ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਦੇਸ਼ ਦਾ ਸਭ ਤੋਂ ਤੇਜ਼ ਫਰਾਟਾ ਦੌੜਾਕ ਬਣਿਆ ਗੁਰਿੰਦਰਵੀਰ ਸਿੰਘ

Ad Position 21
No active advertisement
ਅਜੀਤ ਡੈਸਕ 31-05-2026

ਬੁਲੰਦ ਹੌਸਲੇ, ਯਕੀਨ ਤੇ ਦ੍ਰਿੜ੍ਹਤਾ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ ਕਿ ਇਕ ਅਥਲੀਟ 100 ਮੀਟਰ ਦੇ ਫਾਈਨਲ ਮੁਕਾਬਲੇ ਲਈ ਟਰੈਕ ਵਿਚ ਉਤਰਨ ਤੋਂ ਪਹਿਲਾਂ ਹੀ ਆਪਣੀ ਬਿਬ ਵਿਚ ਇਹ ਪਰਚੀ ਲਿਖ ਕੇ ਪਾ ਲਵੇ ਕਿ ਮੁਕਾਬਲਾ ਵੀ ਜਿੱਤਣਾ ਹੈ ਤੇ ਉਹ ਵੀ 10.10 ਸੈਕਿੰਡ ਤੋਂ ਘੱਟ ਸਮੇਂ ਵਿਚ। ਇਸ ਤਰ੍ਹਾਂ ਦੇ ਧਾਕੜ ਅਥਲੀਟ ਵਿਲੱਖਣ ਹੀ ਮਿਲਦੇ ਹਨ। ਕੁਝ ਇਸੇ ਤਰ੍ਹਾਂ ਦਾ ਵਰਤਾਰਾ 29ਵੇਂ ਸੀਨੀਅਰ ਨੈਸ਼ਨਲ ਫੈਡਰੇਸ਼ਨ ਕੱਪ ਵਿਚ 100 ਮੀਟਰ ਸਪਰਿੰਟ ਦੇ ਫਾਈਨਲ ਮੁਕਾਬਲੇ ਮੌਕੇ ਵੇਖਣ ਨੂੰ ਮਿਲਿਆ। ਪੰਜਾਬੀ ਸ਼ੇਰ ਗੁਰਿੰਦਰਵੀਰ ਸਿੰਘ ਨੇ ਫਿਨਿਸ਼ ਲਾਈਨ ਨੂੰ ਪਾਰ ਕਰਨ ਤੋਂ ਬਾਅਦ ਆਪਣੀ ਬਿਬ ਉਤਾਰ ਕੇ ਉਸ ਦਾ ਪਿਛਲਾ ਹਿੱਸਾ ਦਿਖਾਇਆ, ਉਸ 'ਤੇ ਇਕ ਸਿੱਧਾ ਤੇ ਸਪੱਸ਼ਟ ਸੁਨੇਹਾ ਲਿਖਿਆ ਹੋਇਆ ਸੀ, 'ਕੰਮ ਅਜੇ ਮੁੱਕਿਆ ਨਹੀਂ। ਮੈਂ 10.10 ਸੈਕਿੰਡ 'ਤੇ ਰੁਕਣ ਵਾਲਾ ਨਹੀਂ, ਉਡੀਕ ਕਰੋ, ਮੈਂ ਅਜੇ ਹੈਗਾਂ।'
