ਜੇਕਰ ਦੁਨੀਆ ਦੇ ਰਾਜਨੀਤਕ ਇਤਿਹਾਸ ਦਾ ਅਧਿਐਨ ਕੀਤਾ ਜਾਏ ਤਾਂ ਵੱਖ-ਵੱਖ ਦੇਸ਼ਾਂ ਵਿਚ ਵਾਪਰਦੇ ਰਹੇ ਘਟਨਾਕ੍ਰਮਾਂ ਸੰਬੰਧੀ ਦਿਲਚਸਪ ਤੱਥ ਸਾਹਮਣੇ ਆਉਂਦੇ ਹਨ। ਕਈ ਵਾਰ ਦੇਸ਼ਾਂ ਵਿਚ ਅਜਿਹਾ ਕੁਝ ਵਾਪਰਦਾ ਹੈ, ਜਿਸ ਦੀ ਪਹਿਲਾਂ ਕਦੇ ਕਿਸੇ ਨੇ ਆਸ ਨਹੀਂ ਕੀਤੀ ਹੁੰਦੀ। ਮਜ਼ਬੂਤ ਨਜ਼ਰ ਆਉਂਦੀਆਂ ਸਰਕਾਰਾਂ ਅਤੇ ਕੱਦਾਵਰ ਲੀਡਰ ਲੋਕ ਲਹਿਰਾਂ ਦੇ ਵਹਾਅ ਅੱਗੇ ਤਾਸ਼ ਦੇ ਪੱਤਿਆਂ ਵਾਂਗ ਬਿਖਰਦੇ ਦਿਖਾਈ ਦਿੰਦੇ ਹਨ। ਵੱਡੇ-ਵੱਡੇ ਆਗੂਆਂ ਦੀ ਯਾਦ ਵਿਚ ਖੜ੍ਹੇ ਕੀਤੇ ਬੁੱਤ ਭੀੜਾਂ ਤੋੜ ਦਿੰਦੀਆਂ ਹਨ। ਯਾਦਗਾਰਾਂ ਦੀ ਸਾੜ-ਫੂਕ ਜਾਂ ਭੰਨਤੋੜ ਕਰ ਦਿੱਤੀ ਜਾਂਦੀ ਹੈ। ਸ਼ਾਹੀ ਮਹਿਲਾਂ ਵਿਚ ਭੀੜਾਂ ਆ ਜਾਂਦੀਆਂ ਹਨ। ਜੇਕਰ ਦੱਖਣੀ ਏਸ਼ੀਆ ਦੀ ਗੱਲ ਕਰੀਏ ਤਾਂ ਇਸੇ ਤਰ੍ਹਾਂ ਸਾਡੇ ਗੁਆਂਢੀ ਦੇਸ਼ਾਂ ਸ੍ਰੀਲੰਕਾ, ਬੰਗਲਾਦੇਸ਼ ਅਤੇ ਨਿਪਾਲ ਵਿਚ ਕੁਝ ਸਾਲ ਪਹਿਲਾਂ ਹੀ ਵਿਦਿਆਰਥੀਆਂ ਅਤੇ ਲੋਕਾਂ ਦੀ ਅਸੰਤੁਸ਼ਟੀ ਕਾਰਨ ਸਰਕਾਰਾਂ ਬਦਲਦੀਆਂ ਨਜ਼ਰ ਆਈਆਂ ਹਨ। ਇਨ੍ਹਾਂ ਦੇਸ਼ਾਂ ਸੰਬੰਧੀ ਪਹਿਲਾਂ ਰਾਜਨੀਤਕ ਮਾਹਿਰਾਂ ਨੇ ਅਜਿਹੇ ਅੰਦਾਜ਼ੇ ਨਹੀਂ ਲਗਾਏ ਸਨ, ਕਿ ਲੋਕਾਂ ਦੀ ਬੇਚੈਨੀ ਇਸ ਕਦਰ ਵਧ ਜਾਏਗੀ ਅਤੇ ਉਹ ਸਰਕਾਰਾਂ ਪਲਟ ਦੇਣਗੇ। ਪਰ ਇਹ ਸਭ ਕੁਝ ਵਾਪਰਦਾ ਅਸੀਂ ਦੇਖ ਚੁੱਕੇ ਹਾਂ।
ਅਜਿਹੇ ਵਰਤਾਰੇ ਵਾਪਰਨ ਤੋਂ ਬਾਅਦ ਜਦੋਂ ਉਨ੍ਹਾਂ ਸੰਬੰਧੀ ਵਿਸ਼ਲੇਸ਼ਣ ਹੁੰਦਾ ਹੈ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸਰਕਾਰਾਂ ਅਤੇ ਉਨ੍ਹਾਂ ਦੇ ਆਗੂ ਹੇਠਲੀ ਪੱਧਰ ਦੀਆਂ ਸਮਾਜਿਕ ਹਕੀਕਤਾਂ ਤੋਂ ਟੁੱਟ ਚੁੱਕੇ ਸਨ। ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਅਤੇ ਦੁੱਖ-ਤਕਲੀਫ਼ਾਂ ਦਾ ਗਹਿਰਾ ਅਹਿਸਾਸ ਨਹੀਂ ਸੀ, ਜੇ ਅਹਿਸਾਸ ਸੀ ਵੀ ਤਾਂ ਵੀ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਅਸਫ਼ਲ ਰਹੇ ਸਨ। ਪਰ ਇਤਿਹਾਸ ਇਹ ਵੀ ਦੱਸਦਾ ਹੈ ਕਿ ਵੱਖ-ਵੱਖ ਦੇਸ਼ਾਂ ਵਿਚ ਚੱਲਣ ਵਾਲੀਆਂ ਸਾਰੀਆਂ ਲੋਕ ਲਹਿਰਾਂ ਹਮੇਸ਼ਾਂ ਹਾਂ-ਪੱਖੀ ਰਾਜਨੀਤਕ ਤੇ ਆਰਥਿਕ ਤਬਦੀਲੀਆਂ ਲਿਆਉਣ ਵਿਚ ਸਫ਼ਲ ਨਹੀਂ ਹੁੰਦੀਆਂ। ਕਈ ਲੋਕ ਲਹਿਰਾਂ ਤੋਂ ਬਾਅਦ ਸੰਬੰਧਿਤ ਦੇਸ਼ਾਂ ਦੇ ਪ੍ਰਸ਼ਾਸਨ ਹੋਰ ਵੀ ਵਧੇਰੇ ਤਾਨਾਸ਼ਾਹ ਤੇ ਦਮਨਕਾਰੀ ਹੋ ਜਾਂਦੇ ਹਨ ਅਤੇ ਲੋਕਾਂ ਦੀ ਆਰਥਿਕ ਤੇ ਰਾਜਨੀਤਕ ਪੱਖ ਤੋਂ ਸਥਿਤੀ ਹੋਰ ਵੀ ਖਰਾਬ ਹੋ ਜਾਂਦੀ ਹੈ। ਫਿਰ ਵੀ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਜਮਹੂਰੀ ਦੇਸ਼ਾਂ ਵਿਚ ਅੰਤਿਮ ਤੌਰ 'ਤੇ ਲੋਕਾਂ ਦੀ ਇੱਛਾ ਹੀ ਮਹੱਤਵ ਰੱਖਦੀ ਹੈ। ਦਮਨਕਾਰੀ ਪ੍ਰਸ਼ਾਸਨਾਂ ਦੀ ਉਮਰ ਲੰਮੀ ਹੋ ਸਕਦੀ ਹੈ ਪਰ ਲੋਕ ਸਮਰਥਨ ਦੀ ਅਣਹੋਂਦ ਕਾਰਨ ਉਹ ਸਦਾ ਕਾਇਮ ਨਹੀਂ ਰਹਿ ਸਕਦੇ। ਜੇਕਰ ਭਾਰਤ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਆਜ਼ਾਦੀ ਤੋਂ ਬਾਅਦ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿਚ ਹੋਏ ਅੰਦੋਲਨ ਅਤੇ ਉਸ ਤੋਂ ਬਾਅਦ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਹੋਏ ਜਨਤਕ ਅੰਦੋਲਨ ਨੇ ਆਪਣੀ ਕਿਸਮ ਦੀਆਂ ਚੰਗੀਆਂ-ਮਾੜੀਆਂ ਤਬਦੀਲੀਆਂ ਲਿਆਂਦੀਆਂ ਸਨ। ਉਨ੍ਹਾਂ ਨੇ ਕਈ ਰਾਜਨੀਤਕ ਪਾਰਟੀਆਂ ਦੀ ਕਿਸਮਤ ਸਵਾਰੀ ਸੀ ਅਤੇ ਕਈਆਂ ਦੀ ਵਿਗਾੜੀ ਸੀ।
