ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਜੂਨ 1984 ਦਾ ਘੱਲੂਘਾਰਾ : ਇਤਿਹਾਸ, ਵਰਤਮਾਨ ਤੇ ਭਵਿੱਖ

Ad Position 21
No active advertisement
ਅਜੀਤ ਡੈਸਕ 31-05-2026

ਸਿੱਖ ਪਰੰਪਰਾ ਵਿਚ ਇਤਿਹਾਸ ਨੂੰ ਸਿਰਫ਼ ਬੀਤੇ ਦੀਆਂ ਘਟਨਾਵਾਂ ਵਜੋਂ ਹੀ ਨਹੀਂ ਵੇਖਿਆ ਜਾਂਦਾ ਬਲਕਿ ਉਸ ਨੂੰ ਕੌਮੀ ਚੇਤਨਾ ਅਤੇ ਭਵਿੱਖ ਦੀ ਦਿਸ਼ਾ ਨਾਲ ਜੋੜ ਕੇ ਵੀ ਵੇਖਿਆ ਜਾਂਦਾ ਹੈ। ਇਸੇ ਕਾਰਨ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਭਾਰਤੀ ਫ਼ੌਜ ਦੇ ਹਮਲੇ ਨੂੰ ਸਿੱਖ ਇਤਿਹਾਸ ਵਿਚ 'ਤੀਜਾ ਘੱਲੂਘਾਰਾ' ਆਖਿਆ ਜਾਂਦਾ ਹੈ। ਇਸ ਨੂੰ ਭੁੱਲਣਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਭੁੱਲਣਾ ਚਾਹੀਦਾ ਹੈ।
ਸਿੱਖ ਇਤਿਹਾਸ ਵਿਚ ਪਹਿਲਾਂ ਵੀ ਦੋ ਘੱਲੂਘਾਰੇ ਵਾਪਰ ਚੁੱਕੇ ਹਨ। ਪਹਿਲਾ, ਛੋਟਾ ਘੱਲੂਘਾਰਾ 1746 ਈਸਵੀ ਵਿਚ ਕਾਹਨੂੰਵਾਨ ਦੇ ਛੰਭ ਵਿਚ ਵਾਪਰਿਆ, ਜਿਸ ਵਿਚ ਲਗਭਗ 11 ਹਜ਼ਾਰ ਸਿੱਖ ਮਰਦ, ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਹੀਦ ਹੋਏ। ਦੂਜਾ,ਵੱਡਾ ਘੱਲੂਘਾਰਾ ਫਰਵਰੀ 1762 ਈਸਵੀ ਵਿਚ ਕੁੱਪ ਰੋਹੀੜਾ (ਮਲੇਰਕੋਟਲਾ ਨੇੜੇ) ਵਾਪਰਿਆ, ਜਿਸ ਵਿਚ ਲਗਭਗ 30 ਹਜ਼ਾਰ ਸਿੱਖ ਸ਼ਹੀਦ ਹੋ ਗਏ। ਦੂਜੇ ਘੱਲੂਘਾਰੇ ਦੌਰਾਨ ਸਿੱਖ ਆਬਾਦੀ ਦਾ ਲਗਪਗ ਅੱਧਾ ਹਿੱਸਾ ਖਤਮ ਹੋ ਗਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਭਿਆਨਕ ਕਤਲੇਆਮਾਂ ਤੋਂ ਬਾਅਦ ਵੀ ਸਿੱਖ ਕੌਮ ਆਪਣੇ ਰੂਹਾਨੀ ਤੇ ਨੈਤਿਕ ਬਲ, ਸੰਘਰਸ਼ ਅਤੇ ਜਥੇਬੰਦਕ ਤਾਕਤ ਦੇ ਆਧਾਰ 'ਤੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਮੁੜ ਖੜ੍ਹੀ ਹੁੰਦੀ ਰਹੀ। ਵੱਡੇ ਘੱਲੂਘਾਰੇ ਤੋਂ ਲਗਪਗ 10-15 ਸਾਲਾਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿਚ ਸਿੱਖ ਬਾਦਸ਼ਾਹਤ ਕਾਇਮ ਕਰ ਲਈ ਅਤੇ 1799 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋ ਗਿਆ। ਉਸ ਵੇਲੇ ਸਿੱਖ ਆਬਾਦੀ ਪੰਜਾਬ ਦੀ ਕੁੱਲ ਆਬਾਦੀ ਦਾ ਸਿਰਫ 6 ਤੋਂ 8 ਫੀਸਦੀ ਹੀ ਹੋਵੇਗੀ। ਇਸ ਦੇ ਬਾਵਜੂਦ ਸਿੱਖਾਂ ਨੇ ਰਾਜ ਸ਼ਾਸਨ ਕਾਇਮ ਕਰ ਲਿਆ। ਇਸ ਸਿਰਫ਼ ਸਿੱਖ ਸੈਨਿਕ ਤਾਕਤ ਨਹੀਂ, ਬਲਕਿ ਨੈਤਿਕ ਬਲ ਅਤੇ ਉੱਚੇ ਕਿਰਦਾਰ ਕਾਰਨ ਸੰਭਵ ਹੋਇਆ। ਉਸ ਵੇਲੇ ਹਰ ਸਿੱਖ ਦਾਰਸ਼ਨਿਕ, ਸਿੱਖਿਅਤ, ਇਨਸਾਫ-ਪਸੰਦ ਅਤੇ ਲੜਾਕੂ ਸੀ। ਉੱਚੇ ਕਿਰਦਾਰ ਕਾਰਨ ਘੱਟ-ਗਿਣਤੀ ਸਿੱਖ ਵੀ ਤਾਕਤਵਰ ਬਣ ਗਏ।
ਜੂਨ 1984 ਦੌਰਾਨ ਭਾਰਤੀ ਫੌਜ ਨੇ ਸਿੱਖਾਂ ਦੁਆਰਾ ਰਾਜਨੀਤਕ ਮੰਗਾਂ ਨੂੰ ਲੈ ਕੇ ਲਗਾਏ ਗਏ 'ਧਰਮ ਯੁੱਧ ਮੋਰਚੇ' ਨੂੰ ਕੁਚਲਣ ਲਈ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ 'ਤੇ ਹਮਲਾ ਕਰ ਦਿੱਤਾ, ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਅਤੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਪਰ ਗੋਲੀਆਂ ਚਲਾਈਆਂ ਗਈਆਂ। ਖਾੜਕੂ ਸਿੰਘਾਂ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਸ੍ਰੀ ਅੰਮ੍ਰਿਤਸਰ ਪੁੱਜੀਆਂ ਸੰਗਤਾਂ; ਜਿਨ੍ਹਾਂ ਵਿਚ ਮਰਦ, ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਸ਼ਾਮਿਲ ਸਨ, ਬੇਰਹਿਮੀ ਨਾਲ ਮਾਰੇ ਗਏ। ਆਜ਼ਾਦ ਭਾਰਤ ਅੰਦਰ ਇਹ ਆਪਣੀ ਕਿਸਮ ਦਾ ਪਹਿਲਾ ਹਮਲਾ ਸੀ, ਜਿੱਥੇ ਇਕ ਦੇਸ਼ ਨੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦੇ ਵਿਰੁੱਧ ਦੇਸ਼ ਦੀ ਫ਼ੌਜ ਦੇ ਤਿੰਨੋਂ ਅੰਗਾਂ; ਜ਼ਮੀਨੀ, ਹਵਾਈ ਅਤੇ ਸਮੁੰਦਰੀ ਸੈਨਾ ਨੂੰ ਵਰਤਿਆ।
