ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪਰਤ ਆਈ ਰਾਮਗੜ੍ਹੀਆ ਮਿਸਲ ਕਾਲ ਦੀ ਅਨਮੋਲ ਨਿਸ਼ਾਨੀ 'ਬੁੰਗਾ ਰਾਮਗੜ੍ਹੀਆ' ਦੀ ਸ਼ਾਨ

Ad Position 21
No active advertisement
ਅਜੀਤ ਡੈਸਕ 24-05-2026

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ 'ਚ ਯਾਤਰੂਆਂ ਦੇ ਨਿਵਾਸ ਅਤੇ ਬਾਹਰੀ ਹਮਲਾਵਰਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਬਣਾਏ ਗਏ ਬੁੰਗਿਆਂ 'ਚੋਂ ਇਕੋ-ਇਕ ਸਾਬਤ ਬਚੇ 'ਬੁੰਗਾ ਰਾਮਗੜ੍ਹੀਆ' ਦੀ ਸ਼ਾਨ ਇਕ ਵਾਰ ਫਿਰ ਪਰਤ ਆਈ ਹੈ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਇੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਇਹ ਬੁੰਗਾ ਮਿਸਲ ਕਾਲ ਅਤੇ ਸ: ਜੱਸਾ ਸਿੰਘ ਰਾਮਗੜ੍ਹੀਆ ਦੀ ਅਨਮੋਲ ਅਤੇ ਅਦਭੁਤ ਨਿਸ਼ਾਨੀ ਹੈ।
'ਬੁੰਗਾ' ਪਰਸ਼ੀਅਨ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੁੰਦਾ ਹੈ-ਉਹ ਜਗ੍ਹਾ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿ ਸਕਣ। ਬੁੰਗਾਹ ਜਾਂ ਬੁੰਗਾ ਦਾ ਅਰਥ 'ਅਸਥਾਨ' ਵੀ ਹੁੰਦਾ ਹੈ। ਦੱਸਿਆ ਜਾਂਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਬੁੰਗੇ ਬਣਨ ਤੋਂ ਲੰਬਾ ਸਮਾਂ ਪਹਿਲਾਂ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਕਾਰ ਸੇਵਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਲਈ ਪਰਿਕਰਮਾ ਦੇ ਬਾਹਰਵਾਰ ਛਪਰੀਆਂ ਅਤੇ ਕੱਚੇ ਮਕਾਨ ਬਣਾ ਦਿੱਤੇ ਸਨ। ਬਾਅਦ 'ਚ ਕੱਚੇ ਮਕਾਨਾਂ ਦੀ ਥਾਂ ਪੱਕੇ ਮਕਾਨ ਬਣ ਗਏ ਅਤੇ ਸਿੱਖ ਮਿਸਲਾਂ ਦੇ ਹੋਂਦ ਵਿਚ ਆਉਣ ਤੋਂ ਬਾਅਦ ਇਹ ਮਕਾਨ ਢਾਹ ਕੇ ਮਿਸਲਾਂ ਦੇ ਮੁਖੀਆਂ ਨੇ ਸੰਗਤਾਂ ਦੇ ਆਰਾਮ ਵਾਸਤੇ ਬੁੰਗੇ ਬਣਾ ਲਏ। ਅਹਿਮਦ ਸ਼ਾਹ, ਤਵਾਰੀਖ਼-ਏ-ਪੰਜਾਬ, ਸਫ਼ਾ 38 ਦੇ ਅਨੁਸਾਰ, ਬੁੰਗਿਆਂ ਦੇ ਸਰਦਾਰ ਅੰਮ੍ਰਿਤਸਰ ਆਉਣ 'ਤੇ ਆਪਣੇ ਬੁੰਗੇ 'ਚ ਹੀ ਠਹਿਰਦੇ ਸਨ।
ਇਤਿਹਾਸਕ ਦਸਤਾਵੇਜ਼ਾਂ ਮੁਤਾਬਿਕ ਸਿੱਖ ਰਾਜ ਵੇਲੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਅਤੇ ਆਸ-ਪਾਸ 86 ਬੁੰਗੇ ਮੌਜੂਦ ਸਨ। ਬਾਅਦ 'ਚ ਕੁਝ ਖ਼ਸਤਾ-ਹਾਲ ਬੁੰਗਿਆਂ ਦੇ ਢਹਿ ਜਾਣ ਕਰਕੇ ਗਿਣਤੀ 82 ਰਹਿ ਗਈ ਅਤੇ ਹੌਲੀ-ਹੌਲੀ ਆਪਸ 'ਚ ਰਲੇਵੇਂ ਕਾਰਨ ਇੱਥੇ ਸਿਰਫ਼ 71 ਬੁੰਗੇ ਹੀ ਰਹਿ ਗਏ। ਮਿਸਲ ਕਾਲ ਦੀ ਭਵਨ ਕਲਾ ਦਾ ਅਦੁੱਤੀ ਨਮੂਨਾ ਬੁੰਗਾ ਰਾਮਗੜ੍ਹੀਆ ਦਾ ਨਿਰਮਾਣ 1812 ਬਿਕ੍ਰਮੀ (ਸੰਨ 1755) ਵਿਚ ਸ: ਜੱਸਾ ਸਿੰਘ ਰਾਮਗੜ੍ਹੀਆ ਨੇ 2,75,000 ਰੁਪਏ ਦੀ ਲਾਗਤ ਨਾਲ ਕਰਵਾਇਆ ਸੀ। ਜਦੋਂ ਉਨ੍ਹਾਂ ਇਸ ਬੁੰਗੇ ਦਾ ਨਿਰਮਾਣ ਕਰਵਾਇਆ ਸੀ ਤਾਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸਿਰਫ਼ 3 ਜਾਂ 4 ਹੀ ਹੋਰ ਬੁੰਗੇ ਸਨ। ਇਹ ਬੁੰਗਾ ਦੋ ਮੰਜ਼ਿਲਾਂ ਧਰਤੀ ਦੇ ਉੱਪਰ ਅਤੇ ਤਿੰਨ ਮੰਜ਼ਲਾਂ ਜ਼ਮੀਨ ਦੇ ਹੇਠਾਂ ਹੈ। ਬੁੰਗੇ ਦਾ ਮੱਥਾ 150 ਫੁੱਟ ਅਤੇ ਲੰਬਾਈ 84 ਫੁੱਟ ਹੈ ਜਿਨ੍ਹਾਂ 'ਚੋਂ ਹੁਣ ਸਿਰਫ਼ ਬੁੰਗਾ ਰਾਮਗੜ੍ਹੀਆ ਹੀ ਪੁਰਾਣੀ ਹਾਲਤ 'ਚ ਮੌਜੂਦ ਹੈ।