ਇਸ ਸਮੇਂ ਦੇਸ਼ ਵਿਚ ਕੌਮੀ ਲੋਕਤੰਤਰਿਕ ਗੱਠਜੋੜ, ਜਿਸ ਵਿਚ ਭਾਜਪਾ ਭਾਰੂ ਧਿਰ ਹੈ, ਨੇ ਕੇਂਦਰ ਵਿਚ ਸੱਤਾ ਸੰਭਾਲੀ ਹੋਈ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਕ ਪ੍ਰਭਾਵੀ ਪ੍ਰਧਾਨ ਮੰਤਰੀ ਵਜੋਂ ਵਿਚਰ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਦੇ 22 ਦੇ ਲਗਭਗ ਸੂਬਿਆਂ ਵਿਚ ਵੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ। ਬਿਨਾਂ ਸ਼ੱਕ ਦੇਸ਼ ਦੇ ਲੋਕਾਂ ਲਈ ਇਹ ਅੰਮ੍ਰਿਤ ਕਾਲ ਹੋਵੇ ਜਾਂ ਨਾ ਹੋਵੇ ਪਰ ਭਾਰਤੀ ਜਨਤਾ ਪਾਰਟੀ ਲਈ ਇਹ ਜ਼ਰੂਰ ਅੰਮ੍ਰਿਤ ਕਾਲ ਹੈ। ਪਰ ਹੇਠਲੀ ਪੱਧਰ 'ਤੇ ਕੇਂਦਰ ਸਰਕਾਰ ਅਤੇ ਇਸ ਦੀਆਂ ਰਾਜ ਸਰਕਾਰਾਂ ਦਾ ਲੋਕਾਂ ਵਿਚ ਕਿਹੋ ਜਿਹਾ ਪ੍ਰਭਾਵ ਹੈ ਅਤੇ ਲੋਕ ਇਸ ਤੋਂ ਕਿੰਨਾ ਕੁ ਸੰਤੁਸ਼ਟ ਹਨ, ਇਸ ਦਾ ਕੱਚ-ਸੱਚ ਪਿਛਲੇ ਦਿਨੀਂ ਮਜ਼ਾਕ ਵਜੋਂ ਹੋਂਦ ਵਿਚ ਆਈ ਕਾਕਰੋਚ ਜਨਤਾ ਪਾਰਟੀ ਦੇ ਉਭਾਰ ਨਾਲ ਸਾਹਮਣੇ ਆਇਆ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਸੂਰਿਆਕਾਂਤ ਨੇ ਕੁਝ ਦਿਨ ਪਹਿਲਾਂ ਇਕ ਕੇਸ ਦੀ ਸੁਣਵਾਈ ਕਰਦਿਆਂ ਇਹ ਕਿਹਾ ਸੀ ਕਿ ਸਾਡੇ ਦੇਸ਼ ਵਿਚ ਕੁੱਝ ਨੌਜਵਾਨ ਕਾਕਰੋਚਾਂ ਦੀ ਤਰ੍ਹਾਂ ਹਨ, ਜਿਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਜਾਂ ਕਿਸੇ ਕਿੱਤੇ ਵਿਚ ਉਹ ਆਪਣੀ ਥਾਂ ਨਹੀਂ ਬਣਾ ਪਾਉਂਦੇ ਤਾਂ ਫਿਰ ਉਹ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਚਲੇ ਜਾਂਦੇ ਹਨ। ਆਰ.