ਜੂਨ 1984 ਦੇ ਘੱਲੂਘਾਰੇ ਦੇ ਵਿਰੋਧ ਵਿਚ ਦੋ ਲਹਿਰਾਂ ਉੱਠੀਆਂ। ਹਥਿਆਰਬੰਦ ਲਹਿਰ ਅਤੇ ਮਨੁੱਖੀ ਅਧਿਕਾਰ ਲਹਿਰ। ਦੁਨੀਆਂ ਭਰ ਵਿਚ ਜਦੋਂ ਲਹਿਰਾਂ ਉਠਦੀਆਂ ਹਨ ਤਾਂ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਸਿਆਣੇ ਲੋਕ ਸੋਚ-ਵਿਚਾਰ ਕਰਕੇ ਫ਼ੈਸਲੇ ਲੈਂਦੇ ਹਨ। ਇਹ ਠੀਕ ਹੈ ਕਿ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਪੰਜਾਬ ਵਿਚ ਉੱਠੀ ਹਥਿਆਰਬੰਦ ਲਹਿਰ ਨੇ ਸਿੱਖਾਂ ਦਾ ਲਗਪਗ ਖ਼ਤਮ ਹੋ ਚੁੱਕਿਆ ਮਨੋਬਲ ਮੁੜ ਉੱਚਾ ਚੁੱਕਣ ਦਾ ਕੰਮ ਕੀਤਾ ਪਰ ਸਿੱਖ ਲੀਡਰਸ਼ਿਪ ਦੀ ਇਕ ਸਪੱਸ਼ਟ ਅਤੇ ਲੰਬੀ ਰਣਨੀਤੀ ਦੀ ਅਣਹੋਂਦ ਕਾਰਨ ਹਥਿਆਰਬੰਦ ਲਹਿਰ ਵਿਚ ਵੱਡੀਆਂ ਸਿਧਾਂਤਕ ਗ਼ਲਤੀਆਂ ਵੀ ਹੋਈਆਂ। ਸਰਕਾਰ ਨੇ ਘੁਸਪੈਠ ਕਰਕੇ ਲਹਿਰ ਵਿਚ ਅਜਿਹੇ ਗਲਤ ਅਨਸਰ ਵਾੜ ਦਿੱਤੇ, ਜਿਨ੍ਹਾਂ ਨੇ ਵੱਡਾ ਇਖਲਾਕੀ ਨੁਕਸਾਨ ਕੀਤਾ। ਦੂਜੀ ਲਹਿਰ, ਮਨੁੱਖੀ ਅਧਿਕਾਰ ਲਹਿਰ ਸੀ, ਜਿਸ ਦਾ ਪ੍ਰਤੀਨਿਧ ਭਾਈ ਜਸਵੰਤ ਸਿੰਘ ਖਾਲੜਾ ਸੀ। ਉਨ੍ਹਾਂ ਨੇ ਪੁਲਿਸ ਵਲੋਂ ਝੂਠੇ ਮੁਕਾਬਲਿਆਂ ਵਿਚ ਮਾਰੇ ਗਏ ਸਿੱਖਾਂ ਦੀਆਂ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਉਜਾਗਰ ਕਰਕੇ ਸਰਕਾਰ ਦੀ ਸਰਪ੍ਰਸਤੀ ਹੇਠ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਦੁਨੀਆ ਸਾਹਮਣੇ ਲਿਆਂਦਾ। ਇਸੇ ਕਾਰਨ ਉਨ੍ਹਾਂ ਦਾ ਕਤਲ ਕਰਵਾ ਦਿੱਤਾ ਗਿਆ। ਇਸ ਤਰ੍ਹਾਂ ਮਨੁੱਖੀ ਅਧਿਕਾਰ ਲਹਿਰ ਵੀ 1984 ਦੇ ਘੱਲੂਘਾਰੇ ਦੇ ਪ੍ਰਤੀਕਰਮ ਵਿਚ ਉੱਠੀ ਲਹਿਰ ਦਾ ਇਕ ਰੂਪ ਸੀ, ਪਰ ਇਹ ਸਿਆਸੀ ਤੌਰ 'ਤੇ ਲਹਿਰ ਨਹੀਂ ਬਣ ਸਕੀ।