ਝਾਰਖੰਡ ਦੇ ਸ਼ਹਿਰ ਰਾਂਚੀ ਦੇ ਬਿਰਸਾ ਮੁੰਡਾ ਸਟੇਡੀਅਮ ਵਿਚ ਹੋਏ 29ਵੇਂ ਸੀਨੀਅਰ ਨੈਸ਼ਨਲ ਫੈਡਰੇਸ਼ਨ ਕੱਪ ਵਿਚ ਗੁਰਿੰਦਰਵੀਰ ਸਿੰਘ ਨੇ 10.09 ਸੈਕਿੰਡ ਦੇ ਸ਼ਾਨਦਾਰ ਸਮੇਂ ਨਾਲ ਨਵਾਂ ਕੌਮੀ ਰਿਕਾਰਡ ਸਥਾਪਤ ਕਰਦਿਆਂ 100 ਮੀਟਰ ਫਰਾਟਾ ਦੌੜ ਵਿਚ ਚੈਂਪੀਅਨ ਬਣ ਕੇ ਭਾਰਤੀ ਅਥਲੈਟਿਕਸ ਲਈ ਆਸ ਦੀ ਨਵੀਂ ਕਿਰਨ ਜਗਾਈ ਹੈ। ਉਹ 10.10 ਸੈਕਿੰਡ ਦਾ ਬੈਰੀਅਰ ਤੋੜਨ ਵਾਲਾ ਭਾਰਤ ਦਾ ਪਹਿਲਾ ਤੇ ਸਭ ਤੋਂ ਤੇਜ਼ ਦੌੜਾਕ ਵੀ ਬਣ ਗਿਆ ਹੈ।
ਗੁਰਿੰਦਰਵੀਰ ਸਿੰਘ ਦਾ ਜਨਮ 24 ਦਸੰਬਰ 2000 ਨੂੰ ਜਲੰਧਰ ਜਿਲ੍ਹੇ ਦੇ ਕਸਬਾ ਭੋਗਪੁਰ ਦੇ ਪਿੰਡ ਪਟਿਆਲ ਵਿਖੇ ਪਿਤਾ ਕਮਲਜੀਤ ਸਿੰਘ ਅਤੇ ਮਾਤਾ ਰੁਪਿੰਦਰ ਕੌਰ ਦੇ ਘਰ ਹੋਇਆ। ਪੰਜਾਬ ਪੁਲਿਸ ਵਿਚੋਂ ਸੇਵਾਮੁਕਤ ਹੋਏ ਉਸ ਦੇ ਪਿਤਾ ਖੁਦ ਵੀ ਵਾਲੀਬਾਲ ਦੇ ਕੌਮੀ ਪੱਧਰ ਦੇ ਖਿਡਾਰੀ ਰਹੇ ਹਨ। ਉਸ ਦੇ ਦਾਦਾ ਜੀ ਵੀ ਭਾਰਤੀ ਫੌਜ ਵਿਚ ਸੇਵਾਵਾਂ ਨਿਭਾਅ ਚੁੱਕੇ ਹਨ। ਘਰ ਵਿਚ ਅਨੁਸ਼ਾਸ਼ਨ ਤੇ ਖੇਡਾਂ ਵਾਲਾ ਮਾਹੌਲ ਹੋਣ ਕਾਰਨ ਗੁਰਿੰਦਰਵੀਰ ਨੂੰ ਵੀ ਬਚਪਨ ਤੋਂ ਹੀ ਖੇਡਾਂ ਖੇਡਣ ਦੀ ਚੇਟਕ ਲੱਗ ਗਈ। ਇਸ ਚੇਟਕ ਦਾ ਹੀ ਨਤੀਜਾ ਹੈ ਕਿ ਉਸ ਨੇ ਇਕ ਛੋਟੇ ਜਿਹੇ ਪਿੰਡ ਪਟਿਆਲ ਤੋਂ ਉੱਠ ਕੇ ਕੌਮੀ ਪੱਧਰ ਦਾ ਰਿਕਾਰਡ ਆਪਣੇ ਨਾਮ ਲਿਖਵਾਇਆ ਹੈ।
ਲਗਭਗ ਦਸ ਸਾਲ ਦੀ ਉਮਰ ਵਿਚ ਗੁਰਿੰਦਰਵੀਰ ਸਿੰਘ ਨੇ ਆਪਣੇ ਪਿਤਾ ਦੀ ਟ੍ਰੇਨਿੰਗ ਹੇਠ ਟਰੈਕ ਵਿਚ ਦੌੜਨਾ ਸ਼ੁਰੂ ਕਰ ਦਿੱਤਾ ਸੀ ਅਤੇ ਦੋ ਸਾਲਾਂ ਦੇ ਅੰਦਰ ਹੀ ਉਹ ਆਪਣੇ ਪਿਤਾ ਤੋਂ ਤੇਜ਼ ਦੌੜਨ ਲੱਗ ਪਿਆ ਸੀ। ਉਸ ਦੀ ਟਰੈਕ ਵਿਚ ਦੌੜਨ ਦੀ ਲਗਨ ਨੇ ਉਸ ਨੂੰ ਭੋਗਪੁਰ ਵਿਖੇ ਅਥਲੈਟਿਕਸ ਕੋਚ ਸਰਵਣ ਸਿੰਘ ਕੋਲ ਖਿੱਚ ਲਿਆਂਦਾ। ਉਦੋਂ ਅਜੇ ਉਹ ਛੇਵੀਂ ਜਮਾਤ ਵਿਚ ਹੀ ਪੜ੍ਹਦਾ ਸੀ, ਜਦੋਂ ਕੋਚ ਸਰਵਣ ਸਿੰਘ ਨੇ ਇਹ ਭਵਿੱਖਬਾਣੀ ਕਰ ਦਿੱਤੀ ਸੀ ਕਿ ਇਹ ਮੁੰਡਾ ਚੋਟੀ ਦਾ ਅਥਲੀਟ ਬਣੇਗਾ।
ਗੁਰਿੰਦਰਵੀਰ ਨੇ ਆਪਣੀ ਪੜ੍ਹਾਈ ਗੁਰੂ ਨਾਨਕ ਮਿਸ਼ਨ ਸਕੂਲ ਡੱਲਾ ਅਤੇ ਕੈਂਬਰਿਜ ਸਕੂਲ ਜਲੰਧਰ ਤੋਂ ਕੀਤੀ। ਉਸ ਨੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਬੀ.ਏ. ਅਤੇ ਪੀਜੀਡੀਸੀਏ ਦੀ ਪੜ੍ਹਾਈ ਕੀਤੀ। ਉਸ ਦੀ ਖੇਡ ਨੂੰ ਨਿਖਾਰਨ ਵਿਚ ਸਪੋਰਟਸ ਕਾਲਜ ਜਲੰਧਰ ਦੇ ਕੋਚ ਸਰਬਜੀਤ ਸਿੰਘ ਹੈਪੀ ਦਾ ਵੀ ਵੱਡਾ ਯੋਗਦਾਨ ਹੈ, ਜਿਸ ਨੇ ਗੁਰਿੰਦਰਵੀਰ ਨੂੰ ਵਧੀਆ ਕੋਚਿੰਗ ਦੇ ਕੇ ਵੱਡੇ ਮੁਕਾਬਲਿਆਂ ਲਈ ਤਿਆਰ ਕੀਤਾ। ਜਿਸ ਦੇ ਨਤੀਜੇ ਵਜੋਂ ਉਸ ਨੇ ਅੰਤਰ ਰਾਸ਼ਟਰੀ ਪੱਧਰ 'ਤੇ ਅਥਲੈਟਿਕਸ ਵਿਚ ਆਪਣੀ ਚੰਗੀ ਭੱਲ ਬਣਾ ਲਈ।
2017 ਵਿਚ ਬੈਂਕਾਕ (ਥਾਈਲੈਂਡ) ਵਿਚ ਹੋਈ ਏਸ਼ੀਅਨ ਅੰਡਰ 18 ਅਥਲੈਟਿਕਸ ਚੈਂਪੀਅਨਸ਼ਿਪ ਵਿਚ 10.77 ਸੈਕਿੰਡ ਦੇ ਸਮੇਂ ਨਾਲ 100 ਮੀਟਰ ਦੌੜ ਵਿਚ ਗੋਲਡ ਮੈਡਲ ਹਾਸਲ ਕੀਤਾ। 2019 ਵਿਚ ਕਜ਼ਾਕਿਸਤਾਨ ਦੇ ਅਲਮਾਟੀ ਵਿਚ ਹੋਏ ਯੂਰੇਸ਼ੀਅਨ ਅਥਲੈਟਿਕਸ ਅੰਡਰ 20 ਮੁਕਾਬਲੇ ਵਿਚ 10.42 ਸੈਕਿੰਡ ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। 2025 ਵਿਚ ਇੰਡੀਅਨ ਗ੍ਰੈਂਡ ਪ੍ਰਿਕਸ 1 ਵਿਚ ਗੁਰਿੰਦਰਵੀਰ ਸਿੰਘ ਨੇ 10.20 ਸੈਕਿੰਡ ਦਾ ਸਮਾਂ ਕੱਢ ਕੇ ਕੌਮੀ ਰਿਕਾਰਡ ਆਪਣੇ ਨਾਮ ਕੀਤਾ ਜਦਕਿ 2021 ਵਿਚ ਉਸ ਨੇ ਆਪਣਾ ਸਭ ਤੋਂ ਵਧੀਆ ਸਮਾਂ 10.27 ਸੈਕਿੰਡ ਦਾ ਕੱਢਿਆ ਸੀ।
ਸਿਹਤ ਦੀ ਖਰਾਬੀ ਕਾਰਨ ਉਸ ਨੂੰ ਕਾਫੀ ਸਮਾਂ ਟਰੈਕ ਤੋਂ ਦੂਰ ਵੀ ਰਹਿਣਾ ਪਿਆ। ਪਰ ਉਸ ਨੇ ਬਿਮਾਰੀ ਨੂੰ ਇਕ ਚੁਣੌਤੀ ਵਜੋਂ ਲਿਆ ਅਤੇ ਹਰ ਪੱਖ ਤੋਂ ਸਿਹਤਯਾਬ ਹੋ ਕੇ ਦੁਬਾਰਾ ਟਰੈਕ ਵਿਚ ਧਮਾਕੇਦਾਰ ਵਾਪਸੀ ਕਰਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ। ਅੰਤਰ ਰਾਸ਼ਟਰੀ ਪੱਧਰ ਦੀ ਸਿਖਲਾਈ ਲੈਣ ਲਈ ਗੁਰਿੰਦਰਵੀਰ ਨੇ ਰਿਲਾਇੰਸ ਫਾਊਂਡੇਸ਼ਨ ਓਡੀਸ਼ਾ ਅਥਲੈਟਿਕਸ ਹਾਈ ਪਰਫਾਰਮੈਂਸ ਸੈਂਟਰ ਵਿਚ ਅਥਲੈਟਿਕਸ ਕੋਚ ਜੇਮਸ ਹਿਲੀਅਰ ਦੀ ਨਿਗਰਾਨੀ ਹੇਠ ਖੂਬ ਪਸੀਨਾ ਵਹਾਇਆ ਅਤੇ ਆਪਣੀ ਦੌੜ ਵਿਚ ਹੋਰ ਨਿਖਾਰ ਲਿਆਂਦਾ।
ਗੁਰਿੰਦਰਵੀਰ ਸਿੰਘ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਭਾਰਤੀ ਹਵਾਈ ਸੈਨਾ ਵਿਚ ਉਸ ਨੂੰ ਬਤੌਰ ਪੈਟੀ ਅਫਸਰ ਭਰਤੀ ਕਰ ਲਿਆ ਗਿਆ। ਆਪਣੇ ਆਲੋਚਕਾਂ ਨਾਲ ਬਹਿਸ ਕਰਨ ਦੀ ਥਾਂ ਉਸ ਨੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਦਿਆਂ ਆਪਣੀ ਖੇਡ ਵਿਚ ਹੋਰ ਸੁਧਾਰ ਕੀਤਾ ਅਤੇ ਆਲੋਚਕਾਂ ਨੂੰ ਟਰੈਕ ਵਿਚ ਆਪਣੀ ਕਾਬਲੀਅਤ ਦਿਖਾ ਦੇ ਜਵਾਬ ਦੇਣਾ ਉਚਿਤ ਸਮਝਿਆ।
ਗੁਰਿੰਦਰਵੀਰ ਸਿੰਘ ਦੇ ਅਥਲੈਟਿਕਸ ਦੇ ਸਫਰ ਦੀ ਸ਼ੁਰੂਆਤ ਤੋਂ ਲੈ ਕੇ ਕੌਮੀ ਰਿਕਾਰਡ ਤੋੜਨ ਤੱਕ ਦਾ ਰਸਤਾ ਕੋਈ ਸੁਖਾਲਾ ਨਹੀਂ ਹੈ। ਇਸ ਪਿੱਛੇ ਜਿੱਥੇ ਉਸ ਨੇ ਆਪਣਾ ਪਸੀਨਾ ਵਹਾਇਆ ਹੈ, ਉੱਥੇ ਦੂਜੇ ਪਾਸੇ ਉਸ ਦੇ ਪਰਿਵਾਰ ਦੀ ਸਾਲਾਂ ਬੱਧੀ ਘਾਲਣਾ ਵੀ ਕੋਈ ਘੱਟ ਮਹੱਤਵਪੂਰਨ ਨਹੀਂ ਹੈ। ਉਸ ਦੇ ਪਿਤਾ ਕਮਲਜੀਤ ਸਿੰਘ ਨੇ ਆਪਣੇ ਆਰਥਿਕ ਹਾਲਾਤ ਸਾਜ਼ਗਾਰ ਨਾ ਹੋਣ ਦੇ ਬਾਵਜੂਦ ਵੀ ਆਪਣੇ ਪੁੱਤਰ ਨੂੰ ਵਧੀਆ ਟਰੇਨਿੰਗ ਦਿਵਾਈ। ਉਸ ਲਈ ਚੰਗੀ ਖੁਰਾਕ ਦਾ ਪ੍ਰਬੰਧ ਕੀਤਾ। ਉਸ ਦਾ ਪਿਤਾ ਮਿਲਖਾ ਸਿੰਘ ਤੋਂ ਬੜਾ ਪ੍ਰਭਾਵਿਤ ਸੀ ਅਤੇ ਆਪਣੇ ਪੁੱਤਰ ਨੂੰ ਵੀ ਉਹ ਮਿਲਖਾ ਸਿੰਘ ਵਾਂਗ ਇਕ ਉੱਚ ਕੋਟੀ ਦਾ ਅਥਲੀਟ ਦੇਖਣਾ ਚਾਹੁੰਦਾ ਸੀ। ਜਦੋਂ ਉਹ ਆਪਣੇ ਪੁੱਤਰ ਨੂੰ ਓਸੇਨ ਬੋਲਟ ਦੀਆਂ ਪ੍ਰਾਪਤੀਆਂ ਬਾਰੇ ਦੱਸਦਾ ਤਾਂ ਗੁਰਿੰਦਰਵੀਰ ਵੀ ਅੱਗੋਂ ਓਸੇਨ ਬੋਲਟ ਵਾਂਗ ਤੇਜ਼ ਦੌੜ ਕੇ ਪ੍ਰਾਪਤੀਆਂ ਕਰਨ ਦੀ ਗੱਲ ਕਰਦਾ।
22 ਮਈ 2026 ਨੂੰ ਰਾਂਚੀ ਦੇ ਬਿਰਸਾ ਮੁੰਡਾ ਸਟੇਡੀਅਮ ਵਿਚ ਹੋਏ ਸੈਮੀਫਾਈਨਲ ਮੁਕਾਬਲੇ ਵਿਚ ਗੁਰਿੰਦਰਵੀਰ ਸਿੰਘ ਨੇ ਪਹਿਲੇ ਸੈਮੀਫਾਈਨਲ ਵਿਚ 10.17 ਸੈਕਿੰਡ ਦੇ ਸਮੇਂ ਨਾਲ ਦੌੜ ਪੂਰੀ ਕਰਕੇ ਅਨਿਮੇਸ਼ ਕੁਜੂਰ ਦਾ 100 ਮੀਟਰ ਫਰਾਟਾ ਦੌੜ ਦਾ ਰਿਕਾਰਡ ਤੋੜ ਦਿੱਤਾ ਸੀ। ਪਰ ਅਗਲੇ ਪੰਜ ਮਿੰਟ ਬਾਅਦ ਹੀ ਦੂਸਰੇ ਸੈਮੀਫਾਈਨਲ ਵਿਚ ਅਨਿਮੇਸ਼ ਨੇ 10.15 ਸੈਕਿੰਡ ਦੇ ਸਮੇਂ ਨਾਲ ਨਵਾਂ ਕੌਮੀ ਰਿਕਾਰਡ ਬਣਾ ਕੇ ਆਪਣਾ ਤਾਜ ਵਾਪਸ ਲੈ ਲਿਆ ਸੀ।
