ਮਨੁੱਖੀ ਜੀਵਨ ਸਦਾ ਇਕੋ ਜਿਹਾ ਨਹੀਂ ਰਹਿੰਦਾ, ਸਮਿਆਂ ਨਾਲ ਇਹ ਨਿਰੰਤਰ ਬਦਲਦਾ ਰਿਹਾ ਹੈ। ਸਿੱਖਿਆ ਦਾ ਪਾਸਾਰ, ਵਿਗਿਆਨਕ ਖੋਜਾਂ, ਤਕਨਾਲੋਜੀ ਤੇ ਸੂਚਨਾ ਖੇਤਰ ਵਿਚ ਆਈ ਹੈਰਾਨਕੁੰਨ ਕ੍ਰਾਂਤੀ ਨੇ ਜੀਵਨ ਦੀ ਤੋਰ ਨੂੰ ਬਦਲਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਭਾਰਤੀ ਸੰਸਕ੍ਰਿਤੀ ਵਿਚ ਘਰ ਆਏ ਮਹਿਮਾਨ ਨੂੰ ਰੱਬ ਦਾ ਰੂਪ ਸਮਝਦਿਆਂ ਉਸ ਦੀ ਆਦਰ ਨਾਲ ਚੰਗੇ ਭੋਜਨ ਨਾਲ ਟਹਿਲ-ਸੇਵਾ ਕੀਤੀ ਜਾਂਦੀ ਸੀ। ਬਜ਼ੁਰਗ ਦੱਸਦੇ ਸਨ ਕਿ ਉਨ੍ਹਾਂ ਸਮਿਆਂ ਵਿਚ ਜੇ ਕੋਈ ਸਫ਼ਰ 'ਤੇ ਨਿਕਲਿਆ ਰਾਹੀ ਕਿਸੇ ਲੋੜ ਲਈ ਕਿਸੇ ਘਰ ਦਾ ਦਰਵਾਜ਼ਾ ਖੜਕਾਉਂਦਾ ਸੀ ਤਾਂ ਉਸ ਨੂੰ ਕੋਈ ਇਹ ਨਹੀਂ ਪੁੱਛਦਾ ਸੀ ਕਿ ਉਹ ਕੌਣ ਹੈ। ਉਸ ਦੀ ਬੜੇ ਆਦਰ-ਮਾਣ ਨਾਲ ਲੱਸੀ-ਪਾਣੀ ਤੇ ਲੰਗਰ ਨਾਲ ਸੇਵਾ ਕੀਤੀ ਜਾਂਦੀ ਸੀ। ਲੋਕਾਂ 'ਚ ਇਕ-ਦੂਜੇ ਪ੍ਰਤੀ ਬਹੁਤ ਸਨੇਹ ਤੇ ਮਿਲਵਰਤਣ ਦੀ ਭਾਵਨਾ ਸੀ।
ਪੰਜਾਬੀਆਂ ਦੀ ਪ੍ਰਾਹੁਣਚਾਰੀ ਤਾਂ ਬਹੁਤ ਹੀ ਮਸ਼ਹੂਰ ਹੈ। ਇਹ ਤਾਂ ਘਰ ਆਏ ਮਹਿਮਾਨ ਨੂੰ ਅੱਖਾਂ 'ਤੇ ਬਿਠਾਉਂਦੇ ਸਨ। ਪ੍ਰਾਹੁਣੇ ਲਈ ਵਿਸ਼ੇਸ਼ ਭੋਜਨ ਤਿਆਰ ਕਰ ਕੇ ਉਸ ਦੀ ਖੂਬ ਖਾਤਰਦਾਰੀ ਕਰਨੀ ਉਸ ਸਮੇਂ ਲੋਕਾਂ ਦੇ ਸੁਭਾਅ ਦਾ ਹਿੱਸਾ ਸੀ। ਬਚਪਨ ਵਿਚ ਜਦੋਂ ਕਦੇ ਨਾਨਕਿਆਂ ਜਾਂ ਭੂਆ, ਮਾਸੀ ਦੇ ਘਰ ਜਾਣ ਦੀ ਗੱਲ ਤੁਰਨੀ ਤਾਂ ਚਾਅ ਚੜ੍ਹ ਜਾਂਦਾ ਸੀ। ਪਹਿਲੀ ਗੱਲ ਹੀ ਮਨ ਵਿਚ ਇਹ ਆਉਂਦੀ ਸੀ ਕਿ ਉੱਥੇ ਜਾ ਕੇ ਖੂਬ ਖਾਵਾਂ ਪੀਵਾਂਗੇ। ਘਰਾਂ ਵਿਚ ਦੁੱਧ ਘਿਉ ਆਮ ਹੋਣ ਕਰਕੇ ਘਰ ਆਏ ਪ੍ਰਾਹੁਣੇ ਦੀ ਸੇਵਾ ਦੁੱਧ, ਘਿਉ, ਲੱਸੀ, ਦਹੀਂ, ਮੱਖਣ, ਖੀਰ, ਕੜਾਹ ਤੇ ਘਿੳ-ਸ਼ੱਕਰ ਨਾਲ ਕੀਤੀ ਜਾਂਦੀ ਸੀ। ਮੈਨੂੰ ਯਾਦ ਹੈ ਜਦੋਂ ਵੀ ਕਿਸੇ ਘਰ ਰਿਸ਼ਤੇਦਾਰ ਆਉਂਦਾ ਤਾਂ ਬਾਪੂ ਜੀ ਮਾਂ ਨੂੰ ਕਹਿ ਦਿੰਦੇ ਕਿ ਪ੍ਰਾਹੁਣੇ ਦੀ ਦਾਲ-ਸਬਜ਼ੀ ਵਿਚ ਘਿਉ ਚੰਗਾ ਪਾ ਦੇਵੀਂ, ਘਿਉ-ਸ਼ੱਕਰ ਵੀ ਰਲਾ ਲਈਂ ਤੇ ਕੜਾਹ ਵੀ ਬਣਾ ਲਈਂ। ਪ੍ਰਾਹੁਣੇ ਨੂੰ ਰੋਟੀ-ਪਾਣੀ ਖੁਆਉਣ ਦੀ ਸੇਵਾ ਮੇਰੇ ਹਿੱਸੇ ਹੀ ਆਉਂਦੀ ਸੀ। ਬਾਪੂ ਜੀ ਵਲੋਂ ਬੜੀਆਂ ਸਖ਼ਤ ਹਦਾਇਤਾਂ ਮਿਲਦੀਆਂ ਸਨ ਤੇ ਗਲਤੀ ਹੋਣ 'ਤੇ ਝਿੜਕਾਂ ਵੀ ਪੈਂਦੀਆਂ ਸਨ। ਬਹੁਤ ਇੱਜ਼ਤ-ਸਤਿਕਾਰ ਨਾਲ ਪਹਿਲਾਂ ਮਹਿਮਾਨ ਦੇ ਪਾਣੀ ਨਾਲ ਹੱਥ ਸੁੱਚੇ ਕਰਾਉਣੇ ਤੇ ਸਾਫਾ ਨਾਲ ਰੱਖਣਾ ਤਾਂ ਕਿ ਪ੍ਰਾਹਣਾ ਹੱਥ ਪੂੰਝ ਸਕੇ।
ਬਾਪੂ ਜੀ ਨੇ ਕਹਿਣਾ ਲੱਥਦਾ-ਲੱਥਦਾ ਫੁਲਕਾ ਲੈ ਕੇ ਆਈਂ ਪੁੱਤ। ਪ੍ਰਾਹੁਣੇ ਦੇ ਰੋਟੀ ਖਾਣ ਸਮੇਂ ਕੋਲ ਹੀ ਖੜ੍ਹੇ ਰਹਿਣਾ ਤਾਂ ਕਿ ਕਿਸੇ ਚੀਜ਼ ਦੀ ਲੋੜ ਪਵੇ ਤਾਂ ਝੱਟ ਦੇਣੀ ਲਿਆਂਦੀ ਜਾ ਸਕੇ। ਪ੍ਰਾਹੁਣੇ ਦੇ ਨਾਂਹ- ਨਾਂਹ ਕਹਿਣ 'ਤੇ ਵੀ ਬਾਪੂ ਜੀ ਨੇ ਰੋਟੀ ਸਬਜ਼ੀ ਆਦਿ ਪ੍ਰਾਹੁਣੇ ਦੀ ਥਾਲੀ ਵਿਚ ਬਦੋ-ਬਦੀ ਪੁਆਈ ਜਾਣੀ। ਨਾਲੇ ਕਹੀ ਜਾਣਾ, ਤੂੰ ਕੁਝ ਖਾਂਦਾ ਈ ਨਹੀਂ, ਫਲਾਣਾ ਸਿਆਂਸੰਗੀ ਦਾ ਨਹੀਂ ਹੁੰਦਾ...। ਮਾਂ ਨੇ ਪ੍ਰਾਹੁਣੇ ਲਈ ਅਣਲੱਗ ਦਰੀ, ਚਾਦਰ ਕੱਢ ਕੇ ਵਿਛਾਉਣੀ। ਰੋਟੀ ਤੋਂ ਬਾਅਦ ਪ੍ਰਾਹੁਣੇ ਨੂੰ ਗਰਮ ਦੁੱਧ ਦਾ ਗਿਲਾਸ ਭਰ ਕੇ ਦੇਣਾਅਗਲੇ ਨੇ ਬਥੇਰੀ ਨਾਂਹ-ਨੁੱਕਰ ਕਰਨੀਪਰ ਮਾਂ ਤੇ ਬਾਪੂ ਜੀ ਨੇ ਪ੍ਰਾਹੁਣੇ ਦੇ ਸਰ੍ਹਾਣੇ ਜਾ ਖੜ੍ਹੇ ਹੋਣਾ'ਲੈ ਦੋ ਘੁੱਟ ਤਾਂ ਦੁੱਧ ਦੇ ਆ,ਇਹ ਵੀ ਨਹੀਂ ਤੇਰੇ ਕੋਲੋਂ ਪੀ ਹੁੰਦਾ। ਗੱਲ ਕੀ ਪ੍ਰਾਹੁਣੇ ਦੀ ਆਉ-ਭਗਤ ਵਿਚ ਕੋਈ ਕਸਰ ਨਹੀਂ ਛੱਡੀ ਜਾਂਦੀ ਸੀ। ਬਦੋਬਦੀ ਖੁਆਉਣ ਦਾ ਭਾਵ ਵੀ ਇਹੀ ਸੀ ਕਿ ਕਿਤੇ ਪ੍ਰਾਹੁਣਾ ਸੰਗਦਾ ਨਾ ਰਹੇ। ਜੇ ਕਿਤੇ ਨਿਆਣਿਆਂ ਦੇ ਮਾਮੇ ਜਾਂ ਕਿਸੇ ਜਵਾਈ-ਭਾਈ ਨੇ ਆਉਣਾ ਹੁੰਦਾ ਤਾਂ ਸਾਰਾ ਟੱਬਰ ਹੀ ਉਨ੍ਹਾਂ ਅੱਗੇ ਅੱਖਾਂ ਵਿਛਾਈ ਰੱਖਦਾ। ਵਧੀਆ ਤੋਂ ਵਧੀਆ ਚੀਜ਼ਾਂ ਵਸਤਾਂ ਤਿਆਰ ਕਰ ਕੇ ਘਰ ਦੀਆਂ ਸੁਆਣੀਆਂ ਪ੍ਰਾਹੁਣੇ ਦੀ ਆਉ-ਭਗਤ ਵਿਚ ਕੋਈ ਕਸਰ ਨਾ ਰਹਿਣ ਦਿੰਦੀਆਂ ਸਨ। ਕਈ ਵਾਰ ਤਾਂ ਪ੍ਰਾਹੁਣੇ ਲਈ ਮੀਟ-ਮੁਰਗਾ ਵੀ ਬਣਦਾ ਤੇ ਮੂੰਹ ਵੀ ਘਰ ਦੀ ਕੱਢੀ ਦੇਸੀ ਦਾਰੂ ਨਾਲ ਕੌੜਾ ਕਰਾਇਆ ਜਾਂਦਾ।
ਅੱਜ ਸਮਿਆਂ ਨਾਲ ਬਹੁਤ ਕੁਝ ਬਦਲ ਗਿਆ ਹੈ। ਹੁਣ ਪ੍ਰਾਹੁਣੇ ਜਾਣ ਦਾ ਰੁਝਾਨ ਬਹੁਤ ਘੱਟ ਗਿਆ ਹੈ। ਜੇ ਕਦੇ ਕੋਈ ਜਾਂਦਾ ਵੀ ਹੈ ਤਾਂ ਕੁਝ ਸਮੇਂ ਲਈ ਹੀ ਜਾਂਦਾ ਹੈ ਤੇ ਆਪਣੇ ਰੁਝੇਵਿਆਂ ਦਾ ਰੋਣਾ ਰੋ ਕੇ ਛੇਤੀ ਪਰਤ ਆਉਂਦਾ ਹੈ। ਰਾਤ ਰਹਿਣ ਦਾ ਤਾਂ ਹੁਣ ਰਿਵਾਜ ਹੀ ਨਹੀਂ ਰਿਹਾ। ਆਵਾਜਾਈ ਦੇ ਤੇਜ਼ ਰਫਤਾਰ ਸਾਧਨਾਂ ਤੇ ਸੰਚਾਰ-ਸਾਧਨਾਂ ਦੀ ਹੈਰਾਨਕੁਨ ਕ੍ਰਾਂਤੀ ਨੇ ਜੀਵਨ ਦੀ ਤੋਰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੀ ਹੈ। ਹੁਣ ਕੁਝ ਘੰਟਿਆਂ ਵਿਚ ਹੀ ਬੰਦਾ ਗੱਡੀਆਂ ਦੀ ਬਦੌਲਤ ਕਈ ਥਾਵਾਂ 'ਤੇ ਜਾ ਕੇ ਘਰ ਪਰਤ ਆਉਂਦਾ ਹੈ। ਮਾਪੇ ਰੋਜ਼ੀ-ਰੋਟੀ ਦੇ ਝਮੇਲਿਆਂ ਵਿਚ ਰੁੱਝੇ ਹੋਣ ਕਰ ਕੇ ਹੁਣ ਉਨ੍ਹਾਂ ਕੋਲ ਕਿਤੇ ਜਾਣ ਦਾ ਸਮਾਂ ਹੀ ਨਹੀਂ। ਨਿਆਣੇ ਵੀ ਪਹਿਲਾਂ ਵਾਂਗ ਨਾਨਕਿਆਂ ਤੇ ਭੂਆ, ਮਾਸੀਆਂ ਦੇ ਨਹੀਂ ਜਾਂਦੇ। ਹਰ ਮਾਪੇ ਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ ਵਿਚ ਪਛੜ ਨਾ ਜਾਏ।
ਹੁਣ ਪ੍ਰਾਹੁਣੇ ਦੀ ਉਡੀਕ ਵਿਚ ਕਿਸੇ ਘਰ ਦੇ ਕੋਠੇ 'ਤੇ ਕਾਂ ਨਹੀਂ ਬੋਲਦਾ। ਜੇ ਬੋਲਦਾ ਹੈ ਤਾਂ ਮੋਬਾਈਲ ਹੀ ਬੋਲਦਾ ਹੈ। ਕਿਸੇ ਮਹਿਮਾਨ ਦੇ ਆਉਣ ਬਾਰੇ ਸੁਣ ਕੇ ਹੁਣ ਬਹੁਤ ਥੋੜ੍ਹੇ ਲੋਕ ਖੁਸ਼ ਹੁੰਦੇ ਹਨ। ਕਈ ਵਾਰ ਬਾਹਰ ਗਏ ਹੋਣ ਦਾ ਬਹਾਨਾ ਬਣਾ ਕੇ ਪ੍ਰਾਹੁਣਿਆਂ ਨੂੰ ਟਾਲ ਦਿੱਤਾ ਜਾਂਦਾ ਹੈ। ਦਰਅਸਲ ਹੁਣ ਪਹਿਲਾਂ ਜਿਹਾ ਮੋਹ-ਪਿਆਰ, ਸਾਂਝ ਤੇ ਅਪਣੱਤ ਫਿੱਕੀ ਪੈ ਗਈ ਹੈ। ਮਨੁੱਖ ਆਪਣੇ ਅੰਦਰਲੇ ਖੋਲ ਵਿਚ ਕੈਦ ਹੋ ਗਿਆ ਹੈ। ਹਰ ਕੋਈ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ, ਹੋਰਾਂ ਦੀਆਂ ਸਲਾਹਾਂ ਤੇ ਸਿਆਣਪਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦਾ ਹੈ। ਅਜੋਕਾ ਮਨੁੱਖ ਸੋਸ਼ਲ ਮੀਡੀਆ 'ਤੇ ਸੈਂਕੜੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਆਪਣੇ ਘਰ ਦੇ ਕਿਸੇ ਬਜ਼ੁਰਗ, ਗਵਾਂਢੀਆਂ ਤੇ ਸਾਕ-ਸੰਬੰਧੀਆਂ ਨਾਲ ਨੇੜੇ ਰਹਿ ਕੇ ਵੀ ਕੋਈ ਰਾਬਤਾ ਨਹੀਂ ਰੱਖਦਾ। ਜੇਕਰ ਕਿਸੇ ਮਹਿਮਾਨ ਦੇ ਘਰ ਆਉਣ 'ਤੇ ਵੀ ਤੁਹਾਡੀਆਂ ਅੱਖਾਂ ਤੇ ਉਂਗਲੀਆਂ ਮੋਬਾਈਲ 'ਤੇ ਟਿਕੀਆਂ ਹੋਈਆਂ ਹਨ ਤਾਂ ਸਮਝੋ ਤੁਸੀਂ ਪ੍ਰਾਹੁਣੇ ਦਾ ਨਿਰਾਦਰ ਕਰ ਰਹੇ ਹੋ।
ਅਜੋਕੇ ਸਮੇਂ ਵਿਚ ਹੁਣ ਵੱਖਰੀ ਤਰ੍ਹਾਂ ਦਾ ਰੁਝਾਨ ਪੈਦਾ ਹੋ ਗਿਆ ਹੈ। ਜੇ ਚਾਰ ਪ੍ਰਾਹੁਣੇ ਕਦੇ ਆ ਹੀ ਜਾਣ ਤਾਂ ਘਰ ਰੋਟੀ-ਪਾਣੀ ਦੀ ਸੇਵਾ ਕਰਨ ਦੀ ਬਜਾਏ ਕਿਸੇ ਢਾਬੇ ਜਾਂ ਹੋਟਲ ਵਿਚ ਖਾਣਾ ਖੁਆਉਣ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਇਸ ਨੂੰ ਹੀ ਸਮਾਜਿਕ ਪ੍ਰਤਿਸ਼ਠਾ ਸਮਝਿਆ ਜਾਂਦਾ ਹੈ। ਪਰ ਕਿਸੇ ਪਰਿਵਾਰ ਵਲੋਂ ਜੋ ਆਦਰ-ਮਾਣ ਆਪਣੇ ਹੱਥਾਂ ਨਾਲ ਤਿਆਰ ਕਰ ਕੇ ਛਕਾਏ ਭੋਜਨ ਨਾਲ ਹੁੰਦਾ ਹੈ, ਉਹ ਮਹਿੰਗੇ ਤੋਂ ਮਹਿੰਗੇ ਹੋਟਲ ਵਿਚ ਵੀ ਸੰਭਵ ਨਹੀਂ ਹੋ ਸਕਦਾ। ਸਤਿਕਾਰ ਤੇ ਆਉਭਗਤ ਕਿਸੇ ਮਹਿੰਗੇ ਭੋਜਨ ਵਿਚ ਨਹੀਂ, ਸਗੋਂ ਪਿਆਰ, ਮੋਹ ਤੇ ਸਾਦਗੀ ਨਾਲ ਆਪ ਤਿਆਰ ਕਰ ਕੇ ਖੁਆਏ ਭੋਜਨ ਵਿਚ ਹੁੰਦੀ ਹੈ। ਪੁਰਾਣੇ ਸਮੇਂ ਵਿਚ ਤਾਂ ਲੋਕ ਪ੍ਰਾਹੁਣਾਚਾਰੀ ਤੋਂ ਵਾਪਸ ਆ ਕੇ ਕਈ-ਕਈ ਦਿਨ ਰਿਸ਼ਤੇਦਾਰਾਂ ਵਲੋਂ ਕੀਤੀ ਟਹਿਲ ਸੇਵਾ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਸਨ।