ਇਸ ਸੰਦਰਭ ਵਿਚ ਜ਼ਿਕਰਯੋਗ ਹੈ ਕਿ ਦੁਨੀਆ ਦੇ ਵੱਡੇ ਰਾਜਨੀਤਕ ਸੰਘਰਸ਼ਾਂ ਵਿਚ ਸਥਾਪਤੀ ਦੇ ਜ਼ੁਲਮ ਦੇ ਵਿਰੋਧ ਵਿਚ, ਦੋ ਤਰ੍ਹਾਂ ਦੀਆਂ ਲਹਿਰਾਂ ਇਕੱਠੀਆਂ ਖੜ੍ਹੀਆਂ ਹੁੰਦੀਆਂ ਹਨ। ਇਕ ਹਥਿਆਰਬੰਦ ਲਹਿਰ ਅਤੇ ਦੂਜੀ ਸਿਆਸੀ ਲਹਿਰ। ਪਰ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਕਿ ਹਥਿਆਰਬੰਦ ਲਹਿਰ ਦੇ ਸਮਾਨਾਂਤਰ ਸਿਆਸੀ ਲਹਿਰ ਨਹੀਂ ਖੜ੍ਹੀ ਕੀਤੀ ਜਾ ਸਕੀ। ਸਾਡੇ ਸਾਹਮਣੇ ਆਇਰਲੈਂਡ ਦੀ ਮਿਸਾਲ ਹੈ। ਆਇਰਲੈਂਡ ਦੀ ਵੰਡ ਤੋਂ ਬਾਅਦ ਆਇਰਿਸ਼ ਲੋਕਾਂ (ਖਾਸ ਕਰਕੇ ਕੈਥੋਲਿਕ) ਨੇ ਆਈ.ਆਰ.ਏ. (ਆਇਰਿਸ਼ ਰਿਪਬਲਿਕਨ ਆਰਮੀ) ਵਰਗੀ ਹਥਿਆਰਬੰਦ ਲਹਿਰ ਖੜ੍ਹੀ ਕੀਤੀ ਅਤੇ ਉਸ ਨਾਲ ਇਕ ਮਜ਼ਬੂਤ ਰਾਜਨੀਤਕ ਜਥੇਬੰਦੀ ਵੀ ਚਲਾਈ। ਇਸ ਲਹਿਰ ਨੇ ਲਗਭਗ ਇਕ ਸੌ ਸਾਲ ਤੱਕ ਅੰਗਰੇਜ਼ ਸਾਮਰਾਜ ਨੂੰ ਟੱਕਰ ਦਿੱਤੀ। ਉਹ ਚੋਣਾਂ ਲੜਦੇ ਰਹੇ, ਸੀਟਾਂ ਜਿੱਤਦੇ ਰਹੇ ਅਤੇ ਲੋਕਾਂ ਵਿਚ ਇਹ ਸੁਨੇਹਾ ਦਿੰਦੇ ਰਹੇ ਕਿ ਲੋਕ ਉਨ੍ਹਾਂ ਦੇ ਨਾਲ ਹਨ। ਇਸੇ ਤਰ੍ਹਾਂ ਨੇਪਾਲ ਵਿਚ ਮਾਓਵਾਦੀਆਂ ਨੇ ਵੀ ਹਥਿਆਰਬੰਦ ਵਿੰਗ ਅਤੇ ਸਿਆਸੀ ਵਿੰਗ ਇਕੋ ਵੇਲੇ ਚਲਾਇਆ ਅਤੇ ਜਦੋਂ ਮੌਕਾ ਆਇਆ ਤਾਂ ਹਥਿਆਰਬੰਦ ਸੰਘਰਸ਼ ਖਤਮ ਕਰਕੇ ਸਿਆਸੀ ਰਾਹ ਚੁਣ ਲਿਆ। ਪਰ ਸਿੱਖ ਹਥਿਆਰਬੰਦ ਲਹਿਰ ਨੂੰ ਸਿਆਸੀ ਲਹਿਰ ਨਾਲ ਜੋੜ ਕੇ ਇਕ ਪ੍ਰਸਪਰ ਤਾਲਮੇਲ ਵਾਲੀ ਸੰਯੁਕਤ ਰਣਨੀਤੀ ਨਾ ਬਣਾ ਸਕੇ। ਬਲਕਿ ਢੁੱਕਵੇਂ ਸਮੇਂ ਰਾਜਨੀਤਕ ਤਾਕਤ ਨੂੰ ਇਕੱਠੀ ਕਰਨ ਦੀ ਬਜਾਇ 1992 ਦੀਆਂ ਚੋਣਾਂ ਦਾ ਬਾਈਕਾਟ ਕਰਕੇ ਇਖਲਾਕੀ ਤੌਰ 'ਤੇ ਹਾਰੀ ਹੋਈ ਸੱਤਾਧਾਰੀ ਕਾਂਗਰਸ ਨੂੰ ਜਿੱਤ ਥਾਲੀ ਵਿਚ ਪਰੋਸ ਕੇ ਦੇ ਦਿੱਤੀ। ਇਸ ਕਮਜ਼ੋਰੀ ਨੇ ਸੰਘਰਸ਼ ਨੂੰ ਸਿੱਟਾਹੀਣ ਬਣਾ ਦਿੱਤਾ ਅਤੇ ਸਰਕਾਰ ਨੂੰ ਸੰਘਰਸ਼ ਕੁਚਲਣ ਦਾ ਮੌਕਾ ਦੇ ਦਿੱਤਾ।
