ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਖਟਕੜ ਕਲਾਂ ਤੇ ਰਾਮ ਦਿਆਲ

Ad Position 21
No active advertisement
ਅਜੀਤ ਡੈਸਕ 24-05-2026

ਹਥਲੀ ਲਿਖਤ ਦੀਆਂ ਜੜ੍ਹਾਂ ਮੇਰੇ ਸਵ. ਕਵੀ ਮਿੱਤਰ ਤਾਰਾ ਸਿੰਘ ਕਾਮਿਲ ਦੇ ਜੱਦੀ ਪੁਸ਼ਤੀ ਪਿੰਡ ਹੁਕੜਾਂ 'ਚ ਹਨ। ਇਹ ਪਿੰਡ ਹੁਸ਼ਿਆਰਪੁਰ ਦੇ ਚੱਬੇਵਾਲ ਕਸਬੇ ਨੇੜੇ ਹੁਸ਼ਿਆਰਪੁਰ ਤੋਂ ਫਗਵਾੜਾ ਜਾਂਦੀ ਸੜਕ 'ਤੇ ਪੈਂਦਾ ਹੈ। ਤਾਰਾ ਸਿੰਘ ਦੇ ਜਿਊਂਦੇ ਜੀਅ ਮੈਂ ਇਸ ਪਿੰਡ ਦੇ ਉਸ ਪਿੱਪਲ ਬਾਰੇ ਵੀ ਜਾਣਦਾ ਸਾਂ ਜਿਸ ਦੀ ਗੱਲ ਤਾਰਾ ਸਿੰਘ ਨੇ ਦਿੱਲੀ ਤੋਂ ਇਸ ਪਿੰਡ ਦੀ ਫੇਰੀ ਪਿੱਛੋਂ ਸੁਣਾਈ ਸੀ। ਉਸ ਵੇਲੇ 50ਵਿਆਂ ਨੂੰ ਢੁੱਕਿਆ ਸਾਡਾ ਕਵੀ ਉਸ ਪਿੱਪਲ ਦੀ ਪਹਿਲਾਂ ਵਾਲੀ ਟਹਿਣੀ ਤੇ ਚੜ੍ਹ ਕੇ ਥੱਲੇ ਛਾਲ ਮਾਰ ਕੇ ਆਇਆ ਸੀ ਤੇ ਉਸ ਨੇ ਇਹ ਗੱਲ ਨਵੀਂ ਦਿੱਲੀ ਦੇ ਕਨਾਟ ਪਲੇਸ ਵਾਲੇ ਕਾਫ਼ੀ ਹਾਊਸ 'ਚ ਸਾਨੂੰ ਸਾਰਿਆਂ ਨੂੰ ਚਾਅ ਨਾਲ ਦੱਸੀ ਸੀ।
ਇਹ ਸਬੱਬ ਦੀ ਗੱਲ ਹੈ ਕਿ ਮੈਂ ਵੀ ਉਸ ਦੇ ਪਿੰਡ ਉਸ ਦੇ ਅਕਾਲ ਚਲਾਣੇ ਪਿੱਛੋਂ ਹੀ ਗਿਆ ਸਾਂ। ਮੈਨੂੰ ਲਿਜਾਣ ਵਾਲਾ ਹੁਕੜਾਂ ਦਾ ਜੰਮਪਲ ਰਾਮ ਦਿਆਲ ਸੀ, ਜਿਸ ਨੇ ਆਪਣੇ ਭਰਾਵਾਂ ਨਾਲ ਰਲ ਕੇ ਪੰਜਾਬ ਦੇ ਵਿਦਿਆਰਥੀਆਂ ਲਈ ਇਕ ਜਾਗ੍ਰਿਤੀ ਉਪਦੇਸ਼ ਜਾਰੀ ਕਰ ਰੱਖਿਆ ਹੈ, ਜਿਸ ਨੂੰ ਉਹ 'ਅਵੇਅਰਨੈੱਸ ਮਿਸ਼ਨ' ਕਹਿੰਦੇ ਹਨ। ਇਸ ਮਿਸ਼ਨ ਅਧੀਨ ਉਹ ਪਿੰਡਾਂ ਤੇ ਕਸਬਿਆਂ ਦੇ ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਾਗਰੂਕਤਾ ਦਾ ਉਪਦੇਸ਼ ਦਿੰਦੇ ਹਨ, ਜਿਨ੍ਹਾਂ ਨੂੰ ਵਰਤਮਾਨ ਪੰਜਾਬ ਸਰਕਾਰ ਨੇ ਸਕੂਲ ਆਫ਼ ਐਮੀਨੈਂਸ ਗਰਦਾਨ ਰੱਖਿਆ ਹੈ। ਮੈਂ ਉਨ੍ਹਾਂ ਦੇ ਅਜਿਹੇ ਇਕ ਹੋਰ ਪ੍ਰੋਗਰਾਮ 'ਚ ਵਿਸ਼ੇਸ਼ ਮਹਿਮਾਨ ਵਜੋਂ 2011 ਵਿਚ ਸ਼ਿਰਕਤ ਕਰ ਚੁੱਕਾ ਹਾਂ।
ਇਸ ਮਹੀਨੇ ਦੀ 15 ਤਿੱਥੀ ਨੂੰ ਉਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ ਪੈਂਦੇ ਚੋਣਵੇਂ ਸਕੂਲਾਂ ਦੇ 600 ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਲੈ ਕੇ ਗਏ ਸਨ। ਇਸ ਵਾਰ ਮੈਂ ਖ਼ੁਦ ਨਹੀਂ ਜਾ ਸਕਿਆ ਪਰ ਮੇਰੇ ਕਹਿਣ 'ਤੇ ਰਾਮ ਦਿਆਲ ਇਸ ਪ੍ਰੋਗਰਾਮ ਦੇ ਵੇਰਵੇ ਮੈਨੂੰ ਮੇਰੇ ਘਰ ਆ ਕੇ ਦੱਸ ਕੇ ਗਿਆ। ਉਸ ਦਾ ਇਕ ਭਰਾ ਮੋਹਨ ਲਾਲ ਮਾੜੀ ਸਿਹਤ ਕਾਰਨ ਨਹੀਂ ਸੀ ਜਾ ਸਕਿਆ ਤੇ ਰਾਮਜੀਤ ਆਪਣੇ ਬੱਚਿਆਂ ਕੋਲ ਕੈਨੇਡਾ ਗਿਆ ਹੋਇਆ ਸੀ। ਰਾਮ ਦਿਆਲ ਖ਼ੁਦ ਉੱਦਮੀ ਜਿਊੜਾ ਹੈ। ਪੁਲਿਸ ਦੀ ਨੌਕਰੀ 'ਚੋਂ ਇਸ ਕੰਮ ਲਈ ਸਮਾਂ ਕੱਢਣਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਇਹ ਗੱਲ ਵੀ ਮੈਨੂੰ ਪਹਿਲੀ ਵਾਰ ਪਤਾ ਲੱਗੀ ਕਿ ਉਸ ਨੂੰ ਤੇ ਉਸ ਦੇ ਭਰਾਵਾਂ ਨੂੰ ਇਸ ਪਾਸੇ ਤੋਰਨ ਵਾਲੀ ਉਨ੍ਹਾਂ ਦੀ ਮਾਂ ਸੀ, ਜਿਸ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਚੰਗੀ ਵਿੱਦਿਆ ਦਿਵਾ ਕੇ ਅਜਿਹੀ ਜਾਗ੍ਰਿਤੀ ਲਈ ਪ੍ਰੇਰਿਆ ਸੀ। ਇਸ ਵਾਰ ਦਾ ਪ੍ਰੋਗਰਾਮ ਇਕੱਲੇ ਰਾਮ ਦਿਆਲ ਨੇ ਨਿਭਾਇਆ ਸੀ। ਇਸ ਵਾਰ ਰਾਮ ਦਿਆਲ ਨੇ ਐਮੀਨੈਂਟ ਸਕੂਲਾਂ ਦੇ 600 ਵਿਦਿਆਰਥੀਆਂ ਨੂੰ 14 ਬੱਸਾਂ 'ਚ ਲਿਜਾਣ ਦਾ ਪ੍ਰਬੰਧ ਖ਼ੁਦ ਕੀਤਾ। ਇਸ ਕਾਰਜ ਲਈ 9 ਮਈ ਦੀ ਤਿਥੀ ਚੁਣਨ ਵਾਲਾ ਵੀ ਉਹੀ ਸੀ। ਇਸ ਮਹੀਨੇ ਦੀ 15 ਤਰੀਕ ਨੂੰ ਥਾਪਰ ਪਰਿਵਾਰ ਦੇ ਸੁਖਦੇਵ ਦਾ ਜਨਮ ਦਿਨ ਸੀ, ਜਿਸ ਨੇ ਕ੍ਰਾਂਤੀਕਾਰੀ ਕਾਰਜਾਂ 'ਚ ਭਗਤ ਸਿੰਘ ਤੇ ਰਾਜਗੁਰੂ ਦਾ ਸਾਥ ਦਿੱਤਾ ਸੀ।
14 ਬੱਸਾਂ ਦਾ ਖ਼ਰਚ ਦੇਣ ਵਾਲੇ ਤਿੰਨੇ ਹੂਕੜਾਂ ਨਿਵਾਸੀ ਭਰਾ ਸਨ ਤੇ ਖਟਕੜ ਕਲਾਂ ਪਹੁੰਚਣ 'ਤੇ ਜਿਹੜਾ ਨਾਸ਼ਤਾ ਕਰਾਇਆ ਗਿਆ, ਉਹ ਚੰਡੀਗੜ੍ਹ ਦੇ 8 ਸੈਕਟਰ ਵਾਲੇ ਗੁਰਦਵਾਰਾ ਸਾਹਿਬ ਵਲੋਂ ਸੀ। ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਖਟਕੜ ਕਲਾਂ ਵਾਲਾ ਉਹ ਘਰ ਵੀ ਤੱਕਿਆ, ਜਿਸ ਨੇ ਪਾਕਿਸਤਾਨ ਦੇ ਚੱਕ ਨੰਬਰ 105 ਤੋਂ ਉੱਜੜ ਕੇ ਆਏ ਭਗਤ ਸਿੰਘ ਦੇ ਮਾਪਿਆਂ (ਕਿਸ਼ਨ ਸਿੰਘ ਤੇ ਵਿਦਿਆਵਤੀ) ਨੂੰ ਸ਼ਰਨ ਦਿੱਤੀ ਸੀ। ਇਸ ਵਿਚ ਅੱਧੀ ਦਰਜਨ ਕਮਰਿਆਂ ਤੋਂ ਬਿਨਾਂ ਇਕ ਪਾਣੀ ਪੀਣ ਵਾਲਾ ਖੂਹ ਤੇ ਪੁਰਾਣਾ ਚਰਖਾ ਵੀ ਹੈ। 600 ਬੱਚਿਆਂ ਨੂੰ ਪੰਜਾਬ ਸਰਕਾਰ ਵਲੋਂ ਬਣਾਇਆ ਗਿਆ ਉਹ ਅਜਾਇਬ ਘਰ ਵੀ ਦਿਖਾਇਆ ਗਿਆ, ਜਿਸ 'ਚ ਹੋਰ ਸੂਰਬੀਰਾਂ ਨੂੰ ਥਾਂ ਦਿੱਤੀ ਗਈ ਹੈ। ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਆਜਾਇਬ ਘਰ 'ਚ ਵਿਉਂਤੇ ਗਏ ਭਾਸ਼ਨ ਤੇ ਪ੍ਰਸ਼ਨ-ਉੱਤਰ ਮੁਕਾਬਲਿਆਂ ਪ੍ਰਤੀ ਵੀ ਰੱਜਵਾਂ ਉਤਸ਼ਾਹ ਦਿਖਾਇਆ। ਮੈਂ ਵੇਖਿਆ ਕਿ ਜਦੋਂ ਰਾਮ ਦਿਆਲ ਮੇਰੇ ਘਰ ਆਇਆ ਤਾਂ ਉਸ ਕੋਲ ਅੱਧੀ ਦਰਜਨ ਰਜਿਸਟਰ ਸਨ, ਜਿਨ੍ਹਾਂ 'ਚ 9 ਮਈ 2026 