'ਮੀਨੂੰ ਤਿਆਰ ਆਂ× ਚੱਲੀਏ?' ਰਮਾ ਨੇ ਮੀਨੂੰ ਦੇ ਘਰ ਵੜਦਿਆਂ ਉੱਚੀ ਆਵਾਜ਼ ਵਿਚ ਪੁੱਛਿਆ।
'ਦੀਦੀ, ਮੈਂ ਨੀ ਵੋਟ ਪਾਉਣ ਜਾਣਾ ਗਰਮੀ ਬਹੁਤ ਐ ਅੱਜ।' ਮੀਨੂ ਨੇ ਅੰਦਰ ਆਉਂਦੀ ਰਮਾ ਨੂੰ ਦੋ ਟੁੱਕ ਜਵਾਬ ਦਿੱਤਾ।
'ਵੋਟ ਕਿਉਂ ਖ਼ਰਾਬ ਕਰਨੀ?× ਇਹ ਆਪਣਾ ਸੰਵਿਧਾਨਿਕ ਹੱਕ ਹੀ ਨਹੀਂ, ਸਗੋਂ ਸਾਡੀ ਜ਼ਿੰਮੇਵਾਰੀ ਵੀ ਹੈ। ਇਸ ਹੱਕ ਨੂੰ ਜ਼ਰੂਰ ਵਰਤਣਾ ਚਾਹੀਦਾ ਏ। ਆਪਾਂ ਅਕਸਰ ਅਜਿਹੇ ਲੋਕਾਂ ਦੀਆਂ ਵੀਡੀਓਜ਼ ਫੇਸਬੁੱਕ ਜਾਂ ਖ਼ਬਰਾਂ ਵਿੱਚ ਦੇਖਦੇ ਹਾਂ ਜੋ ਆਪਣੀਆਂ ਬਿਮਾਰੀਆਂ ਜਾਂ ਨਿੱਜੀ ਮੁਸ਼ਕਿਲਾਂ ਦੇ ਬਾਵਜੂਦ ਜਾਂ ਆਪਣੇ ਵਿਆਹ ਵਾਲੇ ਦਿਨ ਸਵੇਰੇ-ਸਵੇਰੇ ਪੋਲਿੰਗ ਬੂਥ ਤੱਕ ਪਹੁੰਚ ਕੇ ਵੋਟ ਪਾ ਕੇ ਆਪਣਾ ਫਰਜ਼ ਨਿਭਾਉਂਦੇ ਹਨ।' ਰਮਾ ਨੇ ਮੀਨੂੰ ਨੂੰ ਫਿਰ ਸਮਝਾਉਂਦੀ ਨੇ ਕਿਹਾ।
'ਜੇਕਰ ਆਪਾਂ ਵੋਟ ਨਹੀਂ ਪਾਉਂਦੇ ਤਾਂ ਸਾਨੂੰ ਕੋਈ ਹੱਕ ਨੀਂ ਕਿਸੇ ਸਰਕਾਰ ਦੇ ਨੁਮਾਇੰਦੇ ਨੂੰ ਸਵਾਲ ਜਵਾਬ ਕਰਨ ਦਾ।' ਰਮਾ ਨੇ ਮੀਨੂੰ ਨੂੰ ਸੰਵਿਧਾਨਿਕ ਹੱਕਾਂ ਬਾਰੇ ਜਾਣੂ ਕਰਵਾ ਕੇ ਥੋੜ੍ਹਾ ਜ਼ੋਰ ਪਾ ਕੇ ਕਿਹਾ ਤਾਂ ਉਹ ਵੋਟ ਪਾਉਣ ਜਾਣ ਲਈ ਮੰਨ ਗਈ।
'ਹਾਂ ਜੀ ਦੀਦੀ, ਚੱਲੋ ਚੱਲਦੀ ਹਾਂ।' ਮੀਨੂੰ ਨੇ ਪਰਸ ਬਾਂਹ ਵਿੱਚ ਪਾਉਂਦੀ ਨੇ ਕਿਹਾ।
ਅੱਜ ਚੋਣਾਂ ਦਾ ਦਿਨ ਹੈ। ਦੋਵੇਂ ਦਰਾਣੀ-ਜੇਠਾਣੀ ਵੋਟ ਪਾਉਣ ਚੱਲੀਆਂ ਸਨ।
'ਮੀਨੂੰ ਵੋਟਰ ਕਾਰਡ ਵਗੈਰਾ ਲੈ ਲਿਆ ਨਾ ਸਭ?' ਰਮਾ ਨੇ ਮੀਨੂੰ ਨੂੰ ਘਰੋਂ ਨਿਕਲਦਿਆਂ ਹੀ ਪੁੱਛਿਆ।