ਟੀ.ਆਈ. ਐਕਟੀਵਿਸਟ ਬਣ ਜਾਂਦੇ ਹਨ ਅਤੇ ਸਿਸਟਮ 'ਤੇ ਹਮਲੇ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੀ ਇਸ ਟਿੱਪਣੀ ਦਾ ਬਿਨਾਂ ਸ਼ੱਕ ਦੇਸ਼ ਦੇ ਰਾਜਨੀਤਕ ਤੇ ਪੱਤਰਕਾਰੀ ਹਲਕਿਆਂ ਵਿਚ ਗੰਭੀਰਤਾ ਨਾਲ ਨੋਟਿਸ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਆਲੋਚਨਾ ਵੀ ਹੋਈ ਸੀ। ਇਸ ਨੂੰ ਮੁੱਖ ਰੱਖਦਿਆਂ ਮੁੱਖ ਜੱਜ ਸੂਰਿਆਕਾਂਤ ਨੇ ਆਪਣਾ ਸਪੱਸ਼ਟੀਕਰਨ ਵੀ ਦਿੱਤਾ ਸੀ ਕਿ ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਸੰਬੰਧੀ ਅਜਿਹੀ ਕੋਈ ਟਿੱਪਣੀ ਨਹੀਂ ਸੀ ਕੀਤੀ, ਸਗੋਂ ਅਜਿਹੇ ਵਿਅਕਤੀਆਂ ਸੰਬੰਧੀ ਟਿੱਪਣੀ ਕੀਤੀ ਸੀ, ਜਿਹੜੇ ਜਾਅਲੀ ਡਿਗਰੀਆਂ ਲੈ ਕੇੇ ਨੌਕਰੀਆਂ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਉਨ੍ਹਾਂ ਦੇ ਇਸ ਸਪੱਸ਼ਟੀਕਰਨ ਨਾਲ ਨਾ ਤਾਂ ਦੇਸ਼ ਵਿਚ ਅਤੇ ਨਾ ਹੀ ਵਿਦੇਸ਼ ਵਿਚ ਲੋਕ ਸੰਤੁਸ਼ਟ ਹੋਏ। ਉਨ੍ਹਾਂ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਬਹੁਤੇ ਲੋਕਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਵਲੋਂ ਇਸ ਤਰ੍ਹਾਂ ਲਿਆ ਗਿਆ, ਜਿਵੇਂ ਉਹ ਬੇਰੁਜ਼ਗਾਰ ਨੌਜਵਾਨਾਂ ਅਤੇ ਆਮ ਲੋਕਾਂ ਦਾ ਮਜ਼ਾਕ ਉਡਾ ਰਹੇ ਹੋਣ। ਇਸ ਤਰ੍ਹਾਂ ਦੀਆਂ ਭਾਵਨਾਵਾਂ ਦੇ ਪ੍ਰਭਾਵ ਅਧੀਨ ਹੀ ਭਾਰਤੀ ਮੂਲ ਦੇ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਵਿਚ ਪੜ੍ਹ ਰਹੇ ਵਿਦਿਆਰਥੀ ਅਭਿਜੀਤ ਦੀਪਕੇ ਨੇ ਮਜ਼ਾਕ-ਮਜ਼ਾਕ ਵਿਚ ਇੰਸਟਾਗ੍ਰਾਮ 'ਤੇ ਕਾਕਰੋਚ ਜਨਤਾ ਪਾਰਟੀ ਨਾਂਅ ਦਾ ਸੰਗਠਨ ਬਣਾ ਕੇ ਨੌਜਵਾਨਾਂ ਨੂੰ ਇਸ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਸੰਬੰਧੀ ਐਕਸ 'ਤੇ ਵੀ ਖਾਤਾ ਬਣਾਇਆ। ਉਨ੍ਹਾਂ ਲਈ ਤੇ ਭਾਰਤ ਦੇ ਲੋਕਾਂ ਲਈ ਵੀ ਇਹ ਬੜੀ ਹੈਰਾਨੀ ਵਾਲੀ ਗੱਲ ਹੋਈ ਕਿ ਜੰਗਲ ਦੀ ਅੱਗ ਦੀ ਤਰ੍ਹਾਂ ਕਾਕਰੋਚ ਜਨਤਾ ਪਾਰਟੀ ਦਾ ਸੁਨੇਹਾ ਦੇਸ਼-ਵਿਦੇਸ਼ ਵਿਚ ਫੈਲ ਗਿਆ। ਇਹ ਸਿਲਸਿਲਾ 16 ਮਈ ਤੋਂ ਆਰੰਭ ਹੋਇਆ ਸੀ ਹੁਣ ਤੱਕ ਇੰਸਟਾਗ੍ਰਾਮ 'ਤੇ ਇਸ ਨਾਲ 1.7 ਕਰੋੜ ਲੋਕ ਜੁੜ ਚੁੱਕੇ ਹਨ। ਐਕਸ 'ਤੇ ਅਭਿਜੀਤ ਦੀਪਕੇ ਵਲੋਂ ਬਣਾਏ ਖਾਤੇ ਨੂੰ ਭਾਰਤੀ ਸਰਕਾਰ ਨੇ ਦੇਸ਼ ਵਿਚ ਬੈਨ ਕਰਵਾ ਦਿੱਤਾ ਹੈ ਪਰ ਅਭਿਜੀਤ ਦੀਪਕੇ ਵਲੋਂ ਕਾਕਰੋਚ ਜਨਤਾ ਪਾਰਟੀ ਕੰਮਬੈਕ ਨਾਂਅ ਦੇ ਨਾਲ ਦੁਬਾਰਾ ਤੋਂ ਖਾਤਾ ਬਣਾ ਲਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਹ ਪਲੇਟਫਾਰਮ ਖੜ੍ਹਾ ਕਰਨ ਲਈ ਉਨ੍ਹਾਂ ਨੂੰ ਅਤੇ ਭਾਰਤ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆ ਹਨ।
ਦੇਸ਼-ਵਿਦੇਸ਼ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਲਗਾਤਾਰ ਇਸ ਨਾਲ ਜੁੜ ਰਹੇ ਹਨ। ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਨੌਜਵਾਨ ਕਾਕਰੋਚ ਜਨਤਾ ਪਾਰਟੀ ਦੇ ਨਾਂਅ ਨਾਲ ਆਪੋ-ਆਪਣੇ ਖਾਤੇ ਬਣਾ ਕੇ ਏ.ਆਈ. ਦੀ ਵਰਤੋਂ ਨਾਲ ਕਾਕਰੋਚਾਂ ਦੀਆਂ ਬੜੀਆਂ ਦਿਲਚਸਪ ਵੀਡੀਓਜ਼ ਬਣਾ ਰਹੇ ਹਨ, ਜਿਨ੍ਹਾਂ ਵਿਚ ਕਾਕਰੋਚ ਨੌਜਵਾਨਾਂ ਅਤੇ ਆਮ ਲੋਕਾਂ ਦੇ ਮਸਲਿਆਂ ਬਾਰੇ ਭਾਸ਼ਣ ਕਰਦੇ ਨਜ਼ਰ ਆ ਰਹੇ ਹਨ ਅਤੇ ਕਾਕਰੋਚਾਂ ਦੀਆਂ ਭੀੜਾਂ ਤਬਦੀਲੀ ਲਈ ਨਾਅਰੇ ਮਾਰਦੀਆਂ ਦਿਖਾਈ ਦੇ ਰਹੀਆਂ ਹਨ। ਬਹੁਤ ਸਾਰੇ ਕਲਾਕਾਰਾਂ ਨੇ ਕਾਕਰੋਚ ਜਨਤਾ ਪਾਰਟੀ ਦੇ ਹੱਕ ਵਿਚ ਗਾਣੇ ਵੀ ਰਿਕਾਰਡ ਕਰਵਾ ਕੇ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ 'ਤੇ ਪਾ ਦਿੱਤੇ ਹਨ। ਅਭਿਜੀਤ ਦੀਪਕੇ ਨੇ ਇਸ ਮਜ਼ਾਕੀਆ ਪਾਰਟੀ ਵਿਚ ਸ਼ਾਮਿਲ ਹੋਣ ਲਈ ਜੋ ਯੋਗਤਾਵਾਂ ਰੱਖੀਆਂ ਹਨ, ਉਨ੍ਹਾਂ ਵਿਚ ਬੇਰੁਜ਼ਗਾਰ ਹੋਣਾ, ਆਲਸੀ ਹੋਣਾ ਅਤੇ ਹਮੇਸ਼ਾ ਆਨਲਾਈਨ ਰਹਿਣਾ ਅਤੇ ਪੇਸ਼ਾਵਰ ਤਰੀਕੇ ਨਾਲ ਆਪਣੀ ਭੜਾਸ ਕੱਢਣ ਦੀ ਯੋਗਤਾ ਹੋਣਾ ਆਦਿ ਸ਼ਾਮਿਲ ਹਨ। ਕਾਕਰੋਚ ਜਨਤਾ ਪਾਰਟੀ ਵਲੋਂ ਜੋ ਆਪਣੀਆਂ ਮੰਗਾਂ ਰੱਖੀਆਂ ਗਈਆਾਂ ਹਨ ਉਹ ਹੇਠ ਪ੍ਰਕਾਰ ਹਨ।
(1) ਸੁਪਰੀਮ ਕੋਰਟ ਦੇ ਸੇਵਾਮੁਕਤ ਹੋਣ ਵਾਲੇ ਮੁੱਖ ਜੱਜਾਂ ਨੂੰ ਰਾਜ ਸਭਾ ਜਾਂ ਹੋਰ ਸਰਕਾਰੀ ਅਹੁਦਿਆਂ 'ਤੇ ਨਿਯੁਕਤ ਨਾ ਕੀਤਾ ਜਾਏ।
(2) ਹਾਲ ਹੀ ਵਿਚ ਨੀਟ ਮੈਡੀਕਲ ਪ੍ਰੀਖਿਆ ਦੇ ਲੀਕ ਹੋਏ ਪੇਪਰ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫ਼ਾ ਦੇਣ।