ਬੁੰਗੇ ਦੇ ਅੰਦਰ ਜਾਣ ਤੋਂ ਪਹਿਲਾਂ ਇਕ ਖੂਹ ਆਉਂਦਾ ਹੈ। ਬੁੰਗੇ ਦੀਆਂ ਤਿੰਨ ਮੰਜ਼ਿਲਾਂ ਧਰਤੀ ਦੇ ਹੇਠਾਂ ਵਾਲੀਆਂ ਇਸ ਖੂਹ ਦੇ ਨਾਲ-ਨਾਲ ਹਨ। ਲਗਭਗ 15-16 ਛੋਟੀਆਂ ਪੌੜੀਆਂ ਉੱਤਰਨ 'ਤੇ ਇਕ ਹਾਲ 'ਚੋਂ ਨਿਕਲਣ 'ਤੇ ਸਾਹਮਣੇ ਸ: ਰਾਮਗੜ੍ਹੀਆ ਦਾ ਇਤਿਹਾਸਕ ਕੌਂਸਲ ਹਾਊਸ ਮੌਜੂਦ ਹੈ, ਜਿੱਥੇ ਨਾਨਕਸ਼ਾਹੀ ਇੱਟਾਂ ਦੇ ਬਣੇ ਸਿੰਘਾਸਣ 'ਤੇ ਬੈਠ ਕੇ ਉਹ ਆਪਣਾ ਦਰਬਾਰ ਲਗਾਇਆ ਕਰਦੇ ਸਨ। ਇਹ ਸਥਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਨੀਵਾਂ ਰੱਖ ਕੇ ਬਣਾਇਆ ਗਿਆ ਸੀ। ਸਿੰਘਾਸਣ ਦੇ ਪਿੱਛੇ ਅਤੇ ਸਾਹਮਣੇ ਦੋ ਕਾਲ ਕੋਠੜੀਆਂ ਵੀ ਮੌਜੂਦ ਹਨ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵੱਲ ਦੁੱਖ-ਭੰਜਨੀ ਬੇਰੀ ਵਾਲੇ ਪਾਸੇ ਬੁੰਗੇ ਦੀਆਂ ਮਜ਼ਬੂਤ ਅਤੇ ਚੌੜੀਆਂ-ਚੌੜੀਆਂ ਕੰਧਾਂ 'ਚ ਰੌਸ਼ਨੀ ਲਈ ਖ਼ੂਬਸੂਰਤ ਝਰੋਖੇ ਵੀ ਬਣਾਏ ਗਏ ਹਨ।
ਬੁੰਗੇ ਦੀ ਉੱਪਰਲੀ ਮੰਜ਼ਲ 'ਚ ਵੜਦਿਆਂ ਹੀ ਸਾਹਮਣੇ ਹਾਲ ਵਿਚ ਲਾਲ-ਪੱਥਰ ਦੀਆਂ ਡਾਟਾਂ 'ਚ ਜੜੇ ਲਾਲ ਕਿਲ੍ਹੇ ਦੇ ਸਤੰਭ ਅਤੇ ਇਕ ਇਤਿਹਾਸਕ ਸਿੱਲ ਪਈ ਹੋਈ ਹੈ। ਦੱਸਿਆ ਜਾਂਦਾ ਹੈ ਕਿ ਸੰਨ 1783 'ਚ ਬਾਬਾ ਬਘੇਲ ਸਿੰਘ, ਸ: ਜੱਸਾ ਸਿੰਘ ਆਹਲੂਵਾਲੀਆ, ਸ: ਜੱਸਾ ਸਿੰਘ ਰਾਮਗੜ੍ਹੀਆ, ਸ: ਗੁਰਦਿੱਤ ਸਿੰਘ ਅਤੇ ਸ: ਭਾਗ ਸਿੰਘ ਆਦਿ ਨੇ ਜਦੋਂ ਦਿੱਲੀ 'ਤੇ ਹਮਲਾ ਕੀਤਾ ਤਾਂ ਸ: ਰਾਮਗੜ੍ਹੀਆ ਲਾਲ ਕਿਲ੍ਹੇ ਦੀ ਫ਼ਤਹਿ ਦੀ ਨਿਸ਼ਾਨੀ ਵਜੋਂ ਇਹ ਸਿੱਲ, ਸਤੰਭ ਅਤੇ ਚਾਰ ਤੋਪਾਂ ਨਾਲ ਲੈ ਆਏ ਸਨ। ਇਹ ਉਕਤ ਸਿੱਲ ਅਤੇ ਲਾਲ ਕਿਲ੍ਹੇ ਦੇ ਸ਼ਾਹੀ ਸਤੰਭ ਰਾਮਗੜ੍ਹੀਆ ਮਿਸਲ ਦੀ ਸਫਲਤਾ ਦਾ ਸੂਚਕ ਹਨ।