ਕਿਸੇ ਵੀ ਰਾਜਤੰਤਰ ਕੋਲ ਆਪਣਾ ਰਾਜ ਕਾਇਮ ਰੱਖਣ ਲਈ, ਬਾਹਰੀ ਸੁਰੱਖਿਆ ਵਾਸਤੇ 'ਰਿਪਰੈਸਿਵ ਅਪਰੇਟਸ' (ਫੌਜ, ਪੁਲਿਸ, ਜੇਲ੍ਹਾਂ) ਹੁੰਦਾ ਹੈ ਅਤੇ ਲੋਕਾਂ ਨੂੰ ਆਪਣੇ ਰਾਜ ਦੀ ਵਿਚਾਰਧਾਰਾ ਨਾਲ ਜੋੜਨ ਲਈ 'ਆਈਡੀਓਲਾਜੀਕਲ ਅਪਰੇਟਸ' (ਸਿੱਖਿਆ, ਮੀਡੀਆ, ਪ੍ਰਚਾਰ) ਹੁੰਦਾ ਹੈ। ਜੂਨ 1984 ਦੇ ਸੰਦਰਭ ਵਿਚ ਦੋਵੇਂ ਹੀ ਹਥਿਆਰ ਸਿੱਖਾਂ ਵਿਰੁੱਧ ਵਰਤੇ ਗਏ। ਪਹਿਲਾਂ ਲੋਕਾਂ ਵਿਚ ਇਕ ਖਾਸ ਬਿਰਤਾਂਤ ਬਣਾਇਆ ਗਿਆ, ਫਿਰ ਫੌਜੀ ਕਾਰਵਾਈ ਰਾਹੀਂ ਉਸ ਨੂੰ ਲਾਗੂ ਕੀਤਾ ਗਿਆ। ਇਕ ਦਹਾਕੇ ਤੱਕ ਗੁਰੀਲਾ ਲਹਿਰ ਨੂੰ ਦਬਾਉਣ ਲਈ ਬੇਰਹਿਮੀ ਵਰਤੀ ਗਈ। ਇਸ ਨਾਲ ਪੰਜਾਬ ਦੇ ਸੱਭਿਆਚਾਰ 'ਤੇ ਡੂੰਘਾ ਅਸਰ ਪਿਆ। ਸਰਹੱਦੀ ਇਲਾਕਿਆਂ ਵਿਚ ਕਈ ਪਿੰਡਾਂ ਵਿਚ ਸਾਲਾਂ ਤੱਕ ਕੋਈ ਜੰਝ ਨਾ ਚੜ੍ਹ ਸਕੀ, ਕਿਉਂਕਿ ਇਕ ਪੂਰੀ ਦੀ ਪੂਰੀ ਪੀੜ੍ਹੀ ਹਿੰਸਾ ਦੀ ਭੇਟ ਚੜ੍ਹ ਗਈ। ਹਜ਼ਾਰਾਂ ਨੌਜਵਾਨ ਝੂਠੇ ਮੁਕਾਬਲਿਆਂ ਵਿਚ ਮਾਰੇ ਗਏ, ਬਹੁਤ ਸਾਰੇ ਵਿਦੇਸ਼ਾਂ ਵੱਲ ਪਰਵਾਸ ਕਰ ਗਏ ਅਤੇ ਸਮਾਜ ਵਿਚ ਡਰ ਅਤੇ ਬੇਵਿਸ਼ਵਾਸੀ ਦਾ ਮਾਹੌਲ ਬਣ ਗਿਆ। ਫਲਸਰੂਪ ਪੰਜਾਬੀ ਸਮਾਜ ਵਿਚ ਵੱਡੀ ਨੈਤਿਕ ਗਿਰਾਵਟ ਆਈ। ਸਿੱਖਿਆ ਦੇ ਖੇਤਰ ਵਿਚ ਵੱਡਾ ਜਮੂਦ ਪੈਦਾ ਹੋ ਗਿਆ। ਅੱਜ ਵੀ ਪੇਂਡੂ ਖੇਤਰਾਂ ਦੇ ਨੌਜਵਾਨਾਂ ਵਿਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਯੂਨੀਵਰਸਿਟੀਆਂ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਦੀ ਬਜਾਇ 'ਆਈਲੈਟਸ' ਪਾਸ ਕਰਕੇ ਵਿਦੇਸ਼ਾਂ ਵਿਚ ਜਾ ਕੇ ਟਰੱਕ ਡਰਾਈਵਰ ਜਾਂ ਡਿਲੀਵਰੀ ਬੁਆਏ ਬਣਨ ਦਾ ਰੁਝਾਨ ਵਧੇਰੇ ਹੈ। ਇਸ ਨੈਤਿਕ ਗਿਰਾਵਟ ਨੇ ਸਾਡੇ ਭਵਿੱਖ ਨੂੰ ਧੁੰਦਲਾ ਬਣਾ ਦਿੱਤਾ ਅਤੇ ਅਕਾਦਮਿਕ, ਵਿਗਿਆਨ, ਰਾਜਨੀਤੀ ਅਤੇ ਸਿਵਲ ਸੇਵਾਵਾਂ ਵਿਚ ਪੰਜਾਬ ਦੀ ਸ਼ਮੂਲੀਅਤ ਨੂੰ ਮਨਫ਼ੀ ਕਰ ਦਿੱਤਾ।