ਵਾਲੇ ਪ੍ਰੋਗਰਾਮ ਦੇ ਲੇਖੇ-ਜੋਖੇ ਤੋਂ ਬਿਨਾਂ ਪਹਿਲੇ ਕੁਝ ਸਾਲਾਂ ਨਾਲ ਸੰਬੰਧਿਤ ਕਾਗਜ਼ ਪੱਤਰ ਵੀ ਸਨ। ਹੂਕੜਾਂ ਦੇ ਉਕਤ ਭਰਾਵਾਂ ਦੇ ਆਦੇਸ਼ ਅਨੁਸਾਰ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਲਿਜਾ ਕੇ ਨਾਸ਼ਤੇ ਦੇ ਨਾਲ ਪ੍ਰਤੀ ਵਿਦਿਆਰਥੀ ਇਕ ਸਕੂਲ ਬੈਗ ਤੇ ਪੰਜ ਕਾਪੀਆਂ ਵੀ ਵੰਡੀਆਂ। ਮੈਂ ਅੰਤ 'ਚ ਰਾਮ ਦਿਆਲ ਨੂੰ ਇਹ ਵੀ ਪੁੱਛਿਆ ਕਿ ਜੇ ਇਹ ਪ੍ਰੋਗਰਾਮ ਸੁਖਦੇਵ ਦੀ ਯਾਦ ਨੂੰ ਸਮਰਪਿਤ ਸੀ ਤਾਂ 15 ਮਈ ਦੀ ਥਾਂ 9 ਮਈ ਨੂੰ ਕਿਉਂ ਕੀਤਾ ਗਿਆ। ਉਸ ਦਾ ਜਵਾਬ ਮਜ਼ੇਦਾਰ ਸੀ ਕਿ ਏਦਾਂ ਕੀਤਿਆਂ ਪ੍ਰੋਗਰਾਮ 'ਚ ਰਾਜਨੀਤੀ ਆ ਵੜਦੀ ਹੈ ਤੇ ਸਾਡਾ ਉਦੇਸ਼ ਇਹ ਨਹੀਂ ਸੀ। ਇਸੇ ਲਈ 2011 ਵਾਲਾ ਪ੍ਰੋਗਰਾਮ ਵੀ ਅਸੀਂ 23 ਮਾਰਚ ਦੀ ਥਾਂ 31 ਮਾਰਚ ਨੂੰ ਕਰਾਇਆ ਸੀ। ਰਾਮ ਦਿਆਲ ਦੀ ਪੇਸ਼ਕਾਰੀ ਤੋਂ ਮੈਨੂੰ ਜਾਪਿਆ ਜਿਵੇਂ ਮੈਂ ਖ਼ੁਦ ਉਸ ਦੇ ਨਾਲ ਸਾਂ।
ਅੰਤਿਕਾ
[ਤਾਰਾ ਸਿੰਘ ਕਾਮਿਲ]
ਰਾਤ ਫੇਰ ਤੁਸੀਂ ਸੁਫ਼ਨੇ ਆਏ,
ਆ ਕੇ ਬਹਿ ਗਏ ਕੋਲ।
ਰਾਤ ਫੇਰ ਚੰਨ ਅਰਸ਼ੋਂ ਲੱਥਾ,
ਜ਼ਿਮੀ ਦੀ ਭਰ ਗਿਆ ਝੋਲ।
ਨੈਣ ਮੇਰੇ ਚੁੰਮਣ ਪਰਛਾਵੇਂ,
ਸੋਲ ਬੁੱਲੀਆਂ ਖੋਲ੍ਹ।
ਬੋਟ ਵਾਂਗ ਚਿਚਲਾਵਣ ਤੜਫਨ,
ਪਰ, ਨਾ ਸੱਕਣ ਤੋਲ।

ਈਮੇਲ : sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਸਮਿਆਂ ਨਾਲ ਬਦਲ ਗਏ ਪ੍ਰਾਹੁਣਚਾਰੀ ਦੇ ਰੰਗ ਅਗਲੀ ਖ਼ਬਰ ਕਿਸ ਅਲਾਮਤ ਦਾ ਪ੍ਰਗਟਾਵਾ ਹੈ ਕਾਕਰੋਚ ਜਨਤਾ ਪਾਰਟੀ?
Ad Position 24
No active advertisement