(3) ਸੰਸਦ ਅਤੇ ਵਿਧਾਨ ਸਭਾਵਾਂ ਵਿਚ ਔਰਤਾਂ ਲਈ 50 ਫ਼ੀਸਦੀ ਰਾਖਵਾਂਕਰਨ ਲਾਗੂ ਕੀਤਾ ਜਾਏ। ਜੇਕਰ ਚੋਣਾਂ ਵਿਚ ਹੇਰਾ-ਫੇਰੀ ਹੁੰਦੀ ਹੈ ਜਾਂ ਵੋਟ ਚੋਰੀ ਹੁੰਦੇ ਹਨ ਤਾਂ ਮੁੱਖ ਚੋਣ ਕਮਿਸ਼ਨਰ 'ਤੇ ਯੂ.ਏ.ਪੀ.ਏ. ਲਗਾ ਕੇ ਉਸ ਨੂੰ ਜੇਲ੍ਹ ਭਜਿਆ ਜਾਏ।
(4) ਜਿਹੜਾ ਕੋਈ ਲੀਡਰ ਦਲ ਬਦਲੀ ਕਰਦਾ ਹੈ ਉਸ 'ਤੇ 20 ਸਾਲ ਤੱਕ ਚੋਣ ਲੜਨ 'ਤੇ ਪਾਬੰਦੀ ਲਗਾਈ ਜਾਵੇ।
(5) ਸੱਤਾ ਸਮਰਥਕ ਮੀਡੀਆ (ਗੋਦੀ ਮੀਡੀਆ) ਦੇ ਐਂਕਰਾਂ ਅਤੇ ਉਸ ਦੇ ਮਾਲਿਕਾਂ ਦੀ ਜਾਇਦਾਦ ਦੀ ਜਾਂਚ ਕੀਤੀ ਜਾਵੇ।
ਕਾਕਰੋਚ ਜਨਤਾ ਪਾਰਟੀ ਦਾ ਉਪਰੋਕਤ ਉਭਾਰ ਇਸ ਗੱਲ ਦਾ ਭਲੀ-ਭਾਂਤ ਪ੍ਰਗਟਾਵਾ ਕਰਦਾ ਹੈ ਕਿ ਦੇਸ਼ ਦੇ ਨੌਜਵਾਨ ਅਤੇ ਆਮ ਲੋਕ ਸਾਡੀ ਰਾਜਨੀਤਕ ਵਿਵਸਥਾ, ਨਿਆਂਪਾਲਕਾ ਅਤੇ ਇਥੇ ਦੀਆਂ ਸਰਕਾਰਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਆਰਥਿਕ ਨੀਤੀਆਂ ਤੋਂ ਸੰਤੁਸ਼ਟ ਨਹੀਂ ਹਨ। ਉਹ ਇਸ ਗੱਲ ਤੋਂ ਵੀ ਪ੍ਰੇਸ਼ਾਨ ਤੇ ਬਦਜ਼ਨ ਹਨ ਕਿ ਪੂਰੀ ਵਿਵਸਥਾ ਆਮ ਲੋਕਾਂ ਪ੍ਰਤੀ ਜਵਾਬਦੇਹ ਨਹੀਂ ਹੈ। ਸਗੋਂ ਆਮ ਲੋਕਾਂ ਦਾ ਵੱਡੇ ਅਹੁਦਿਆਂ 'ਤੇ ਬੈਠੀਆਂ ਸ਼ਖ਼ਸੀਅਤਾਂ ਵਲੋਂ ਤ੍ਰਿਸਕਾਰ ਕੀਤਾ ਜਾ ਰਿਹਾ ਹੈ। ਕਾਕਰੋਚ ਜਨਤਾ ਪਾਰਟੀ ਦੇ ਉਭਾਰ ਨਾਲ ਜੋ ਇਹ ਹਕੀਕਤਾਂ ਸਾਹਮਣੇ ਆਈਆਂ ਹਨ ਇਹ ਸਾਡੀ ਪੂਰੀ ਰਾਜਨੀਤਕ ਵਿਵਸਥਾ ਲਈ ਇਕ ਬੜੀ ਵੱਡੀ ਚੁਣੌਤੀ ਪੇਸ਼ ਕਰਦੀਆਂ ਹਨ। ਸੱਤਾ ਦੀਆਂ ਕੁਰਸੀਆਂ 'ਤੇ ਬਿਰਾਜਮਾਨ ਲੋਕਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਦਿਆਂ ਆਪਣੀ ਕਾਰਜਸ਼ੈਲੀ ਵਿਚ ਵੱਡੀਆਂ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ। ਦੇਸ਼ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਸਿਰਜਣੇ ਚਾਹੀਦੇ ਹਨ। ਪ੍ਰਬੰਧ ਵਿਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਚਾਹੀਦਾ ਹੈ। ਆਰਥਿਕ ਨੀਤੀਆਂ ਕਾਰਪੋਰੇਟਰਾਂ ਦੇ ਹੱਕ ਵਿਚ ਨਹੀਂ ਸਗੋਂ ਆਮ ਲੋਕਾਂ ਦੇ ਹੱਕ ਵਿਚ ਹੋਣੀਆਂ ਚਾਹੀਦੀਆਂ ਹਨ। ਜਲ, ਜੰਗਲ, ਜ਼ਮੀਨ ਅਤੇ ਦੇਸ਼ ਦੇ ਹੋਰ ਕੁਦਰਤੀ ਸਾਧਨਾਂ ਦੀ ਵਰਤੋਂ ਕਾਰਪੋਰੇਟਰਾਂ ਦਾ ਮੁਨਾਫ਼ਾ ਵਧਾਉਣ ਲਈ ਨਹੀਂ ,ਸਗੋਂ ਆਮ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਸਿਰਜਣ ਵਾਸਤੇ ਹੋਣੀ ਚਾਹੀਦੀ ਹੈ। ਸਿੱਖਿਆ ਪ੍ਰਣਾਲੀ ਨੂੰ ਸਮੇਂ ਦੀ ਹਾਣੀ ਬਣਾਉਣਾ ਚਾਹੀਦਾ ਹੈ ਅਤੇ ਪੇਸ਼ਾਵਰ ਕੋਰਸਾਂ ਦੇ ਦਾਖ਼ਲਿਆਂ ਸੰਬੰਧੀ ਪੇਪਰਾਂ ਦੇ ਵਾਰ-ਵਾਰ ਲੀਕ ਹੋਣ ਦਾ ਸਿਲਸਿਲਾ ਰੋਕਿਆ ਜਾਣਾ ਚਾਹੀਦਾ ਹੈ। ਜੇਕਰ ਸਾਡਾ ਸੱਤਾਧਾਰੀ ਵਰਗ ਵਿਵਸਥਾ ਵਿੱਚ ਪਾਏ ਜਾ ਰਹੇ ਉਪਰੋਕਤ ਵਿਗਾੜਾਂ ਨੂੰ ਸਮੇਂ ਸਿਰ ਦਰੁਸਤ ਨਹੀਂ ਕਰਦਾ ਤੇ ਆਪਣੇ ਆਪ ਨੂੰ ਲੋਕਾਂ ਅੱਗੇ ਜਵਾਬਦਹ ਨਹੀਂ ਬਣਾਉਂਦਾ ਤਾਂ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ 'ਤੇ ਕਾਕਰੋਚ ਜਨਤਾ ਪਾਰਟੀ ਦਾ ਜਿਹੜਾ ਅੰਦੋਲਨ ਧੂੰਮਾਂ ਪਾਉਂਦਾ ਨਜ਼ਰ ਆ ਰਿਹਾ ਹੈ, ਉਹ ਸੜਕਾਂ 'ਤੇ ਵੀ ਉਤਰ ਸਕਦਾ ਹੈ। ਸਮੇਂ ਦੀ ਆਵਾਜ਼ ਨੂੰ ਸੁਣਨਾ ਹੁਣ ਸਾਡੇ ਸੱਤਾਧਾਰੀ ਵਰਗ ਦਾ ਕੰਮ ਹੈ। ***
ਕਿਸ ਅਲਾਮਤ ਦਾ ਪ੍ਰਗਟਾਵਾ ਹੈ ਕਾਕਰੋਚ ਜਨਤਾ ਪਾਰਟੀ?
ਅਜੀਤ ਡੈਸਕ
24-05-2026