ਅਗਲੇ ਦਿਨ 23 ਮਈ ਨੂੰ ਜਦੋਂ ਫਾਈਨਲ ਦੌੜ ਦੀ ਅਨਾਊਂਸਮੈਂਟ ਹੋਈ ਤਾਂ ਸਾਰੇ ਦਰਸ਼ਕਾਂ ਨੇ ਆਪਣੇ ਦਿਮਾਗ਼ ਵਿਚ ਇਸ ਦੌੜ ਦਾ ਰਿਜ਼ਲਟ ਪਹਿਲਾਂ ਹੀ ਤੈਅ ਕਰ ਲਿਆ ਸੀ ਅਤੇ ਅਨਿਮੇਸ਼ ਨੂੰ ਜੇਤੂ ਮੰਨਿਆ ਜਾ ਰਿਹਾ ਸੀ ਪਰ ਗੁਰਿੰਦਰਵੀਰ ਸਿੰਘ ਦੇ ਮਨ ਵਿਚ ਕੁਝ ਹੋਰ ਹੀ ਚਲਦਾ ਸੀ। ਉਸ ਨੇ ਆਪਣੇ ਮਨ ਵਿਚ ਨਵਾਂ ਕੌਮੀ ਰਿਕਾਰਡ ਬਣਾ ਲਿਆ ਸੀ। ਜਿਉਂ ਹੀ ਦੌੜ ਸ਼ੁਰੂ ਹੋਈ ਗੁਰਿੰਦਰਵੀਰ ਧੂੜਾਂ ਪੱਟਦਾ ਜਾ ਰਿਹਾ ਸੀ, ਮਹਾਂਭਾਰਤ ਦੇ ਅਰਜਨ ਵਾਂਗ ਉਸ ਦਾ ਧਿਆਨ ਮੱਛੀ ਦੀ ਅੱਖ (ਰਿਕਾਰਡ) 'ਤੇ ਸੀ। ਉਸ ਨੇ ਜਿਉਂ ਹੀ ਦੌੜ ਖਤਮ ਕੀਤੀ ਸਾਰਾ ਸਟੇਡੀਅਮ ਪੱਬਾਂ ਭਾਰ ਖੜ੍ਹਾ ਹੋ ਕੇ ਉਸ ਦਾ ਸਵਾਗਤ ਕਰ ਰਿਹਾ ਸੀ। ਉਸ ਨੇ ਦੂਜੇ ਦਿਨ ਹੀ ਭਾਜੀ ਮੋੜ ਕੇ 100 ਮੀਟਰ ਦਾ ਕੌਮੀ ਰਿਕਾਰਡ 10.09 ਦੇ ਸਮੇਂ ਨਾਲ ਆਪਣੇ ਨਾਂਅ ਕਰ ਲਿਆ। ਇਸ ਤਰ੍ਹਾਂ ਉਹ 100 ਮੀਟਰ ਦੌੜ ਵਿਚ 10.10 ਸੈਕਿੰਡ ਦਾ ਬੈਰੀਅਰ ਤੋੜਨ ਵਾਲਾ ਪਹਿਲਾ ਖਿਡਾਰੀ ਬਣਿਆ। ਹੁਣ ਉਹ ਦਿਨ ਵੀ ਦੂਰ ਨਹੀਂ ਜਦੋਂ 9 ਸੈਕਿੰਡ ਵਾਲੀ ਲਾਈਨ ਵਿਚ ਉਸ ਦਾ ਨਾਮ ਗੂੰਜੇਗਾ।

-ਡੀ.ਪੀ.ਈ. ਸਰਕਾਰੀ ਹਾਈ ਸਕੂਲ ਬਦਰਾ (ਬਰਨਾਲਾ)
ਮੋਬਾਈਲ : 94178-30981

Ad Position 22
No active advertisement
ਪਿਛਲੀ ਖ਼ਬਰ boys ਅਗਲੀ ਖ਼ਬਰ ਜੂਨ 1984 ਦਾ ਘੱਲੂਘਾਰਾ : ਇਤਿਹਾਸ, ਵਰਤਮਾਨ ਤੇ ਭਵਿੱਖ
Ad Position 24
No active advertisement