ਪੱਛਮੀ ਬੰਗਾਲ ਵਿਚ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਸਖ਼ਤ ਮਕਾਬਲੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਹੈ। ਇਨ੍ਹਾਂ ਚੋਣਾਂ ਵਿਚ ਮੁਕਾਬਲਾ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਕਾਰ ਹੀ ਬਣਿਆ ਨਜ਼ਰ ਆਉਂਦਾ ਸੀ। ਮਮਤਾ ਨੇ 15 ਸਾਲ ਤੱਕ ਸੂਬੇ ਦਾ ਪ੍ਰਸ਼ਾਸਨ ਚਲਾਇਆ ਹੈ। ਅਸੀਂ ਉਸ ਦੇ ਪ੍ਰਸ਼ਾਸਨ ਨੂੰ ਵਧੀਆ ਨਹੀਂ ਮੰਨਦੇ। ਕਿਉਂਕਿ ਇਸ ਅਰਸੇ ਵਿਚ ਬੰਗਾਲ ਆਰਥਿਕ ਤੌਰ 'ਤੇ ਮੁਢਲੀਆਂ ਸਹੂਲਤਾਂ ਦੇ ਪੱਖ ਤੋਂ ਪਛੜਿਆ ਹੀ ਨਜ਼ਰ ਆਉਂਦਾ ਰਿਹਾ ਹੈ। ਸੂਬੇ ਤੇ ਕੇਂਦਰ ਸਰਕਾਰ ਵਿਚਕਾਰ ਲਗਾਤਾਰ ਖਿਚਾਅ ਬਣਿਆ ਰਿਹਾ ਸੀ। ਇਸ ਲਈ ਕੇਂਦਰ ਵਲੋਂ ਵੀ ਇੱਥੋਂ ਦੇ ਵਿਕਾਸ ਕਾਰਜਾਂ ਵਿਚ ਵੱਡਾ ਉਤਸ਼ਾਹ ਨਹੀਂ ਸੀ ਦਿਖਾਇਆ ਗਿਆ। ਮਮਤਾ ਨੇ ਵੀ ਕੇਂਦਰ ਪ੍ਰਤੀ ਲਗਾਤਾਰ ਆਪਣਾ ਬੇਰੁਖੀ ਵਾਲਾ ਵਤੀਰਾ ਹੀ ਧਾਰਨ ਕਰੀ ਰੱਖਿਆ। ਇਸ ਅਰਸੇ ਵਿਚ ਕੋਈ ਵੀ ਵੱਡੀ ਸਨਅਤ ਇੱਥੇ ਨਾ ਲੱਗ ਸਕੀ ਅਤੇ ਵੱਡੀਆਂ ਕੰਪਨੀਆਂ ਵੀ ਇੱਥੇ ਆਉਣ ਤੋਂ ਕਤਰਾਉਂਦੀਆਂ ਰਹੀਆਂ।
ਇਸ ਤੋਂ ਪਹਿਲਾਂ ਲੰਮੇ ਸਮੇਂ ਤੱਕ ਇਥੇ ਮਾਰਕਸੀ ਪਾਰਟੀ ਦੀ ਅਗਵਾਈ ਵਿਚ ਖੱਬੇ-ਪੱਖੀ ਪਾਰਟੀਆਂ ਦੀ ਹਕੂਮਤ ਰਹੀ। ਜਿਓਤੀ ਬਸੂ ਬੜੇ ਉੱਚ ਕੱਦ ਵਾਲੇ ਆਗੂ ਸਨ। ਅਖ਼ੀਰ ਉਨ੍ਹਾਂ ਨੇ ਵੀ ਰਾਜ ਨੂੰ ਆਰਥਿਕ ਮੰਦਵਾੜੇ 'ਚੋਂ ਕੱਢਣ ਲਈ ਭਾਰਤੀ ਸਨਅਤਕਾਰਾਂ ਦੇ ਨਾਲ-ਨਾਲ ਵਿਦੇਸ਼ੀ ਕੰਪਨੀਆਂ ਨੂੰ ਵੀ ਸੂਬੇ ਵਿਚ ਆਪਣੇ ਅਸਾਸੇ ਲਗਾਉਣ ਅਤੇ ਕਾਰੋਬਾਰ ਵਧਾਉਣ ਦੀਆਂ ਅਪੀਲਾਂ ਕੀਤੀਆਂ ਸਨ। ਪਰ ਇਸ ਪੱਖੋਂ ਉਹ ਬਹੁਤੇ ਕਾਮਯਾਬ ਨਹੀਂ ਸਨ ਹੋ ਸਕੇ। ਚਾਹੇ ਖੱਬੇ ਪੱਖੀ ਪਾਰਟੀਆਂ ਦਾ ਆਪਣਾ ਏਜੰਡਾ ਸੀ ਜਿਸ 'ਤੇ ਉਹ ਤੁਰਨ ਦਾ ਤਹੱਈਆ ਵੀ ਕਰਦੇ ਰਹੇ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਸੰਵਿਧਾਨ ਦੀਆਂ ਮੁੱਖ ਭਾਵਨਾਵਾਂ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਪਰ ਉਨ੍ਹਾਂ ਦੇ ਲੰਬੇ ਸਮੇਂ ਤੱਕ ਚੱਲੇ ਪ੍ਰਸ਼ਾਸਨ ਵਿਚ ਵੱਡੀਆਂ ਖ਼ਾਮੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਹੇਠਲੇ ਪੱਧਰ ਤੱਕ ਵੀ ਤਾਨਾਸ਼ਾਹੀ ਰੁਚੀਆਂ ਪਣਪੀਆਂ ਸਨ, ਜਿਸ ਵਿਚ ਵੱਡੀ ਗਿਣਤੀ ਵਿਚ ਆਮ ਲੋਕ ਪ੍ਰਸ਼ਾਸਨ ਤੋਂ ਨਾਰਾਜ਼ ਹੋਣੇ ਸ਼ੁਰੂ ਹੋ ਗਏ ਸਨ। ਪਰ ਖੱਬੇ ਪੱਖੀ ਪ੍ਰਸ਼ਾਸਨ ਨੇ ਵੀ ਅਤੇ ਮਮਤਾ ਦੇ ਪ੍ਰਸ਼ਾਸਨ ਨੇ ਵੀ ਆਪਣੇ ਸਮੇਂ ਵਿਚ ਆਪਣੀਆਂ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਸਮਾਜ ਵਿਚ ਭਾਈਚਾਰਕ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਦਾ ਯਤਨ ਕੀਤਾ ਸੀ। ਚਾਹੇ ਬੰਗਾਲੀ ਮੁੱਖ ਰੂਪ ਵਿਚ ਦੇਵੀ ਦੇ ਪੁਜਾਰੀ ਰਹੇ ਹਨ ਪਰ ਪ੍ਰਸ਼ਾਸਨਿਕ ਪੱਧਰ 'ਤੇ ਉਸ ਸਮੇਂ ਸਾਰੇ ਵਿਸ਼ਵਾਸਾਂ ਅਤੇ ਅਕੀਦਿਆਂ ਨੂੰ ਬਰਾਬਰ ਦਾ ਸਨਮਾਨ ਮਿਲਦਾ ਰਿਹਾ ਸੀ। ਕਿਸੇ ਨਾਲ ਵੀ ਜਾਤ ਬਿਰਾਦਰੀ ਜਾਂ ਧਰਮ ਦੇ ਆਧਾਰ 'ਤੇ ਵਿਤਕਰੇ ਹੋਏ ਸਾਹਮਣੇ ਨਹੀਂ ਆਏ। ਇਸ ਤੋਂ ਪਹਿਲਾਂ ਉੱਥੇ ਕਾਂਗਰਸੀ ਸ਼ਾਸਨ ਦਾ ਵੀ ਲਗਾਤਾਰ ਅਜਿਹਾ ਹੀ ਵਤੀਰਾ ਬਣਿਆ ਰਿਹਾ ਪਰ ਭਾਜਪਾ ਨੇ ਪੈਰ ਜਮਾਉਂਦਿਆਂ ਹੀ ਬੰਗਾਲੀ ਸਮਾਜ ਵਿਚ ਅਕੀਦਿਆਂ ਦੇ ਆਧਾਰ 'ਤੇ ਸੁਚੇਤ ਰੂਪ ਵਿਚ ਵੰਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਹੁ-ਗਿਣਤੀ ਬੰਗਾਲੀਆਂ ਨੂੰ ਧਰਮ ਦੇ ਆਧਾਰ 'ਤੇ ਭੜਕਾ ਕੇ ਆਪਣੇ ਨਾਲ ਖੜ੍ਹਾ ਕਰਨ ਦਾ ਯਤਨ ਕੀਤਾ ਹੈ। ਇਸ ਯਤਨ ਵਿਚ ਉਹ ਵੱਡੀ ਹੱਦ ਤੱਕ ਸਫ਼ਲ ਵੀ ਹੋਏ। ਚੋਣਾਂ ਦੌਰਾਨ ਵੀ ਵੰਡ ਪਾਉਣ ਦੀਆਂ ਇਹ ਭਾਵਨਾਵਾਂ ਅਕਸਰ ਉੱਭਰਦੀਆਂ ਰਹੀਆਂ, ਜਿਨ੍ਹਾਂ ਨੂੰ ਭਾਜਪਾ ਆਪਣੇ ਹੱਕ 'ਚ ਭੁਗਤਾਉਣ ਵਿਚ ਸਫ਼ਲ ਰਹੀ। ਪਹਿਲੀ ਵਾਰ ਉੱਥੇ ਭਾਜਪਾ ਦੀ ਹੋਈ ਵੱਡੀ ਜਿੱਤ ਵਿਚ ਉਪਰੋਕਤ ਨੀਤੀਆਂ ਨੂੰ ਵੀ ਕਾਰਗਰ ਮੰਨਿਆ ਗਿਆ ਹੈ। ਸੁਵੇਂਦੂ ਅਧਿਕਾਰੀ ਨੇ ਕੁਰਸੀ ਸੰਭਾਲਦਿਆਂ ਹੀ ਕੌਮੀ ਗੀਤ ਦੇ ਨਾਂਅ 'ਤੇ ਲੋਕ-ਮਨਾਂ ਵਿਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਦਰੱਸਿਆਂ ਤੱਕ ਵੀ ਇਸ ਗੀਤ ਨੂੰ ਗਾਉਣਾ ਜ਼ਰੂਰੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ ਨਾਲ ਇਕ ਵੱਡੇ ਫਿਰਕੇ ਦੇ ਮਨ ਵਿਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਹਨ।
ਅਸੀਂ ਪੱਛਮੀ ਬੰਗਾਲ ਵਿਚ ਬੰਗਲਾਦੇਸ਼ੀਆਂ ਦੀ ਘੁਸਪੈਠ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਸਮਝਦੇ, ਪਰ ਇਸ ਦੇ ਨਾਲ ਹੀ ਇਸ ਮਸਲੇ ਨੂੰ ਜਿਸ ਢੰਗ ਨਾਲ ਨਜਿੱਠਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ਨਾਲ ਮਾਹੌਲ ਦੇ ਹੋਰ ਗੰਦਲਾ ਹੋਣ ਦੀ ਸੰਭਾਵਨਾ ਬਣ ਗਈ ਹੈ। ਆਉਂਦੇ ਸਮੇਂ ਵਿਚ ਵੀ ਸਮਾਜਿਕ ਅਤੇ ਧਾਰਮਿਕ ਮਸਲਿਆਂ ਸੰਬੰਧੀ ਲਏ ਗਏ ਅਜਿਹੇ ਫ਼ੈਸਲੇ ਬੰਗਾਲੀ ਸਮਾਜ ਵਿਚ ਵੱਡੀਆਂ ਤਰੇੜਾਂ ਪਾਉਣ ਦੇ ਭਾਗੀ ਬਣ ਸਕਦੇ ਹਨ। ਅਜਿਹੇ ਅਮਲ ਅਤੇ ਪੈਦਾ ਕੀਤੀ ਜਾ ਰਹੀ ਮਾਨਸਿਕਤਾ ਬਿਨਾਂ ਸ਼ੱਕ ਦੇਸ਼ ਦੇ ਧਰਮ ਨਿਰਪੱਖ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਵਾਲੇ ਸੰਵਿਧਾਨ ਦੀਆਂ ਭਾਵਨਾਵਾਂ ਦੇ ਉਲਟ ਸਾਬਿਤ ਹੋ ਸਕਦੀ ਹੈ। ਅਜਿਹੀਆਂ ਨੀਤੀਆਂ ਪਹਿਲਾਂ ਹੀ ਖੰਡਿਤ ਹੁੰਦੇ ਜਾ ਰਹੇ ਦੇਸ਼ ਅਤੇ ਸਮਾਜ ਦੀਆਂ ਮਾਨਤਾਵਾਂ ਨੂੰ ਹੋਰ ਵੀ ਕਮਜ਼ੋਰ ਕਰਨ ਵਿਚ ਹੀ ਸਹਾਈ ਹੋਣਗੀਆਂ।
-ਬਰਜਿੰਦਰ ਸਿੰਘ ਹਮਦਰਦ