ਜਿਸ ਸਕੂਲ ਵਿਚ ਵੋਟਾਂ ਪੈ ਰਹੀਆਂ ਸਨ, ਉਸ ਦਾ ਪੈਦਲ ਪੰਜ ਮਿੰਟ ਦਾ ਰਾਹ ਸੀ। ਗਰਮੀ ਬਹੁਤ ਸੀ। ਉਹ ਰਾਹ ਵਿਚ ਰੁਕ ਕੇ ਛਬੀਲ ਪੀਣ ਲੱਗ ਪਈਆਂ। ਉੱਥੇ ਖੜ੍ਹੀਆਂ ਹੋਰ ਔਰਤਾਂ ਵੀ ਵੋਟਾਂ ਬਾਰੇ ਗੱਲਾਂ ਕਰ ਰਹੀਆਂ ਸਨ।
'ਹਾਏ ਦੀਦੀ× ਮੈਂ ਤਾਂ 'ਇਨ੍ਹਾਂ' ਨੂੰ ਪੁੱਛਿਆ ਈ ਨਈਂ ਕਿ ਵੋਟ ਕਿਸ ਨੂੰ ਪਾਉਣੀ ਹੈ?' ਮੀਨੂੰ ਇਕਦਮ ਤ੍ਰਭੱਕ ਕੇ ਬੋਲੀ।
'ਹੈਂ ਪਾਗਲ, ਪੁੱਛਣਾ ਕੀ ਸੀ? ਤੂੰ ਪੜ੍ਹੀ-ਲਿਖੀ ਏਂ× ਵੋਟ ਤੇਰਾ ਆਪਣਾ ਅਧਿਕਾਰ ਹੈ, ਜੋ ਪਾਰਟੀ ਜਾਂ ਉਮੀਦਵਾਰ ਲੋਕਾਂ ਨਾਲ ਕੀਤੇ ਵਾਅਦੇ ਜਾਂ ਲੋਕਾਂ 'ਚ ਵਿਚਰਦਾ ਹੋਵੇ ਤੇ ਲੋਕ ਹਿਤ ਦੇ ਕੰਮ ਕਰੇ ਉਸ ਨੂੰ ਵੋਟ ਪਾ ਦਈਂ।' ਰਮਾ ਉਸ ਨੂੰ ਫੇਰ ਸਮਝਾਉਣ ਲੱਗੀ।
'ਪਰ ਦੀਦੀ× ਜੇ ਮੈਂ ਆਪਣੀ ਮਰਜ਼ੀ ਨਾਲ ਵੋਟ ਪਾ ਦਿੱਤੀ ਤਾਂ 'ਇਹ' ਗੁੱਸਾ ਨਾ ਕਰਨ।' ਮੀਨੂੰ ਨੇ ਥੋੜ੍ਹਾ ਫ਼ਿਕਰ ਨਾਲ ਕਿਹਾ।
'ਤੇਰੇ ਭਾਅ ਜੀ, ਜੀਹਨੂੰ ਮਰਜ਼ੀ ਵੋਟ ਪਾਉਣ, ਪਰ ਮੈਂ ਤਾਂ ਵੋਟ ਆਪਣੀ ਮਰਜ਼ੀ ਨਾਲ ਪਾਵਾਂਗੀ' ਰਮਾ ਨੇ ਆਤਮ-ਵਿਸ਼ਵਾਸ ਨਾਲ ਕਿਹਾ।
ਐਨੇ ਨੂੰ ਮੀਨੂੰ ਨੇ ਡਰਦੀ-ਡਰਦੀ ਨੇ ਆਪਣੇ ਘਰ ਵਾਲੇ ਨੂੰ ਫੋਨ ਲਾ ਲਿਆ। ਜਿਸ ਨੂੰ ਵੀ ਉਸ ਦੇ ਘਰ ਵਾਲੇ ਨੇ ਵੋਟ ਪਾਉਣ ਲਈ ਕਿਹਾ ਮੀਨੂੰ ਨੇ ਉਸ ਨੂੰ ਹੀ ਵੋਟ ਪਾਈ, ਜਦ ਕਿ ਰਮਾ ਆਪਣੀ ਸੂਝ-ਬੂਝ ਨਾਲ ਵੋਟ ਪਾ ਕੇ ਆਈ। ਦੋਵੇਂ ਬਾਹਰ ਆ ਕੇ ਮੁਸਕਰਾ ਰਹੀਆਂ ਸਨ। ਰਮਾ ਦੀ ਮੁਸਕਰਾਹਟ ਨਾਲ ਆਤਮ-ਵਿਸ਼ਵਾਸ ਵੀ ਸੀ।
-ਆਫਿਸ ਨੰਬਰ 121, ਸਿਵਲ ਕੋਰਟਸ ਖੰਨਾ।
ਮੋਬਾਈਲ : 78379-63067