ਇਸੇ ਸੰਦਰਭ ਵਿਚ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸਿੱਖ ਪ੍ਰਭੂਸੱਤਾ ਜਾਂ ਸਵੈ-ਨਿਰਣੈ ਦੀ ਚਰਚਾ ਵੀ ਅਹਿਮ ਹੈ। ਆਧੁਨਿਕ ਸੰਸਾਰ ਵਿਚ ਪੂਰੀ ਤਰ੍ਹਾਂ 'ਸੁਤੰਤਰ ਰਾਜ' ਦੀ ਧਾਰਨਾ ਪਹਿਲਾਂ ਨਾਲੋਂ ਕਾਫ਼ੀ ਜਟਿਲ ਹੋ ਚੁੱਕੀ ਹੈ। ਅੱਜ ਦੇ ਆਲਮੀ ਯੁੱਗ ਵਿਚ ਕੋਈ ਵੀ ਰਾਜ ਪੂਰੀ ਤਰ੍ਹਾਂ ਪ੍ਰਭੂਸੱਤਾ ਸੰਪੰਨ ਨਹੀਂ ਹੈ। ਅਮਰੀਕਾ, ਇੰਗਲੈਂਡ ਜਾਂ ਚੀਨ ਵੀ ਆਰਥਿਕ ਤਾਕਤਾਂ ਤੋਂ ਪ੍ਰਭਾਵਿਤ ਹਨ। ਇਸ ਕਰਕੇ ਅੱਜ ਸਾਨੂੰ ਵੀ ਖੁਦਮੁਖਤਿਆਰੀ ਦਾ ਅਰਥ ਸਿਰਫ਼ ਰਾਜਨੀਤਕ ਸਰਹੱਦਾਂ ਤੋਂ ਨਹੀਂ, ਸਗੋਂ ਸੱਭਿਆਚਾਰਕ ਸੁਰੱਖਿਆ, ਭਾਸ਼ਾਈ ਅਧਿਕਾਰ, ਆਰਥਿਕ ਨਿਆਂ ਅਤੇ ਸੰਘੀ ਢਾਂਚੇ ਦੀ ਮਜ਼ਬੂਤੀ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ। ਪੰਜਾਬੀ ਬੋਲੀ ਨੂੰ ਭਾਰਤ ਅਤੇ ਵਿਦੇਸ਼ ਵਿਚ ਵੀ ਸੁਰੱਖਿਅਤ ਰੱਖਣ ਲਈ ਯਤਨ ਚਾਹੀਦੇ ਹਨ। ਵਿਕੇਂਦਰੀਕਰਨ ਅਤੇ ਹਮਖਿਆਲ ਸੂਬਿਆਂ ਨਾਲ ਗਠਜੋੜ ਬਣਾ ਕੇ ਸੰਘੀ ਰਾਜਨੀਤਕ ਬਿਰਤਾਂਤ ਸਿਰਜਣ ਵੱਲ ਸੋਚਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਆਧੁਨਿਕ ਸੰਸਾਰ ਵਿਚ ਆਲਮੀ ਸਰਮਾਏਦਾਰੀ ਅਤੇ ਵਧ ਰਹੀ ਆਰਥਿਕ ਅਸਮਾਨਤਾ ਵੀ ਇਕ ਵੱਡੀ ਚੁਣੌਤੀ ਹੈ। ਸਿੱਖ ਦਰਸ਼ਨ ਇਸ ਸੰਦਰਭ ਵਿਚ ਬਹੁਤ ਮਹੱਤਵਪੂਰਨ ਵਿਚਾਰ ਪੇਸ਼ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਨਤਾ, ਸਾਂਝ ਅਤੇ ਮਨੁੱਖੀ ਸਦਭਾਵਨਾ ਦੀ ਗੱਲ ਕੀਤੀ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਚਲਾ ਕੇ ਊਚ-ਨੀਚ ਅਤੇ ਜਾਤ-ਪਾਤ ਦਾ ਖ਼ਾਤਮਾ ਕੀਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੱਖ-ਵੱਖ ਧਰਮਾਂ ਦੇ ਭਗਤਾਂ ਦੀ ਬਾਣੀ ਇਕੱਤਰ ਕੀਤੀ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸਮਾਜ ਵਿਚ ਬਰਾਬਰੀ ਅਤੇ ਸੁਤੰਤਰ ਬਿਰਤੀ ਦ ਸੰਚਾਰ ਕੀਤਾ। ਇਹ ਇਨਕਲਾਬੀ ਤਬਦੀਲੀ ਸੀ, ਜੋ ਅੱਜ ਵੀ ਪੂੰਜੀਵਾਦ ਤੋਂ ਮੁਕਤੀ ਦਾ ਰਾਹ ਦਿਖਾਉਂਦੀ ਹੈ। ਇਸ ਲਈ ਸਿੱਖ ਧਰਮ ਵਿਚ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦਾ ਸਿਧਾਂਤ ਅੱਜ ਵੀ ਸਰਮਾਏਦਾਰੀ ਦੇ ਜਮੂਦ ਨੂੰ ਤੋੜ ਕੇ ਸਮਾਨਤਾ ਵਾਲੇ ਸਮਾਜ ਦਾ ਰਾਹ ਰੌਸ਼ਨ ਕਰ ਸਕਦਾ ਹੈ।
ਇੱਕੀਵੀਂ ਸਦੀ ਵਿਚ ਜਲਵਾਯੂ ਤਬਦੀਲੀ ਮਨੁੱਖਤਾ ਸਾਹਮਣੇ ਸਭ ਤੋਂ ਵੱਡੇ ਖ਼ਤਰੇ ਵਜੋਂ ਉੱਭਰ ਰਹੀ ਹੈ। ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਵਿਗਿਆਨਕ ਰਿਪੋਰਟਾਂ ਮੁਤਾਬਿਕ ਧਰਤੀ ਦਾ ਤਾਪਮਾਨ ਜਿਸ ਕਦਰ ਵਧ ਰਿਹਾ ਹੈ ਅਤੇ ਜੇਕਰ ਕਾਰਬਨ ਉਤਸਰਜਨ ਘੱਟ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਹਾਕਿਆਂ ਵਿਚ ਭਾਰੀ ਵਾਤਾਵਰਨ ਸੰਕਟ ਪੈਦਾ ਹੋ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਦਾ ਸਿਧਾਂਤ ਮਨੁੱਖ ਅਤੇ ਪ੍ਰਕਿਰਤੀ ਦੇ ਸਬੰਧ ਨੂੰ ਆਤਮਿਕ ਦਰਜੇ 'ਤੇ ਲਿਜਾਂਦਾ ਹੈ। ਇਸ ਲਈ ਸਿੱਖੀ ਸਿਧਾਂਤ ਵਾਤਾਵਰਨ ਬਚਾਉਣ ਲਈ ਮਾਰਗ-ਦਰਸ਼ਕ ਬਣ ਸਕਦਾ ਹੈ।
ਅੱਜ ਦੀ ਸਭ ਤੋਂ ਵੱਡੀ ਲੋੜ ਸਿੱਖ ਸਮਾਜ ਨੂੰ ਗਿਆਨ, ਖੋਜ, ਬੌਧਿਕ ਵਿਕਾਸ ਵੱਲ ਲਿਜਾਣ ਦੀ ਹੈ। ਇਤਿਹਾਸ, ਕਾਨੂੰਨ, ਅਰਥ ਸ਼ਾਸਤਰ, ਮੀਡੀਆ ਅਤੇ ਖੋਜ ਦੇ ਖੇਤਰਾਂ ਵਿਚ ਮਜ਼ਬੂਤ ਹਾਜ਼ਰੀ ਤੋਂ ਬਗੈਰ ਕੋਈ ਵੀ ਕੌਮ ਆਪਣੇ ਬਿਰਤਾਂਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਨਹੀਂ ਕਰ ਸਕਦੀ। ਸਾਡੇ ਸਾਹਮਣੇ ਯਹੂਦੀਆਂ ਦੀ ਮਿਸਾਲ ਹੈ, ਜਿਨ੍ਹਾਂ ਦੀ ਕੁੱਲ ਆਬਾਦੀ ਸਿੱਖਾਂ ਨਾਲੋਂ ਅੱਧੀ ਹੈ ਪਰ ਉਨ੍ਹਾਂ ਨੇ ਆਪਣੇ ਨਰਸੰਹਾਰ ਤੋਂ ਬਾਅਦ ਉੱਚ ਮੁਕਾਮ ਹਾਸਲ ਕਰਨ ਲਈ ਇੰਨਾ ਨਿੱਠ ਕੇ ਕੰਮ ਕੀਤਾ ਕਿ ਅੱਜ ਵਿਸ਼ਵ ਦੀਆਂ ਨਾਮੀ ਯੂਨੀਵਰਸਿਟੀਆਂ, ਮੀਡੀਆ ਖੇਤਰ ਅਤੇ ਸੰਚਾਰ ਦੇ ਖੇਤਰ ਵਿਚ ਯਹੂਦੀਆਂ ਦਾ ਬੋਲਬਾਲਾ ਹੈ। ਅਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਹਾਂ। ਗੁਰਬਾਣੀ ਸਿਰਫ਼ ਪਾਠ ਕਰਨ ਲਈ ਨਹੀਂ, ਸਗੋਂ ਵਿਚਾਰ ਅਤੇ ਅਮਲ ਲਈ ਵੀ ਹੈ। ਇਸ ਲਈ ਸਿੱਖਿਆ, ਖੋਜ ਅਤੇ ਨੈਤਿਕ ਕਿਰਦਾਰ ਨੂੰ ਮੁੜ ਕੇਂਦਰ ਵਿਚ ਲਿਆਉਣ ਦੀ ਲੋੜ ਹੈ।
ਜੂਨ 1984 ਦਾ ਘੱਲੂਘਾਰਾ ਸਾਨੂੰ ਸਿਰਫ਼ ਦਰਦਮਈ ਅਤੀਤ ਦੀ ਯਾਦ ਹੀ ਨਹੀਂ ਦਿਵਾਉਂਦਾ, ਸਗੋਂ ਇਹ ਵੀ ਸਿਖਾਉਂਦਾ ਹੈ ਕਿ ਇਤਿਹਾਸ ਤੋਂ ਸਬਕ ਲੈ ਕੇ ਭਵਿੱਖ ਵੱਲ ਕਿਵੇਂ ਤੁਰਨਾ ਹੈ। ਚਿੰਤਨ ਅਤੇ ਵਿਚਾਰ ਦੇ ਨਾਲ ਕਿਵੇਂ ਅੱਗੇ ਵਧਣਾ ਸੰਭਵ ਹੈ? ਜੇਕਰ ਸਿੱਖ ਕੌਮ ਆਪਣੀ ਗੁਰਬਾਣੀ, ਨੈਤਿਕਤਾ, ਖੋਜ, ਸੰਗਠਨ ਅਤੇ ਮਨੁੱਖਤਾ ਦੇ ਸਿਧਾਂਤਾਂ ਨਾਲ ਜੁੜੀ ਰਹੇ, ਤਾਂ ਉਹ ਨਾ-ਕੇਵਲ ਆਪਣੀ ਪਛਾਣ ਹੀ ਦੁਨੀਆ ਸਾਹਮਣੇ ਸਥਾਪਿਤ ਕਰ ਸਕਦੀ ਹੈ, ਬਲਕਿ ਦੁਨੀਆ ਨੂੰ ਵੀ ਇਨਸਾਫ, ਬਰਾਬਰੀ ਅਤੇ ਸਾਵੇਂ ਜੀਵਨ ਦਾ ਰਾਹ ਦਿਖਾ ਸਕਦੀ ਹੈ।

-ਮੋਬਾਈਲ : 98780-70008

Ad Position 22
No active advertisement
ਪਿਛਲੀ ਖ਼ਬਰ ਦੇਸ਼ ਦਾ ਸਭ ਤੋਂ ਤੇਜ਼ ਫਰਾਟਾ ਦੌੜਾਕ ਬਣਿਆ ਗੁਰਿੰਦਰਵੀਰ ਸਿੰਘ ਅਗਲੀ ਖ਼ਬਰ IPL '26 FINAL - RCB ਲਗਾਤਾਰ ਦੂਜੀ ਵਾਰ ਬਣੀ Champion, Virat Kohli ਨੇ ਕਰਵਾ 'ਤੀ ਬੱਲੇ-ਬੱਲੇ
Ad Position 24
No active advertisement