵਿਚ ਹੁਣ ਅਸ਼ਲੀਲ ਅਤੇ ਕੋਝੇ ਦ੍ਰਿਸ਼ ਵੀ ਸ਼ਾਮਿਲ ਹੋ ਰਹੇ ਹਨ। ਲੜਕਾ ਲੜਕੀ ਦੇ ਉਸ ਤਰ੍ਹਾਂ ਦੇ ਪੋਜ ਬਣਾਏ ਜਾਂਦੇ ਹਨ ਜੋ ਬਾਅਦ ਵਿਚ ਨੇੜੇ ਦੇ ਸਾਕ-ਸੰਬੰਧੀਆਂ ਖਾਸ ਤੌਰ 'ਤੇ ਲੜਕੀ ਦੇ ਪਿਤਾ ਅਤੇ ਭਰਾਵਾਂ ਨੂੰ ਦੇਖਣੇ ਭਾਰੀ ਹੋ ਜਾਂਦੇ ਹਨ। ਆਪ ਖੁਦ ਇਕ ਫੋਟੋ ਕਰਮੀ ਹੋਣ ਕਰਕੇ ਮੈਨੂੰ ਇਸ ਪੇਸ਼ੇ ਨਾਲ ਹਮਦਰਦੀ ਹੈ। ਮੈਂ ਜਾਣੂ ਹਾਂ ਕਿ ਬਹੁਤ ਸਾਰੇ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸ ਪੇਸ਼ੇ ਨਾਲ ਚਲਦੀ ਹੈ। ਪਰ ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਗ਼ਲਤ ਦਿਸ਼ਾ ਵੱਲ ਨੂੰ ਮੁੜ ਪਿਆ ਹੈ ਇਹ ਪੇਸ਼ਾ। ਡੁੱਲ੍ਹਿਆਂ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ। ਖੂਬਸੁਰਤੀ ਇਕੱਲੀ ਰੋਮੈਂਟਿਕ ਪੋਜ਼ ਬਣਾਉਣ ਵਿਚ ਹੀ ਨਹੀਂ ਹੁੰਦੀ। ਇਸ ਵਿਚ ਸੋਧ ਜ਼ਰੂਰੀ ਬਣ ਗਈ ਹੈ ਤੇ ਇਸ ਵਿਚੋਂ ਅਸ਼ਲੀਲਤਾ ਤੇ ਹੋਛਾਪਣ ਕੱਢਣਾ ਪਵੇਗਾ। ਹਰ ਰੋਜ਼ ਦੇਖਦੇ ਹਾਂ ਦਰਿਆਵਾਂ ਦੇ ਚਿੱਟੇ ਰੇਤੇ ਵਿਚ, ਹਰੀਆਂ ਭਰੀਆਂ ਫ਼ਸਲਾਂ ਵਾਲੇ ਖੇਤਾਂ ਵਿਚ, ਸਰ੍ਹੋਂ ਦੇ ਖਿੜੇ ਹੋਏ ਫੁੱਲਾਂ ਦੇ ਖੇਤਾਂ ਤੇ ਕੱਚੇ ਰਾਹਾਂ ਵਿਚ, ਟਰੈਕਟਰਾਂ ਤੇ ਗੱਡਿਆਂ 'ਤੇ ਇਸ ਤਰ੍ਹਾਂ ਦੀ ਫੋਟੋਗ੍ਰਾਫੀ ਦਿਨੋਂ ਦਿਨ ਵੱਧ ਰਹੀ ਹੈ। ਪਰ ਤਰਾਸਦੀ ਇਹ ਹੈ ਕਿ ਲੜਕੀ ਦੇ ਮਜਬੂਰ ਮਾਪੇ, ਆਪਣੀ ਲੜਕੀ ਨੂੰ ਲੈ ਕੇ ਨਿਯਤ ਸਥਾਨ 'ਤੇ ਪੁੱਜਦੇ ਹਨ। ਉਨ੍ਹਾਂ ਨੂੰ ਦੂਰ ਖੜ੍ਹੇ ਕਰ ਜਾਂਦੇ ਹਨ ਤੇ ਆਪ ਜੋੜੀ ਨੂੰ ਲੈ ਕੇ ਉਨ੍ਹਾਂ ਦੀਆਂ ਨਜ਼ਰਾਂ ਤੋਂ ਦੂਰ ਲਿਜਾ ਕੇ ਇਤਰਾਜ਼ਯੋਗ ਦ੍ਰਿਸ਼ ਬਣਾ ਲੈਂਦੇ ਹਨ। ਕੁਝ ਦਿਨ ਹੋਏ ਆਪਣੇ ਇਲਾਕੇ ਵਿਚ ਦਰਿਆ ਦੇ ਲੁਕਵੇਂ ਜਿਹੇ ਪਾਸੇ ਚਿੱਟੇ ਰੇਤੇ 'ਤੇ ਮੈਂ ਇਕ ਦ੍ਰਿਸ਼ ਦੇਖਿਆ ਜਿਸ 'ਤੇ ਮੈਨੂੰ ਇਹ ਲੇਖ ਲਿਖਣ ਦਾ ਵਿਚਾਰ ਬਣਿਆ। ਰੇਤੇ 'ਤੇ ਉਨ੍ਹਾਂ ਨੇ ਇਕ ਰੰਗਦਾਰ ਟੈਂਟ ਲਾਇਆ ਹੋਇਆ ਸੀ। ਟੈਂਟ ਵਿਚ ਦੋ ਕੁਰਸੀਆਂ ਤੇ ਮੋਹਰੇ ਇਕ ਮੇਜ ਪਿਆ ਸੀ। ਮੇਜ 'ਤੇ ਇਕ ਬੋਤਲ ਸ਼ਰਾਬ, ਦੋ ਬੋਤਲਾਂ ਸੋਡਾ, ਤੇ ਦੋ ਪੈੱਗ। ਇਕ ਕੁਰਸੀ 'ਤੇ ਲੜਕਾ ਤੇ ਦੂਜੇ 'ਤੇ ਲੜਕੀ ਜੋ ਇਕ ਦੂਜੇ ਦੇ ਮੂੰਹ ਨੂੰ ਸ਼ਰਾਬ ਦੇ ਪੈੱਗ ਲਗਾ ਰਹੇ ਸਨ ਤੇ ਲਗਾਤਾਰ ਫੋਟੋਗ੍ਰਾਫੀ ਚਲ ਰਹੀ ਸੀ ਤੇ ਵਾਰ-ਵਾਰ ਰੀਟੇਕ ਹੋ ਰਹੇ ਸਨ। ਉਸ ਤੋਂ ਬਾਅਦ ਉਸੇ ਟੈਂਟ ਵਿਚ ਉਸੇ ਰੇਤੇ 'ਤੇ ਇਸ ਤੋਂ ਵੀ ਵੱਡੇ ਸੀਨ। ਉਹੀ ਸੀਨ ਦੋ-ਚਾਰ ਦਿਨਾਂ ਬਾਅਦ ਮੇਲੇ ਵਰਗੇ ਇਕੱਠ ਨੇ ਖੁੱਲ੍ਹੇਆਮ ਦੇਖਣੇ ਹਨ ਤੇ ਵਾਰ-ਵਾਰ ਦੇਖਣੇ ਹਨ। ਕੀ ਇਸ ਤਰ੍ਹਾਂ ਦੇ ਦ੍ਰਿਸ਼ ਜ਼ਰੂਰੀ ਹਨ? ਕੀ ਇਹ ਖੂਬਸੂਰਤ ਦ੍ਰਿਸ਼ ਹਨ? ਕੀ ਪ੍ਰੀਵੈੱਡ ਫੋਟੋਗ੍ਰਾਫੀ ਦੇ ਮਕਸਦ ਦੀ ਪੂਰਤੀ ਇਨ੍ਹਾਂ ਦ੍ਰਿਸ਼ਾਂ ਤੋਂ ਬਿਨਾਂ ਹੋ ਸਕਦੀ ਹੈ? ਇਸ ਲਈ ਮੁੜ ਆਓ ਪਿੱਛੇ, ਸੁੰਦਰ-ਸਲੀਕੇਦਾਰ ਅਤੇ ਕਲਾਤਮਿਕ ਫੋਟੋਗ੍ਰਾਫੀ ਕਰੋ। ਅਜਿਹੀਆਂ ਫ਼ਿਲਮਾਂ ਨਾ ਬਣਾਓ ਜੋ ਬਾਅਦ ਵਿਚ ਲੁਕੋਣੀਆਂ ਪੈਣ। ਔਰਤ ਦੇ ਬਿੰਬ ਨੂੰ ਹਵਾ ਵਿਚ ਉਛਾਲਣ ਤੋਂ ਗੁਰੇਜ਼ ਕੀਤਾ ਜਾਵੇ। ਭੁੱਲਣ ਵਾਲੀ ਗੱਲ ਨਹੀਂ ਕਿ ਇਸੇ ਲੜਕੀ ਨੇ ਆਪਣੀ ਬਕਾਇਆ ਜ਼ਿੰਦਗੀ ਵਿਚ ਇਕ ਚੰਗੀ ਪਤਨੀ ਤੇ ਇਕ ਚੰਗੀ ਮਾਂ ਬਣ ਕੇ ਰਹਿਣਾ ਹੈ, ਸੂਰਮਿਆਂ, ਸਕਾਲਰਾਂ, ਵਿਦਵਾਨਾਂ ਤੇ ਸਮਾਜ ਸੁਧਾਰਕਾਂ ਦੀ ਜਣਨੀ ਬਣਨਾ ਹੈ। ਪਰਦਾ ਔਰਤ ਦੀ ਖ਼ੂਬਸੂਰਤੀ ਹੈ। ਔਰਤ ਨੂੰ ਵੀ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।

-ਐਡਵੋਕੇਟ ਫਿਲੌਰ, ਵਾਸੀ-ਥੰਮਣਵਾਲ
ਮੋਬਾਈਲ : 98722-56005

Ad Position 22
No active advertisement
ਪਿਛਲੀ ਖ਼ਬਰ ਡਿਜੀਟਲ ਟੂਲਾਂ ਦੀ ਜ਼ਿਆਦਾ ਵਰਤੋਂ ਬੱਚਿਆਂ 'ਚ ਘਟਾ ਰਹੀ ਹੈ ਰਚਨਾਤਮਿਕਤਾ ਅਗਲੀ ਖ਼ਬਰ ਵੋਟ
Ad Position 24
No active advertisement