ਹੁਣ ਕਿਸੇ ਵਿਰਲੇ ਘਰ ਹੀ ਪ੍ਰਾਹੁਣੇ ਦੇ ਆਉਣ 'ਤੇ ਚਾਅ ਚੜ੍ਹਦਾ ਹੈ। ਲੋਕ ਦਿਖਾਵੇ ਲਈ ਭਾਵੇਂ ਪ੍ਰਾਹੁਣੇ ਨੂੰ ਜੀ ਆਇਆਂ ਕਿਹਾ ਜਾਂਦਾ ਹੈ, ਪਰ ਮਨ ਵਿਚ ਬਿਨਾਂ ਦੱਸੇ ਆਉਣ 'ਤੇ ਲੋਕ ਕੁੜਦੇ ਰਹਿੰਦੇ ਹਨ। ਰਸਮੀ ਚਾਹ-ਪਾਣੀ ਪਿਲਾਉਣ ਤੋਂ ਬਾਅਦ ਪੁੱਛਿਆ ਜਾਂਦਾ ਹੈ ਕਿ ਕਿਤੇ ਪ੍ਰਾਹੁਣੇ ਦਾ ਰਾਤ ਰਹਿਣ ਦਾ ਪ੍ਰੋਗਰਾਮ ਤਾਂ ਨਹੀਂ ਹੈ। ਜੇ ਪ੍ਰਾਹੁਣਾ ਛੇਤੀ ਚਲਾ ਜਾਵੇ ਤਾਂ ਘਰ ਵਾਲੇ ਬੜੀ ਰਾਹਤ ਮਹਿਸੂਸ ਕਰਦੇ ਹਨ। ਚੀਨੀ ਕਹਾਵਤ ਹੈ ਕਿ 'ਮਹਿਮਾਨ ਬਹੁਤ ਚੰਗਾ ਲਗਦਾ ਹੈ, ਪਰ ਜਾਂਦੇ ਦੀ ਪਿੱਠ ਬਹੁਤ ਸੋਹਣੀ ਲਗਦੀ ਹੈ।' ਦਰਅਸਲ ਲੋਕਾਂ ਦੀ ਜੀਵਨ-ਜਾਚ ਅਜਿਹੀ ਬਣ ਗਈ ਹੈ, ਕਿ ਕਿਸੇ ਕੋਲ ਮਿਲਣ ਦਾ ਸਮਾਂ ਹੀ ਨਹੀਂ ਹੈ। ਭਾਵੇਂ ਘਰ ਕੋਈ ਵਿਹਲਾ ਹੀ ਬੈਠਾ ਹੋਵੇ ਪਰ ਦੱਸਿਆ ਜਾਂਦਾ ਹੈ ਕਿ ਉਹ ਬਹੁਤ ਰੁੱਝਾ ਹੋਇਆ ਹੈ।
ਕੰਪਿਊਟਰ, ਇੰਟਰਨੈੱਟ ਤੇ ਮੋਬਾਈਲ ਦੀ ਬਦੌਲਤ ਘਰ ਬੈਠੇ ਹੀ ਹਾਲ-ਚਾਲ ਪੁੱਛ ਲੈਣ ਦੀ ਸਹੂਲਤ ਨੇ ਕਿਤੇ ਵੀ ਪ੍ਰਾਹਣੁਚਾਰੀ ਵਿਚ ਜਾਣ ਦਾ ਸੰਕਲਪ ਬਦਲ ਦਿੱਤਾ ਹੈ। ਵੀਡਿਓ ਕਾਲ ਨਾਲ ਤਾਂ ਬੰਦੇ ਦੀ ਸ਼ਕਲ-ਸੂਰਤ ਵੀ ਦਿਸ ਪੈਂਦੀ ਹੈ ਤਾਂ ਜਾਪਦਾ ਹੈ ਕਿ ਜਿਵੇਂ ਆਹਮੋ-ਸਾਹਮਣੇ ਬੈਠ ਕੇ ਮੁਲਾਕਾਤ ਹੋ ਗਈ ਹੋਵੇ। ਇਸ ਦੇ ਬਾਵਜੂਦ ਵੀ ਸਾਕਾਂ-ਰਿਸ਼ਤੇਦਾਰੀਆਂ ਦੇ ਕੋਮਲ ਜਿਹੇ ਬੂਟਿਆਂ ਨੂੰ ਹਰਿਆ-ਭਰਿਆ ਰੱਖਣ ਲਈ ਕਦੇ-ਕਦੇ ਮੁਲਾਕਾਤਾਂ ਦਾ ਪਾਣੀ ਦਿੰਦੇ ਰਹਿਣਾ ਮਾਨਵੀ ਸਾਂਝ ਦਾ ਪ੍ਰਤੀਕ ਹੈ। ਜਿਹੜਾ ਸਕੂਨ ਤੇ ਨਿੱਘ ਕਿਸੇ ਨੂੰ ਗਲਵੱਕੜੀ ਪਾ ਕੇ ਆਉਂਦਾ ਹੈ, ਉਹ ਮੋਬਾਈਲ ਵਰਗੇ ਮਸ਼ੀਨੀ ਔਜ਼ਾਰ ਰਾਹੀਂ ਗੱਲਬਾਤ ਨਾਲ ਕਦੇ ਵੀ ਸੰਭਵ ਨਹੀਂ ਹੋ ਸਕਦਾ।
ਮੋਬਾਈਲ : 98153-56086