ਬੁੰਗਾ ਰਾਮਗੜ੍ਹੀਆ ਦੇ ਉੱਪਰ ਦੋ ਸੁੰਦਰ ਮਿਨਾਰ ਬਣੇ ਹੋਏ ਹਨ, ਜਿਨ੍ਹਾਂ ਦੀ ਉਚਾਈ 156 ਫੁੱਟ ਹੈ। ਮਿਸਲ ਕਾਲ ਸਮੇਂ ਇਨ੍ਹਾਂ 'ਤੇ ਰਾਮਗੜ੍ਹੀਆ ਮਿਸਲ ਦਾ ਝੰਡਾ ਲਹਿਰਾਉਂਦਾ ਸੀ, ਜਿਸ ਉੱਪਰ ਦੋ ਸੁਨਹਿਰੀ ਸ਼ੇਰ ਉੱਕਰੇ ਹੁੰਦੇ ਸਨ। ਇਹ ਬੁੰਗਾ ਜੱਸਾ ਸਿੰਘ ਰਾਮਗੜ੍ਹੀਆ ਦੀ ਰਿਹਾਇਸ਼ਗਾਹ, ਉਨ੍ਹਾਂ ਦੀ ਮਿਸਲ ਦੀ ਸਿਆਸੀ ਤੇ ਫ਼ੌਜੀ ਸ਼ਕਤੀ ਦਾ ਹੈੱਡਕੁਆਰਟਰ ਹੋਣ ਦੇ ਨਾਲ-ਨਾਲ ਰਾਮਗੜ੍ਹੀਆ ਰਾਜ ਦਾ ਕੇਂਦਰ ਵੀ ਰਿਹਾ ਹੈ। ਸੰਨ 1984 'ਚ ਭਾਰਤੀ ਫ਼ੌਜ ਵਲੋਂ ਕੀਤੀ ਗੋਲਾਬਾਰੀ ਨਾਲ ਇਸ ਦੀ ਹੇਠਲੀ ਮੰਜ਼ਿਲ 'ਚ ਮੌਜੂਦ ਕਈ ਵੱਡੇ ਕਮਰੇ ਅਤੇ ਹੋਰ ਸਥਾਨ ਬੰਦ ਹੋ ਗਏ ਅਤੇ ਅੰਦਰ ਮਲਬੇ ਦੇ ਢੇਰ ਲੱਗ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਰਾਤਤਵ ਵਿਭਾਗ ਦੇ ਮਾਹਿਰਾਂ ਦੀ ਦੇਖ-ਰੇਖ 'ਚ ਇਸ ਬੁੰਗੇ ਦਾ ਨਵਨਿਰਮਾਣ ਕਰਵਾਇਆ, ਜਿਸ ਤੋਂ ਬਾਅਦ ਇਸ ਵਿਰਾਸਤੀ ਨਿਸ਼ਾਨੀ ਦੀ ਇਤਿਹਾਸਕ ਦਿੱਖ ਮੁੜ ਤੋਂ ਬਹਾਲ ਹੋ ਗਈ ਹੈ।
ਸਾਬਕਾ ਸੰਸਦ ਮੈਂਬਰ ਸ: ਤਰਲੋਚਨ ਸਿੰਘ ਦੱਸਦੇ ਹਨ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਬਾਹਰਵਾਰ ਅੰਗਰੇਜ਼ਾਂ ਵਲੋਂ ਉਸਾਰੇ ਰੈੱਡ ਟਾਵਰ (ਘੰਟਾ ਘਰ) ਸਮੇਤ ਬਾਕੀ ਬੁੰਗਿਆਂ ਦੀ ਮੌਜੂਦਗੀ ਕਾਰਨ ਰਸਤਾ ਕਾਫੀ ਤੰਗ ਹੋ ਗਿਆ ਸੀ। ਇਸ ਸਮੱਸਿਆ ਨੂੰ ਵਿਚਾਰਦਿਆਂ ਪਰਿਕਰਮਾ ਚੌੜੀ ਕਰਨ ਹਿਤ ਬੁੰਗਿਆਂ ਦੀਆਂ ਪੁਰਾਣੀਆਂ ਅਤੇ ਖਸਤਾ ਹੋ ਚੁੱਕੀਆਂ ਇਮਾਰਤਾਂ ਨੂੰ ਵਿਧੀਪੂਰਵਕ 29 ਅਕਤੂਬਰ 1943 ਨੂੰ ਸਵੇਰੇ 10 ਵਜੇ ਘੜਿਆਲੀਆਂ ਬੁੰਗੇ ਤੋਂ ਢਾਹੁਣਾ ਸ਼ੁਰੂ ਕੀਤਾ ਗਿਆ ਅਤੇ ਸੰਨ 1945 ਦੇ ਅੰਤ 'ਚ ਰਾਮਗੜ੍ਹੀਆ ਬੁੰਗਾ, ਬੁੰਗਾ ਬ੍ਰਹਮ ਬੂਟਾ ਅਤੇ ਕੁਝ ਹੋਰ ਬੁੰਗਿਆਂ ਨੂੰ ਛੱਡ ਕੇ ਬਾਕੀ ਸਭ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਉਹ ਦੱਸਦੇ ਹਨ ਕਿ ਸੰਨ 1973 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਜਦੋਂ ਇਕ ਵਾਰ ਮੁੜ ਪਰਿਕਰਮਾ ਚੌੜੀ ਕਰਨ ਦਾ ਮਾਮਲਾ ਉੱਠਿਆ ਤਾਂ ਕਮੇਟੀ ਵਲੋਂ ਬੁੰਗਾ ਰਾਮਗੜ੍ਹੀਆ ਨੂੰ ਢਾਹੇ ਜਾਣ ਦੀ ਯੋਜਨਾ ਬਣਾਈ ਗਈ। ਇਸ 'ਤੇ ਅਕਾਲੀ ਤੇ ਕੌਮੀ ਲਹਿਰਾਂ 'ਚ ਵਿਸ਼ੇਸ਼ ਰੁਚੀ ਰੱਖਣ ਵਾਲੇ ਅਤੇ ਤਤਕਾਲੀ ਪੰਜਾਬ ਸਰਕਾਰ ਵਲੋਂ ਸੰਨ 1968 'ਚ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਾਨਿਤ 'ਅਜੀਤ' ਅਖ਼ਬਾਰ ਦੇ ਮੋਢੀ ਡਾ: ਸਾਧੂ ਸਿੰਘ ਹਮਦਰਦ ਨੇ ਉਕਤ ਬੁੰਗੇ ਦੀ ਇਤਿਹਾਸਕ ਮਹੱਤਤਾ ਬਾਰੇ ਜਾਣੂ ਕਰਵਾ ਕੇ ਇਕ ਤੋਂ ਬਾਅਦ ਇਕ ਕਈ ਪ੍ਰਭਾਵਸ਼ਾਲੀ ਸੰਪਾਦਕੀ ਲਿਖੇ ਸਨ, ਜਿਨ੍ਹਾਂ 'ਚ ਡਾ: ਹਮਦਰਦ ਸਾਹਿਬ ਨੇ ਸਪੱਸ਼ਟ ਕੀਤਾ ਸੀ ਕਿ ਬੁੰਗਾ ਰਾਮਗੜ੍ਹੀਆ ਸਿਰਫ਼ ਮਿਸਲ ਕਾਲ ਦੀ ਧਰੋਹਰ ਹੀ ਨਹੀਂ, ਸਗੋਂ ਇਹ ਸਿੱਖਾਂ ਵਲੋਂ ਦਿੱਲੀ ਫ਼ਤਹਿ ਕੀਤੇ ਜਾਣ ਦੀ ਅਦਭੁਤ ਨਿਸ਼ਾਨੀ ਵੀ ਹੈ। ਤਰਲੋਚਨ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਡਾ: ਸਾਧੂ ਸਿੰਘ ਹਮਦਰਦ ਜੀ ਦੇ ਨਾਲ ਮਿਲ ਕੇ ਇਸ ਸਭ ਨੂੰ ਇਕ ਮੁਹਿੰਮ ਦਾ ਰੂਪ ਦੇ ਦਿੱਤਾ ਸੀ। ਜਿਸ ਤੋਂ ਬਾਅਦ ਜਥੇਦਾਰ ਟੌਹੜਾ ਨੇ ਖ਼ੁਦ ਪੱਤਰ ਲਿਖ ਕੇ ਡਾ: ਹਮਦਰਦ ਸਾਹਿਬ ਅਤੇ ਉਨ੍ਹਾਂ (ਤਰਲੋਚਨ ਸਿੰਘ) ਦਾ ਇਸ ਬੁੰਗੇ ਨੂੰ ਬਚਾਉਣ ਲਈ ਧੰਨਵਾਦ ਪ੍ਰਗਟ ਕੀਤਾ।

-ਪ੍ਰਤੀਨਿਧ। ਅਜੀਤ ਉਪ ਦਫ਼ਤਰ ਅੰਮ੍ਰਿਤਸਰ

Ad Position 22
No active advertisement
ਪਿਛਲੀ ਖ਼ਬਰ ਵੋਟ ਅਗਲੀ ਖ਼ਬਰ ਸਮਿਆਂ ਨਾਲ ਬਦਲ ਗਏ ਪ੍ਰਾਹੁਣਚਾਰੀ ਦੇ ਰੰਗ
Ad Position 24
No active advertisement